21 March 2022

ਸੁਖਬੀਰ ਬਾਦਲ ਨੂੰ ਅਵਾਮ ਵੱਲੋਂ ਨਕਾਰਨ ਦੇ ਦਸਵੇਂ ਦਿਨ ਹੀ ਸਿਆਸੀ ਮੈਦਾਨ 'ਚ ਉੱਤਰੇ 'ਬਾਬਾ' ਬਾਦਲ


ਇਕਬਾਲ ਸਿੰਘ ਸ਼ਾਂਤ

ਲੰਬੀ: ਸੂਬਾਈ ਚੋਣਾਂ ਵਿਚ ਸੁਖਬੀਰ ਬਾਦਲ ਦੀ ਕਾਕਾ ਕਲਚਰ ਵਾਲੀ ਹਾਈ-ਪ੍ਰੋਫਾਈਲ ਅਗਵਾਈ ਅਵਾਮ ਵੱਲੋਂ ਮੁੱਢੋਂ ਨਕਾਰੇ ਜਾਣ ਬਾਅਦ ਅਕਾਲੀ ਦਲ ਦੀ ਅਣ-ਐਲਾਨੀ ਰਹਿਨੁਮਾਈ ਪ੍ਰਕਾਸ਼ ਸਿੰਘ ਵੱਡੇ ਬਾਦਲ ਦੀ ਸਿਆਸੀ ਮਜ਼ਬੂਰੀ ਬਣ ਗਈ ਹੈ। ਸਿਆਸੀ ਸਫ਼ਾਂ ਵਿੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਝੱਲਣ ਦੇ ਡੇਢ ਹਫਤੇ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਨਤਕ ਸਫ਼ਾਂ ਵਿੱਚ ਪਰਤ ਆਏ। ਅੱਜ ਉਨ੍ਹਾਂ ਲੰਬੀ ਹਲਕੇ ਦੇ ਪਿੰਡਾਂ ਵਿੱਚ ਧੰਨਵਾਦੀ ਦੌਰਾ ਸ਼ੁਰੂ ਕਰ ਦਿੱਤਾ।

ਸ੍ਰੀ ਬਾਦਲ ਰਵਾਇਤੀ ਹਲਕੇ ਲੰਬੀ ਵਿੱਚ ਬਦਲਾਅ ਦੇ ਲਹਿਰ ਵਿਚ 11361 ਵੋਟਾਂ ਦੇ ਫਰਕ ਨਾਲ ਸਿਆਸੀ ਪਟਕਣੀ ਖਾ ਗਏ ਸਨ। ਸੂਬੇ ਵਿਚ ਬੇਹੱਦ ਮਜ਼ਬੂਤ ਅਤੇ ਵੱਡਾ ਕਾਡਰ ਹੋਣ ਦੇ ਬਾਵਜੂਦ ਢਾਈ-ਤਿੰਨ ਸੀਟਾਂ ਤੱਕ ਸਮੇਟੇ ਜਾਣ ਨਾਲ ਅਕਾਲੀ ਦਲ ਦਾ 2017 ਤੋਂ ਕੰਧ 'ਤੇ ਲਿਖਿਆ ਭਵਿੱਖ 2022 ਵਿੱਚ ਹਕੀਕਤ ਬਣ ਗਿਆ। ਜ਼ਮੀਨੀ ਤੱਥ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਾਣਾ-ਬਾਣਾ ਪਿੰਡ ਬਾਦਲ ਵਿਖੇ ਹਲਕਾਵਾਰ ਲੀਡਰਸ਼ਿਪ ਨਾਲ ਵੱਡੀਆਂ ਮੀਟਿੰਗ ਅਤੇ ਸੁਖਬੀਰ ਦੇ ਆਲੇ-ਦੁਆਲੇ ਦੇ ਅੱਧੀ ਦਰਜਨ "ਨਿੱਕ ਨੇਮ" ਜੁੰਡਲੀ ਤੱਕ ਸੀਮਤ ਰਹਿ ਗਿਆ।

