06 January 2019

ਅਜੈ ਚੌਟਾਲਾ ਵੱਲੋਂ ਇਨੈਲੋ ਨੂੰ ਧੋਬੀ ਪਟਕਾ, ਸੱਟ ਅਕਾਲੀ ਦਲ ਨੂੰ ਵੱਜੀ

                                                           ਇਕਬਾਲ ਸਿੰਘ ਸ਼ਾਂਤ
      ਕਾਲਾਂਵਾਲੀ-ਚੌਟਾਲਿਆਂ ਦੇ ਜੇਠੇ ਪੁੱਤਰ ਅਜੈ ਸਿੰਘ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੇ ਅੱਜ ਆਪਣੀ ਮਾਂ ਪਾਰਟੀ ਇਨੈਲੋ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੀ ਸਿਆਸੀ ਠਿੱਬੀ ਲਗਾ ਦਿੱਤੀ। ਹਰਿਆਣਾ ਵਿੱਚ ਹਲਕਾ ਕਾਲਾਂਵਾਲੀ (ਸੁਰੱਖਿਅਤ) ਤੋਂ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਬਲਕੌਰ ਸਿੰਘ ਜੇ.ਜੇ.ਪੀ 'ਚ ਸ਼ਾਮਲ ਹੋ ਗਏ। ਬਲਕੌਰ ਸਿੰਘ
ਨੇ ਇਹ ਐਲਾਨ ਅੱਜ ਅਜੈ ਸਿੰਘ ਚੌਟਾਲਾ ਦੀ ਮੌਜੂਦਗੀ ਵਿੱਚ ਕੀਤਾ। ਇਸਦੇ ਤੁਰੰਤ ਬਾਅਦ ਕਾਲਾਂਵਾਲੀ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਜੇ.ਜੇ.ਪੀ ਦਾ ਝੰਡਾ ਲਹਿਰਾ ਦਿੱਤਾ ਗਿਆ। 
ਹਰਿਆਣੇ ਅੰਦਰ ਮਜ਼ਬੂਤ ਸਿਆਸੀ ਸਫ਼ਬੰਦੀ 'ਚ ਜੁਟੇ ਅਕਾਲੀ ਦਲ ਲਈ ਬਲਕੌਰ ਸਿੰਘ ਦੀ ਸਿਆਸੀ ਹੇਰ-ਫੇਰ ਵੱਡਾ ਝਟਕਾ ਹੈ ਅਤੇ ਇਹ ਮੌਜੂਦਾ ਹਰਿਆਣਾ ਵਿਧਾਨ ਸਭਾ 'ਚ ਕਿਸੇ ਵਿਧਾਇਕ ਵੱਲੋਂ ਪਹਿਲੀ ਦਲ ਬਦਲੀ ਹੈ, ਜਿਸਦਾ ਸਿੱਧਾ ਅਸਰ ਗੁਆਂਢੀ ਸੂਬੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵੱਕਾਰ 'ਤੇ ਪਿਆ ਹੈ। 
         ਜਨਨਾਇਕ ਜਨਤਾ ਪਾਰਟੀ ਨੇ ਅਜੈ ਸਿੰਘ ਚੌਟਾਲਾ ਦੇ ਪੈਰੋਲ 'ਤੇ ਜੇਲ੍ਹ ਵਿਚੋਂ ਬਾਹਰ ਆਉਂਦੇ ਹੀ ਵਿਧਾਇਕ ਬਲਕੌਰ ਸਿੰਘ ਜ਼ਰੀਏ ਇਨੈਲੋ ਨੂੰ ਆਪਣੀ ਜ਼ਮੀਨੀ ਮਜ਼ਬੂਤੀ ਦਾ ਅਹਿਸਾਸ ਕਰਵਾਇਆ ਹੈ, ਪਰ ਇਸਦੀ ਧਮਕ ਹਰਿਆਣੇ ਨਾਲੋਂ ਜ਼ਿਆਦਾ ਗੁਆਂਢੀ ਸੂਬੇ ਪੰਜਾਬ ਦੇ ਸਿਆਸੀ ਹਾਲਾਤਾਂ 'ਤੇ ਵੱਧ ਪਵੇਗੀ। ਸੁਭਾਅ ਤੋਂ ਸਾਊ ਅਤੇ ਮਿਲਣਸਾਰ ਗਿਣੇ ਜਾਂਦੇ ਵਿਧਾਇਕ ਬਲਕੌਰ ਸਿੰਘ ਦੇ ਅਚਨਚੇਤੀ ਫੈਸਲੇ ਤੋਂ ਅਕਾਲੀ ਦਲ ਵੀ ਹੈਰਾਨੀ ਦੇ ਰੌਂਅ ਵਿੱਚ ਹੈ। ਸੂਤਰਾਂ ਅਨੁਸਾਰ ਬਲਕੌਰ ਸਿੰਘ ਦੀ ਬਾਦਲ ਪਰਿਵਾਰ ਨਾਲ ਕਾਫ਼ੀ ਨੇੜਤਾ ਹੈ ਅਤੇ ਬਾਦਲਾਂ 'ਚ ਉਨ੍ਹਾਂ ਦਾ ਕਾਫ਼ੀ ਮਾਣ-ਸਤਿਕਾਰ ਰਿਹਾ ਹੈ। 
      ਅਕਾਲੀ ਦਲ ਨੇ ਪਿੱਛੇ ਜਿਹੇ ਹਰਿਆਣੇ 'ਚ ਰੈਲੀਆਂ ਕਰਕੇ ਸਿੱਖਾਂ ਅਤੇ ਪੰਜਾਬੀ ਦੇ ਹੱਕਾਂ ਲਈ ਸੂਬੇ ਦੀਆਂ 90 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਸੀ। ਹੁਣ ਇਕਲੌਤੇ ਵਿਧਾਇਕ ਨੇ ਆਪਣੇ ਫੈਸਲੇ ਨਾਲ ਹਰਿਆਣਾ ਸੂਬਾਈ ਚੋਣਾਂ ਲਈ ਪਾਰਟੀ ਦੇ ਸਿਆਸੀ ਇਰਾਦਿਆਂ ਨੂੰ ਮੱਠਾ ਪਾਉਣ ਦਾ ਮਾਹੌਲ ਬਣਾ ਦਿੱਤਾ ਹੈ। 
ਚੌਟਾਲਿਆਂ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੀ ਜੱਗਜਾਹਰ ਗੂੜ੍ਹੀ ਸਾਂਝ ਹੈ। ਪਿਛਲੇ ਦਿਨ੍ਹੀ ਇਨੈਲੋ ਦੇ ਅਜੈ-ਅਭੈ ਚੌਟਾਲਾ ਵਿਚਕਾਰਲੇ ਕਲੇਸ਼ ਦੇ ਹੱਲ ਲਈ ਪ੍ਰਕਾਸ਼ ਸਿੰਘ ਬਾਦਲ ਦੇ ਪੱਧਰ 'ਤੇ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਸਨ। ਇਨੈਲੋ ਵਿਚਲੀਆਂ ਤਰੇੜਾਂ ਜ਼ਿਆਦਾ ਡੂੰਘੀਆਂ ਹੋਣ ਕਰਕੇ ਬਾਦਲ ਇਸ ਕੋਸ਼ਿਸ਼ 'ਚ ਸਫ਼ਲ ਨਹੀਂ ਹੋ ਸਕੇ ਸਨ।       ਪਿਛਲੇ ਦਿਨ੍ਹੀਂ ਡੱਬਵਾਲੀ ਹਲਕੇ 'ਚ ਅਜੈ ਸਿੰਘ ਚੌਟਾਲਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚੌਟਾਲਾ ਪਰਿਵਾਰ ਦਾ ਸਰਵਪ੍ਰਵਾਨਤ ਅਤੇ ਸਰਵਉੱਚ ਬਜ਼ੁਰੁਗ ਦੱਸਿਆ ਸੀ। ਹੈਰਾਨੀ ਦੀ ਗੱਲ ਹੈ ਕਿ ਜੇ.ਜੇ.