19 February 2021

ਪੰਜਾਬ ਮੰਤਰੀ ਮੰਡਲ ਵੱਲੋਂ ਨਵੀਂ ਵੈਬ ਚੈਨਲ ਨੀਤੀ ਨੂੰ ਪ੍ਰਵਾਨਗੀ

ਇਕਬਾਲ ਸਿੰਘ ਸ਼ਾਂਤ ਬੁਲੰਦ ਸੋਚ ਬਿਊਰੋ

ਚੰਡੀਗੜ੍ਹ, 19 ਫਰਵਰੀ : ਪੰਜਾਬ ਮੰਤਰੀ ਮੰਡਲ ਵੱਲੋਂ  ਸੋਸ਼ਲ ਮੀਡੀਆ ਨੂੰ ਸੰਚਾਰ ਦੇ ਬੇਹੱਦ ਤਕੜੇ ਮਾਧਿਅਮ ਵਜੋਂ ਉਭਰਨ ਨੂੰ ਜ਼ੇਰੇ ਗੌਰ ਲੈਂਦੇ ਹੋਏ ਮੰਤਰੀ ਮੰਡਲ ਵੱਲੋਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਨਵੀਂ ਵੈਬ ਚੈਨਲ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਤਾਂ ਜੋ ਮੋਹਰੀ ਖਬਰ ਵੈਬ ਚੈਨਲਾਂ ਨੂੰ ਸੂਚੀਬੱਧ ਕੀਤਾ ਜਾ ਸਕੇ ਅਤੇ ਇਨ੍ਹਾਂ ਨੂੰ ਇਸ਼ਤਿਹਾਰ ਜਾਰੀ ਕੀਤੇ ਜਾ ਸਕਣ। 

           ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਹਾਲੇ ਤੱਕ ਵਿਭਾਗ ਵੱਲੋਂ ਪ੍ਰਦਰਸ਼ਨੀਆਂ, ਗੀਤ ਤੇ ਨਾਟਕ ਅਤੇ ਸਿਨੇਮਾ ਆਦਿ ਵਰਗੇ ਰਵਾਇਤੀ ਮਾਧਿਅਮਾਂ ਦਾ ਸਹਾਰਾ ਲਿਆ ਜਾਂਦਾ ਸੀ, ਪਰ ਸਮਾਂ ਬੀਤਣ ਦੇ ਨਾਲ ਪ੍ਰਿੰਟ ਰਸਾਲਿਆਂ ਅਤੇ ਇਲੈਕਟ੍ਰਾਨਿਕ ਜਿਵੇਂ ਕਿ ਟੀ.ਵੀ. ਅਤੇ ਰੇਡਿਓ ਦੀ ਮਹੱਤਤਾ ਬਹੁਤ ਵਧ ਗਈ ਹੈ।

