10 February 2024

ਮਹਿਰਾਜਪੁਰ ਮਾਈਨਰ: ਸਾਇਜ਼ ਅਤੇ ਪਾਣੀ ਸਮੱਰਥਾ ਘਟਾਈ, ਅਖੇ ਰਕਬਾ ਘਟ ਗਿਆ, ਬੰਜਰ ਹੋਵੇਗਾ 20 ਹਜ਼ਾਰ ਏਕੜ ਰਕਬਾ

* ਡੇਢ ਫੁੱਟ ਡੁੱਘਾਈ, ਦੋ ਫੁੱਟ ਚੌੜਾਈ ਘਟਾਈ, ਸਮੱਰਥਾ 63.5 ਤੋਂ 60.83 ਕਿਊਸਿਕ ਕੀਤੀ

* ਕਿਸਾਨਾਂ ਦਾ ਦੋਸ਼: ਦਸ ਪਿੰਡਾਂ ਦਾ ਕਰੀਬ ਵੀਹ ਹਜ਼ਾਰ ਏਕੜ ਰਕਬਾ ਹੋਵੇਗਾ ਪ੍ਰਭਾਵਿਤ


ਇਕਬਾਲ ਸਿੰਘ ਸ਼ਾਂਤ (93178-26100)

ਲੰਬੀ: ਪੰਜਾਬ ਵਿੱਚ ਟੇਲਾਂ ’ਤੇ ਨਹਿਰੀ ਪਾਣੀ ਪਹੁੰਚਾਉਣ ਦੇ ਸਿਆਸੀ ਦਮਗਜਿਆਂ ਦੇ ਉਲਟ ਲੰਬੀ ਹਲਕੇ ਵਿੱਚ ਮਹਿਰਾਜਪੁਰ ਮਾਈਨਰ ਦਾ ਸਾਇਜ਼ ਅਤੇ ਪਾਣੀ ਸਮੱਰਥਾ ਘਟਾਈ ਜਾ ਰਹੀ ਹੈ। ਜਿਸਤੋਂ ਪ੍ਰਭਾਵਤ ਹੁੰਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਸੰਘਰਸ਼ ਵਿੱਢਦੇ ਸ਼ੁਕਰਵਾਰ ਨੂੰ ਮਾਈਨਰ ਦੀ ਮੁੜ ਉਸਾਰੀ ਦਾ ਕਾਰਜ ਰੁਕਵਾ ਦਿੱਤਾ। ਕਿਸਾਨ ਮਾਈਨਰ ਦਾ ਪੁਰਾਣਾ ਸਾਈਜ਼ ਤੇ ਸਮੱਰਥਾ ਬਹਾਲ ਕਰਨ ਦੀ ਮੰਗ ਤਹਿਤ ਧਰਨਾ ਲਗਾ ਕੇ ਬੈਠ ਗਏ ਹਨ। 

ਜਾਣਕਾਰੀ ਮੁਤਾਬਕ ਮਾਈਨਰ ਦੀ ਮੁੜ ਉਸਾਰੀ ਤਹਿਤ ਕਰੀਬ ਫੁੱਟ ਤੋਂ ਡੇਢ ਫੁੱਟ ਬੈੱਡ (ਡੁੱਘਾਈ), ਲਗਭਗ ਦੋ ਤੋਂ ਤਿੰਨ ਫੁੱਟ ਚੌੜਾਈ ਘਟਾ ਕੇ ਬਣਾਈ ਜਾ ਰਹੀ ਹੈ। ਪਹਿਲਾਂ ਮਾਈਨਰ ਦੀ ਸਮੱਰਥਾ 63.5 ਕਿਊਸਿਕ ਸੀ, ਹੁਣ ਇਸਦੀ 60.83 ਕਿਊਸਿਕ ਕੀਤੀ ਜਾ ਰਹੀ ਹੈ। 

ਵਿਭਾਗੀ ਪੱਖ ਹੈ ਕਿ ਮਾਈਨਰ ਵਿੱਚੋਂ ਕਰੀਬ 11 ਸੌ ਏਕੜ ਖੇਤੀ ਰਕਬਾ ਦੂਜੇ ਮਾਈਨਰਾਂ ’ਤੇ ਸ਼ਿਫ਼ਟ ਹੋ ਗਿਆ। ਕਰੀਬ 15 ਕਿਲੋਮੀਟਰ ਲੰਬੇ ਮਾਈਨਰ ਨੂੰ ਕਰੀਬ 8 ਕਰੋੜ ਰੁਪਏ ਨਾਲ ਨਵੇਂ ਸਿਰਿਓਂ ਸੀਮਿੰਟਡ ਕੀਤਾ ਜਾ ਰਿਹਾ ਹੈ। ਮਾਈਨਰ ’ਤੇ ਪਿੰਡ ਫਤਿਹਪੁਰ ਮਣੀਆਂ, ਸਹਿਣਾਖੇੜਾ, ਫਤੂਹੀਖੇੜਾ, ਸ਼ੇਰਾਂਵਾਲਾ, ਅਰਨੀਵਾਲਾ, ਫੁੱਲੂਖੇੜਾ, ਖੇਮਾਖੇੜਾ, ਆਧਨੀਆਂ, ਸਿੱਖਵਾਲਾ ਅਤੇ ਖੁੱਬਣ ਦੀ ਕਿਰਸਾਨੀ ਨਿਰਭਰ ਹੈ। 47 ਬੁਰਜੀਆਂ ਵਾਲੇ ਮਾਈਨਰ ਦੇ ਸਮੱਰਥਾ ਤੇ ਸਾਈਜ਼ ਘਟਣ ਨਾਲ 20 ਹਜ਼ਾਰ ਏਕੜ ਸਿੰਚਾਈ ਰਕਬਾ ਪ੍ਰਭਾਵਿਤ ਹੋਵੇਗਾ। ਕਿਸਾਨਾਂ ਮੁਤਾਬਕ ਇੱਥੇ ਟੇਲ ਸਮੇਤ ਕੁੱਲ 27 ਮੋਘੇ ਹਨ।

ਫਤਿਹਪੁਰ ਮਨੀਆਂ ਦੇ ਕਿਸਾਨ ਰਵਿੰਦਰਪਾਲ ਸਿੰਘ, ਗੁਰਮੀਤ ਸਿੰਘ, ਗੁਰਮੁੱਖ ਸਿੰਘ, ਪ੍ਰਕਾਸ਼ ਸਿੰਘ, ਪ੍ਰਤਾਪ ਸਿੰਘ ਅਤੇ ਭੁਪਿੰਦਰ ਸਿੰਘ ਨੇ ਨਹਿਰ ਵਿਭਾਗ ਦੇ ਰਕਬਾ ਘਟਣ ਦੇ ਤਕਨੀਕੀ ਪੱਖਾਂ ਨੂੰ ਝੂਠਾ ਦੱਸਦੇ ਕਿਹਾ ਕਿ ਮਾਈਨਰ ਤੋਂ ਸਿਰਫ਼ ਲਗਭਗ ਤਿੰਨ ਸੌ ਏਕੜ ਰਕਬਾ ਘਟਿਆ ਹੈ, ਕਿਸੇ ਅਬੁੱਝ ਸਿਆਸੀ ਹਿੱਤਾਂ ਖਾਤਰ 11 ਸੌ ਏਕੜ ਰਕਬਾ ਘਟਾਇਆ ਜਾ ਰਿਹਾ ਹੈ। ਪਾਣੀ ਘਟਣ ਨਾਲ ਕਈ ਪਿੰਡਾਂ ਦੀ ਖੇਤੀ ਬੰਜਰ ਹੋ ਜਾਵੇਗੀ। 

ਕਿਸਾਨਾਂ ਨੇ ਡੁੰਘਾਈ, ਚੌੜਾਈ ਤੇ ਉਚਾਈ ਘਟਾਉਣ ਨੂੰ ਮੌਜੂਦਾ ਸਰਕਾਰ ਵੱਲੋਂ ਤੀਹਰੀ ਮਾਰ ਦੱਸਦੇ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਸਮੇਂ ਮਾਈਨਰਾਂ ਦੀ ਉਚਾਈ ਵਧਾ ਕੇ 20 ਫ਼ੀਸਦੀ ਪਾਣੀ ਵਧਾਇਆ ਸੀ। ਉਸਦੇ ਉਲਟ ਆਪ ਸਰਕਾਰ ਨੇ ਮਾਈਨਰਾਂ ਵਿੱਚ ਓਵਰ ਫਲੋਅ ਘਟਾ ਦੇ ਦਸ ਫ਼ੀਸਦੀ ਕਰ ਦਿੱਤਾ ਹੈ। ਜਿਸ ਨਾਲ ਮਾਈਨਰ ਟੁੱਟਣ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ। ਮਾਈਨਰ ਦਾ ਪੱਧਰ ਪਹਿਲਾਂ ਹੀ ਕਾਫ਼ੀ ਉੱਚਾ ਹੈ। 

ਕਿਸਾਨ ਰਵਿੰਦਰਪਾਲ ਸਿੰਘ ਅਤੇ ਪ੍ਰਤਾਪ ਸਿੰਘ ਨੇ ਕਿਹਾ ਕਿ ਮਾਈਨਰ ਨੂੰ ਹੇਠਿਓਂ ਕਰੀਬ ਦੋ ਫੁੱਟ ਤੱਕ ਉੱਚਾ ਅਤੇ ਉੱਪਰੋਂ ਉਚਾਈ ਘਟਾਈ ਜਾ ਰਹੀ ਹੈ। ਕਿਸਾਨਾਂ ਨੇ ਖਦਸ਼ਾ ਜਾਹਰ ਕੀਤਾ ਕਿ ਮਾਈਨਰ ਨੂੰ ਛੋਟਾ ਕਰਨ ਦੇ ਇਲਾਵਾ ਸਰਕਾਰੀ ਸਾਜਿਸ਼ ਤਹਿਤ ਮੋਘਿਆਂ ਦਾ ਸਾਈਜ਼ ਘਟਾਏ ਜਾਣਗੇ। ਕਿਸਾਨਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਮੰਗ ਪੂਰੀ ਨਾ ਹੋਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ, ਸੁਣਵਾਈ ਨਾ ਹੋਣ ’ਤੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।

ਸਰਕਾਰੀ ਨੀਤੀ ਤਹਿਤ ਮਾਈਨਰ ਛੋਟਾ ਕੀਤਾ ਜਾ ਰਿਹਾ: ਐਸ.ਡੀ.ਓ.
ਦੂਜੇ ਪਾਸੇ ਨਹਿਰ ਵਿਭਾਗ ਦੇ ਐਸ.ਡੀ.ਓ. ਗੁਰਪਾਲ ਸਿੰਘ ਦਾ ਕਹਿਣਾ ਸੀ ਕਿ ਕਰੀਬ 11 ਸੌ ਏਕੜ ਰਕਬਾ ਪਾਣੀ ਘਟਣ ਕਰਕੇ ਮਾਈਨਰ ਨੂੰ ਸਰਕਾਰੀ ਨੀਤੀ ਮੁਤਾਬਕ ਛੋਟਾ ਕੀਤਾ ਜਾ ਰਿਹਾ ਹੈ। ਸਮੱਰਥਾ ਘਟਣ ’ਤੇ ਮਾਈਨਰ ਟੁੱਟਣ ਬਾਰੇ ਉੁਨ੍ਹਾਂ ਕਿਹਾ ਕਿ ਉੱਪਰ ਕਰੀਬ ਡੇਢ ਫੁੱਟ ਫ਼੍ਰੀ ਬੋਰਡ ਜਗ੍ਹਾ ਖਾਲੀ ਰੱਖੀ ਜਾਂਦੀ ਹੈ। ਬਾਕੀ ਕਿਸਾਨਾਂ ਦੀ ਮੰਗ ਸਰਕਾਰ ਪੱਧਰ ਦਾ ਮਾਮਲਾ ਹੈ ਅਤੇ ਉਨ੍ਹਾਂ ਕਿਸਾਨਾਂ ਦੀ ਮੰਗ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।