ਪੀ ਗਠਨ ਉਪਰੰਤ ਅਜੈ ਸਿੰਘ ਚੌਟਾਲਾ ਹੱਥੋਂ ਵੱਡੀ ਸਿਆਸੀ ਢਾਅ ਵੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਰਪ੍ਰਸਤੀ ਵਾਲੇ ਅਕਾਲੀ ਦਲ ਨੂੰ ਲੱਗੀ ਹੈ। ਅਭੈ ਸਿੰਘ ਅਤੇ ਅਜੈ ਸਿੰਘ ਦੀ ਵੱਖੋ-ਵੱਖਰੀ ਸਫ਼ਬੰਦੀ 'ਚ ਅਕਾਲੀ ਦਲ ਦੋਵਾਂ ਧਿਰਾਂ ਨਾਲ ਪਰਿਵਾਰਕ ਸਾਂਝ ਕਰਕੇ ਚੁੱਪ ਵੱਟੇ ਹੋਏ ਹੈ। ਇਸਦੇ ਬਾਵਜੂਦ ਜੇ.ਜੇ.ਪੀ. ਹੱਥੋਂ ਵੱਡੀ ਸੱਟ ਸਿਆਸੀ ਮਾਅਨਿਆਂ 'ਚ ਅਕਾਲੀ ਦਲ ਨੂੰ ਸਹਿਣ ਹੋਣੀ ਔਖੀ ਜਾਪਦੀ ਹੈ।  ਅੱਜ ਵਿਧਾਇਕ ਬਲਕੌਰ ਸਿੰਘ ਦੀ ਜੇ.ਜੇ.ਪੀ ਵਿੱਚ ਸ਼ਮੂਲੀਅਤ ਸਮੇਂ ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਬਲਕੌਰ ਸਿੰਘ ਦੇ ਸ਼ਾਮਲ ਹੋਣ ਨਾਲ ਜੇ.ਜੇ.ਪੀ ਕੋਲ ਚਾਰ ਵਿਧਾਇਕ ਹੋ ਗਏ ਹਨ। ਨਵੇਂ ਸਾਲ 'ਚ ਇਹ
ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਵਿਧਾਇਕ ਬਲਕੌਰ ਸਿੰਘ ਨੇ ਆਖਿਆ ਕਿ ਜੇਜੇਪੀ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ 'ਤੇ ਚੱਲ ਰਹੀ ਹੈ। ਮੈਨੂੰ ਇਹ ਨੀਤੀਆਂ ਚੰਗੀਆਂ ਲੱਗੀਆਂ। ਮੈਂ ਪਹਿਲਾਂ ਇਨੈਲੋ ਅਤੇ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਿਆ ਸੀ। ਹੁਣ ਅਕਾਲੀ ਦਲ ਚੋਣ ਲੜੇ ਜਾਂ ਨਾ ਲੜੇ। ਮੈਂ ਜਨਨਾਇਕ ਜਨਤਾ ਪਾਰਟੀ ਨਾਲ ਖੜ੍ਹਾ ਹਾਂ।  
  ਜ਼ਿਕਰਯੋਗ ਹੈ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਬਲਕੌਰ ਸਿੰਘ ਕਾਲਾਂਵਾਲੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ 'ਤੇ 2014 ਵਿੱਚ ਵਿਧਾਇਕ ਚੁਣੇ ਗਏ ਸਨ। 2014 ਵਿੱਚ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਬੁੱਧ ਸਿੰਘ ਨਾਮਕ ਇਨੈਲੋ ਵਰਕਰ ਨੂੰ ਕਾਲਾਂਵਾਲੀ ਤੋਂ ਉਮੀਦਵਾਰ ਬਣਾਇਆ ਸੀ। ਬਾਅਦ 'ਚ ਅਕਾਲੀ ਦਲ ਨਾਲ ਗੱਠਜੋੜ ਉਪਰੰਤ ਬੁੱਧ ਸਿੰਘ ਦੀ ਜਗ੍ਹਾ ਬਲਕੌਰ ਸਿੰਘ ਨੂੰ ਕਾਲਾਂਵਾਲੀ ਉਮੀਦਵਾਰ ਬਣਾਇਆ ਗਿਆ ਸੀ।