             ਸ਼ਹਿਰੀ ਸਥਾਨਕ ਸਰਕਾਰਾਂ ਦੇ ਕੰਮ-ਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਵੱਲੋਂ ਸ਼ੁੱਕਰਵਾਰ ਨੂੰ ਸਮੂਹ ਜ਼ਿਲ੍ਹਾ ਮੁੱਖ ਦਫਤਰਾਂ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀਆਂ 22 ਅਸਾਮੀਆਂ ਸਿਰਜੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਖੇਤਰੀ ਡਿਪਟੀ ਡਾਇਰੈਕਟਰਾਂ ਦੀ ਥਾਂ ਲੈਣਗੇ।
             ਇਸ ਦੀ ਪ੍ਰਵਾਨਗੀ ਤੋਂ ਬਾਅਦ ਮੌਜੂਦਾ ਸਮੇਂ ਏ.ਡੀ.ਸੀ. (ਵਿਕਾਸ) ਦੀਆਂ ਅਸਾਮੀਆਂ ਦਾ ਨਾਂ ਬਦਲ ਕੇ ਏ.ਡੀ.ਸੀ. (ਪੇਂਡੂ ਵਿਕਾਸ) ਕਰ ਦਿੱਤਾ ਗਿਆ ਹੈ। ਇਨ੍ਹਾਂ ਏ.ਡੀ.ਸੀਜ਼ ਨੂੰ ਪੰਜਾਬ ਮਿਉਂਸਪਲ ਐਕਟ, 1911 ਅਤੇ ਪੰਜਾਬ ਰਿਜ਼ਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995 ਤਹਿਤ ਅਧਿਕਾਰ ਹਾਸਲ ਹੋਣਗੇ।
             ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਨੂੰ ਏ.ਡੀ.ਸੀ. (ਸ਼ਹਿਰੀ ਵਿਕਾਸ) ਨੂੰ ਸੌਂਪੀਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਬਾਰੇ, ਪੰਜਾਬ ਰਿਜ਼ਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995 ਅਤੇ ਇਸ ਸਬੰਧੀ ਹੋਰ ਸਾਰੇ ਪ੍ਰਸ਼ਾਸਕੀ ਮਸਲਿਆਂ ਬਾਰੇ ਵੀ ਬਿਨਾਂ ਮੰਤਰੀ ਮੰਡਲ ਸਾਹਮਣੇ ਰੱਖਿਆਂ ਕੋਈ ਵੀ ਅੰਤਿਮ ਫੈਸਲਾ ਲੈਣ ਬਾਰੇ ਅਧਿਕਾਰ ਦਿੱਤੇ ਗਏ। ਪਰ, ਵਿੱਤ, ਸਥਾਨਕ ਸਰਕਾਰ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗਾਂ ਨਾਲ ਸਲਾਹ-ਮਸ਼ਵਰਾ ਕਰਨਾ ਹੋਵੇਗਾ।
              ਨਾਨ-ਟੀਚਿੰਗ ਕਲੈਰੀਕਲ ਅਮਲੇ ਦੀ ਤਰੱਕੀ ਦਾ ਰਾਹ ਪੱਧਰਾ: ਸਕੂਲ ਸਿੱਖਿਆ ਵਿਭਾਗ ਦੇ ਕਲੈਰੀਕਲ ਅਮਲੇ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਮੰਤਰੀ ਮੰਡਲ ਵੱਲੋਂ ਕਲੈਰੀਕਲ ਅਮਲੇ ਜਿਵੇਂ ਕਿ ਕਲਰਕ, ਜੂਨੀਅਰ ਸਹਾਇਕ, ਸਟੈਨੋ-ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਜੋ ਕਿ ਮਾਸਟਰ/ਮਿਸਟ੍ਰੈਸ ਦੇ ਕਾਡਰ ਵਿੱਚ ਨਾਨ-ਟੀਚਿੰਗ ਸਟਾਫ ਵਜੋਂ ਕੰਮ ਕਰਦੇ ਹਨ, ਨੂੰ 1 ਫੀਸਦੀ ਤਰੱਕੀ ਕੋਟਾ ਮੁਹੱਈਆ ਕੀਤੇ ਜਾਣ ਲਈ ਲੋੜੀਂਦੇ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਨ੍ਹਾਂ ਸਟਾਫ ਮੈਂਬਰਾਂ ਨੂੰ ਹੁਣ ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰੈਸਟੋਰਰ ਅਤੇ ਸੀਨੀਅਰ ਲੈਬਾਰੇਟਰੀ ਅਟੈਂਡੈਂਟ ਦੇ ਬਰਾਬਰ ਤਰੱਕੀਆਂ 'ਚ ਕੋਟਾ ਮਿਲੇਗਾ। ਧਿਆਨਦੇਣ ਯੋਗ ਹੈ ਕਿ ਉਪਰੋਕਤ ਨਿਯਮਾਂ ਵਿੱਚ ਸੋਧ ਕੀਤੀ ਗਈ ਸੀ ਤਾਂ ਜੋ ਨਾਨ-ਟੀਚਿੰਗ ਸਟਾਫ ਜਿਵੇਂ ਕਿ ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰੈਸਟੋਰਰ ਅਤੇ ਸੀਨੀਅਰ ਲੈਬਾਰੇਟਰੀ ਅਟੈਂਡੈਂਟ ਦੇ ਅਹੁਦੇ 'ਤੇ 19 ਦਸੰਬਰ, 2019 ਨੂੰ ਕੰਮ ਕਰਦੇ ਵਿਅਕਤੀਆਂ ਤੋਂ ਮਾਸਟਰ ਕਾਡਰ ਵਿੱਚ 1 ਫੀਸਦੀ ਤਰੱਕੀ ਕੋਟਾ ਯਕੀਨੀ ਬਣਾਇਆ ਜਾ ਸਕੇ।
            ਸੈਕਸ਼ਨ ਅਫਸਰਾਂ ਦੀ ਵਿਭਾਗੀ ਪ੍ਰੀਖਿਆ ਲਈ ਸਮੇਂ 'ਚ ਛੋਟ ਨੂੰ ਕਾਰਜ-ਬਾਅਦ ਪ੍ਰਵਾਨਗੀ: ਮੰਤਰੀ ਮੰਡਲ ਵੱਲੋਂ ਸੈਕਸ਼ਨ ਅਫਸਰਾਂ ਦੀ ਵਿਭਾਗੀ ਪ੍ਰੀਖਿਆ ਕਰਵਾਉਣ ਲਈ ਨਿਰਧਾਰਤ ਡੇਢ ਸਾਲ ਦੇ ਵਕਫੇ ਵਿੱਚ ਛੋਟ ਦੇਣ ਨੂੰ ਕਾਰਜ-ਬਾਅਦ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਸ ਪ੍ਰੀਖਿਆ ਨੂੰ ਤੀਜੀ ਵਾਰ ਕਰਵਾਉਣ ਲਈ 31 ਦਸੰਬਰ, 2020 ਤੱਕ ਇੱਕ ਵਾਰ ਦੀ ਛੋਟ ਦੀ ਇਜਾਜ਼ਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿੱਤ ਵਿਭਾਗ ਵੱਲੋਂ ਸਿੱਧੀ ਭਰਤੀ ਕੋਟੇ ਰਾਹੀਂ ਦਸੰਬਰ, 2018 ਵਿੱਚ ਪੀ.ਪੀ.ਐਸ.ਸੀ ਰਾਹੀਂ 42 ਸੈਕਸ਼ਨ ਅਫਸਰ ਭਰਤੀ ਕੀਤੇ ਗਏ ਸਨ। ਇਨ੍ਹਾਂ ਲਈ ਆਪਣੀ ਨਿਯੁਕਤੀ ਤੋਂ ਡੇਢ ਵਰ੍ਹੇ ਦੇ ਸਮੇਂ ਅੰਦਰ ਤਿੰਨ ਕੋਸ਼ਿਸ਼ਾਂ ਵਿੱਚ ਵਿਭਾਗੀ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੁੰਦੀ ਹੈ।
           ਇਸ ਲਈ ਪਹਿਲੀ ਵਿਭਾਗੀ ਪ੍ਰੀਖਿਆ ਅਗਸਤ, 2019 ਵਿੱਚ ਲਈ ਗਈ ਜਿਸ ਵਿੱਚ ਕੋਈ ਸੈਕਸ਼ਨ ਅਫਸਰ ਪਾਸ ਨਹੀਂ ਹੋਇਆ। ਦੂਜੀ ਵਾਰ ਮਾਰਚ, 2020 ਵਿੱਚ ਲਈ ਗਈ ਪ੍ਰੀਖਿਆ ਵਿੱਚ 41 ਵਿਚੋਂ ਸਿਰਫ 5 ਸੈਕਸ਼ਨ ਅਫਸਰ ਹੀ ਪਾਸ ਹੋਏ ਜਦੋਂ ਕਿ ਇੱਕ ਨੇ ਅਸਤੀਫਾ ਦੇ ਦਿੱਤਾ। ਤੀਸਰੀ ਵਾਰ ਪ੍ਰੀਖਿਆ 31 ਮਈ, 2020 ਨੂੰ ਲਈ ਜਾਣੀ ਸੀ ਪਰ ਕੋਵਿਡ-19 ਕਾਰਨ ਪੰਜਾਬ ਸਰਕਾਰ ਵੱਲੋਂ ਮਾਰਚ 23, 2020 ਤੋਂ ਲੈ ਕੇ ਮਈ 31, 2020 ਤੱਕ ਕਰਫਿਊ/ਲਾਕਡਾਊਨ ਲਾਏ ਜਾਣ ਕਰਕੇ ਇਹ ਪ੍ਰੀਖਿਆ ਦਸੰਬਰ 5-6, 2020 ਨੂੰ ਲਈ ਗਈ ਜਿਸ ਵਿੱਚ 36 ਵਿਚੋਂ 13 ਅਫਸਰ ਪਾਸ ਹੋਏ।

