27 April 2017

ਬਾਬਾ ਬੋਹੜ ਨੇ ਜਥੇਦਾਰ ਨੂੰ ‘ਧੋਬੀ ਪਟਕਾ’ ਮਾਰਦਿਆਂ ਖੋਲ੍ਹਿਆ ‘ਪਰਚੀ’ ਦਾ ਰਾਜ

- ਸਾਰੇ ਦੋਸ਼ ਝੂਠੇ, ਨਾ ਮੈਂ ਕਦੇ ਕਿਸੇ ਜਥੇਦਾਰ ’ਤੇ ਦਬਾਅ ਪਾਇਆ ਅਤੇ ਨਾ ਜਥੇਦਾਰਾਂ ਨੂੰ ਘਰ ਬੁਲਾਇਆ
- ਮੈਂ ਕਦੇ ਸ਼ੋ੍ਰਮਣੀ ਕਮੇਟੀ ਦੇ ਕੰਮਕਾਜ਼ ’ਚ ਦਖ਼ਲ ਨਹੀਂ ਦਿੱਤਾ 
- ਇੱਕੋ ਸਮੇਂ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਹੋਣਾ ਚੰਗੀ ਗੱਲ, ਪਰ ਕਾਰਜ ਉਲਝਣਾਂ ਭਰਿਆ

ਇਕਬਾਲ ਸਿੰਘ ਸ਼ਾਂਤ
ਲੰਬੀ: ਪੰਥਕ ਸਫ਼ਾਂ ਵਿੱਚ ਗਰਮਾਏ ਤਖ਼ਤ ਦਮਦਮਾ ਸਾਹਿਬ ਦੇ ਫਾਰਗ ਜਥੇਦਾਰ ਭਾਈ ਗੁਰਮੁੱਖ ਸਿੰਘ ਦੇ ਗੰਭੀਰ ਦੋਸ਼ਾਂ ’ਤੇ ਅਕਾਲੀ ਸਿਆਸਤ ਦੇ ‘ਬਾਬਾ ਬੋਹੜ’ ਨੇ ਅੱਜ ‘ਧੋਬੀ ਪਟਕਾ’ ਮਾਰ ਦਿੱਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚਿੱਠੀ ਸਬੰਧੀ ਸਾਰੇ ਦੋਸ਼ ਝੂਠੇ ਹਨ ਅਤੇ ਨਾ ਮੈਂ ਕਦੇ ਜਥੇਦਾਰਾਂ ’ਤੇ ਦਬਾਅ ਪਾਇਆ ਅਤੇ ਨਾ ਜਥੇਦਾਰਾਂ ਨੂੰ ਮੈਂ ਘਰ ਬੁਲਾਇਆ, ਐਵੇਂ ਆਖ ਦਿੰਦੇ ਐ। ਸਾਰੇ ਦੋਸ਼ ਬਿਨ੍ਹਾਂ ਵਜ੍ਹਾ ਮੜ੍ਹੇ ਗਏ ਹਨ। ਉਹ ਅੱਜ ਪਿੰਡ ਬਾਦਲ ਵਿਖੇ ਆਪਣੀ ਰਿਹਾਇਸ਼ ’ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ
ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਲਈ ਚਿੱਠੀ ਮਾਮਲੇ ’ਚ ਬਾਦਲ ਪਿਉ-ਪੁੱਤ ’ਤੇ ਲਗਾਏ ਗੰਭੀਰ ਦੋਸ਼ਾਂ ਨੇ  ਪੰਥਕ ਸਿਆਸਤ ਨੂੰ ਗਰਮਾਇਆ ਹੋਇਆ ਹੈ। ਬੀਤੀ 21 ਅਪਰੈਲ ਨੂੰ ਭਾਈ ਗੁਰਮੁੱਖ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਸੀ। ਇਸਤੋਂ ਪਹਿਲਾਂ ਪਿੰਡ ਤਰਮਾਲਾ ’ਚ ਸੁਖਬੀਰ ਸਿੰਘ ਬਾਦਲ ਉਕਤ ਮੁੱਦੇ ’ਤੇ ਕੁਝ ਕਹਿਣ ਤੋਂ ਟਾਲਾ ਵੱਟ ਕੇ ਤੁਰ ਗਏ ਸਨ। 
ਅੱਜ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਾਂ ਕੀ ਪਿਛਲੇ 20 ਸਾਲ ਤੋਂ ਉਨ੍ਹਾਂ ਕਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ਼ ਵਿੱਚ ਦਖ਼ਲ ਨਹੀਂ ਦਿੱਤਾ। ਸ਼ੋ੍ਰ੍ਰਮਣੀ ਕਮੇਟੀ ਪ੍ਰਧਾਨ ਦੀਆਂ ਚੋਣਾਂ ਸਮੇਂ ਉਨ੍ਹਾਂ ਦੀ ਪ੍ਰਚੱਲਤ ‘ਪਰਚੀ’ ਦਾ ਜ਼ਿਕਰ ਕਰਨ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਪਰਚੀ ਵਾਲੀ ਗੱਲ ਇੰਝ ਹੈ ਕਿ ਕਾਂਗਰਸ ਸਮੇਤ ਸਾਰਹਆਂ ਪਾਰਟੀਆਂ ’ਚ ਹੀ ਸਹਿਮਤੀ ਨਾਲ ਆਗੂ ਆਪਣੀ ਲੀਡਰਸ਼ਿਪ ਨੂੰ ਪ੍ਰਧਾਨ ਜਾਂ ਆਗੂ ਚੁਣਨ ਦਾ ਅਧਿਕਾਰ ਦਿੰਦੇ ਹਨ। ਇੰਝ ਹੀ ਸਾਡੇ ਵੀ ਸੀਨੀਅਰ ਆਗੂਆਂ ਦੀ ਸਹਿਮਤੀ ਵੱਲੋਂ ਅਧਿਕਾਰਾਂ ਦੇ ਆਧਾਰ ’ਤੇ ਪ੍ਰਧਾਨ ਦਾ ਫੈਸਲਾ ਹੁੰਦਾ ਹੈ। ਇਸਨੂੰ ਕੁਝ ਲੋਕਾਂ ਨੇ ‘ਪਰਚੀ’ ਦਾ ਨਾਂਅ ਦੇ ਦਿੱਤਾ ਹੈ। ਜਦੋਂ ਪ੍ਰਧਾਨ ਬਣ ਗਏ ਉਨ੍ਹਾਂ ਆਪਣਾ ਕੰਮਕਾਜ਼ ਚਲਾਉਣਾ ਹੁੰਦਾ ਹੈ ਜਿਸ ਵਿੱਚ ਸਾਡਾ ਕੋਈ ਦਖ਼ਲ ਨਹੀਂ। 
ਭਾਜਪਾ ਦੇ ਦੇਸ਼ ਭਰ ’ਚ ਲੋਕਸਭਾ ਅਤੇ ਵਿਧਾਨਸਭਾ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਦੇ ਸਟੈਂਡ ’ਤੇ ਅਕਾਲੀ ਦਲ ਦੀ ਚੁੱਪੀ ਬਾਰੇ ਸ੍ਰੀ ਬਾਦਲ ਦਾ ਕਹਿਣਾ ਸੀ ਕਿ ਜੇਕਰ ਦੇਸ਼ ਭਰ ਵਿੱਚ ਇੱਕੋ ਸਮੇਂ ਲੋਕਸਭਾ ਅਤੇ ਵਿਧਾਨਸਭਾ ਦੀਆਂ ਚੋਣਾਂ ਇੱਕੋ ਸਮੇਂ ਹੋਣਾਂ ਗੱਲ ਤਾਂ ਚੰਗੀ ਹੈ ਇਸ ਨਾਲ ਦੇਸ਼ ਦਾ ਆਰਥਿਕ ਖਰਚ ਵੀ ਬਚੇਗਾ। ਪਰ ਇਹ ਬੜਾ ਉਲਝਣਂ ਭਰਿਆ ਕਾਰਜ ਹੋਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਕੁਝ ਸੂਬਿਆਂ ’ਚ ਹੁਣੇ ਚੋਣਾਂ ਹੋਈਆਂ ਹਨ ਅਤੇ ਉਨ੍ਹਾਂ ਦਾ ਲੋਕਸਭਾ ਚੋਣਾਂ ਦੇ ਸਮੇਂ ਕਾਫ਼ੀ ਕਾਰਜਕਾਰਲ ਬਾਕੀ ਰਹਿੰਦਾ ਹੋਵੇਗਾ। ਅਜਿਹੇ ਵਿੱਚ ਇਸ ’ਤੇ ਸਰਬ ਸਹਿਮਤੀ ਕਾਫ਼ੀ ਵੱਡੀ ਦਿੱਕਤ ਹੋਵੇਗੀ।
ਦੇਸ਼ ਭਰ ਵਿੱਚ ਗਊ ਰੱਖਿਆ ਦੀ ਓਟ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਸਾਬਕਾ ਮੁੱਖ ਮੰਤਰੀ ਨੇ ਗਊ ਰੱਖਿਆ ਦੀ ਓਟ ’ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਅਨਜਾਣਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਗਊ ਹੱਤਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੁਨੀਆਂ ਧਰਮਾਂ ਦੀਆਂ ਵੰਡੀਆਂ ਵਿੱਚ ਪੈ ਕੇ ਗਲਤ ਰਾਹ ਪੈ ਰਹੀ ਹੈ। ਜਦੋਂ ਕਿ ਅਕਾਲੀ ਦਲ ਗੁਰਬਾਣੀ ਮੁਤਾਬਕ ‘ਮਾਨਸ ਦੀ ਜਾਤ ਸਭੈ ਏਕ ਪਹਿਚਾਨਬੋ’ ਦੇ ਰਾਹ ਨੂੰ ਮੰਨਦਾ ਹੈ। ਇਸਤੋਂ ਪਹਿਲਾਂ ਉਨ੍ਹਾਂ ਅਕਾਲੀ ਵਰਕਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। 

‘ਮਨਪ੍ਰੀਤ ਦੀ ਡਿਊਟੀ ਐ ਚੰਗਾ ਕਰਕੇ ਵਿਖਾਉਣਾ’
ਕਦੇ ਹੱਥੀਂ ਲਗਾਏ ਸਿਆਸੀ ਬੂਟੇ ਮਨਪ੍ਰੀਤ ਸਿੰਘ ਬਾਦਲ ਤੋਂ ਬਤੌਰ ਇੱਕ ‘ਤਾਇਆ’ ਵਜੋਂ ਉਨ੍ਹਾਂ ਦੀ ਉਮੀਦਾਂ ਪੁੱਛੇ ਜਾਣ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚੰਗਾ ਐ। ਮੈਂ ਕਦੋਂ ਆਖਦਾ ਨਹੀਂ, ਉਨ੍ਹਾਂ ਦੀ ਡਿਊਟੀ ਹੈ ਚੰਗਾ ਕਰਕੇ ਵਿਖਾਉਣਾ। ਮੈਂ ਸਿਰਫ਼ ਮਨਪ੍ਰੀਤ ਨੂੰ ਹੀ ਨਹੀਂ, ਅਮਰਿੰਦਰ ਸਿੰਘ ਨੂੰ ਵੀ ਆਖਦਾਂ ਹਾਂ। ਉਨ੍ਹ੍ਹਾਂ ਨੌਕਰੀਆਂ ਸਮੇਤ ਜਿੰਨੇ ਵਾਅਦੇ ਜਨਤਾ ਨਾਲ ਕੀਤੇ ਹਨ, ਪੂਰੇ ਕਰਨੇ ਚਾਹੀਦੇ ਹਨ। ਜੇਰਕ ਯੂ.ਪੀ. ਵਾਲੇ ਵਾਅਦਿਆਂ ਨੂੰ ਪੂਰਾ ਕਰ ਸਕਦੇ ਹਨ ਤਾਂ ਇਨ੍ਹਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ। 

