28 September 2022

'ਸਣੇ ਸਫਾਰੀ ਚੱਕਾਂਗੇ ਹੁਣ ਵੱਡੇ ਮਿਰਜੇ ਨੂੰ' ਗੀਤ ਲਿਖਣ ਵਾਲਾ 'ਸੀਰਾ ਸਿੰਘੇਵਾਲਾ' ਨਹੀਂ ਰਿਹਾ


ਸੀਰੇ ਨੂੰ ਖੁੱਲ੍ਹਮ-ਖੁੱਲ੍ਹਾ ਗਿਲਾ ਸੀ ਕਿ ਉਸਦੇ ਲਿਖੇ ਹੋਏ ਮਕਬੂਲ ਗੀਤਾਂ ਨਾਲ ਵੱਡੇ-ਵੱਡੇ ਗਾਇਕ ਕਰੋੜਾਂ ਰੁਪਏ ਕਮਾ ਗਏ। ਜਦਕਿ ਉਸਦੇ ਪੱਲੇ ਕੱਖ ਵੀ ਨਹੀਂ ਪਿਆ.......


ਇਕਬਾਲ ਸਿੰਘ ਸ਼ਾਂਤ

ਡੱਬਵਾਲੀ: ਪੰਜਾਬ ਦੇ ਕਈ ਗਾਇਕਾਂ ਦੀ ਗਾਇਕੀ ਨੂੰ ਆਪਣੇ ਸ਼ਬਦਾਂ ਨਾਲ ਨਿਖਾਰਨ ਵਾਲਾ ਨਾਮੀ ਗੀਤਕਾਰ ਸੀਰਾ ਸਿੰਘੇਵਾਲਾ ਅੱਜ ਬੇਵਕਤੀ ਜਹਾਨੋਂ ਤੁਰ ਗਿਆ। ਉਸਨੂੰ 27 ਸਤੰਬਰ ਨੂੰ ਉਸਦੇ ਘਰ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿਖੇ ਖੂਨ ਦੀ ਉਲਟੀ ਆਈ। ਕੁੱਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ। ਇਸ ਅਚਨਚੇਤੀ ਭਾਣੇ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਦੁੱਖ ਦੀ ਲਹਿਰ ਫੈਲ ਗਈ ਹੈ।

ਗਰੀਬ ਘਰ 'ਚ ਪੈਦਾ ਹੋਏ ਕਰੀਬ 35-36 ਸਾਲਾ ਸੀਰਾ ਸਿੰਘੇਵਾਲਾ ਨੇ ਥੋੜ੍ਹੇ ਸਮੇਂ ਵਿੱਚ ਗੀਤਕਾਰੀ 'ਚ ਲੰਮਾ ਪੈਂੜਾ ਤੈਅ ਕੀਤਾ ਸੀ। ਉਸਦਾ ਬਾਈ ਅਮਰਜੀਤ ਦੀ ਐਲਬਮ ਹੀਰੋ ਵਿੱਚ 'ਕਾਲੀ ਜਿਪਸੀ ਨੂੰ ਹੱਥ ਕਿਹੜਾ ਪਾਊ' ਪਹਿਲਾ ਗੀਤ ਰਿਕਾਰਡ ਹੋਇਆ ਸੀ। ਫਿਰ ਬਾਈ ਅਮਰਜੀਤ ਅਤੇ ਮਿਸ ਪੂਜਾ ਦੀ ਅਵਾਜ਼ ਵਿੱਚ 'ਸਣੇ ਸਫਾਰੀ ਚੱਕਾਂਗੇ ਹੁਣ ਵੱਡੇ ਮਿਰਜੇ ਨੂੰ...' ਅਤੇ 'ਟੀਚਰ ਲੱਗੀ ਏ ਸਰਕਾਰੀ ਵੇ ਤੂੰ ਐਸ਼ ਕਰੇਂਗਾ...'ਆਦਿ ਗੀਤ ਆਏ। ਸੀਰਾ ਸਿੰਘੇਵਾਲਾ ਵੱਲੋਂ ਲਿਖਿਤ ਗੀਤ 'ਓਸੇ ਖੂਹ ਤੇ ਲਾਸ਼ ਲਟਕਦੀ ਵੇਖੀ ਮੈਂ' ਨੂੰ ਗਾਇਕ ਰਾਣਾ ਸੰਧੂ ਨੇ ਗਾਇਆ।

