17 February 2022

ਲੰਬੀ: 60 ਫ਼ੀਸਦੀ ਐਸ.ਸੀ. ਵੋਟ ਬੈਂਕ ਅਤੇ ਮਹੇਸ਼ਇੰਦਰ ਸਿੰਘ ਬਾਦਲ ਦੇ ਵੋਟ ਬੈਂਕ 'ਤੇ ਟਿਕੀ ਹਾਰ-ਜਿੱਤ



- ਸਿਆਸੀ ਵਜੂਦ ਲਈ ਜੱਦੀ ਸਿਆਸੀ-ਅਸ਼ਵਾਰੀ ਨਾਲ ਲੈ ਰਹੀਆਂ ਟਾਕਰਾ ਦੋ ਸਿਆਸੀ ਵਿਰਾਸਤਾਂ

            - ਛੇ-ਸੱਤ ਨੁਕਤਿਆਂ 'ਤੇ ਆਧਾਰਤ ਤਿਕੋਨਾ-ਚੋਕੋਨਾ ਮੁਕਾਬਲਾ 'ਤੇ ਆਧਾਰਤ ਸਿਆਸੀ

ਇਕਬਾਲ ਸਿੰਘ ਸ਼ਾਂਤ

ਲੰਬੀ: ਹਲਕਾ ਲੰਬੀ 'ਚ ਦੋ ਪ੍ਰਮੁੱਖ ਸਿਆਸੀ ਖੁੱਡੀਆਂ ਅਤੇ ਅਬੁੱਲਖੁਰਾਣਾ ਪਰਿਵਾਰਾਂ ਦੀ ਵਿਰਾਸਤ ਆਪੋ-ਆਪਣੇ ਸਿਆਸੀ ਵਜੂਦ ਖਾਤਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜੱਦੀ ਸਿਆਸੀ-ਅਸ਼ਵਾਰੀ ਨਾਲ

ਟਾਕਰਾ ਲੈ ਰਹੀ ਹੈ।

 ਢਾਈ ਦਹਾਕਿਆਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਕ 'ਚ ਮਘਦੇ ਲੰਬੀ ਦੇ ਸਿਆਸੀ ਸੂਰਜ ਦੀ ਰੌਸ਼ਨ ਨੂੰ ਮੱਲਣ ਲਈ ਕਾਂਗਰਸ ਵੱਲੋਂ ਜਗਪਾਲ ਸਿੰਘ ਅਬੁੱਲਖੁਰਾਣਾ ਅਤੇ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਿਰ-ਧੜ ਦੀ ਲਗਾਈ ਹੋਈ ਹੈ। ਬਾਬਾ ਬੋਹੜ ਛੇਵੀਂ ਵਾਰ ਆਪਣੇ ਮਜ਼ਬੂਤ ਕਿਲ੍ਹੇ ਦੀ ਬਰਕਰਾਰੀ ਲਈ ਬਜਿੱਦ ਹੈ। ਹੁਣ ਤੱਕ ਹਲਕੇ ਦੇ ਕਰੀਬ 54 ਫ਼ੀਸਦੀ ਵੋਟ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਹਾੜ ਬਣ ਕੇ ਖੜ੍ਹੇ ਰਹੇ ਹਨ।

ਗੁਰਮੀਤ ਸਿੰਘ ਖੁੱਡੀਆਂ ਨੂੰ ਉਨ੍ਹਾਂ ਦੇ ਮਰਹੂਮ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਸ਼ਾਨਾਮੱਤੀ ਵਿਰਾਸਤ ਦਾ ਸਹਾਰਾ ਹੈ। ਕਾਂਗਰਸ ਦੇ ਜਗਪਾਲ ਅਬੁੱਲਖੁਰਾਣਾ ਦੀ ਮੁਹਿੰਮ ਉਨ੍ਹਾਂ ਦੇ ਮਰਹੂਮ ਪਿਤਾ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁੱਲਖੁਰਾਣਾ ਵੱਲੋਂ ਕਰਵਾਏ ਵਿਕਾਸਮਈ ਨੀਤੀਆਂ 'ਤੇ ਚੱਲ ਰਹੀ ਹੈ।

ਸਿਆਸੀ ਘੇਰਾਬੰਦੀਆਂ, ਸ਼ਬਦੀ ਤੀਰਾਂ ਵਿਚਕਾਰ 'ਆਪ' ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਵਢੇਰੀ ਉਮਰ ਅਤੇ ਅਕਾਲੀ ਪਿੰਡ ਇੰਚਾਰਜ਼ਾਂ ਦੀਆਂ ਮਨਮਾਨੀਆਂ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। 