14 April 2017

ਬੇਅਦਬੀ : ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਰੱਦ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ

* ਕਮਿਸ਼ਨ ਦੀ ਮਿਆਦ ਛੇ ਮਹੀਨਿਆਂ ਦੀ ਹੋਵੇਗੀ
* ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਾਗਵਤ ਗੀਤਾ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਜਾਂਚ ਹੋਵੇਗੀ 

ਚੰਡੀਗੜ੍ਹ: ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਅਸਪੱਸ਼ਟ ਰਿਪੋਰਟ ਨੂੰ ਰੱਦ ਕਰਦਿਆਂ ਪੰਜਾਬ ਸਰਕਰ ਨੇ ਅੱਜ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਦੀ ਅਗਵਾਈ ਵਿੱਚ ਨਵੇਂ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ ਜੋ ਸੂਬੇ ਵਿੱਚ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਜਾਂਚ ਕਰੇਗਾ। ਸੂਬੇ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਸ੍ਰੀਮਦ ਭਾਗਵਤ ਗੀਤਾ ਅਤੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਸਮੁੱਚੀਆਂ ਘਟਨਾਵਾਂ ਦੀ ਜਾਂਚ ਦਾ ਜ਼ਿੰਮਾ ਸੌਂਪਿਆ ਹੈ।
       ਨਵਾਂ ਕਮਿਸ਼ਨ ਕਮਿਸ਼ਨ ਆਫ ਇਨਕੁਆਇਰੀ ਦੀ ਧਾਰਾ 11 ਦੇ ਤਹਿਤ ਕਾਇਮ ਕੀਤਾ ਹੈ ਜਿਸ ਦੀ ਮਿਆਦ ਛੇ ਮਹੀਨੇ ਹੋਵੇਗੀ। ਕਮਿਸ਼ਨ ਦੇ ਮੁਖੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀਮਦ ਭਾਗਵਤ ਗੀਤਾ ਅਤੇ ਪਵਿੱਤਰ ਕੁਰਾਨ ਸ਼ਰੀਫ ਦੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰਨਗੇ। ਇਹ ਕਮਿਸ਼ਨ ਘਟਨਾਵਾਂ ਦੀ ਤਹਿ ਤੱਕ ਜਾ ਕੇ ਤੱਥਾਂ ਤੇ ਹਾਲਤਾਂ ਦੀ ਜਾਂਚ ਕਰੇਗਾ ਕਿ ਅਸਲ ਵਿੱਚ ਵਾਪਰਿਆ ਕੀ ਹੈ ਅਤੇ ਫਰੀਦਕੋਟ ਤੇ ਹੋਰ ਥਾਵਾਂ ’ਤੇ ਘਟਨਾਵਾਂ ਵਾਪਰਨ ਮੌਕੇ ਵੱਖ-ਵੱਖ ਵਿਅਕਤੀਆਂ ਦੇ ਰੋਲ ਦੀ ਵੀ ਸ਼ਨਾਖ਼ਤ ਕਰੇਗਾ।
       ਇਕ ਸਰਕਾਰੀ ਬੁਲਾਰੇ ਨੇ ਨੋਟੀਫਿਕੇਸ਼ਨ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਕਮਿਸ਼ਨ ਵੱਲੋਂ ਅਜਿਹੀਆਂ ਘਟਨਾਵਾਂ ਦੇ ਵਾਪਰਨ ਦੀ ਅਸਲੀਅਤ ਅਤੇ ਲੋਕਾਂ ਦੇ ਰੋਲ ਦੀ ਜਾਂਚ ਕੀਤੀ ਜਾਵੇਗੀ। ਕਮਿਸ਼ਨ ਨੂੰ ਜ਼ਿਲ੍ਹਾ ਫਰੀਦਕੋਟ ਵਿੱਚ ਕੋਟਕਪੂਰਾ ਅਤੇ ਪਿੰਡ ਬਹਿਬਲ ਕਲਾਂ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਵੀ ਸੌਂਪੀ ਗਈ ਹੈ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।
       ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਹੁਣ ਤੱਕ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਅਧੂਰੀ ਤੇ ਅਸਪੱਸ਼ਟ ਪੜਤਾਲ ਅਤੇ ਪੁਲੀਸ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਰੋਲ ਦੀ ਵੀ ਜਾਂਚ ਕਰੇਗਾ।
        ਨੋਟੀਫਿਕੇਸ਼ਨ ਮੁਤਾਬਕ ਸੂਬਾ ਸਰਕਾਰ ਐਡਵੋਕੇਟ ਜਨਰਲ ਦੀ ਸਲਾਹ ਸਮੇਤ ਹੋਰ ਵੱਖ-ਵੱਖ ਪੱਖਾਂ ਨੂੰ ਗਹੁ ਨਾਲ ਵਿਚਾਰਨ ਤੋਂ ਬਾਅਦ ਇਸ ਸਿੱਟੇ ’ਤੇ ਪੁੱਜੀ ਕਿ ਪਿਛਲੀ ਸਰਕਾਰ ਵੱਲੋਂ ਕਾਇਮ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਨਤੀਜਾਮੁਖੀ ਸਿੱਧ ਨਹੀਂ ਹੋ ਸਕੀ।
       ਐਡਵੋਕੇਟ ਜਨਰਲ ਪੰਜਾਬ ਨੇ ਆਪਣੀ ਸਲਾਹ ਵਿੱਚ ਮਹਿਸੂਸ ਕੀਤਾ ਕਿ ਕਮਿਸ਼ਨ ਵੱਲੋਂ ਆਪਣੀ ਜਾਂਚ ਦਾ ਮੂਲ ਪੱਖ ਜੋ ਕਿ ਅਜਿਹੀਆਂ ਘਟਨਾਵਾਂ ਦੇ ਵਾਪਰਨ ਦੀ ਸਚਾਈ ਅਤੇ ਇਸ ਵਿੱਚ ਸ਼ਾਮਲ ਲੋਕਾਂ ਨਾਲ ਸਬੰਧਤ ਹੈ, ਵੱਲ ਧਿਆਨ ਨਹੀਂ ਦਿੱਤਾ ਗਿਆ। ਐਡਵੋਕੇਟ ਜਨਰਲ ਮੁਤਾਬਕ ਇਹ ਕਮਿਸ਼ਨ ਵੀ ਇਨ੍ਹਾਂ ਪੱਖਾਂ ਬਾਰੇ ਵਿਸ਼ਾਲ ਸੀ ਅਤੇ ਇਸ ਘਿਨਾਉਣੀ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦਾ ਨਾ ਤਾਂ ਨਾਮ ਹੀ ਲਿਆ ਗਿਆ ਅਤੇ ਨਾ ਹੀ ਉਨ੍ਹਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਗਿਆ। ਇਸੇ ਤਰ੍ਹਾਂ ਇਸ ਕਮਿਸ਼ਨ ਨੂੰ ਸੌਂਪੇ ਗਏ ਕਈ ਪਹਿਲੂਆਂ ਤੇ ਮਸਲੇ ਅਜੇ ਤੱਕ ਅਣਸੁਲਝੇ ਹਨ ਅਤੇ ਇਨ੍ਹਾਂ ਦੀ ਬਰੀਕੀ ਨਾਲ ਜਾਂਚ ਨਹੀਂ ਕੀਤੀ ਗਈ ਜਿਸ ਨਾਲ ਕੋਈ ਨਿਸ਼ਚਤ ਫੈਸਲਾ ਲਿਆ ਜਾ ਸਕੇ।
       ਜ਼ੋਰਾ ਸਿੰਘ ਕਮਿਸ਼ਨ ਦੇ ਗਠਨ ਦੇ ਬਾਵਜੂਦ ਬੇਅਦਬੀ ਦੀਆਂ ਘਟਨਾਵਾਂ ਵਿੱਚ ਹੋਰ ਵਾਧਾ ਹੋਇਆ ਹੈ ਜਿਸ ਉਪਰੰਤ ਪੰਜਾਬ ਸਰਕਾਰ ਨੇ ਇਹ ਮਹਿਸੂਸ ਕੀਤਾ ਕਿ ਲੋਕ ਹਿੱਤ ਨਾਲ ਜੁੜੇ ਇਸ ਮਹੱਤਵਪੂਰਨ ਮਸਲੇ ਦੀ ਸਹੀ ਤੇ ਵਿਆਪਕ ਜਾਂਚ ਹੋਣੀ ਜ਼ਰੂਰੀ ਹੈ। 

ਹਕੀਕਤ ’ਚ ਨਹੀਂ ਬਦਲ ਰਿਹਾ ਮੋਨੇ ਨੌਜਵਾਨਾਂ ਦਾ ਸਿੱਖ ਰਹੂ-ਰੀਤਾਂ ਪ੍ਰਤੀ ਰੁਝਾਨ

- ਤਖ਼ਤ ਸਾਹਿਬ ਦੀਆਂ ਕੰਧਾਂ ਟੱਪ ਕੇ ਮੱਥਾ ਟੇਕਣ ਨੂੰ ਦਿੱਤੀ ਤਰਜੀਹ

                                                                  ਇਕਬਾਲ ਸਿੰਘ ਸ਼ਾਂਤ
ਤਲਵੰਡੀ ਸਾਬੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿੱਖ ਪਰਿਵਾਰਾਂ ਦੇ ਮੋਨੇ ਨੌਜਵਾਨਾਂ ਦਾ ਸਿੱਖ ਰਹੂ-ਰੀਤਾਂ ਪ੍ਰਤੀ ਰੁਝਾਨ ਹਕੀਕਤ ’ਚ ਨਹੀਂ ਬਦਲ ਰਿਹਾ। ਅੱਜ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਕੰਪਲੈਕਸ ’ਚ ਘੁੰਮਦੇ ਫਿਰਦੇ ਬਹੁਗਿਣਗੀ ਨੌਜਵਾਨ ਸਿਰੋਂ ਮੋਨੇ ਸਨ। ਦਸਤਾਰਾਂ ਵਾਲੇ ਨੌਜਵਾਨ ਟਾਂਵੇਂ-
ਟਾਂਵੇਂ ਵਿਖਾਈ ਦੇ ਰਹੇ ਸਨ। ਮੋਨੇ ਨੌਜਵਾਨਾਂ ਦੇ ਸਿਰਾਂ ’ਤੇ ਰੂਮਾਲ ਅਤੇ ਹੱਥਾਂ ’ਚ ਮੋਬਾਇਲ ਸਨ। ਇਨ੍ਹਾਂ ਦਾ ਸਿੱਖੀ ਨਾਲ ਦੂਰ-ਦੁਰ ਦਾ ਵਾਹ-ਵਾਸਤਾ ਨਹੀਂ ਜਾਪਦਾ ਸੀ। ਹਾਲਾਂਕਿ ਇਹ ਨੌਜਵਾਨ ਮੱਥਾ ਟੇਕਣ ਆਏ ਸਨ। ਬਹੁਤੇ ਸਿਰੋਂ ਮੋਨੇ ਨੌਜਵਾਨਾਂ ਨੇ ਮੱਥਾ ਟੇਕਣ ਲਈ ਕਤਾਰ ਵਿੱਚ ਜਾਣ ਦੀ ਬਜਾਏ ਤਖ਼ਤ ਦੀ ਕੰਧ ਚੜ੍ਹ ਕੇ ਜਾਣ ਨੂੰ ਤਰਜੀਹ ਦਿੱਤੀ। ਮੱਥੇ ਟੇਕਣ ’ਚ ਕੁੰਡੀ ਲੱਗਦੀ ਵੇਖ ਹੋਰ ਨੌਜਵਾਨ ਉਹੀ ਰਾਹ ਅਪਨਾਉਣ ਲੱਗੇ। ਕੰਧਾਂ ਟੱਪਣ ’ਚ ਨੌਜਵਾਨਾਂ ਦੀ ਫੁਰਤੀ ’ਚੋਂ ਬਨਾਉਟੀ ਸ਼ਰਧਾ ਦਾ ਝਲਕਾਰਾ ਪੈ ਰਿਹਾ ਸੀ। ਨੌਜਵਾਨਾਂ ਨੂੰ ਜਦੋਂ ਮੱਥਾ ਟੇਕਣ ਲਈ ਕੰਧ ਟੱਪਣ ਦਾ ਕਾਰਨ ਪੁੱਛਿਆ ਤਾਂ ਇੱਕ ਨੇ ਕਿਹਾ ਕਿ ‘ਸਾਡੇ ਸਮਾਂ ਘੱਟ ਐ ਪਰ ਮੱਥਾ ਵੀ ਜ਼ਰੂਰ ਟੇਕਣਾ ਐ।’ ਸ਼ੋ੍ਰਮਣੀ ਕਮੇਟੀ ਦੇ ਇੱਕ ਮੁਲਾਜਮਾਂ ਦਾ ਕਹਿਣਾ ਸੀ ਕਿ ਆਹ ਨੌਜਵਾਨਾਂ ਨੂੰ ਕੀ ਆਖੀਏ ਕਿ ਬਹੁਤੇ ਤਾਂ ਤਖ਼ਤ ਨੇੜਲੀਆਂ ਗਲੀਆਂ ਵਿੱਚ ਮੂੰਹਾਂ ’ਚ ਜੁਆਕਾਂ ਵਾਲੇ ਬਾਜੇ (ਪੀਪਣੀਆਂ) ਵਜਾਉਂਦੇ ਫਿਰਦੇ ਹਨ। ਰੋਕਦੇ ਆਂ ਲੜਨ ਨੂੰ ਪੈਂਦੇ ਹਨ। ਉਸਨੇ ਕਿਹਾ ਕਿ ਹਰ ਐਤਵਾਰ ਨੂੰ ਤਖ਼ਤ ਸਾਹਿਬ ’ਤੇ ਪੰਜ ਪਿਆਰੇ ਹਰ ਐਤਵਾਰ 2-3 ਸੌ ਜਣਿਆਂ ਨੂੰ ਅੰਮ੍ਰਿਤ ਪਾਣ ਕਰਵਾਉਂਦੇ ਹਨ। ਮੱਸਿਆ ਨੂੰ ਵੀ ਦੋ-ਢਾਈ ਸੌ ਜਣਾ ਅੰਮ੍ਰਿਤ ਛਕਦਾ ਹੈ। ਇਸਦੇ ਬਾਵਜੂਦ ਸਹਿਜਧਾਰੀ ਨੌਜਵਾਨਾਂ ਦੀ ਗਿਣਤੀ ਨਾ ਘਟਣਾ ਸਿੱਖ ਜਗਤ ਲਈ ਮੰਥਨ ਦਾ ਵਿਸ਼ਾ ਹੈ। ਸੂਤਰਾਂ ਅਨੁਸਾਰ ਹਰ ਸਾਲ ਵਿਸਾਖੀ ਦੇ ਸਮਾਗਮਾਂ ਦੌਰਾਨ ਲਗਪਗ ਢਾਈ-ਤਿੰਨ ਹਜ਼ਾਰ ਸ਼ਰਧਾਲੂ ਅੰਮ੍ਰਿਤ ਦੀ ਦਾਤ ਨਾਲ ਜੁੜਦੇ ਹਨ।  

ਜੀਤ ਮਹਿੰਦਰ ਸਿੱਧੂ ਦੇ ‘ਲੇਟ-ਲਤੀਫ਼’ ਫਲੈਕਸ

* ਸੱਤਾ ਖੁੱਸਣ ਨਾਲ ਅਕਾਲੀਆਂ ਦੀ ਚੁਸਤੀ ਗੁਆਚੀ

                                                              ਇਕਬਾਲ ਸਿੰਘ ਸ਼ਾਂਤ
ਤਲਵੰਡੀ ਸਾਬੋ: ਵਿਸਾਖੀ ਮੌਕੇ ਅਕਾਲੀ ਕਾਨਫਰੰਸ ਦੇ ਇੰਚਾਰਜ਼ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ‘ਲੇਟ-ਲਤੀਫ਼’ ਫਲੈਕਸਾਂ ਨੇ ਚਰਚਾ ਛੇੜੀ ਰੱਖੀ। ਅਕਾਲੀ ਕਾਨਫਰੰਸ ਦੇ ਸ਼ੁਰੂ ਹੋਣ ਉਪਰੰਤ ਲਗਪਗ ਸਵਾ 11 ਵਜੇ ਭਾਈ ਡੱਲ ਸਿੰਘ ਦੀਵਾਨ ਹਾਲ ਦੇ ਬਾਹਰ ਜੀਤਮਹਿੰਦਰ ਸਿੰਘ ਸਿੱਧੂ ਦੇ ਵਧਾਈਆਂ ਚਾਰ ਫਲੈਕਸ ਲਗਾਉਣ ਸ਼ੁਰੂ ਕੀਤੇ ਗਏ। ਜਿਸ ਨਾਲ
ਕਾਨਫਰੰਸ ਅੱਧ ਵਿਚਕਾਰ ਫਲੈਕਸਾਂ ਦੀ ਸਥਾਪਤੀ ਨੂੰ ਲੈ ਕੇ ਪੁਲੀਸ ਮੁਲਾਜਮ ਅਤੇ ਤਖ਼ਤ ਸਾਹਿਬ ’ਤੇ ਆਉਂਦੇ ਜਾਂਦੇ ਸ਼ਰਧਾਲੂ ਅਤੇ ਅਕਾਲੀ ਵਰਕਰ ਇੱਕ-ਦੂਜੇ ਤੋਂ ਸੁਆਲ ਪੁੱਛਦੇ ਵੇਖੇ ਗਏ। ਇੱਕ ਬਜ਼ੁਰਗ ਨੇ ਕਿਹਾ ਕਿ ਲੱਗਦੈ ਸੱਤਾ ਖੁੱਸਣ ਮਗਰੋਂ ਅਕਾਲੀ ਦੀ ਚੁਸਤੀ ਗੁਆਚ ਗਈ। ਤਾਂ ਹੀਂ ਚੱਲਦੀ ਕਾਨਫਰੰਸ ’ਚ ਫਲੈਕਸ ਲਗਾਈ ਜਾਂਦੇ ਨੇ। ਜਦੋਂ ਕਿ ਕੁਝ ਲੋਕ ਇਸ ਅਕਾਲੀ ਦਲ ਧੜੇਬੰਦੀ ਦਾ ਸਿੱਟਾ ਦੱਸ ਰਹੇ ਸਨ। ਫਲੈਕਸ ਦੁਕਾਨਦਾਰ ਦੇ ਕਾਰੀਗਰਾਂ ਨੇ ਸਾਨੂੰ ਤਾਂ ਹੁਣੇ ਹਾਲ ਦੇ ਬਾਹਰ ਚਾਰ ਫਲੈਕਸ ਲਗਾਉਣ ਦਾ ਨਿਰਦੇਸ਼ ਮਿਲਿਆ ਸੀ ਇਸੇ ਕਰਕੇ ਉਹ ਇੱਥੇ ਕੰਮ ’ਚ ਜੁਟੇ ਹਨ। ਜ਼ਿਕਰਯੋਗ ਹੈ ਕਿ ਕਾਨਫਰੰਸ ਸਟੇਜ ਦੇ ਮੁੱਖ ਫਲੈਕਸ ਤੋਂ ਗਾਇਬ ਰਹੇ ਪ੍ਰਬੰਧਕ ਜੀਤਮਹਿੰੰਦਰ ਸਿੰਘ ਸਿੱਧੂ ਦਾ ਤਸਵੀਰ ਨਹੀਂ ਲੱਗੀ ਹੋਈ। ਇਸੇ ਬਾਰੇ ਸਾਬਕਾ ਵਿਧਾਇਕ ਜੀਤਮਹਿੰੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਮੁੱਖ ਸਟੇਜ ਦੇ ਫਲੈਕਸ ਤੋਂ ਕੱਲ੍ਹ ਮੈਂ ਖੁਦ ਆਪਣੀ ਪਰੂਫ਼ ਵੇਖਣ ਸਮੇਂ ਆਪਣੀ ਫੋਟੋ ਹਟਵਾ ਦਿੱਤੀ ਸੀ। ਜਦੋਂ ਕਿ ਬਾਹਰ ਵਾਲੇ ਫਲੈਕਸ ਲਗਾਉਣ ’ਚ ਦੁਕਾਨਦਾਰ ਨੇ ਕੁਝ ਦੇਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਾਨਫਰੰਸ ਦੇ ਸਮੁੱਚੇ ਪ੍ਰਬੰਧਾਂ ਨੇ ਉਨ੍ਹਾਂ ਨੇ ਖੁਦ ਹੀ ਕੀਤੇ ਸਨ। 

ਅਕਾਲੀ ਸਰਕਾਰ ਸਮੇਂ ਸੁਖਬੀਰ ਦੇ ਮੋਢਿਆਂ ’ਤੇ ਚੜ੍ਹਨ ਵਾਲੇ ਰਹੇ ਗਾਇਬ

-  ਬੇਅਦਬੀ ਬਾਰੇ ਕੈਪਟਨ ਦੀ ਗੁਟਕਾ ਹੱਥ ’ਚ ਫੜ ਚੁੱਕੀ ਸਹੁੰ ਪੂਰੀ ਹੋਣ ’ਚ ਸਿਰਫ਼ 3 ਦਿਨ : ਸੁਖਬੀਰ ਸਿੰਘ 
 - ਕਾਂਗਰਸ ’ਤੇ ਝੂਠੇ ਵਾਅਦਿਆਂ ਅਤੇ ਬੇਅਦਬੀਆਂ ਬਾਰੇ ਕੂੜ ਪ੍ਰਚਾਰ ਨਾਲ ਸੱਤਾ ਹਥਿਆਉਣ ਦਾ ਦੋਸ਼
 - ਅਕਾਲੀ ਦਲ ਦੇ ਵਿਕਾਸ ਕਾਰਜਾਂ ਨੂੰ ਦਰਸਾ ਕੇ ਅਮਰਿੰਦਰ ਸਿੰਘ ਨਿਵੇਸ਼ ਮੰਗਦਾ ਫਿਰਦੈ: ਹਰਸਿਮਰਤ ਕੌਰ 
- ਅਕਾਲੀਆਂ ਦੀ ਵਿਸਾਖੀ ਕਾਨਫਰੰਸ ’ਚ ਨੌਜਵਾਨਾਂ ਘੱਟ ਅਤੇ ਬਜ਼ੁਰਗਾਂ ਪੁੱਜੇ ਵੱਧ 
- ਕਾਂਗਰਸੀ ਵਿਧਾਇਕਾਂ ’ਤੇ ਭੁੱਖੇ ਸ਼ੇਰਾਂ ਵਾਂਗ ਟਰੱਕ ਯੂਨੀਅਨ ਅਤੇ ਲੇਬਰ ਯੂਨੀਅਨਾਂ ’ਤੇ ਕਬਜ਼ਿਆਂ ਦੇ ਦੋਸ਼
- ਭੰੂਦੜ ਵੱਲੋਂ ਲੋਕਸਭਾ ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ

                                                          ਇਕਬਾਲ ਸਿੰਘ ਸ਼ਾਂਤ
ਤਲਵੰਡੀ ਸਾਬੋ : ਸਿੱਖ ਪੰਥ ਦੀ ਸ਼ਾਨੋ-ਸ਼ੌਕਤ ਅਤੇ ਕਿਰਸਾਨੀ ਜੁੱਸੇ ਦੇ ਪ੍ਰਤੀਕ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਤਖ਼ਤ ਦਮਦਮਾ ਸਾਹਿਬ ਵਿਖੇ ਸਿਆਸੀ ਅਖਾੜਿਆਂ ਵਿੱਚੋਂ ਧਰਮ ਦੀ ਓਟ ਵਿੱਚ ਰੱਜਵੇਂ ਸਿਆਸੀ ਤੀਰਾਂ ਦੀ ਬੋਛਾੜਾਂ ਹੋਈਆਂ। ਸੂਬੇ ਦੀ ਸਾਬਕਾ ਸੱਤਾ ਧਿਰ ਅਕਾਲੀ ਦਲ (ਬ) ਦੀ ਸਟੇਜ ਤੋਂ ਸੱਤਾ ਧਿਰ ਕਾਂਗਰਸ ’ਤੇ ਝੂਠੇ ਵਾਅਦਿਆਂ, ਨਸ਼ਿਆਂ ਅਤੇ ਬੇਅਦਬੀਆਂ ਬਾਰੇ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਜਰੀਏ ਸੱਤਾ ਹਥਿਆਉਣ ਦੇ ਦੋਸ਼ ਲਗਾਏ ਗਏ। ਅਕਾਲੀ ਦਲ ਦੀ
ਕਾਨਫਰੰਸ ’ਚ ਨੌਜਵਾਨਾਂ ਦੇ ਮੁਕਾਬਲੇ ਵੱਡੀ ਉਮਰ ਦੇ ਬਜ਼ੁਰਗਾਂ ਦੀ ਤਾਦਾਦ ਲਗਪਗ ਢਾਈ ਗੁਣਾ ਜ਼ਿਆਦਾ ਸੀ। ਜਿਨ੍ਹਾਂ ਵਿੱੱਚੋਂ ਜ਼ਿਆਦਾਤਰ ਬਜ਼ੁਰਗ ਰੌਲੀ ਦੌਰਾਨ ਪੌਨੇ 12 ਵਜੇ ਤੱਕ ਲੰਮੇ ਪਏ ਨੀਂਦ ਦਾ ਝੂਟੇ ਲੈਂਦੇ ਰਹੇ। ਅਕਾਲੀ ਸਰਕਾਰ ਸਮੇਂ ਸੁਖਬੀਰ ਬਾਦਲ ਦੇ ਮੋਢਿਆਂ ’ਤੇ ਚੜ੍ਹਨ ਤੱਕ ਜਾਂਦੇ ਬਹੁਤੇ ਮੌਕਾਪ੍ਰਸਤ ਅਕਾਲੀ ਆਗੂ ਅੱਜ ਗਾਇਬ ਵਿਖੇ। ਹਾਲਾਂਕਿ ਬਾਦਲਾਂ ਦੀ ਜੈੱਡ ਪਲੱਸ ਸੁਰੱਖਿਆ ਕਰਕੇ ਪੁਲੀਸ ਅਮਲਾ ਵੀ ਰੈਲੀ ਦਾ ਵਜ਼ਨ ਵਧਾ ਰਿਹਾ ਸੀ। ਅਕਾਲੀਆਂ ਦੀ ਕਾਨਫੰਰਸ ਕਾਂਗਰਸ ਦੀ ਕਾਨਫਰੰਸ ਨਾਲੋਂ ਹਾਜ਼ਰੀ ਪੱਖੋਂ ਕਾਫ਼ੀ ਕਮਜੋਰ ਸੀ।
   ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਸਥਿਤ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਅਕਾਲੀ ਦਲ (ਬ) ਦੀ ਕਾਨਫਰੰਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਝਵੀਂ ਤਕਰੀਰ ਵਿੱਚ ਆਖਿਆ ਕਿ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਇੱਕ ਮਹੀਨੇ ’ਚ ਫੜਨ ਲਈ ਗੁਟਕਾ ਸਾਹਿਬ ਹੱਥ ’ਚ ਫੜ ਚੁੱਕੀ ਸਹੁੰ ਦੇ ਪੂਰਾ ਹੋਣ ’ਚ ਸਿਰਫ਼ ਦਿਨ ਬਚੇ ਹਨ। ਅਮਰਿੰਦਰ ਸਰਕਾਰ ਦੋਸ਼ੀਆਂ ਨੂੰ ਫੜਨਾ ਤਾਂ ਦੂਰ ਮੁਲਜਮਾਂ ਦੀ ਨੇੜੇ-ਤੇੜੇ ਨਹੀਂ ਪੁੱਜ ਸਕੀ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਤਰਨਤਾਰਨ, ਗੁਰਦਾਸਪੁਰ, ਜਲੰਧਰ ਅਤੇ ਸ੍ਰੀ ਮੁਕਤਸਰ ਜ਼ਿਲ੍ਹਿਆਂ ’ਚ ਸਿੱਖ ਪੰਥ ਦੇ ਪਵਿੱਤਰ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਹਨ ਪਰ ਸਿਆਸੀ ਦਮਗੱਜੇ ਭਰਨ ਵਾਲੇ ਅਮਰਿੰਦਰ ਸਿੰਘ ਪੁਰਾਣੇ ਤਾਂ ਦੂਰ ਆਪਣੀ ਸਰਕਾਰ ’ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਨਹੀਂ ਫੜ ਸਕੇ। ਸ੍ਰੀ ਬਾਦਲ ਨੇ ਬੇਅਬਦੀਆਂ ਬਾਰੇ ਕਾਂਗਰਸ ਦੇ ਅਕਾਲੀ ਦਲ ਪ੍ਰਤੀ ਕੂੜ ਪ੍ਰਚਾਰ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਪਾਰਟੀ ਜੀਵਨ ਦੇ ਆਧਾਰ ਸਿਰਮੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਗੁਟਕਿਆਂ ਦੀਆਂ ਬੇਅਦਬੀਆਂ ਦੀਆਂ ਸਾਜਿਸ਼ਾਂ ’ਚ ਸ਼ਾਮਲ ਹੋਣਾ ਤਾਂ ਦੂਰ ਅਜਿਹੀ ਕਦੇ ਸੁਫ਼ਨੇ ਵਿੱਚ ਨਹੀਂ ਸੋਚ ਸਕਦੀ। ਉਨ੍ਹਾਂ ਕਿਹਾ ਕਿ ਅਜਿਹੇ ਕਾਰੇ ਸਿਰਫ਼ ਟੈਂਕਾਂ-ਤੋਪਾਂ ਨਾਲ ਗੁਰੂਧਾਮਾਂ ’ਤੇ ਹਮਲੇ ਕਰਵਾਉਣ ਵਾਲੀ ਕਾਂਗਰਸ ਪਾਰਟੀ ਅਤੇ ਕਾਂਗਰਸ ਅਤੇ ਟੋਪੀਆਂ ਵਾਲਿਆਂ ਦੇ ਹਿੱਸੇ ਆਉਂਦੇ ਹਨ। ਉੁਨ੍ਹਾਂ ਦਿੱਲੀ ’ਚ ਰਾਜੌਰੀ ਗਾਰਡਨ ਸੀਟ ਤੋਂ ਮਨਜਿੰਦਰ ਸਿੰਘ ਸਿਰਸਾ ਦੀ ਜਿੱਤ ’ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਬਾਦਲ ਸਾਬ੍ਹ ਨਾਲ ਲੰਬੀ ਲੜ੍ਹਨ ਆਏ ਜਰਨੈਲ ਸਿੰਘ ਦੀ ਸੀਟ ਤੋਂ ਵੀ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। 
ਸਾਬਕਾ ਉਪ ਮੁੱਖ ਮੰਤਰੀ ਨੇ ਵੰਗਾਰਦਿਆਂ ਕਿਹਾ ਕਿ ਅਕਾਲੀ ਆਗੂਆਂ ’ਤੇ ਨਸ਼ਿਆਂ ਨਾਲ ਜੁੜੇ ਹੋਣ ਦੇ ਦੋਸ਼ਾਂ ਨੂੰ ਸੱਚ ਖੰਗਾਲ ਕੇ
ਅਮਰਿੰਦਰ ਸਿੰਘ ਸਰਕਾਰ ਸਾਬਤ ਕਰੇ ਕਿ ਕਿਹੜਾ ਅਕਾਲੀ ਆਗੂ ਨਸ਼ੇ ਵੇਚਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਟੋਪੀਆਂ ਵਾਲਿਆਂ ਨੇ ਸੱਤਾ ਹਥਿਆਉਣ ਖਾਤਰ ਸਾਨੂੰ ਬਦਨਾਮ ਕਰਨ ਲਈ ਵੱਡੀ ਚਾਲਾਂ ਚੱਲੀਆਂ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਮਜ਼ਾਕ ਉਡਾਉਂਦੇ ਕਿਹਾ ਕਿ ਹੁਣ ਤੱਕ ਸਿਰਫ਼ ਢਾਈ ਕਿੱਲੋ ਨਸ਼ਾ ਫੜਿਆ ਗਿਆ ਹੈ ਅਤੇ ਹੁਣ ਅਮਰਿੰਦਰ ਸਿੰਘ ਆਖਦੇ ਨੇ ਕਿ ਨਸ਼ਾ ਪਾਕਿਸਤਾਨ ਤੋਂ ਆਉਂਦਾ। ਸੁਖਬੀਰ ਨੇ ਕਿਹਾ ਕਿ ਇਹੋ ਅਸਲੀਅਤ ਅਸੀਂ ਦੱਸਦੇ ਤਾਂ ਉਦੋਂ ਝੂਠ ਸੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਭੁੱਖੇ ਸ਼ੇਰਾਂ ਵਾਂਗ ਟਰੱਕ ਯੂਨੀਅਨ, ਕੈਂਟਰ ਯੂਨੀਅਨ ਅਤੇ ਲੇਬਰ ਯੂਨੀਅਨ ’ਤੇ ਕਬਜ਼ੇੇ ਕਰਨ ਲੱਗੇ ਹੋਏ ਹਨ। ਅਕਾਲੀ ਸਰਕਾਰ ਸਮੇਂ ਖੂਬ ਚਰਚਾ ਦਾ ਕੇਂਦਰ ਰਹੇ ਰੇਤਾ ਬਜਰੀ ਬਾਰੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਪੁੱਛਿਆ ਜਾਵੇ ਕਿ ਕੀ ਅੱਜ ਰੇਤਾ ਬਜਰੀ ਦੀ ਕੀਮਤਾਂ ਘਟੀਆਂ। ਉਨ੍ਹਾਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਦੇ ਰੌਲਾ ਪਾ ਕੇ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਨੌਕਰੀਆਂ, ਮੋਬਾਇਲ ਫੋਨ ਅਤੇ 25 ਸੌ ਰੁਪਏ ਪ੍ਰਤੀ ਪੈਨਸ਼ਨ ਦੇਣ ਤੋਂ ਭੱਜਣ ਦਾ ਬਹਾਨਾ ਘੜ ਰਹੇ ਹਨ। ਸੁਖਬੀਰ ਸਿੰਘ ਨੇ ਕਿਹਾ ਕਿ ‘ਲਿਆਓ ਮੈਨੂੰ ਫੜਾਓ, ਮੈਂ ਇਸੇ ਖਾਲੀ ਖਜ਼ਾਨੇ ਨਾਲ ਪੰਜਾਬ ’ਚ ਵਿਕਾਸ ਦੀ ਲਹਿਰਾਂ ਲਿਆ ਕੇ ਵਿਖਾਉਣਾ ਹਾਂ।’ ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਾਸਤਿਕਾਂ ਦੀ ਪਾਰਟੀ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸ਼ਰਾਬ ਦੇ ਨਸ਼ੇ ’ਚ ਤਖ਼ਤ ਸਾਹਿਬ ’ਤੇ ਮੱਥਾ ਟੇਕਣ ਆ ਗਿਆ ਸੀ। ਇਸਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਦੇਸ਼ ਦੀ ਆਜ਼ਾਦੀ ਨਾਲ 96 ਸਾਲ ਪੁਰਾਣਾ ਸ਼ਾਨਾਮੱਤਾ ਇਤਿਹਾਸ ਹੈ। ਜਿਸ ਨੇ ਹਮੇਸ਼ਾਂ ਹਰ ਵਰਗ ਦੇ ਹੱਕਾਂ ਲਈ ਸਮੇਂ-ਸਮੇਂ ’ਤੇ ਸੰਘਰਸ਼ ਕੀਤੇ ਹਨ। ਉਨ੍ਹਾਂ ਅਕਾਲੀ ਵਰਕਰਾਂ ਨੂੰ ਪਿੰਡ ਤਰਮਾਲਾ ਵਿਖੇ ਪੁਲੀਸ ਛਾਪੇਮਾਰੀ ’ਚ ਮਰੇ ਅਕਾਲੀ ਵਰਕਰ ਦੀ ਘਟਨਾ ਵਾਂਗ ਇਕਜੁਟ ਰਹਿਣ ਦਾ ਸੱਦਾ ਦਿੱਤਾ। 
ਇਸਤੋਂ ਪਹਿਲਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਸਿੱਖ ਇਤਿਹਾਸ ’ਚ ਵਿਸਾਖੀ ਇੱਕ ਦਿਹਾੜਾ ਹੈ। ਜਿਸਦੇ ਸਦਕਾ ਦੁਨੀਆਂ ਨੂੰ ਹੱਕ ਅਤੇ ਸੱਚ ਖਾਤਰ ਸੰਘਰਸ਼ ਦੀ ਨਵੀਂ ਰਾਹ ਵਿਖਾਈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਆਪਣੀ ਜੁਝਾਰੂ ਸੁਭਾਅ ਕਰਕੇ ਦੁਨੀਆਂ ਵਿੱਚ ਨਾਂਅ ਬਣਾਇਆ ਹੈ। 
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਇਤਿਹਾਸ ’ਤੇ ਚਾਣਨਾ ਪਾਉਂਦਿਆਂ ਕਿਹਾ ਕਿ ਸਿੱਖ ਪੰਥ ਸਾਨੂੰ ਸਮਾਜ ਵਿਚੋਂ ਭਰੂਣ ਹੱਤਿਆ ਅਤੇ ਦਾਜ ਜਿਹੀਆਂ ਕੁਰੀਤੀਆਂ ਨੂੰ ਦੂਰ ਕਰਨ ਸੰਦੇਸ਼ ਦਿੰਦਾ ਹੈ। ਉਨ੍ਹਾਂ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ 10 ਸਾਲਾਂ ਦੇ ਰਾਜ ਉਪਰੰਤ ਵਿਰੋਧੀਆਂ ਦੇ ਸਿਖ਼ਰਲੇ ਕੂਝ ਪ੍ਰਚਾਰ ਦੇ ਬਾਵਜੂਦ ਅਕਾਲੀ ਦਲ 21 ਫ਼ੀਸਦੀ ਵੋਟਾਂ ਨਾਲ ਉਤਸਾਹਜਨਕ ਸੀਟਾਂ ਜਿੱਤਣ ’ਚ ਸਫ਼ਲ ਰਿਹਾ। ਜਦੋਂ ਕਿ ਸਾਨੂੰ ਤਾਂ 4-5 ਸੀਟਾਂ ਦਿੱਤੀਆਂ ਜਾ ਰਹੀਆਂ ਸਨ। ਬੀਬੀ ਬਾਦਲ ਨੇ ਕਿਹਾ ਕਿ ਅਕਾਲੀ ਦਲ ’ਤੇ ਪੰਜਾਬ ਨੂੰ ਬਰਬਾਦ ਕਰਨ ਦੇ ਦੋਸ਼ ਮੜ੍ਹਨ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੁਣ ਮੁੰਬਈ ’ਚ ਅਕਾਲੀ ਸਰਕਾਰ ਦੀਆਂ ਬਣਾਈਆਂ ਸੜਕਾਂ, ਸਰਪਲੱਸ ਬਿਜਲੀ ਅਤੇ ਹੋਰ ਵਿਕਾਸ ਨੂੰ ਦਰਸਾ ਕੇ ਸਨਅਤਕਾਰਾਂ ਨੂੰ ਨਿਵੇਸ਼ ਦਾ ਸੱਦਾ ਦੇ ਰਹੇ ਹਨ। ਹਰਸਿਮਰਤ ਕੌਰ ਉਨ੍ਹਾਂ ਕੇਂਦਰੀ ਸਕੀਮਾਂ ਗਿਣਾਉਂਦਿਆਂ ਕਿਹਾ ਪੰਜਾਬ ’ਚ ਫੂਡ ਪ੍ਰਾਸੈਸਿੰਗ ਸਕੀਮਾਂ ਰਾਹੀਂ ਲੋਕਾਂ ਨੂੰ ਰੁਜ਼ਗਾਰ ਦੇ ਵਸੀਲੇ ਦਿੱਤੇ ਜਾਣਗੇ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਸਿਰਫ਼ ਢਾਈ ਸਾਲਾਂ ਮਗਰੋਂ ਇੱਕ ਜ਼ਿਮਨੀ ਚੋਣ ਵੀ ਨਾ ਜਿੱਤ ਸਕਣ ਲਈ ਲਾਹਣਤਾਂ ਪਾਈਆਂ। ਕਾਨਫਰੰਸ ਮੌਕੇ ਸਟੇਜ ਦਾ ਸੰਚਾਲਨ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕੀਤਾ। ਤਲਵੰਡੀ ਹਲਕੇ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਨੇ ਲੀਡਰਸ਼ਿਪ ਅਤੇ ਵਰਕਰਾਂ ਨੂੰ ਜੀ ਆਇਆਂ ਅਤੇ ਧੰਨਵਾਦ ਆਖਿਆ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਲੋਕਸਭਾ ਦੀਆਂ 13 ਸੀਟਾਂ ਜਿੱਤ ਕੇ ਸੂਬੇ ਦੀ ਸੱਤਾ ’ਤੇ ਵਾਪਸੀ ਦਾ ਆਗਾਜ਼ ਕਰੇਗਾ। ਉਨ੍ਹਾਂ ਨੂੰ ਵਰਕਰਾਂ ਨੂੰ ਇਕਜੁੱਟ ਰਹਿਣ ਲਈ ਪ੍ਰੇਰਿਆ। ਇਸ ਮੌਕੇ ਜਗਦੀਪ ਸਿੰਘ ਨਕਈ, ਵਿਧਾਇਕ ਬਲਰਾਜ ਸਿੰਘ ਭੂੰਦੜ, ਮਨਤਾਰ ਸਿੰਘ ਬਰਾੜ, ਡਾ. ਨਿਸ਼ਾਨ ਸਿੰਘ ਬੁੱਢਲਾਡਾ, ਸਰੂਪ ਸਿੰਗਲਾ, ਗੁਰਾਂ ਸਿੰਘ ਤੁੰਗਵਾਲੀ ਨੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰੰਘ ਮਲੂਕਾ, ਟੇਕ ਸਿੰੰਘ ਧਨੌਲਾ, ਅਵਤਾਰ ਸਿੰਘ ਬਨਵਾਲਾ, ਡਾ. ਓਮ ਪ੍ਰਕਾਸ਼ ਸ਼ਰਮਾ, ਸਰਬਜੀਤ ਸਿੰਘ ਡੂਮਵਾਲੀ ਵੀ ਮੌਜੂਦ ਸਨ। 