ਸੁਖਬੀਰ ਬਾਦਲ, ਜੁੰਡਲੀ ਦੇ ਵਿਖਾਏ ਜਲੌਅ ਵਿੱਚ ਸੁਫਨਿਆਂ ਵਿੱਚ ਅਗਾਮੀ ਮੁੱਖ ਮੰਤਰੀ ਸ਼ਿਪ ਦੇ ਖਵਾਬ ਮਾਣਦੇ ਰਹੇ, ਜਦਕਿ ਹਕੀਕਤ ਵਿਚ ਆਪ ਨੇ ਸੂਬੇ ਵਿਚ ਝਾੜੂ ਫੇਰ ਦਿੱਤਾ। ਅਕਾਲੀ ਦਲ ਵੱਡੀਆਂ ਰੈਲੀਆਂ ਅਤੇ ਧਰਨੇ ਮੁਜਾਹਰਿਆਂ ਦੇ ਬਾਵਜੂਦ ਲੋਕ ਮਨਾਂ ਨੂੰ ਛੂਹਣ ਵਿੱਚ ਅਸਫਲ ਰਿਹਾ। ਸੂਬੇ ਦੇ ਅਵਾਮ ਨੇ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਮੁੱਖ ਮੰਤਰੀ ਉਮੀਦਵਾਰ ਕਬੂਲ ਨਹੀਂ ਕੀਤਾ।

ਲੋਕ ਅਕਾਲੀ ਦਲ ਦੇ ਦਸ ਸਾਲਾ ਰਾਜਭਾਗ ਦੀਆਂ ਊਣਤਾਈਆਂ ਨੂੰ ਭੁਲਾ ਨਹੀਂ ਸਕੇ ਹਨ, ਇਹ ਚੋਣ ਨਤੀਜਿਆਂ ਨੇ ਸਾਬਿਤ ਕਰ ਦਿੱਤਾ। ਲੰਬੀ ਵਿਚ ਵੀ ਅਕਾਲੀ ਦਲ ਦੇ ਇੰਚਾਰਜ ਅਤੇ ਪੇਂਡੂ ਮਾਲਕੀ ਕਲਚਰ ਨੇ ਆਮ ਵੋਟਰਾ ਤਪਾ ਰੱਖੇ ਹਨ।ਬਾਦਲਾਂ ਨੂੰ ਮੁੱਢ ਕਦੀਮ ਤੋਂ 50 ਫੀਸਦੀ ਤੋਂ ਵੱਧ ਵੋਟਾਂ ਦੇ ਗੱਫੇ ਦੇਣ ਵਾਲੇ ਲੋਕਾਂ ਹੱਥੋਂ ਬਾਦਲ ਪਰਿਵਾਰ ਨੂੰ ਪੇਂਡੂ ਇੰਚਾਰਜਾਂ ਅਤੇ ਮੌਕਾਪ੍ਰਸਤਾਂ ਦੀ ਜੁੰਡਲੀ ਵਿੱਚ ਘਿਰੇ ਹੋਣ ਦਾ ਵੱਡਾ ਖਮਿਆਜ਼ਾ ਜੱਦੀ ਗੜ੍ਹ ਲੰਬੀ ਵਿੱਚ ਭੁਗਤਣਾ ਪਿਆ।

ਅਕਾਲੀ ਦਲ ਦੀ ਗੈਰਨੀਤੀਗਤ ਕਾਰਗੁਜਾਰੀ ਦੀ ਵਿਰੋਧਤਾ ਇਸ ਵਾਰ ਆਮ ਲੋਕਾਂ ਦੇ ਮੂੰਹਾਂ ਅਤੇ ਬੋਲ-ਬਾਣੀ ਤੋਂ ਝਲਕਣ ਲੱਗੀ ਸੀ। ਜਿਸਦੇ ਨਤੀਜੇ ਵਜੋਂ ਹਲਕੇ ਵਿਚ ਫੈਲੇ ਲੋਕ ਰੋਹ ਦਾ ਉਬਾਲਾ ਵੱਡੇ ਬਾਦਲ ਦੀ ਨਾਮੋਸ਼ੀਜਨਕ ਹਾਰ ਵਜੋਂ ਸਾਹਮਣੇ ਆਇਆ। ਉਪਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਪਾਰਟੀ ਲੀਡਰਸ਼ਿਪ ਵੀ ਹੱਥ ਵਿਖਾ ਗਈ। ਬਠਿੰਡਾ ਵਿਚ ਅਕਾਲੀ ਆਗੂ ਅਤੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਬਾਦਲ ਪਰਿਵਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪਾਰਟੀ ਨੂੰ ਅਲਵਿਦਾ ਆਖ ਦਿੱਤਾ।