* ਮਕਬੂਲੀਅਤ ਦੇ ਬਾਵਜੂਦ ਤਰੱਕੀ ਦੇ ਸਿਖ਼ਰ ਜੂਝਦਾ ਰਿਹਾ

ਉਸਦੇ ਸ਼ਬਦਾਂ ਵਿੱਚੋਂ ਕ੍ਰਾਂਤੀਕਾਰੀ ਝਲਕ ਅਤੇ ਮਜ਼ਦੂਰਾਂ ਵਰਗ ਦੀ ਜ਼ਿੰਦਗੀ ਤੇ ਵਿੱਥਿਆ ਝਲਕਦੀ ਰਹੀ। ਉਹ ਆਖਦਾ ਹੁੰਦਾ ਸੀ ਕਿ ਜਦੋਂ ਦੇਸ਼ ਅਤੇ ਪੰਜਾਬ 'ਚ 70 ਫ਼ੀਸਦੀ ਲੋਕ ਕਿੱਤੇ ਪੱਖੋਂ ਮਜ਼ਦੂਰ ਹੋਣ ਤਾਂ ਟਰੈਕਟਰਾਂ ਦੇ ਟੋਚਣ ਅਤੇ ਆਡੀ ਗੱਡੀਆਂ ਨਾਲੋਂ ਵੱਧ ਇਸ ਵਰਗ ਦੀ ਗੱਲ ਹੋਣੀ ਚਾਹੀਦੀ ਹੈ। ਉਹ ਸੱਥ ਅਤੇ ਹਰ ਸਟੇਜ਼ 'ਤੇ ਮਜ਼ਦੂਰਾਂ ਵਰਗ ਦੀ ਜ਼ਿੰਦਗੀ ਬਾਰੇ ਜ਼ਰੂਰ ਕਰਦਾ ਸੀ। ਉਸਦੇ ਕੋਲ ਗੀਤਾਂ ਅਤੇ ਸ਼ਬਦਾਂ ਦਾ ਖਜ਼ਾਨਾ ਭਰਪੂਰ ਰਿਹਾ। ਉਸ ਵੱਲੋਂ ਲਿਖੇ ਵੱਡੀ ਗਿਣਤੀ ਗਾਣਿਆਂ 'ਚੋ ਕਾਫ਼ੀ ਗਾਣੇ ਬੇਹੱਦ ਮਕਬੂਲ ਹੋਏ, ਪਰ ਉਹ ਤਰੱਕੀ ਦੇ ਭੌਤਿਕ ਸਿਖ਼ਰ ਲਈ ਜੀਵਨ ਦੇ ਅਖ਼ੀਰਲੇ ਪਲਾਂ ਤੱਕ ਸੰਘਰਸ਼ ਅਤੇ ਗਰੀਬੀ ਨੂੰ ਹੰਢਾਉਂਦਾ ਰਿਹਾ।

ਸੀਰੇ ਨੂੰ ਖੁੱਲ੍ਹਮ-ਖੁੱਲ੍ਹਾ ਗਿਲਾ ਸੀ ਕਿ ਉਸਦੇ ਲਿਖੇ ਹੋਏ ਮਕਬੂਲ ਗੀਤਾਂ ਨਾਲ ਵੱਡੇ-ਵੱਡੇ ਗਾਇਕ ਕਰੋੜਾਂ ਰੁਪਏ ਕਮਾ ਗਏ। ਜਦਕਿ ਉਸਦੇ ਪੱਲੇ ਕੱਖ ਵੀ ਨਹੀਂ ਪਿਆ। ਕੁੱਝ ਵਰ੍ਹੇ ਪਹਿਲਾਂ ਉਸਦੇ ਪਿਤਾ ਨੂੰ ਦਿਲ ਦੇ ਦੌਰਾ ਪੈਣ 'ਤੇ ਮਹਿੰਗੇ ਇਲਾਜ਼ ਲਈ ਉਸਨੇ ਕਈ ਗਾਇਕਾਂ ਨਾਲ ਸੰਪਰਕ ਕੀਤਾ ਪਰ ਕਿਸੇ ਨੇ ਉਸ ਵੱਲ ਮੱਦਦ ਵਾਲਾ ਨਹੀਂ ਵਧਾਇਆ।