ਦੋਵੇਂ ਵੱਡੇ ਆਗੂਆਂ ਦੀ ਢਿੱਲੀ ਸਿਹਤ ਨਾਅ ਰੰਗ ਫਿੱਕਾ ਪਿਆ 
 ਤਲਵੰਡੀ ਸਾਬੋ : ਸੂਬੇ ਦੇ ਦੋਵੇਂ ਮੁੱਖ ਸਿਆਸੀ ਸ਼ਾਹ ਅਸਵਾਰਾਂ ਦੀ ਸਰੀਰਕ ਦਿੱਕਤਾਂ ਵਿਸਾਖੀ ਕਾਨਫਰੰਸਾਂ ਦੇ ਰੰਗ ਫਿੱਕੇ ਪਾ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰਮੌਜੂਦਗੀ ਸਦਕਾ ਵਿਸਾਖੀ ਦੇ  ਸਿਆਸੀ ਰੰਗ ਪਰਵਾਨ ਨਹੀਂ ਚੜ੍ਹ ਸਕੇ। ਜਿਸ ਕਰਕੇ ਦੋਵੇਂ ਆਗੂਆਂ ਦੇ ਮੁਰੀਦ ਵਰਕਰਾਂ ਦੇ ਚਿਹਰੇ ਉੱਤਰੇ ਵਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੈਰ ਦੀ ਮੋਚ ਮੁੜ ਭਖਣ ਕਰਕੇ ਅੱਜ ਤਲਵੰਡੀ ਸਾਬੋ ਵਿਖੇ ਕਾਂਗਰਸ ਕਾਨਫਰੰਸ ਵਿੰਚ ਨਾ ਪੁੱਜੇ। ਜਦੋਂਕਿ ਪ੍ਰਕਾਸ਼ ਸਿੰਘ ਬਾਦਲ ਵੀ ਪਿਛਲੇ ਦਿਨ੍ਹੀਂ ਪੱਸਲੀ ’ਤੇ ਵੱਜੀ ਸੱਟ ਦੇ ਦਰਦ ਕਾਰਨ ਵਿਸਾਖੀ ਕਾਨਫਰੰਸ ਤੋਂ ਟਾਲਾ ਵੱਟ ਗਏ। ਅਜਿਹੇ ਵਿੱਚ ਬਚਪਨ ’ਚ ਇਕੱਠੇ ਖੇਡੇ ਅਤੇ ਨਾਲ-ਨਾਲ ਵੱਡੇ ਹੋਏ ਚਚੇਰੇ ਭਰਾਵਾਂ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਆਪੋ-ਆਪਣੀਆਂ ਪਾਰਟੀ ਦੀਆਂ ਕਾਨਫਰੰਸਾਂ ਵਿੱਚ ਮੋਹਰੀ ਰੂਪ ਵਿੱਚ ਸ਼ਾਮਲ ਹੋਏ ਅਤੇ ਰੱਜਵੇਂ ਸਿਆਸੀ ਤੀਰੇ ਛੱਡੇ। ਇਸ ਸਭ ਦੇ ਬਾਵਜੂਦ ਲੋਕਾਂ ਨੇ ਕੈਪਟਨ ਅਤੇ ਬਾਦਲ ਦੀ ਗੈਰਮੌਜੂਦਗੀ ਨੂੰ ਵੱਡੇ ਪੱਧਰ ’ਤੇ ਮਹਿਸੂਸ ਕੀਤਾ। ਕਾਨਫਰੰਸਾਂ ’ਚ ਵਰਕਰਾਂ ’ਚ ਘੁਸਰ-ਮੁਸਰ ਵੀ ਹੁੰਦੀ ਵੇਖੀ ਗਈ। ਕਾਂਗਰਸ ਕਾਨਫਰੰਸ ਦੀ ਅਗਵਾਈ ਸੀਨੀਅਰ ਕਾਂਗਰਸ ਆਗੂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕੀਤੀ। 