ਇਨ੍ਹਾਂ ਸਭ ਹਾਲਾਤਾਂ ਨੂੰ ਝੱਲਣ ਅਤੇ ਵਾਚਣ ਦੇ ਬਾਵਜੂਦ 95 ਸਾਲਾ ਸਿਆਸਤਦਾਨ ਨਾਮੋਸ਼ੀਜਨਕ ਹਾਰ ਨੂੰ ਆਗਾਮੀ ਭਵਿੱਖ ਵਿੱਚ ਪੜਚੋਲਵੀਂ ਤਾਕਤ ਵਿੱਚ ਬਦਲਣ ਲਈ ਮੈਦਾਨ ਵਿੱਚ ਨਿਤਰ ਪਏ ਹਨ। ਵੱਡੇ ਬਾਦਲ ਸੂਬੇ ਵਿੱਚ ਇਤਿਹਾਸਕ ਬਹੁਮਤ ਵਾਲੀ ਭਗਵੰਤ ਮਾਨ ਸਰਕਾਰ ਦੇ ਵਜੂਦ ਵਿੱਚ ਆਉਣ ਦੇ ਨਾਲ ਹੀ ਵਿਧਾਨਸਭਾ ਦੇ ਬਾਹਰੋਂ ਹੀ ਸਿਆਸੀ ਟਾਕਰੇ ਲਈ ਡਟ ਗਏ ਹਨ।

ਅੱਜ ਧੰਨਵਾਦੀ ਦੌਰੇ ਦੇ ਮੌਕੇ ਅੱਧੀ ਦਰਜਨ ਪਿੰਡਾਂ ਵਿਚ ਲੋਕਾਂ ਦੇ ਮੁਖਾਤਿਬ ਹੁੰਦਿਆਂ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਐਮਰਜੈਂਸੀ ਬਾਅਦ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਚੋਣ ਹਾਰ ਗਈ ਸੀ। ਲੋਕਾਂ ਨੇ ਬਦਲਾਅ ਦੀ ਚਾਹਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਵਾਲੀ ਕਾਂਗਰਸ ਸਰਕਾਰ ਵਾਂਗ ਆਪ ਸਰਕਾਰ ਵੀ ਜ਼ਿਆਦਾ ਵੱਡੇ ਵਾਅਦਿਆਂ ਨਾਲ ਵਜ਼ੂਦ ਵਿੱਚ ਆਈ ਹੈ। ਇਹ ਸਮਾਂ ਦੱਸੇਗਾ ਕਿ ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਉੱਤਰਦੀ ਹੈ ਜਾਂ ਅਮਰਿੰਦਰ ਸਰਕਾਰ ਵਾਂਗ ਝੂਠ ਦਾ ਪੁਲੰਦਾ ਸਾਬਿਤ ਹੁੰਦੀ ਹੈ।

ਸਾਬਕਾ ਮੁੱਖ ਮੰਤਰੀ ਨੇ ਵਰਕਰਾਂ ਨੂੰ ਹੌਂਸਲਾ ਅਤੇ ਹਿੰਮਤ ਦਿੰਦੇ ਆਖਿਆ ਕਿ ਉਹ ਜ਼ਮੀਨ ਪੱਧਰ 'ਤੇ ਲੋਕ ਹਿੱਤਾਂ ਪ੍ਰਤੀ ਡਟੇ ਰਹਿਣ। ਉਹ ਖੁਦ ਪਿੰਡ ਬਾਦਲ ਵਿਖੇ ਬੈਠੇ ਹਨ ਅਤੇ ਪਹਿਲਾਂ ਵਾਂਗ ਵਰਕਰਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਲ ਕਰਿਆ ਕਰਨਗੇ। ਸ੍ਰੀ ਬਾਦਲ ਨੇ ਧੰਨਵਾਦੀ ਦੌਰਾ ਜੱਦੀ ਪਿੰਡ ਬਾਦਲ ਤੋਂ ਸ਼ੁਰੂ ਕੀਤਾ। ਉਹ ਅੱਜ ਗੱਗੜ, ਮਿੱਠੜੀ ਬੁੱਧਗਿਰ ਅਤੇ ਫਤੂਹੀਵਾਲਾ ਵਿਖੇ ਲੋਕਾਂ ਦਾ ਧੰਨਵਾਦ ਕਰਨ ਪੁੱਜੇ। ਇਸ ਮੌਕੇ ਸ੍ਰੀ ਬਾਦਲ ਦੇ ਕਈ ਚਚੇਰੇ ਭਾਈ-ਭਤੀਜੇ ਅਤੇ ਪਾਰਟੀ ਦੇ ਪੇਂਡੂ ਇੰਚਾਰਜ ਅਤੇ ਆਗੂ ਮੌਜੂਦ ਸਨ। 93178-26100