ਇੱਥੇ ਸਿਆਸੀ ਧੁਰੰਧਰਾਂ ਸਮੇਤ ਸੱਤ ਉਮੀਦਵਾਰਾਂ ਦੀ ਕਿਸਮਤ ਨਾਲ ਜੁੜੇ ਤਿਕੋਨੇ-ਚੋਕੋਨੇ ਮੁਤਾਬਕ 'ਚ ਅਸਲ ਜਿੱਤ-ਹਾਰ ਸਿੱਧੇ ਸਪੱਸ਼ਟ ਛੇ-ਸੱਤ ਨੁਕਤਿਆਂ 'ਤੇ ਆਧਾਰਤ ਹੈ। ਜਿਹੜਾ ਇਨ੍ਹਾਂ ਚਾਰ ਦਾ ਤੋੜ ਕੱਢ ਗਿਆ, ਜਿੱਤ ਉਸਦੇ ਬੂਹੇ 'ਤੇ ਦਸਤਕ ਦੇਵੇਗੀ। ਉਂਝ ਅਮਰਿੰਦਰ ਸਿੰਘ ਨੂੰ ਸਿਆਸੀ ਧੂਲ ਚਟਾ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਾ ਕਿਸੇ 'ਚਮਤਕਾਰ' ਤੋਂ ਘੱਟ ਨਹੀਂ। 2017 ਵਿੱਚ ਸਿਰਫ਼ ਕਰੀਬ 22 ਹਜ਼ਾਰ ਵੋਟਾਂ 'ਤੇ ਸਿਮਟ ਗਈ ਆਪ ਖੂਬ ਉੱਛਲਵਾਂ ਪ੍ਰਚਾਰ ਕਰ ਰਹੀ ਹੈ।

ਅਕਾਲੀ ਦਲ ਰਵਾਇਤੀ ਅੰਦਾਜ਼ 'ਚ ਚੋਣ ਪ੍ਰਚਾਰ ਕਰ ਰਿਹਾ ਹੈ। ਕਾਂਗਰਸ ਅਤੇ ਭਾਜਪਾ ਵੱਲੋਂ ਵੋਟਰਾਂ ਨਾਲ ਰਾਬਤਾ ਜਲਸੇ ਮੀਟਿੰਗਾਂ ਜਾਰੀ ਹਨ। ਹਲਕੇ ਦੀ 60 ਕਿਲੋਮੀਟਰ ਉਮੀਦਵਾਰਾਂ ਦੀ ਖੱਜਲ-ਖੁਆਰੀ ਨੂੰ ਕਾਫ਼ੀ ਵਧਾਏ ਹੋਏ ਹੈ।

ਮਾਝਾ ਅਤੇ ਮਾਲਵਾ ਜੈਲ 'ਤੇ ਆਧਾਰਤ ਹਲਕੇ 'ਚ ਕੁੱਲ ਵੋਟਾਂ 164165 ਹਨ। ਅਸਲ ਜਿੱਤ-ਹਾਰ ਐਸ.ਸੀ ਭਾਈਚਾਰੇ ਦੀਆਂ ਕਰੀਬ 98499 ਵੋਟਾਂ 'ਤੇ ਮੁਨਹੱਸਰ ਹੈ। ਐਸ.ਸੀ. ਭਾਈਚਾਰੇ ਦੇ ਸਮਰਥਨ ਲਈ ਦਲਿਤ ਵਿਹੜਿਆਂ 'ਚ ਵੱਖਰੇ ਚੋਣ ਜਲਸੇ ਕੀਤੇ ਜਾ ਰਹੇ ਹਨ। ਪਿਛਲੇ ਪੰਜ ਸਾਲਾਂ 'ਚ ਨਵੇਂ ਬਣੇ 8349 ਵੋਟਾਂ ਦੀ ਅਜੋਕੀ ਵਿਚਾਰਧਾਰਾ ਚੋਣ ਨਤੀਜਿਆਂ 'ਤੇ ਪ੍ਰਭਾਵ ਵਿਖਾਏਗੀ। ਇਨ੍ਹਾਂ 'ਚੋਂ ਬਹੁਗਿਣਤੀ ਵੋਟ ਚੜ੍ਹਦੀ ਉਮਰ ਦੇ ਨੌਜਵਾਨਾਂ ਅਤੇ ਹਲਕੇ 'ਚ ਆਈਆਂ ਨਵੀਆਂ ਨੂੰਹਾਂ ਦੇ ਹਨ।

ਸਿਆਸਤ ਦੀ ਹਰ ਵੱਡੀ-ਛੋਟੀ ਅੱਖ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਵੱਲ ਹੈ। ਉਨ੍ਹਾਂ ਦੀ ਹਲਕਾ ਲੰਬੀ 'ਚ ਕਰੀਬ 24-25 ਹਜ਼ਾਰ ਪੱਕੀ ਵੋਟ ਦੱਸੀ ਜਾਂਦੀ ਹੈ। ਉਹ ਕਾਂਗਰਸ 'ਚ ਹੋਣ ਦੇ ਬਾਵਜੂਦ ਸਰਗਰਮ ਸਿਆਸਤ ਤੋਂ ਥੋੜ੍ਹਾ ਪਾਸੇ ਹਨ, ਪਰ ਉਨ੍ਹਾਂ ਵੱਲੋਂ ਵਰਕਰਾਂ ਨੂੰ ਕਾਂਗਰਸ ਉਮੀਦਵਾਰ ਦੀ ਹਮਾਇਤ ਦੇ ਸਿੱਧੇ ਨਿਰਦੇਸ਼ ਹਨ। 