12 April 2017

ਕੈਨਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ ਖਾਲਿਸਤਾਨੀਆਂ ਦਾ ਹਮਦਰਦ, ਮੈਂ ਉਸ ਨੂੰ ਨਹੀਂ ਮਿਲਾਂਗਾ: ਅਮਰਿੰਦਰ ਸਿੰਘ

*    ਮੁੱਖ ਮੰਤਰੀ ਵੱਲੋਂ ਬੀਫ ਅਤੇ ਪਾਕਿਸਤਾਨੀ ਫਨਕਾਰਾਂ ’ਤੇ ਪਾਬੰਦੀ ਦਾ ਵਿਰੋਧ
*   ਪਾਕਿਸਤਾਨ ਨਾਲ ਬਿਹਤਰ ਸਬੰਧਾਂ ਦੀ ਵਕਾਲਤ
*  ਕੇਂਦਰ ਸਰਕਾਰ ਨੂੰ ਚੀਨ ਤੋਂ ਚੌਕਸ ਰਹਿਣ ਲਈ ਆਖਿਆ
*  ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਰਾਹੁਲ ਗਾਂਧੀ ਨੂੰ ਇਕ ਮੌਕਾ ਦੇਣ ਦੀ ਅਪੀਲ

ਨਵੀਂ ਦਿੱਲੀ : ਕੈਨੇਡਾ ਦੇ ਰੱਖਿਆ ਮੰਤਰੀ ਨੂੰ ਖਾਲਿਸਤਾਨੀਆਂ ਦੇ ਹਮਦਰਦ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਮੂਲ ਦੇ ਕੈਨਡੀਅਨ ਮੰਤਰੀ ਦੀ ਇਸ ਮਹੀਨ ਦੇ ਅਖੀਰ ਵਿੱਚ ਸੰਭਾਵਿਤ ਭਾਰਤ ਫੇਰੀ ਦੌਰਾਨ ਉਹ ਉਨ੍ਹਾਂ ਨੂੰ ਨਹੀਂ ਮਿਲਣਗੇ। ਅੱਜ ਇੱਥੇ ਉੱਘੇ ਪੱਤਰਕਾਰ ਸ਼ੇਖਰ ਗੁਪਤਾ ਦੇ ਐਨ.ਡੀ.ਟੀ.ਵੀ. ਖਬਰ ਚੈਨਲ
ਲਈ ‘ਆਫ ਦੀ ਕੱਫ’ ਪ੍ਰੋਗਰਾਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਜੀਤ ਸੱਜਣ ਵੀ ਆਪਣੇ ਪਿਤਾ ਵਾਂਗ
ਖਾਲਿਸਤਾਨੀਆਂ ਦੇ ਹਮਦਰਦ ਹਨ। Îਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਜਸਟਿਨ ਟਰੂਡੋ ਸਰਕਾਰ ਵਿੱਚ ਪੰਜ ਮੰਤਰੀ ਖਾਲਿਸਤਾਨੀਆਂ ਦੇ ਸਮਰਥਕ ਹਨ ਜਿਨ੍ਹਾਂ ਨਾਲ ਉਹ ਗੱਲਬਾਤ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਇਨ੍ਹਾਂ ਖਾਲਿਸਤਾਨੀ ਸਮਰਥਕਾਂ ਨੇ ਕੈਨੇਡੀਅਨ ਸਰਕਾਰ ’ਤੇ ਜ਼ੋਰ ਪਾ ਕੇ ਮੇਰੀ ਕੈਨੇਡਾ ਫੇਰੀ ਨੂੰ ਰੋਕਿਆ ਸੀ ਜਿੱਥੇ ਮੈਂ ਪੰਜਾਬੀ ਭਾਈਚਾਰੇ ਨੂੰ ਮਿਲ ਕੇ ਪੰਜਾਬ ਦੀਆਂ ਚੋਣਾਂ ਲਈ ਉਨ੍ਹਾਂ ਦਾ ਸਹਿਯੋਗ ਲੈਣਾ ਚਾਹੁੰਦਾ ਸੀ। ਹਰ ਸੁਆਲ ਦਾ ਖੁੱਲ੍ਹੇ ਦਿਲ ਨਾਲ ਜੁਆਬ ਦਿੰਦਿਆਂ ਮੁੱਖ ਮੰਤਰੀ ਨੇ ਬੀਫ ’ਤੇ ਪਾਬੰਦੀ ’ਤੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਕੁਝ ਵੀ ਖਾਣ ਦਾ ਹੱਕ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਰੋਕਣਾ ਨਹੀਂ ਚਾਹੀਦਾ। ਉਨ੍ਹਾਂ ਨੇ ਸਾਫ ਤੌਰ ’ਤੇ ਆਖਿਆ ਕਿ ਲੋਕ ਜੋ ਕੁਝ ਵੀ ਖਾਣਾ ਚਾਹੁੰਦੇ ਹਨ, ਖਾਣ ਦੇਣਾ ਚਾਹੀਦਾ ਹੈ।
        ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਕਿਸਤਾਨੀ ਕਲਾਕਾਰਾਂ ਦੀ ਭਾਰਤ ਵਿੱਚ ਪਾਬੰਦੀ ’ਤੇ ਬਿਲਕੁਲ ਵੀ ਹੱਕ ਵਿੱਚ ਨਹੀਂ ਹਨ ਅਤੇ ਇਨ੍ਹਾਂ ਕਲਾਕਾਰਾਂ ਨੂੰ ਪੰਜਾਬ ਵਿੱਚ ਬੁਲਾ ਕੇ ਉਨ੍ਹਾਂ ਨੂੰ ਖੁਸ਼ੀ ਮਿਲੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਮੁੜ ਪਾਕਿਸਤਾਨ ਜਾਣਾ ਪਸੰਦ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਪਾਕਿਸਤਾਨ ਨਾਲ ਗਿਲੇ-ਸ਼ਿਕਵੇ ਦੂਰ ਕਰਕੇ ਉਥੋਂ ਦੇ ਲੋਕਾਂ ਨੂੰ ਆਪਣਾ ਦੋਸਤ ਬਣਾਇਆ ਜਾਵੇ। ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਕ ਹੋਰ ਬਾਰਡਰ ’ਤੇ ਚੀਨ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ। ਇੰਗਲੈਂਡ ਦੀ ‘ਵਾਰ ਆਫ ਰੋਜ਼ਿਜ’ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਵੀ ਉਸੇ ਰਾਹ ’ਤੇ ਚੱਲ ਰਿਹਾ ਹੈ ਅਤੇ ਇਸ ਨੂੰ ਸ਼ਾਂਤੀ ਦੇ ਰਾਹ ’ਤੇ ਲਿਆਉਣ ਦੀ ਲੋੜ ਹੈ।
        ਰਾਹੁਲ ਗਾਂਧੀ ਨੂੰ ਨੀਵਾਂ ਦਿਖਾਉਣ ਲਈ ਕੀਤੇ ਜਾ ਰਹੇ ਕੋਝੇ ਯਤਨ ਦੱਸਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਕਾਂਗਰਸ ਦੇ ਉਪ ਪ੍ਰ੍ਰਧਾਨ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਖਿਲਾਫ਼ ਇਕ ਗਹਿਰੀ ਸਾਜ਼ਿਸ਼ ਚੱਲ ਰਹੀ ਹੈ ਜਿਸ ਤਹਿਤ ਉਨ੍ਹਾਂ ਨੂੰ ਵੱਖ-ਵੱਖ ਮਜ਼ਾਕੀਆਂ ਨਾਵਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ।
        ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਇਕ ਸੰਜੀਦਾ ਆਗੂ ਹਨ ਜੋ ਨਵੇਂ ਵਿਚਾਰਾਂ ਤੇ ਸੁਝਾਵਾਂ ਨੂੰ ਹਮੇਸ਼ਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਸੀ ਅਤੇ ਟਿਕਟਾਂ ਦੀ ਵੰਡ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਆਈ ਸੀ।
        ਮੁੱਖ ਮੰਤਰੀ ਨੇ ਮੰਨਿਆ ਕਿ ਹਾਲ ਹੀ ਵਿੱਚ ਲੰਘੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦਰ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਸੀ ਪਰ ਕਿਸੇ ਪੰਜਾਬੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਨਾ ਉਭਾਰਨਾ ਆਪ ਲਈ ਘਾਤਕ ਸਿੱਧ ਹੋਇਆ ਅਤੇ ਮੁੱਖ ਮੰਤਰੀ ਬਣਨ ਦੀ ਹਸਰਤ ਪਾਲਣ ਵਾਲੇ ਕੇਜੀਰਵਾਲ ਦਾ ਅਸਲੀ ਚਿਹਰਾ ਨੰਗਾ ਹੋ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਆਪਣੀ ਕਾਰਜਪ੍ਰਣਾਲੀ ਨਾ ਬਦਲੀ ਤਾਂ ਇਸ ਪਾਰਟੀ ਦਾ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਟਕਰਾਅ ਵਾਲੇ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਆਖਿਆ ਕਿ ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਜਿਸ ਲਈ ਆਪਸੀ ਸਾਂਝ ਕਾਇਮ ਰੱਖਣੀ ਮਹੱਤਵਪੂਰਨ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਵੀ ਕੇਂਦਰ ਵਿੱਚ ਐਨ.ਡੀ.ਏ. ਸਰਕਾਰ ਨਾਲ ਵਧੀਆ ਸਬੰਧ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਕੇਜਰੀਵਾਲ ਵੱਲੋਂ ਆਪਣੇ ਨਿੱਜੀ ਹਿੱਤਾਂ ਖਾਤਰ ਨਕਸਲੀਆਂ ਤੇ ਖਾਲਿਸਤਾਨੀਆਂ ਨੂੰ ਹੱਲਾਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ ਧਰੀਆਂ-ਧਰਾਈਆਂ ਰਹਿ ਗਈਆਂ।
        ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਬੋਲਦਿਆਂ ਆਖਿਆ ਕਿ ਇਸ ਵਾਰ ਸਿੱਖ ਵੋਟਰ ਪੂਰੀ ਤਰ੍ਹਾਂ ਨਾਲ ਵੰਡੇ ਹੋਏ ਸਨ ਜਦਕਿ ਹਿੰਦੂ ਵੋਟਰ ਵੱਡੀ ਪੱਧਰ ’ਤੇ ਕਾਂਗਰਸ ਵਿੱਚ ਹੱਕ ਵਿੱਚ ਭੁਗਤਿਆ। ਉਨ੍ਹਾਂ ਨੇ ਸੱਤਾ ਵਿੱਚ ਰਹੀ ਪਿਛਲੀ ਸਿਆਸੀ ਪਾਰਟੀ ਖਿਲਾਫ ਬਦਲਾਖੋਰੀ ਦੀ ਸਿਆਸਤ ਨੂੰ ਸਿਰੇ ਤੋਂ ਨਕਾਰਿਆ ਅਤੇ ਅਕਾਲੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕਰਵਾਏ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ।
        ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮਸ਼ੀਨਾਂ ਨਾਲ ਛੇੜਛਾੜ ਹੋਈ ਹੁੰਦੀ ਤਾਂ ਉਹ ਅੱਜ ਇੱਥੇ ਮੁੱਖ ਮੰਤਰੀ ਵਜੋਂ ਨਾ ਬੈਠੇ ਹੁੰਦੇ। ਨਾਲ ਹੀ ਉਨ੍ਹਾਂ ਕਿਹਾ ਕਿ ਕਈ ਬਾਹਰਲੇ ਮੁਲਕਾਂ ਵੱਲੋਂ ਇਨ੍ਹਾਂ ਮਸ਼ੀਨਾਂ ਨੂੰ ਨਕਾਰਨ ਦੇ ਕਾਰਨਾਂ ਦੀ ਵੀ ਜਾਂਚ ਹੋਣੀ ਜ਼ਰੂਰੀ ਹੈ।
        ਸੂਬੇ ਦੀ ਮੌਜੂਦਾ ਤਰਸਯੋਗ ਹਾਲਤ ਦੇ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਸ ਵੇਲੇ 1.82 ਲੱਖ ਕਰੋੜ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਮੁੜ ਖੜ੍ਹਾ ਕਰਨਾ, ਨਸ਼ਿਆਂ ਦਾ ਖਾਤਮਾ, ਸਿੱਖਿਆ ਤੇ ਸਿਹਤ ਸੰਸਥਾਵਾਂ ਦਾ ਪਾਸਾਰ, ਖੇਤੀਬਾੜੀ ਦਾ ਵਿਕਾਸ ਅਤੇ ਬੇਰੁਜ਼ਗਾਰੀ ਦਾ ਖਾਤਮਾ ਉਨ੍ਹਾਂ ਦੀ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ।
        ਨਸ਼ਿਆਂ ਬਾਰੇ ਸੂਬਾ ਸਰਕਾਰ ਦੀ ਜੰਗ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਟਾਸਕ ਫੋਰਸ ਵੱਲੋਂ ਸਹੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਹਜ਼ਾਰਾਂ ਨੌਜਵਾਨ ਆਪਣੀ ਇੱਛਾ ਨਾਲ ਮੁੜ ਵਸੇਬਾ ਕੇਂਦਰਾਂ ਵਿੱਚ ਆ ਰਹੇ ਹਨ ਅਤੇ ਨਸ਼ਾ ਵਿਰੋਧੀ ਹੈਲਪਲਾਈਨ ’ਤੇ 4000 ਕਾਲਾਂ ਰਾਹੀਂ ਲੋਕਾਂ ਵੱਲੋਂ ਸੂਚਨਾ ਦਿੱਤੀ ਜਾ ਚੁੱਕੀ ਹੈ।
        ਮੁੱਖ ਮੰਤਰੀ ਨੇ ਨਸ਼ਿਆਂ ਤੇ ਅਤਿਵਾਦ ਖਿਲਾਫ ਲੜਾਈ ਲਈ ਜੰਮੂ ਕਸ਼ਮੀਰ ਸਮੇਤ ਉੱਤਰੀ ਸੂਬਿਆਂ ਦੀ ਸਾਂਝੀ ਫੋਰਸ ਬਣਾਉਣ ਦੇ ਸੁਝਾਅ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
        ਮੁੱਖ ਮੰਤਰੀ ਨੇ ਆਪ ਹਾਲ ਹੀ ਵਿੱਚ ਪੂਰੀ ਹੋਈ ਮੁਬੰਈ ਫੇਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਦੇ ਵੱਡੇ ਸਨਅਤੀ ਘਰਾਣਿਆਂ ਨੇ ਸੂਬੇ ਵਿੱਚ ਨਿਵੇਸ਼ ਲਈ ਹਾਂ-ਪੱਖੀ ਹੁੰਗਰਾਾ ਭਰਿਆ ਹੈ। ਇਕ ਸੁਆਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਐਨ.ਆਈ.ਏ. ਨੇ ਗੁਰਦਾਸਪੁਰ ਦੇ ਸਾਬਕਾ ਐਸ.ਪੀ. ਸਲਵਿੰਦਰ ਸਿੰਘ ਨੂੰ ਪਠਾਨਕੋਟ ਅਤਿਵਾਦੀ ਹਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ ਪਰ ਉਨ੍ਹਾਂ ਨੇ ਅਜਿਹੀ ਕਲੀਨ ਚਿੱਟ ਨਹੀਂ ਦਿੱਤੀ ਅਤੇ ਇਸ ਪੁਲੀਸ ਅਫਸਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਉਣ ਵਾਲੀ ਨਵੀਂ ਖਰੜਾ ਟਰਾਂਸਪੋਰਟ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਨੀਤੀ ਦਾ ਮਕਸਦ ਸਖ਼ਤ ਨਿਯਮ ਬਣਾਉਣਾ ਹੈ ਤਾਂ ਜੋ ਲੋਕਾਂ ਨੂੰ ਸੜਕ ’ਤੇ ਕੀਤੀ ਜਾਂਦੀ ਉਲੰਘਣਾ ਲਈ ਜ਼ਿੰਮੇਵਾਰ ਬਣਾਇਆ ਜਾ ਸਕੇ।
        ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਲਈ ਇਕ ਨਾਜ਼ੁਕ ਮਸਲਾ ਹੈ ਕਿਉਂਕਿ ਸੂਬੇ ਕੋਲ ਪਾਣੀ ਦੀ ਇਕ ਵੀ ਬੂੰਦ ਦੇਣ ਲਈ ਵਾਧੂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਨਹਿਰ ਹੀ ਸੂਬੇ ਵਿੱਚ ਅਤਿਵਾਦ ਦਾ ਕਾਲਾ ਦੌਰ ਲਿਆਉਣ ਲਈ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਇਸ ਗੰਭੀਰ ਮਸਲੇ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਫਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਗੰਭੀਰਤਾ ਨਾਲ ਲਾਗੂ ਕਰਨ ਲਈ ਸਹਾਇਤਾ ਮੰਗੀ ਹੈ। Îਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਆਪਣੇ ਵਾਅਦੇ ਮੁਤਾਬਕ ਸਿੱਖਿਆ ਤੇ ਸਿਹਤ ਖੇਤਰਾਂ ਨੂੰ ਤਰਜੀਹ ਦੇਵੇਗੀ। 