10 March 2022

ਪੰਜਾਬ ਵਿਧਾਨਸਭਾ 'ਬਾਦਲ' ਸਰਨੇਮ ਤੋਂ ਵਿਹਲੀ ਹੋਈ



ਲੋਕ-ਫਤਵੇ ਨੇ ਤਿੰਨ ਸਿਆਸੀ ਧੁਰੰਧਰਾਂ ਦੀ ਪਿੱਠ ਲੁਆਈ

ਇਕਬਾਲ ਸਿੰਘ ਸ਼ਾਂਤ
ਲੰਬੀ: ਪੰਜਾਬ ਦੇ ਵੋਟਰਾਂ ਨੇ ਸੂਬੇ ਦੀ ਵਿਧਾਨਸਭਾ ਵਿੱਚੋਂ ਪਿੰਡ ਬਾਦਲ ਦੀ ਚੌਧਰ ਮੁਕਾ ਦਿੱਤੀ। ਇੱਥੋਂ ਦੇ ਤਿੰਨੇ ਸਿਆਸੀ ਸ਼ਾਹ ਅਸਵਾਰ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ, ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਅਤੇ ਮਨਪ੍ਰੀਤ ਸਿੰਘ ਦੇ ਬਠਿੰਡਾ ਤੋਂ ਭਾਰੀ ਸ਼ਿਕਸ਼ਤ ਮਿਲੀ ਹੈ। ਹਾਲਾਂਕਿ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਹਨ। ਕਰੀਬ ਪੰਜਾਹ ਸਾਲਾਂ ਤੋਂ 'ਬਾਦਲ' ਸਰਨੇਮ ਦੀ ਸੂਬੇ ਦੀ ਵਿਧਾਨਸਭਾ 'ਚ ਲਗਪਗ ਤੂਤੀ ਬੋਲਦੀ ਰਹੀ ਹੈ।
 
ਪੰਜਾਬ ਵਿੱਚ ਸਰਕਾਰ ਕਿਸੇ ਪਾਰਟੀ ਦੀ ਹੋਵੇ, ਪਰ ਬਾਦਲਾਂ ਦਾ ਜਲਵਾ ਹਮੇਸ਼ਾਂ ਬਰਕਰਾਰ ਰਿਹਾ ਅਤੇ ਪਿੰਡ ਬਾਦਲ ਦਾ ਸਿਆਸੀ ਮਘਾਅ 'ਤੇ ਰਿਹਾ। ਇਸ ਵਾਰ ਆਪ ਦੀ ਹਨ੍ਹੇਰੀ 'ਚ ਚੋਣ ਨਤੀਜਿਆਂ 'ਚ ਸੂਬੇ 'ਚ ਝਾੜੂ ਫਿਰਨ ਦੇ ਨਾਲ ਪਿੰਡ ਬਾਦਲ 'ਚ ਸਿਆਸੀ ਸੁੰਨ ਪਸਰ ਗਈ। ਬੀਤੇ ਕੱਲ੍ਹ ਜਿੱਤ ਦੀ ਉਮੀਦ 'ਚ ਪਿੰਡ ਦੇ ਹਲਵਾਈਆਂ ਨੇ ਬਿਨਾ ਆਰਡਰ ਦੇ ਛੇ ਕੁਇੰਟਲ ਲੱਡੂ ਵੱਟੇ ਸਨ।
 
