26 June 2022

ਸਿਮਰਨਜੀਤ ਸਿੰਘ ਮਾਨ ਨੇ ਆਪ ਦਾ ਕਿਲ੍ਹਾ ਜਿੱਤ ਕੇ ਤਿੰਨ ਮਹੀਨੇ 'ਚ ਲਿਆਂਦਾ 'ਨਵਾਂ ਬਦਲਾਅ'


ਇਕਬਾਲ ਸਿੰਘ ਸ਼ਾਂਤ 

ਸੰਗਰੂਰ: ਪੰਜਾਬ ਦੀ ਸਿਆਸਤ 'ਚ 'ਵਨ ਮੈਨ ਆਰਮੀ' ਵਜੋਂ ਵੇਖੇ ਜਾਂਦੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੀ ਸਰਜਮੀਂ 'ਤੇ ਆਪ ਸਮੇਤ ਸਾਰੀਆਂ ਵਿਰੋਧੀ ਧਿਰਾਂ ਧਰਾਸ਼ਾਈ ਕਰ ਦਿੱਤੀਆਂ ਹਨ। ਉਨ੍ਹਾਂ ਬੇਹੱਦ ਫਸਵੇਂ ਮੁਕਾਬਲੇ 'ਚ ਸੰਗਰੂਰ ਲੋਕਸਭਾ ਦੀ ਜ਼ਿਮਨੀ ਚੋਣ ਕਰੀਬ 5822 ਵੋਟਾਂ ਦੇ ਫ਼ਰਕ ਨਾਲ ਜਿੱਤ ਲਈ ਹੈ। ਉਹ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਹਰਾ ਕੇ ਕਰੀਬ 23 ਸਾਲਾਂ ਬਾਅਦ ਦੇਸ਼ ਦੀ ਲੋਕਸਭਾ ਦੀ ਪੌੜੀ ਚੜ੍ਹੇ ਹਨ।

ਇਨ੍ਹਾਂ ਚੋਣ ਨਤੀਜਿਆਂ ਨਾਲ ਤਿੰਨ ਮਹੀਨੇ ਪਹਿਲਾਂ ਬੰਪਰ ਬਹੁਮਤ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ ਉਸਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ 'ਚ ਪਹਿਲੇ ਸਿਆਸਤ ਇਮਤਿਹਾਨ 'ਚ ਫੇਲ੍ਹ ਹੋ ਗਈ। ਚੋਣ ਨਤੀਜਿਆਂ ਮੁਤਾਬਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਬਾਕੀ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ।

ਸੰਗਰੂਰ ਸੀਟ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਅਸਤੀਫ਼ਾ ਦੇਣ ਕਰਕੇ ਖਾਲੀ ਹੋਈ ਸੀ। ਬੀਤੇ ਵਿਧਾਨਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕਸਭਾ ਹਲਕੇ ਦੀਆਂ 9 ਵਿਧਾਨਸਭਾ ਸੀਟਾਂ 'ਤੇ ਗੱਜਵੀਂ ਜਿੱਤ ਦਰਜ ਕੀਤੀ ਸੀ। ਸੰਗਰੂਰ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੂੰਆਂਧਾਰ ਪ੍ਰਚਾਰ ਵੀ ਰੰਗ ਨਾ ਵਿਖਾ ਸਕਿਆ।

ਇਨ੍ਹਾਂ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਚੋਣਾਂ 'ਚ ਵੋਟਰਾਂ ਨੂੰ ਦਿੱਤੀਆਂ ਵਾਅਦੇ ਭਰੀਆਂ ਗਾਰੰਟੀਆਂ 'ਤੇ ਘਟਦੇ ਵਿਸ਼ਵਾਸ ਨੂੰ ਜਾਹਰ ਕੀਤਾ ਹੈ। ਇਹ ਨਾਮੋਸ਼ੀਜਨਕ ਹਾਰ ਨੇ 92 ਵਿਧਾਇਕਾਂ ਦੇ ਬਹੁਮਤ ਵਾਲੀ 'ਆਪ' ਸਰਕਾਰ ਅਤੇ ਲੀਡਰਸ਼ਿਪ ਲਈ ਕੰਮਕਾਜ 'ਚ ਵੱਡੇ ਸੁਧਾਰ ਲਿਆਉਣ ਲਈ ਮੰਥਨ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਚੋਣ ਨਤੀਜਿਆਂ 'ਤੇ ਸੁਰੱਖਿਆ ਘਟਾਏ ਜਾਣ ਮਗਰੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੀ ਹੱਤਿਆ ਕਾਰਨ ਪੈਦਾ ਹੋਇਆ ਲੋਕ-ਰੋਹ ਦਾ ਵੀ ਵੱਡਾ ਅਸਰ ਰਿਹਾ ਹੈ।