ਚਾਰ ਮਹੀਨੇ ਪਹਿਲਾਂ ਤੱਕ ਕਾਂਗਰਸ ਦੇ ਹਲਕਾ ਇੰਚਾਰਜ਼ ਰਹੇ 'ਆਪ' ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮਹੇਸ਼ਇੰਦਰ ਬਾਦਲ ਦੀ ਘਰ-ਬੈਠਕ ਕਾਫ਼ੀ ਰਾਸ ਆ ਰਹੀ ਹੈ। ਕਈ ਪਿੰਡਾਂ 'ਚ ਊਨ੍ਹਾਂ ਦੇ ਵਰਕਰ ਪੁਰਾਣੀ ਕਰਕੇ ਖੁੱਡੀਆ ਨਾਲ ਖੜ੍ਹੇ ਵਿਖਾਈ ਦੇ ਰਹੇ ਹਨ ਅਤੇ ਕਈ ਵਰਕਰ ਅਕਾਲੀ ਦਲ ਨਾਲ ਜੁੜੇ ਹਨ। ਜਦਕਿ ਬਹੁਗਿਣਤੀ ਪਿੰਡਾਂ 'ਚ ਮਹੇਸ਼ਇੰਦਰ ਕਾਡਰ, ਉਨ੍ਹਾਂ ਦੇ ਸਿੰਘ ਦੇ ਕਾਂਗਰਸੀ ਪੱਖੀ ਕਥਨਾਂ ਨੂੰ ਫੁੱਲ੍ਹ ਚੜ੍ਹਾਉਣ ਲਈ ਕਮਰਕਸੇ ਕਰੀ ਬੈਠੇ ਹਨ। ਜਿਸਦਾ ਲਾਹਾ ਕਾਂਗਰਸ ਉਮੀਦਵਾਰ ਜਗਪਾਲ ਅਬੁੱਲਖੁਰਾਣਾ ਨੂੰ ਹੋ ਸਕਦਾ ਹੈ।

ਅਕਾਲੀ ਦਲ ਵੱਲੋਂ ਦਸ ਸਾਲਾ ਰੱਜਵੇਂ ਵਿਕਾਸ, ਗੁਰਮੀਤ ਖੁੱਡੀਆਂ ਦੀ ਇੰਚਾਰਜ਼ੀ ਦੌਰਾਨ ਲੰਬੀ ਹਲਕੇ 'ਚ ਕਾਂਗਰਸੀਆਂ ਵੱਲੋਂ ਟਰਾਂਸਪੋਰਟ ਯੂਨੀਅਨਾਂ 'ਚ ਗੁੰਡਾ-ਪਰਚੀ/ਗੁੰਡਾਗੁਰਦੀ, ਦਲ-ਬਦਲੀ ਅਤੇ ਪੰਜ ਸਾਲਾਂ 'ਚ ਵਧੀ ਨਸ਼ਾਖ਼ੋਰੀ ਨੂੰ ਮੁੱਖ ਤੌਰ 'ਤੇ ਉਭਾਰਿਆ ਜਾ ਰਿਹਾ ਹੈ।

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਹਲਕੇ 'ਚ ਨਸ਼ਾਖੋਰੀ, ਬੇਰੁਜ਼ਗਾਰੀ, ਅਕਾਲੀ ਪੇਂਡੂ ਇੰਚਾਰਜ਼ਾਂ ਦੀਆਂ ਮਨਮਾਨੀਆਂ ਤੇ ਸਕੂਲਾਂ-ਹਸਪਤਾਲਾਂ ਦੀ ਮਾੜੀ ਹਾਲਤ, ਅਮਨ-ਚੈਨ ਭਾਈਚਾਰਾ ਕਾਇਮ ਰੱਖਣ ਜਿਹੇ ਮੁੱਦੇ ਉਠਾਏ ਜਾ ਰਹੇ ਹਨ।

ਹਲਕੇ ਵਿੱਚ ਡੇਰਾ ਸਿਰਸਾ, ਰਾਧਾ ਸੁਆਮੀ ਅਤੇ ਡੱਬਵਾਲੀ ਮਲਕੋ ਵਿਖੇ ਸਥਿਤ ਡੇਰਿਆਂ ਦੇ ਕਈ ਹਜ਼ਾਰ ਪੈਰੋਕਾਰ ਵਜੂਦ ਵਿਖਾ ਸਕਦੇ ਹਨ। ਹੁਣ ਵੇਖਣਾ ਹੈ ਕਿ ਲੰਬੀ 'ਚ ਵੋਟਰ ਪ੍ਰਕਾਸ਼ ਸਿੰਘ ਬਾਦਲ 'ਤੇ ਮੁੜ ਵਿਸ਼ਵਾਸ ਵਿਖਾਉਂਦਾ ਹੈ ਜਾਂ ਹਲਕੇ ਦੀ ਸਿਆਸਤ ਕੋਈ ਨਵਾਂ ਰਾਹ ਫੜਦੀ ਹੈ। 93178-26100