2017 ਵਾਲੀ ਵਿਧਾਨਸਭਾ 'ਚ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਇਕ ਸਨ। ਜਦਕਿ ਉਨ੍ਹਾਂ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਤੋਂ ਵਿਧਇਕ ਵਜੋਂ ਵਿੱਤ ਮੰਤਰੀ ਦੇ ਅਹੁਦੇ 'ਤੇ ਸਨ। ਉਦੋਂ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਵਿਧਾਇਕ ਚੁਣੇ ਗਏ ਸਨ। ਬਾਅਦ ਵਿੱਚ ਫਿਰੋਜ਼ਪੁਰ ਤੋਂ ਲੋਕਸਭਾ ਦੇ ਮੈਂਬਰ ਚੁਣੇ ਜਾਣ 'ਤੇ ਉਨ੍ਹਾਂ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
 
ਜਾਣਕਾਰੀ ਮੁਤਾਬਕ ਬਾਦਲ ਪਿੰਡ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ 'ਤੇ ਸਵੇਰੇ ਤੋਂ ਕੋਈ ਬਾਦਲ ਨਾ ਜਨਤਕ ਹੋਇਆ ਅਤੇ ਨਾ ਹੀ ਰਿਹਾਇਸ਼ ਤੋਂ ਬਾਹਰ ਗਿਆ।
 
ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਵੀ ਕਰੀਬ ਦੋ-ਤਿੰਨ ਘੰਟੇ ਘਰੋਂ ਬਾਹਰ ਗਏ ਸਨ। ਹਾਰ ਦਾ ਵਜ਼ਨ ਵਧਣ ਮਗਰੋਂ ਘਰੇ ਪਰਤ ਆਏ ਸਨ। ਬਦਲਾਅ ਦੇ ਬੰਪਰ ਡਰਾਅ ਨੇ ਪੰਜਾਬ ਦੀ ਸਿਆਸਤ ਦੀ ਧੁਰੀ ਬਦਲ ਦਿੱਤੀ ਹੈ। ਹੁਣ ਨਵੇਂ ਚਿਹਰਿਆਂ ਨਾਲ ਰਾਜਨੀਤੀ ਅਤੇ ਸਮਾਜਿਕ ਮਾਹੌਲ ਨਵੇਂ ਰਾਹ ਨਿੱਕਲਣ ਦਾ ਮੁੱਢ ਬੱਝ ਗਿਆ ਹੈ।
 
ਨਤੀਜੇ ਵਾਚਣ ਉਪਰੰਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵਿੱਟਰ ਸੁਨੇਹੇ 'ਚ ਆਖਿਆ ਕਿ ਅਸੀਂ ਪੂਰੇ ਦਿਲ ਨਾਲ ਅਤੇ ਪੂਰੀ ਨਿਮਰਤਾ ਨਾਲ ਪੰਜਾਬੀਆਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੇ ਹਨ। ਉਹ ਲੱਖਾਂ ਪੰਜਾਬੀਆਂ ਦੇ ਸੁਕਰਗੁਜਾਰ ਹਨ, ਜਿਨ੍ਹਾਂ ਸਾਡੇ 'ਤੇ ਭਰੋਸਾ ਕੀਤਾ ਅਤੇ ਅਕਾਲੀ-ਬਸਪਾ ਵਰਕਰਾਂ ਦਾ ਨਿਰਸਵਾਰਥ ਮਿਹਨਤ ਧੰਨਵਾਦ ਕੀਤਾ। ਉਨ੍ਹਾਂ ਨੇ ਜਿਹੜੀ ਭੂਮਿਕਾ ਸਾਨੂੰ ਸੌਂਪੀ ਹੈ, ਅਸੀਂ ਉਸਦੀ ਨਿਮਰਤਾ ਨਾਲ ਸੇਵਾ ਕਰਦੇ ਰਹਾਂਗੇ। ਸੁਖਬੀਰ ਬਾਦਲ ਨੇ ਇੱਕ ਹੋਰ ਟਵੀਟ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜਿੱਤ ਲਈ ਵਧਾਈ ਦਿੱਤੀ।

ਮਨਪ੍ਰੀਤ ਸਿੰਘ ਬਾਦਲ ਨੇ ਵੀ ਟਵਿੱਟਰ 'ਤੇ ਆਮ ਆਦਮੀ ਪਾਰਟੀ ਨੂੰ ਲੋਕ ਫਤਵਾ ਜਿੱਤਣ ਲਈ ਵਧਾਈ ਦਿੱਤੀ। ਉਹ ਪੰਜਾਬ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਚੋਣ ਦੌਰਾਨ ਮੱਦਦ ਕਰਨ ਵਾਲੇ ਸਮੂਹ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ।