02 February 2021

ਇਟਲੀ ’ਚ ਰਹਿੰਦੇ ਪੰਜਾਬੀ ਨੇ ਕਿਸਾਨ ਸੰਘਰਸ਼ ਲਈ ਭੇਜਿਆ ਸਾਊਂਡ ਸਿਸਟਮ


ਲੰਬੀ, 1 ਫਰਵਰੀ (ਇਕਬਾਲ ਸਿੰਘ ਸ਼ਾਂਤ)-ਕਿਸਾਨ ਸੰਘਰਸ਼ ਦੀ ਅਵਾਜ਼ ਬੁਲੰਦ ਰੱਖਣ ਲਈ ਵਿਦੇਸ਼ਾਂ ’ਚ ਵਸਦੇ ਪਰਵਾਸੀ ਪੰਜਾਬੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ। ਇਟਲੀ ’ਚ ਰਹਿੰਦੇ ਜਸਪ੍ਰੀਤ ਸਿੰਘ ਵਾਸੀ ਗੱਗੜ (ਹਲਕਾ ਲੰਬੀ) ਨੇ ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਲੰਬੀ ਸ਼ਾਖਾ ਨੂੰ ਸਾਊਂਡ ਸਿਸਟਮ ਲਈ ਮਾਲੀ ਮੱਦਦ ਭੇਜੀ ਹੈ। ਉਸਦੇ ਪਿਤਾ ਗੁਰਜੰਟ ਸਿੰਘ ਗੱਗੜ ਨੇ ਕਿਸਾਨੀ ਦੀ ਆਵਾਜ਼ ਨੂੰ ਹੋਰ ਸੁਚੱਜਿਆਂ ਸਰਕਾਰ ਤੱਕ ਪਹੁੰਚਾਉਣ ਲਈ ਇੱਕ ਉਮਦਾ ਕੰਪਨੀ ਦਾ ਸਾਊਂਡ ਸਿਸਟਮ ਭਾਕਿਯੂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਅਤੇ ਉੱਘੇ ਆਗੂ ਜਗਸੀਰ ਸਿੰਘ ਗੱਗੜ ਅਤੇ ਤਰਸੇਮ ਮਿਠੜੀ ਨੂੰ ਸੌਂਪਿਆ। ਕਿਸਾਨ ਜਗਸੀਰ ਗੱਗੜ ਨੇ ਜਸਪ੍ਰੀਤ ਸਿੰਘ ਅਤੇ ਪਰਿਵਾਰ ਨੂੰ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਗੱਗੜ, ਸੁਖਦੇਵ ਸਿੰਘ ਗੱਗੜ ਅਤੇ ਮਲਕੀਤ ਸਿੰਘ ਗੱਗੜ ਅਤੇ ਜਸਪਾਲ ਕੌਰ ਵੀ ਮੌਜੂਦ ਸਨ।


ਖੇਤ ਮਜ਼ਦੂਰਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ 19 ਨੂੰ ਲੰਬੀ 'ਚ ਜ਼ਿਲ੍ਹਾ ਕਾਨਫਰੰਸ ਐਲਾਨ