04 April 2017

ਕੰਦੂਖੇੜੀਆਂ ਦੇ ਮਨਾਂ ’ਚ ਬਰਕਰਾਰ ‘ਮਹਾਰਾਜੇ’ ਦੀਆਂ ਟੌਫ਼ੀਆਂ ਦੀ ਮਿਠਾਸ

* ਕੈਪਟਨ ਦੇ ਪਿਆਰ ਭਰੇ ਬੋਲਾਂ ਨੇ ਕੰਦੂਖੇੜੀਏ ਚੜ੍ਹਾਏ ‘ਅਸਮਾਨੀਂ
* 1986 ’ਚ ਅਮਰਿੰਦਰ ਦੇ ਬਿਤਾਏ ਪਲਾਂ ਦੇ ਭਾਈਵਾਲਾਂ ਨੂੰ ‘ਵਿਕਾਸਮਈ ਵੁੱਕਤ’ ਦੀ ਆਸ ਬੱਝੀ


                                                  ਇਕਬਾਲ ਸਿੰਘ ਸ਼ਾਂਤ
        ਲੰਬੀ: 1986 ਵਿੱਚ ਪੰਜਾਬ ਦੀ ‘ਸ਼ਾਨ’ ਰੱਖਣ ਦਾ ਸਿਹਰਾ ਹੁਣ ਛੇਤੀ ਕੰਦੂਖੇੜਾ ਦੇ ਸਿਰ ਬੱਝੇਗਾ। ਮਹਾਰਾਜੇ ਦੇ ਬੱੁੱਲ੍ਹਾਂ ’ਚੋਂ ਨਿੱਕਲੇ ਚੰਦ ਬੋਲਾਂ ਨੇ ਹੀ ਵਰ੍ਹਿਆਂ ਤੋਂ ਅਮਰਿੰਦਰ ਸਿੰਘ ਦੇ ਕੰਦੂਖੇੜਾ ਪਿੰਡ ’ਚ ਬਿਤਾਏ ਪਲਾਂ ਨੂੰ ਚੇਤੇ ਕਰਦੇ ਪਿੰਡ ਵਾਸੀਆਂ
ਨੂੰ ਪਲਾਂ ’ਚ ਵੀ.ਆਈ.ਪੀ. ਬਣਾ ਦਿੱਤਾ ਹੈ। ਕੰਦੂਖੇੜੀਏ ਇਸ ਗੱਲੋਂ ਖੁਸ਼ੀ ਨਾਲ ਖੀਵੇ ਹਨ ਕਿ ਕੰਦੂਖੇੜਾ ‘ਕਰੂ ਨਿਬੇੜਾ’ ਦਹਾਕਿਆਂ ਬਾਅਦ ਵੀ ਅਮਰਿੰਦਰ ਸਿੰਘ ਦੇ ਦਿਲ ’ਚ ਤਰੋਤਾਜ਼ਾ ਹੈ। ਬੀਤੇ ਦਿਨ੍ਹੀਂ ਮੁੱਖ ਮੰਤਰੀ ਵੱਲੋਂ ਕੰਦੂਖੇੜਾ ਨਾਲ ਨਿੱਜੀ ਸੰਬੰਧਾਂ ਅਤੇ ਵਿਕਾਸ ਦੀ ਬਾਤ ਪਾਏ ਜਾਣ ਨਾਲ ਇਸ ਅਣਗੌਲੀਏ ਪਿੰਡ ਦਾ ਰੋਮ-ਰੋਮ ਹੁਲਾਰੇ ਲੈਣ ਲੱਗਿਆ ਹੈ। ਸੂਬੇ ਦੇ ਸਾਢੇ 12 ਹਜ਼ਾਰ ਪਿੰਡਾਂ ’ਚੋਂ ਕੰਦੂਖੇੜੀਏ ਖੁਦ ਨੂੰ ਪਹਿਲੇ ਨੰਬਰ ’ਤੇ ਮੰਨਣ ਲੱਗੇ ਹਨ। 
        ਜ਼ਿਕਰਯੋਗ ਹੈ ਕਿ 1986 ’ਚ ਭਾਸ਼ਾਈ ਆਧਾਰ ’ਤੇ ਪੰਜਾਬ-ਹਰਿਆਣਾ ਵਿਚਕਾਰ ਅਬੋਹਰ-ਫਾਜਿਲਕਾ ਅਤੇ 55 ਪਿੰਡਾਂ ਦੀ ਵੰਡ ਮੌਕੇ 91.9 ਫ਼ੀਸਦੀ ਕੰਦੂਖੇੜਾ ਵਾਸੀਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾ ਕੇ ਸੂਬੇ ਦੀ ਸ਼ਾਨ ਰੱਖੀ ਸੀ। ਜਿਨ੍ਹਾਂ ਵਿੱਚ ਸਿੱਖਾਂ ਦੇ ਇਲਾਵਾ ਹਿੰਦੂ ਭਾਵਨਾਵਾਂ ਵਾਲੇ ਬਿਸ਼ਨੋਈ, ਮੇਘਵਾਲ, ਭਾਠ ਅਤੇ ਹੋਰ ਵਰਗਾਂ ਦੇ ਲੋਕ ਵੀ ਸ਼ਾਮਲ ਸਨ। ਉਦੋਂ ਪੰਜਾਬ ਸਰਕਾਰ ਵੱਲੋਂ ਤਤਕਾਲੀ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੰਦੂਖੇੜਾ ’ਚ ਮੋਰਚਾ ਸੰਭਾਲਿਆ ਸੀ। ਪਿੰਡ ਦੇ ਬਜ਼ੁਰਗ ਕਾਬੁਲ ਸਿੰਘ ਨੇ ਕਿਹਾ ਕਿ ਅਮਰਿੰਦਰ ਧੱਕੜਾ ਬੰਦਾ ਹੈ ਉਹਨੇ ਉਦੋਂ ਛੇ ਦਿਨ ਰਾਖੀ ਕਰਕੇ ਮੋਰਚਾ ਲਗਾਇਆ ਰੱਖਿਆ ਸੀ। ਇਹ ਮਸਲਾ ਪੰਜਾਬ ਅਤੇ ਹਰਿਆਣੇ ਵਿਚਕਾਰ ਮੁੱਛ ਦਾ ਸੁਆਲ ਬਣਿਆ ਹੋਇਆ ਸੀ। ਉਦੋਂ ਕੰਦੂਖੇੜਾ ਨੂੰ ਵਿਸ਼ਵ ਪੱਧਰ ’ਤੇ ਪਛਾਣ ਮਿਲੀ ਸੀ ਅਤੇ ‘ਬੀ.ਬੀ.ਸੀ ਲੰਦਨ’ ਰੇਡੀਓ ਜਰੀਏ ‘ਕੰਦੂਖੇੜਾ ਕਰੂ ਨਿਬੇੜਾ’ ਨਾਅਰਾ ਬਹੁਤ ਪ੍ਰਚੱਲਿਤ ਹੋਇਆ ਸੀ। 
         ਐਤਕੀਂ ਲੰਬੀ ਹਲਕੇ ’ਚ ਚੋਣ ਪ੍ਰਚਾਰ ਮੌਕੇ ਅਮਰਿੰਦਰ ਸਿੰਘ ਨੇ ਰੈਲੀਆਂ ਦੌਰਾਨ ਕੰਦੂਖੇੜਾ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਸੀ। ਬੀਤੀ 11 ਮਾਰਚ ਨੂੰ ਕਾਂਗਰਸ ਸਰਕਾਰ ਬਣਨ ’ਤੇ ਅਮਰਿੰਦਰ ਸਿੰਘ ਪ੍ਰਤੀ ਪ੍ਰੇਮ ਦਰਸਾਉਂਦਿਆਂ ਕੰਦੂਖੇੜੀਆਂ ਨੇ ਰੱਜ ਕੇ ਆਤਿਸ਼ਬਾਜ਼ੀ ਕੀਤੀ ਸੀ। ਕੰਦੂਖੇੜਾ ਮੋਰਚੇ ਸਮੇਂ ਅਮਰਿੰਦਰ ਸਿੰਘ ਵੱਲੋਂ ਅੱਗ ਦੀਆਂ ਧੂਣੀਆਂ ’ਤੇ ਜਾਗ ਕੇ ਲੰਘਾਈਆਂ ਪੋਹ-ਮਾਘ ਦੀਆਂ ਰਾਤਾਂ ਪਿੰਡ ਵਾਸੀਆਂ ਲਈ ਅਜੇ ਕੱਲ੍ਹ ਦੀ ਗੱਲ ਜਾਪਦਾ ਹੈ।
         1986 ’ਚ ਭਾਸ਼ਾਈ ਮਰਦਮਸ਼ੁਮਾਰੀ ਨੂੰ ਅੱਖੀਂ ਹੰਢਾਉਣ ਵਾਲੇ ਕੰਦੂਖੇੜਾ ਵਾਸੀ 49 ਸਾਲਾ ਓਮ ਪ੍ਰਕਾਸ਼ ‘ਪੱਪੂ’ ਨੇ ਕਿਹਾ ਕਿ ਅਸੀਂ ਹਮੇਸ਼ਾਂ ਸੋਚਦੇ ਕਿ ਕੰਦੂਖੇੜਾ ਨੇ ਪੰਜਾਬ ਦੀ ਸ਼ਾਨ ਰੱਖੀ ਪਰ ਸਾਡੀ ਸ਼ਾਨ ਰੱਖਣ ਲਈ ਕਦੇ ਕੋਈ ਨਾ ਬਹੁੜਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੰਦੂਖੇੜਾ ਦਾ ਜ਼ਿਕਰ ਕਰਕੇ ਸਾਡੇ ਪ੍ਰਤੀ ਪਿਆਰ ਨੂੰ ਦਰਸਾ ਦਿੱਤਾ ਹੈ। ਪੰਜਾਬ ਦੇ ਕੋਨੇ ’ਤੇ ਸਥਿਤ ਕੰਦੂਖੇੜਾ ਹੁਣ ਸੂਬੇ ਦੇ ਦਿਲ ਵਿੱਚ ਜਾਪਣ ਲੱਗਿਆ ਹੈ। 
          47 ਸਾਲਾ ਕਾਂਗਰਸ ਆਗੂ ਪਰਮਜੀਤ ਸਿੰਘ ‘ਪੰਮਾ’ ਨੇ ਆਖਿਆ ਕਿ ਅੱਜ ਵੀ ਚੇਤਾ ਆਉਂਦਾ ਐ। ਅਸੀਂ ਆਪਣੇ ਦਾਦਾ ਸਾਬਕਾ ਸਰਪੰਚ ਅਰੂੜ ਸਿੰਘ ਨਾਲ ਕੈਪਟਨ ਸਾਬ੍ਹ ਅਤੇ ਅਮਲੇ ਲਈ ਚਾਹ-ਪਾਣੀ ਅਤੇ ਰੋਟੀਆਂ ਲੈ ਕੇ ਜਾਂਦੇ। ਕੈਪਟਨ ਸਾਬ੍ਹ ਬੱਚਿਆਂ ਨੂੰ ਟੌਫ਼ੀਆਂ ਵੰਡਦੇ ਅਤੇ ਅਸੀਂ ਮਹਾਰਾਜੇ ਦੇ ਹੱਥੋਂ ਟੌਫ਼ੀਆਂ ਲੈ ਕੇ ਬੜੇ ਖੁਸ਼ ਹੁੰਦੇ। ਉਹ ਟੌਫ਼ੀਆਂ ਚੇਤੇ ਕਰਕੇ ਤਾਂ ਜੀਭ ’ਤੇ ਮਿਠਾਸ ਆ ਜਾਂਦੀ ਹੈ। 

          ਸੁਰਿੰਦਰ ਸਿੰਘ ਦੁੱਗਲ, ਲਾਭ ਸਿੰਘ ਤੇ ਜੱਜ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੰਦੂਖੇੜਾ ਪ੍ਰਤੀ ਦਰਸਾਏ ਮੋਹ ਨੇ ਵਿਕਾਸ ਦੀ ਆਸ ਬਝਾਈ ਹੈ ਅਤੇ ਡਿੱਗੇ-ਢਹੇ ਹੌਂਸਲਿਆਂ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਬਹੁਗਿਣਤੀ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਹੇਠ ਹਨ ਅਤੇ ਵਿਕਾਸ ਪੱਖੋਂ ਪਿੰਡ ਕਾਫ਼ੀ ਪਛੜਿਆ ਹੋਇਆ ਹੈ। ਵਾਟਰ ਸਪਲਾਈ ਦੀ ਮਾੜੀ ਹਾਲਤ ਨੇ ਕੰਦੂਖੇੜਾ ਦੀ ਵਸੋਂ ਦੇ ਸਾਹ ਸੁਕਾਏ ਹੋਏ ਹਨ। ਦਸ ਸਾਲਾਂ ’ਚ ਕੰਦੂਖੇੜਾ ਦਾ ਸਿਰਫ਼ ਇੱਕ ਨੌਜਵਾਨ ਹੀ ਪੁਲੀਸ ’ਚ ਭਰਤੀ ਹੋ ਸਕਿਆ।
          ਤਤਕਾਲੀ ਬਰਨਾਲਾ ਸਰਕਾਰ ਨੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਕੇ ਗਿਆਨੀ ਕਰਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਸੀ। ਪਿਛਲੇ ਦਹਾਕੇ ਲਗਭਗ ਅਣਗੌਲਿਆ ਰਿਹਾ। ਪਿਛਲੇ ਵਰ੍ਹੇ ਸਿੰਚਾਈ ਲਈ ਟੇਲ ’ਤੇ ਪਾਣੀ ਨਾ ਪਹੁੰਚਣ ਕਰਕੇ ਕਿਸਾਨਾਂ ਨੂੰ ਖਾਸਾ ਸੰਘਰਸ਼ ਕਰਨਾ ਪਿਆ ਸੀ।  ਪਿੰਡ ਵਾਸੀਆਂ ਨੂੰ ਗਿਲਾ ਹੈ ਕਿ ਪਿਛਲੇ ਇੱਕ ਦਹਾਕੇ ਕੰਦੂਖੇੜਾ ਨਸ਼ਿਆਂ ਦੀ ਸਪਲਾਈ ਜ਼ਰੀਆ ਬਣ ਕੇ ਰਹਿ ਗਿਆ ਹੈ। ਕੰਦੂਖੇੜਾ ਨਾਕੇ ਦੀਆਂ ਮਾੜੀ ਕਾਰਗੁਜਾਰੀ ਨੇ ਪਿੰਡ ਦੀ ਚੰਗਿਆਈ ਢਕ ਕੇ ਬਦਨਾਮੀ ਉਛਾਲ ਦਿੱਤੀ। ਹੁਣ ਵੇਖਣਾ ਹੈ ਕਿ ਅਮਰਿੰਦਰ ਸਿੰਘ ਦੇ ਸ਼ਬਦੀ ਬੋਲ ਕੰਦੂਖੇੜਾ ਦੀ ਤਕਦੀਰ ਬਦਲਣ ਲਈ ਹਕੀਕਤ ਕਦੋਂ ਬਦਲਦੇ ਹਨ। 98148-26100 / 93178-26100