ਵੱਡੇ ਬਾਦਲ 'ਤੇ ਦਾਅ ਖੇਡਣ 'ਤੇ ਅਕਾਲੀ ਦਲ ਪ੍ਰਤੀ ਲੋਕਾਂ 'ਚ ਨਰਾਜਗੀ
ਉਮਰ ਦੇ ਸ਼ਿਖ਼ਰਲੇ ਪੜਾਅ 'ਤੇ ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਲੜਾਉਣ 'ਤੇ ਆਮ ਜਨਤਾ 'ਚ ਨਰਾਜਗੀ ਵੇਖਣ ਨੂੰ ਮਿਲ ਰਹੀ ਹੈ। ਖੁੱਡੀਆਂ ਨੂੰ ਵੋਟ ਪਾਉਣ ਵਾਲੇ ਵੋਟਰਾਂ ਨੇ ਵੱਡੇ ਬਾਦਲ ਨਾਲ ਹਮਦਰਦੀ ਜਾਹਰ ਕਰਦੇ ਆਖਿਆ ਕਿ ਅਕਾਲੀ ਦਲ ਨੇ ਉਨ੍ਹਾਂ 'ਤੇ ਇਸ ਉਮਰ 'ਚ ਮਾਰੂ ਦਾਅ ਖੇਡ ਕੇ ਉਨ੍ਹਾਂ ਦਾ ਬੁਢਾਪਾ ਅਤੇ ਸਾਰੀ ਉਮਰ ਦੀ ਜੇਤੂ ਸਾਖ਼ ਨੂੰ ਵੱਟਾ ਲਗਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੋਣ ਜਲਸਿਆਂ ਮੌਕੇ 95 ਸਾਲਾ ਸ੍ਰੀ ਬਾਦਲ ਪਾਰਟੀ ਹੁਕਮ 'ਤੇ ਚੋਣ ਲੜਨ ਦੀ ਗੱਲ ਆਖਦੇ ਰਹੇ ਸਨ।


ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾ ਕੇ ਗੁਰਮੀਤ ਖੁੱਡੀਆਂ ਦੀ ਪੂਰੀ ਹੋਈ ਪੁਰਾਣੀ ਦਿਲੀ-ਖੁਹਾਇਸ਼



ਸ਼ਰਾਬ ਅਤੇ ਪੈਸੇ ਨਾਲ 70 ਹਜ਼ਾਰ ਵੋਟਾਂ ਮੁੱਲ ਲੈੈ ਕੇ 54917 ਰਹਿਣ 'ਤੇ ਕਸਿਆ ਦੋਸ਼ਾਂ ਭਰਿਆ ਤਨਜ਼

ਇਕਬਾਲ ਸਿੰਘ ਸ਼ਾਂਤ

ਲੰਬੀ: ਲੰਬੀ ਤੋਂ ਜੇਤੂ ਰਹੇ ਗੁਰਮੀਤ ਸਿੰਘ ਖੁੱਡੀਆਂ ਦੀ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਦਸ ਵਾਰ ਦੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਨਾਲ ਪੁਰਾਣੀ ਦਿਲੀ-ਖੁਹਾਇਸ਼ ਪੂਰੀ ਹੋਈ ਹੈ।

ਜਿੱਤ ਦੇ ਐਲਾਨ ਉਪਰੰਤ ਇਸ ਪ੍ਰਤੀਨਿਧੀ ਨਾਲ ਗੱਲਬਾਤ 'ਚ ਲੋਕ-ਫਤਵੇ ਨੂੰ ਸਿਜਦਾ ਕਰਦੇ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਉਹ ਆਪ ਦੇ ਸਮੂਹ ਵੋਟਰਾਂ ਸਮੇਤ ਉਨ੍ਹਾਂ ਅਕਾਲੀ ਅਤੇ ਹੋਰਨਾਂ ਪਾਰਟੀਆਂ ਦੇ ਪਰਿਵਾਰਾਂ ਦੇ ਵੀ ਰਿਣੀ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਮਰਹੂਮ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਵੋਟਾਂ ਪਾਈਆਂ।