ਲੰਬੀ, 1 ਫਰਵਰੀ (ਇਕਬਾਲ ਸਿੰਘ ਸ਼ਾਂਤ)-ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਤਕੜਾਈ ਦੇਣ ਲਈ ਵਿਸ਼ਾਲ ਖੇਤ ਮਜ਼ਦੂਰ ਜਨਤਾ ਨੂੰ ਇਸ ਘੋਲ ਦਾ ਹਿੱਸਾ ਬਨਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਸੱਦੇ ਤੇ 19 ਫਰਵਰੀ ਨੂੰ ਲੰਬੀ ਵਿਖੇ ਕੀਤੀ ਜਾਣ ਵਾਲੀ ਜ਼ਿਲ੍ਹਾ ਪੱਧਰੀ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਲੰਬੀ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਆਏ ਆਗੂਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ , ਬਲਾਕ ਪ੍ਰਧਾਨ ਕਾਲਾ ਸਿੰਘ ਤੇ ਗੁਰਮੇਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਖੇਤ ਮਜ਼ਦੂਰ ਕਿਸਾਨ ਲਹਿਰ ਦਾ ਸਭ ਤੋਂ ਜ਼ਿਆਦਾ ਲੁੱਟਿਆ ਪੁੱਟਿਆ ਤੇ ਜੁਝਾਰ ਅੰਗ ਹੈ ਅਤੇ ਖੇਤੀ ਖੇਤਰ 'ਚ ਹੁੰਦੀਂ ਹਰ ਤਬਦੀਲੀ ਉਹਨਾਂ ਦੀ ਜ਼ਿੰਦਗੀ ਨੂੰ ਬੇਹੱਦ ਪ੍ਰਭਾਵਿਤ ਕਰਦੀ ਹੈ ਇਉਂ ਹੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਖੇਤ ਮਜ਼ਦੂਰ ਦੇ ਰੁਜ਼ਗਾਰ ਨੂੰ ਛਾਗਣ,ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਅਤੇ ਖੁਰਾਕੀ ਵਸਤਾਂ ਦੀ ਮਹਿੰਗਾਈ ਵਧਾਉਣ ਦਾ ਸਾਧਨ ਬਣਨਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ 26 ਜਨਵਰੀ ਦੀਆਂ ਘਟਨਾਵਾਂ ਬਹਾਨੇ ਕਿਸਾਨੀ ਘੋਲ਼ ਨੂੰ ਫ਼ਿਰਕੂ ਰੰਗਤ ਦੇ ਕੇ ਕਿਸਾਨ ਮੋਰਚਿਆਂ ਉੱਤੇ ਵਿੱਢਿਆ ਫਿਰਕੂ ਫਾਸ਼ੀ ਹੱਲੇ ਦੀ ਨਿੰਦਾ ਕਰਦਿਆਂ ਦਿਨੋ-ਦਿਨ ਵਧ ਰਹੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਝੀ ਚਾਲ ਕਰਾਰ ਦਿੱਤਾ । ਉਹਨਾਂ ਕਿਹਾ ਕਿ ਕਾਨਫਰੰਸ ਦੌਰਾਨ ਖੇਤ ਮਜ਼ਦੂਰਾਂ ਨੂੰ ਖੇਤੀ ਕਾਨੂੰਨਾਂ ਤੇ ਜਾਤਪਾਤੀ ਵਿਤਕਰੇ ਤੇ ਜ਼ਬਰ ਦੇ ਖਿਲਾਫ ਡਟਣ ਦਾ ਸੱਦਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਇੱਕ ਹੱਥ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਦੂਜੇ ਪਾਸੇ ਦੇਸ਼ ਦੇ ਅੰਦਰ ਵੰਡੀਆਂ ਦੀ ਸਿਆਸਤ ਖੇਡਦੇ ਹੋਏ ਦਲਿਤਾਂ ਤੇ ਮੁਸਲਮਾਨਾਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਉਣ ਤੋਂ ਅੱਗੇ ਵਧਕੇ ਹੁਣ ਕਿਸਾਨਾਂ 'ਚ ਫਿਰਕੂ ਵੰਡੀਆਂ ਪਾਉਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ । ਉਹਨਾਂ ਦੋਸ਼ ਲਾਇਆ ਕਿ ਭਾਜਪਾ ਦੇ ਸਤਾ 'ਚ ਆਉਣ ਤੋਂ ਬਾਅਦ ਦਲਿਤਾਂ ਉਤੇ ਜਾਤਪਾਤੀ ਅੱਤਿਆਚਾਰਾ 'ਚ ਬੇਸ਼ੁਮਾਰ ਵਾਧਾ ਹੋਇਆ ਹੈ ਅਤੇ ਦਲਿਤਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਨੂੰ ਵੀ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਖੇਤ ਮਜ਼ਦੂਰ ਕਾਨਫਰੰਸਾਂ ਦੌਰਾਨ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ, ਦਲਿਤਾਂ 'ਤੇ ਜ਼ਬਰ ਬੰਦ ਕਰਨ, , ਗਿਰਫ਼ਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਕਿਸਾਨ ਮੋਰਚਿਆਂ ਉੱਤੇ ਹਮਲੇ ਬੰਦ ਕਰਨ, ਦਲਿਤਾਂ ਦੀ ਸਮਾਜਿਕ ਬਰਾਬਰੀ ਦੀ ਗਰੰਟੀ ਕਰਨ, ਗਿਰਫ਼ਤਾਰ ਕੀਤੇ ਬੁੱਧੀਜੀਵੀਆਂ ਨੂੰ ਰਿਹਾਅ ਕਰਨ,ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਨ, ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰਨ ਅਤੇ ਤਿੱਖੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਵਰਗੇ ਮੁੱਦੇ ਜੋਰ ਨਾਲ ਉਭਾਰੇ ਜਾਣਗੇ। ਇਸ ਮੌਕੇ ਕਾਨਫਰੰਸ ਦੀ ਤਿਆਰੀ ਲਈ ਪਿੰਡਾਂ ਅੰਦਰ ਘਰ ਘਰ ਦੇ ਅੰਦਰ ਜ਼ੋਰਦਾਰ ਮੁਹਿੰਮ ਚਲਾਉਣ ਅਤੇ ਪਿੰਡਾਂ 'ਚ ਮੀਟਿੰਗਾਂ ਰੈਲੀਆਂ ਤੇ ਜਾਗੋ ਮਾਰਚ ਕਰਨ ਦਾ ਵੀ ਫੈਸਲਾ ਲਿਆ ਗਿਆ।