* ਉਸਦੇ ਕ੍ਰਾਂਤੀਕਾਰੀ ਸ਼ਬਦਾਂ ਵਿੱਚੋਂ ਮਜ਼ਦੂਰ ਵਰਗ ਦੀ ਵਿੱਥਿਆ ਝਲਕਦੀ ਰਹੀ

ਉਹ 2004 ਤੋਂ ਕਈ ਵਰ੍ਹਿਆਂ ਤੱਕ ਚਿਣਾਈ ਮਿਸਤਰੀ ਵਜੋਂ ਰੋਜ਼ੀ ਰੋਟੀ ਖਾਤਰ ਦੁਬਈ ਵਿੱਚ ਰਿਹਾ। ਬਾਈ ਅਮਰਜੀਤ ਵੱਲੋਂ ਪਹਿਲਾ ਰਿਕਾਰਡ ਹੋਇਆ ਗੀਤ 'ਕਾਲੀ ਜਿਪਸੀ ਨੂੰ ਹੱਥ ਕਿਹੜਾ ਪਾਊ' ਨੂੰ ਵੀ ਉਸਨੇ ਦੁਬਈ 'ਚ ਲਿਖਿਆ ਸੀ। ਉਸਦੇ ਭਰਾ ਗੁਰਪ੍ਰੀਤ ਸਿੰਘੇਵਾਲਾ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾੇਂ ਗੁਰਦਿਆਂ ਅਤੇ ਲੀਵਰ ਦੀ ਦਿੱਕਤ ਹੋਈ ਸੀ। ਇਲਾਜ ਤੋਂ ਬਾਅਦ ਬਾਅਦ ਤੰਦਰੁਸਤ ਸੀ। ਅੱਜ ਸਵੇਰੇ ਅਚਨਚੇਤ ਖੂਨ ਦੀ ਉਲਟੀ ਆਈ ਅਤੇ ਕੁੱਝ ਸਮੇਂ ਉਪਰੰਤ ਉਸਦੀ ਮੌਤ ਹੋ ਗਈ।

ਅੰਤਮ ਸਸਕਾਰ ਮੌਕੇ ਸਿੰਘੇਵਾਲਾ ਦੇ ਸ਼ਮਸ਼ਾਨ ਘਾਟ 'ਚ ਗਰੀਬਾਂ ਲੋਕਾਂ ਦੀ ਕਲਮੀ ਅਵਾਜ਼ ਨੂੰ ਗਮਗੀਨ ਅਤੇ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਇਲਾਕੇ ਵਿੱਚੋਂ ਢਾਈ-ਤਿੰਨ ਸੌ ਲੋਕ ਮੌਜੂਦ ਸਨ। ਬੇਹੱਦ ਮੰਦਭਾਗਾ ਹੈ ਕਿ ਸੀਰੇ ਦੀ ਕਲਮ ਨਾਲ ਮਕਬੂਲ ਹੋਏ ਨਾਮਚੀਨ ਗਾਇਕਾਂ ਵਿੱਚੋਂ ਉਸਦੀ ਅੰਤਮ ਵਿਦਾਇਗੀ ਕੋਈ ਇੱਕ ਵੀ ਮੌਜੂਦ ਨਹੀਂ ਸੀ।


#ਸੀਰਾ_ਸਿੰਘੇਵਾਲਾ  #ਗਾਇਕ #ਗੀਤਕਾਰ #Seera Singhewala