ਆਪ ਦੇ ਨਵੇਂ ਚੁਣੇ ਵਿਧਾਇਕ ਨੇ ਅਕਾਲੀ ਦਲ (ਬ) 'ਤੇ ਵੱਡਾ ਹਮਲਾ ਕਰਦੇ ਕਿਹਾ ਕਿ ਬੇਹੱਦ ਨਾਮੋਸ਼ੀਜਨਕ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਖ਼ਰੇ ਕੌਮ ਐਵਾਰਡ ਹਾਸਲ ਅਤੇ ਪ੍ਰਕਾਸ਼ ਸਿੰਘ ਬਾਦਲ ਜਿਹੇ ਬਹੁਤ ਵੱਡੇ ਆਗੂ ਨੂੰ ਜਿੱਤਣ ਲਈ ਸ਼ਰਾਬ ਵੰਡਣੀ ਪਵੇ ਅਤੇ ਪੈਸੇ ਦੇ ਕੇ 70 ਹਜ਼ਾਰ ਵੋਟਾਂ ਲੈਣੀਆਂ ਪੈਣ ਅਤੇ ਉਨ੍ਹਾਂ ਵਿੱਚ ਪੈਣ ਸਿਰਫ਼ 54917 ਵੋਟਾਂ। ਇਸਤੋਂ ਸਾਬਤ ਹੁੰਦਾ ਕਿ ਲੰਬੀ ਦੇ ਸੂਝਵਾਨ ਵੋਟਰਾਂ ਨੇ ਠੱਗਣ ਅਤੇ ਲੁੱਟਣ ਦੀ ਰਾਜਨੀਤੀ ਨੂੰ ਲਾਂਭੇ ਕਰਕੇ ਸੱਚ ਦੀ ਸਿਆਸਤ ਨੂੰ ਮੂਹਰੇ ਲਿਆਂਦਾ ਹੈ। ਖੁੱਡੀਆਂ ਨੇ ਦਾਅਵਾ ਕੀਤਾ ਕਿ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕ-ਉਮੀਦਾਂ 'ਤੇ ਖ਼ਰਾ ਉਤਰਨਗੇ।

ਬਾਦਲ ਜਿਹੇ ਵੱਡੇ ਸਿਆਸੀ ਚਿਹਰੇ ਨੂੰ ਹਰਾਉਣ ਉਪਰੰਤ ਆਗਾਮੀ ਕੈਬਨਿਟ 'ਚ ਹਿੱਸਾ ਬਣਨ ਬਾਰੇ ਪੁੱਛੇ ਸੁਆਲ 'ਤੇ ਖੁੱਡੀਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੂਹਰੇ ਬਹੁਤ ਲੰਮੇ ਤੋਂ ਚੋਣ ਲੜਨਾ ਚਾਹੁੰਦੇ ਸਨ, ਹੁਣ ਸ੍ਰੀ ਬਾਦਲ ਦੀ ਉਮਰ ਵੱਡੀ ਹੁੰਦੀ ਜਾ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਫ਼ਿਕਰ ਸੀ ਕਿ ਇਹ ਖੁਹਾਇਸ਼ ਅਧੂਰੀ ਨਾ ਰਹਿ ਜਾਵੇ। ਪਰ ਉਸਨੂੰ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਰਕੇ ਪੂਰਾ ਹੋਣ ਦਾ ਮੌਕਾ ਮਿਲ ਸਕਿਆ। ਲੰਬੀ ਦੇ ਮਾਣਮੱਤੇ ਲੋਕਾਂ ਵੱਲੋਂ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾਉਣ ਦਾ ਮੌਕਾ ਦੇਣਾ ਮੰਤਰੀ ਬਣਨ ਨਾਲੋਂ ਕਈ ਗੁਣਾ ਵੱਡੀ ਪ੍ਰਾਪਤੀ ਹੈ।

ਲੰਬੀ ਹਲਕੇ ਪ੍ਰਤੀ ਪਹਿਲੀ ਪ੍ਰਾਥਮਿਕਤਾ ਪੁੱਛੇ ਜਾਣ 'ਤੇ ਸ੍ਰੀ ਖੁੱਡੀਆਂ ਨੇ ਕਿਹਾ ਕਿ ਹਲਕੇ ਵਿੱਚ ਨਸ਼ਿਆਂ ਦਾ ਖਾਤਮਾ, ਸਿੱਖਿਆ ਅਤੇ ਸਿਹਤ ਵੱਡੇ ਉਪਰਾਲੇ ਹੋਣਗੇ।