ਮੋਦੀ ਸਰਕਾਰ ਦੇ ਮਾਰੂ ਹੱਲਿਆਂ ਦੀ ਕੁਤਰ-ਤਰਾਸ਼ੀ ਖਾਤਰ ਘੁੰਮਣ ਲੱਗਿਆ ਸੁਖਬੀਰ ਦੀ ਓਰਬਿੱਟ ਦਾ ਪਹੀਆ

- ਤਖ਼ਤ ਦਮਦਮਾ ਸਾਹਿਬ, ਲੰਬੀ ਅਤੇ ਗੋਨਿਆਣਾ ਤੋਂ ਮੁੜ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ


ਇਕਬਾਲ ਸਿੰਘ ਸ਼ਾਂਤ

ਲੰਬੀ: ਕਿਸਾਨ ਪ੍ਰਤੀ ਮੋਦੀ ਸਰਕਾਰ ਦੇ ਮਾਰੂ ਹੱਲਿਆਂ ਦੀ ਕੁਤਰ-ਤਰਾਸ਼ੀ ਖਾਤਰ ਸ਼ੋ੍ਰਮਣੀ ਅਕਾਲੀ ਦਲ ਸਿਆਸਤ ਰਹਿਤ ਉਪਰਾਲਿਆਂ ’ਚ ਇਖ਼ਲਾਕੀ ਫਰਜ਼ਾਂ ਦੀ ਰਾਹ ’ਤੇ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੀ ਓਰਬਿੱਟ ਟਰਾਂਸਪੋਰਟ ਦੀਆਂ ਤਿੰਨ ਬੱਸਾਂ ਦਿੱਲੀ ਦੇ ਕਿਸਾਨੀ ਮੋਰਚੇ ’ਚ ਲਗਾਤਾਰ ਕਿਸਾਨੀ ਯੋਧਿਆਂ ਨੂੰ ਮੋਰਚੇ ’ਤੇ ਲਿਜਾਣ ਲਈ ਮੁੜ ਸੜਕਾਂ ’ਤੇ ਉੱਤਰ ਪਈਆਂ ਹਨ। ਗਣਤੰਤਰ ਦਿਵਸ ਕਾਰਨ 25 ਤੋਂ ਬੱਸ ਸੇਵਾ ਬੰਦ ਸੀ। ਬਠਿੰਡਾ ਲੋਕਸਭਾ ਵਿੱਚੋਂ ਟਿਕਰੀ ਬਾਰਡਰ ਮੋਰਚੇ ਲਈ ਤਿੰਨ ਬੱਸਾਂ ’ਤੇ ਆਧਾਰਤ ਮੁਫ਼ਤ ਸੇਵਾ ਅੱਜ ਤੋਂ ਮੁੜ ਆਰੰਭ ਦਿੱਤੀ ਗਈ ਹੈ। ਇਹ ਬੱਸਾਂ ਲੰਬੀ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਗੋਨਿਆਣਾ ਤੋਂ ਚੱਲਦੀਆਂ ਹਨ। ਲੰਬੀ ਬੱਸ ਅੱਡੇ ਤੋਂ ਇਹ ਬੱਸ ਰੋਜ਼ਾਨਾ ਦਿਨ ਸਮੇਂ ਸਾਢੇ 12 ਵਜੇ ਚੱਲਦੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਵੇਰੇ ਦਸ ਵਜੇ ਵਾਇਆ ਮਾਨਸਾ ਚੌਕ ਤੋਂ ਜਾਂਦੀ ਹੈ। ਤੀਜੀ ਬੱਸ ਗੋਨਿਆਣਾ ਬੱਸ ਅੱਡੇ ਤੋਂ ਸਾਢੇ 9 ਵਜੇ ਚੱਲਦੀ ਹੈ। ਇਹ ਬੱਸਾਂ ਟਿਕਰੀ ਬਾਰਡਰ ਪਕੌੜਾ ਚੌਕ (ਦਿੱਲੀ) ਤੋਂ ਰੋਜ਼ਾਨਾ ਕਰੀਬ ਸਵੇਰੇ 7 ਵਜੇ ਵਾਪਸੀ ਰਵਾਨਾ ਹਨ। ਜ਼ਿਕਰਯੋਗ ਹੈ ਕਿ ਬੀਤੀ 13 ਜਨਵਰੀ ਕੱਖਾਂਵਾਲੀ ਦੇ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹੀਦ ਚਾਨਣ ਸਿੰਘ ਦੇ ਪਰਿਵਾਰ ਨਾਲ ਸੋਗ ਕਰਨ ਮੌਕੇ ਦਿੱਲੀ ਸੰਘਰਸ਼ ਜਾਣ-ਆਉਣ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਸੀ। ਅਕਾਲੀ ਦਲ ਪ੍ਰਧਾਨ ਨੇ 15 ਜਨਵਰੀ ਤੋਂ ਲੰਬੀ ਬੱਸ ਤੋਂ ਓਰਬਿੱਟ ਬੱਸ ਸੇਵਾ ਸ਼ੁਰੂ ਕਰਵਾਈ ਸੀ। ਬਾਕੀ ਦੋਵੇਂ ਬੱਸ ਬਠਿੰਡਾ ਲੋਕਸਭਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਦਿੱਲੀ ਮੋਰਚੇ ਅਤੇ ਪਰਿਵਾਰਾਂ ਨਾਲ ਲਗਾਤਾਰ ਜੋੜੇ ਰੱਖਣ ਲਈ ਚਲਵਾਈਆਂ ਹਨ। ਅੱਜ ਲੰਬੀ ਤੋਂ ਤੁਰੀ ਬੱਸ ’ਚ 35 ਜਣੇ ਟਿਕਰੀ ਬਾਰਡਰ ਲਈ ਰਵਾਨਾ ਹੋਏ। ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਕਿਸਾਨ ਸੰਘਰਸ਼ ਦੀ ਸੇਵਾ ਵਜੋਂ ਇਹ ਬੱਸ ਸੇਵਾ ਹਰੇਕ ਪਾਰਟੀ ਅਤੇ ਹਰੇਕ ਵਰਗ ਦੇ ਲੋਕਾਂ ਲਈ ਚਲਾਈ ਹੈ। ਉਨਾਂ ਸਭ ਵਰਗਾਂ ਨੂੰ ਦੇਸ਼ ਦੇ ਚੰਗੇ ਭਵਿੱਖ ਲਈ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਪ੍ਰੇਰਦੇ ਦਿੱਲੀ ਮੋਰਚੇ ’ਚ ਵਧ ਚੜ ਕੇ ਪੁੱਜਣ ਦੀ ਅਪੀਲ ਕੀਤੀ।