ਸਿਮਰਨਜੀਤ ਸਿੰਘ ਨੇ ਇੱਕ-ਦੋ ਰਾਊਂਡਾਂ ਨੂੰ ਛੱਡ ਕੇ ਲਗਾਤਾਰ ਸਾਰੇ ਰਾਊਂਡਾਂ 'ਚ ਬੜ੍ਹਤ ਬਣਾਏ ਰੱਖੀ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗਿਣਤੀ ਦੇ ਸ਼ੁਰੂਆਤੀ ਦੌਰ 'ਚ ਹੀ ਪਛੜ ਗਏ ਸਨ, ਜੋ ਕਿ ਵੋਟਾਂ ਦੀ ਪੂਰੀ ਗਿਣਤੀ ਦੌਰਾਨ ਮੁਕਾਬਲੇ 'ਚ ਆ ਹੀ ਨਹੀਂ ਸਕੇ। ਵਾਰ-ਵਾਰ ਬਹੁਤ ਛੋਟੀ-ਛੋਟੀ ਘਟਤ-ਬੜ੍ਹਤ ਨੇ ਸ੍ਰੀ ਮਾਨ ਅਤੇ ਗੁਰਮੇਲ ਸਿੰਘ ਦੇ ਸਮਰਥਕਾਂ ਨੂੰ ਲਗਾਤਾਰ ਧੜਕੂ ਲਗਾਈ ਰੱਖਿਆ। ਗਿਣਤੀ ਦੇ ਅੱਧ ਤੋਂ ਬਾਅਦ ਨਤੀਜੇ ਸਿਮਰਨਜੀਤ ਸਿੰਘ ਦੇ ਪੱਖ ਵਿਚ ਨਜ਼ਰ ਆਉਂਣ ਲੱਗੇ। 

24 ਜੂਨ ਨੂੰ ਜ਼ਿਮਨੀ ਚੋਣ 'ਚ ਲਗਪਗ 37 ਫ਼ੀਸਦੀ ਵੋਟਾਂ ਪੋਲਿੰਗ ਹੋਈ ਸੀ। ਜਿੱਤ ਦਾ ਪਰਚੰਮ ਲਹਿਰਾਉਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਕਰੀਬ 38.1 ਵੋਟਾ ਨਾਲ ਦੇ ਜੇਤੂ ਰਹੇ। ਜਦਕਿ ਆਪ ਦੇ ਗੁਰਮੇਲ ਸਿੰਘ ਨੂੰ 34.1 ਫ਼ੀਸਦੀ ਹਾਸਲ ਕਰ ਸਕੇ। ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਵੋਟਾਂ 11.21 ਫ਼ੀਸਦੀ ਵੋਟਾਂ ਨਾਲ ਤੀਸਰੇ ਨੰਬਰ 'ਤੇ ਰਹੇ। ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਵੋਟਾਂ 9.33 ਵੋਟਾਂ ਨਾਲ ਚੌਥਾ ਨੰਬਰ ਲਿਆ। ਬੰਦੀ ਸਿੰਘਾਂ ਦਾ ਮੁੱਦਾ ਉਭਾਰ ਕੇ ਚੋਣ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮੂੰਹ ਦੀ ਖਾਣੀ ਪਈ ਹੈ। ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਸਿਰਫ਼ 6.25 ਵੋਟਾਂ ਨਾਲ ਪੰਜਵੇਂ ਨੰਬਰ 'ਤੇ ਰਹੇ ਹਨ।

ਇਹ ਚੋਣ ਨਤੀਜਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਕਾਲੇ ਭਵਿੱਖ ਨੂੰ ਦਰਸਾਉਣ ਵਾਲਾ ਗਿਆ ਹੈ। ਸਿਮਰਨਜੀਤ ਸਿੰਘ ਮਾਨ ਦੀ ਰਿਹਾਇਸ਼ 'ਤੇ ਕਿਲ੍ਹਾ ਸਰਦਾਰ ਹਰਨਾਮ ਸਿੰਘ ਵਿਖੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਖੁਸ਼ੀਆਂ ਅਤੇ ਭੰਗੜੇ ਦੇ ਜਸ਼ਨਾਂ ਦਾ ਦੌਰ ਹਾਂ-ਪੱਖੀ ਰੁਝਾਨਾਂ ਮਗਰੋਂ ਤੋਂ ਜਾਰੀ ਹੈ। ਆਮ ਆਦਮੀ ਪਾਰਟੀ ਨੇ ਆਪਣੀ ਹਾਰ ਕਬੂਲਦੇ ਹੋਏ ਜੇਤੂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ।


23 ਸਾਲਾਂ ਬਾਅਦ ਲੋਕਸਭਾ 'ਚ ਗੂੰਜੇਗੀ ਪੰਜਾਬ ਦੀ ਬੇਬਾਕ ਆਵਾਜ਼: ਸਵਾ ਦੋ ਦਹਾਕਿਆਂ ਬਾਅਦ ਪੰਜਾਬ, ਪੰਜਾਬੀ ਅਤੇ ਸਿੱਖ ਮਸਲਿਆਂ ਦੀ ਬੁਲੰਦ ਅਤੇ ਬੇਬਾਕ ਆਵਾਜ਼ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਰੂਪ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕਸਭਾ 'ਚ ਗੂੰਜੇਗੀ। ਖਾਲਿਸਤਾਨ ਦੀ ਮੰਗ ਦੇ ਮੁੱਦਈ ਸਿਮਰਨਜੀਤ ਸਿੰਘ ਮਾਨ 1989 ਅਤੇ 1999 'ਚ ਲੋਕਸਭਾ ਦੇ ਮੈਂਬਰ ਰਹਿ ਚੁੱਕੇ ਹਨ। ਉਹ ਸਿਰਫ 22 ਵਰ੍ਹਿਆਂ ਦੀ ਉਮਰ 'ਚ 1967 ਦੇ ਭਾਰਤੀ ਪੁਲਿਸ ਸਰਵਿਸਜ਼ (ਆਈ.ਪੀ.ਐਸ.) ਬੈਚ ਵਿੱਚ ਚੁਣੇ ਗਏ ਸਨ। ਉਹ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਐਸ.ਪੀ, ਵਿਜੀਲੈਂਸ ਵਿਭਾਗ ਅਤੇ ਫਿਰ ਐਸ.ਐਸ.ਪੀ. ਵਜੋਂ ਤਾਇਨਾਤ ਰਹੇ। ਆਈ.ਪੀ.ਐਸ. ਦੀ ਨੌਕਰੀ ਦੌਰਾਨ ਉਨ੍ਹਾਂ ਨੂੰ ਸਰਕਾਰ ਨੇ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਤੋਂ ਦੂਰ ਮਹਾਰਾਸ਼ਟਰ ਵਿੱਚ ਬਤੌਰ ਡੀ.ਆਈ.ਜੀ. ਤਾਇਨਾਤ ਕਰਕੇ ਭੇਜ ਦਿੱਤਾ ਸਪ। ਉਸੇ ਦੌਰਾਨ ਸਰਕਾਰ ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰ ਦਿੱਤਾ। ਜਿਸਦੀ ਸ੍ਰੀ ਮਾਨ ਦੇ ਮਨ ਬੜੀ ਠੇਸ ਪੁੱਜੀ ਅਤੇ ਉਨ੍ਹਾਂ 17 ਜੂਨ 1984 ਨੂੰ ਆਈ.ਪੀ.ਐਸ. ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। -93178-26100