 ਜ਼ਿਕਰਯੋਗ ਹੈ ਕਿ 2017 'ਚ ਗੁਰਮੀਤ ਖੁੱਡੀਆਂ ਲੰਬੀ 'ਚ ਅਮਰਿੰਦਰ ਸਿੰਘ ਦੇ ਕਵਰਿੰਗ ਉਮੀਦਵਾਰ ਸਨ। ਉਦੋਂ ਉਹ ਅਮਰਿੰਦਰ ਸਿੰਘ ਦੇ ਚੋਣ ਲੜਨ ਕਰਕੇ ਟਿਕਟ ਤੋਂ ਖੁੰਝ ਗਏ ਸਨ। ਉਨ੍ਹਾਂ 1991 'ਚ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ 'ਤੇ ਫਰੀਦਕੋਟ ਪਾਰਲੀਮਾਨੀ ਹਲਕੇ ਤੋਂ ਚੋਣ ਲੜੀ ਸੀ, ਪਰ ਉਦੋਂ ਚੋਣਾਂ ਰੱਦ ਹੋ ਗਈਆਂ ਸਨ।

'ਆਮ ਬੰਦੇ' ਗੁਰਮੀਤ ਖੁੱਡੀਆਂ ਨੇ 'ਸਿਆਸੀ ਬੋਹੜ' ਨੂੰ ਹਰਾ ਕੇ ਸਿਰਜਿਆ ਇਤਿਹਾਸ


ਇਕਬਾਲ ਸਿੰਘ ਸ਼ਾਂਤ

ਲੰਬੀ: ਸੂਬੇ ਵਿੱਚ ਬਦਲਾਅ ਵਾਲੇ ਲੋਕ-ਫਤਵੇ ਨੇ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਉਮਰ-ਦਰਾਜ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਜਿਹੇ ਵੱਡੇ ਸਿਆਸੀ ਬੋਹੜ ਦਾ ਵਕਾਰ ਜੜੋਂ ਪੁੱਟ ਦਿੱਤਾ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੱਡੇ ਬਾਦਲ ਨੂੰ ਉਨ੍ਹਾਂ ਦੀ ਸਿਆਸੀ ਰਾਜਧਾਨੀ ਲੰਬੀ ਵਿੱਚ 11396 ਵੋਟਾਂ ਦੇ ਫ਼ਰਕ ਹਰਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ।

ਪ੍ਰਕਾਸ਼ ਸਿੰਘ ਬਾਦਲ 1997 ਤੋਂ ਲੰਬੀ ਤੋਂ ਲਗਾਤਾਰ ਵਿਧਾਇਕ ਸਨ। ਕੁੱਲ੍ਹ ਵੋਟਾਂ 135697 ਵਿੱਚੋਂ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 66313 ਵੋਟਾਂ ਮਿਲੀਆਂ। ਜਦਕਿ ਅਕਾਲੀ-ਬਸਪਾ ਗੱਠਜੋੜ ਦੇ ਪ੍ਰਕਾਸ਼ ਸਿੰਘ ਬਾਦਲ ਨੂੰ 54917 ਵੋਟਾਂ ਹਾਸਲ ਹੋਈਆਂ।

ਕਾਂਗਰਸ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ ਸਿਰਫ਼ 10136 ਵੋਟਾਂ 'ਤੇ ਸਿਮਟ  ਕੇ ਰਹਿ ਗਏ।

ਭਾਜਪਾ ਉਮੀਦਵਾਰ ਰਾਕੇਸ਼ ਧੀਂਗੜਾ ਨੇ 1116, ਅਕਾਲੀ ਦਲ (ਅੰਮ੍ਰਿਤਸਰ) ਦੇ ਜਸਵਿੰਦਰ ਸਿੰਘ ਖਿਉਵਾਲੀ ਨੂੰ 1318, ਆਜ਼ਾਦ ਉਮੀਦਵਾਰ ਗੁਰਤੇਜ ਸਿੰਘ ਨੂੰ 393 ਅਤੇ ਚਰਨਜੀਤ ਸਿੰਘ ਨੂੰ 278 ਵੋਟਾਂ ਮਿਲੀਆਂ।

ਨੋਟਾ ਬਟਨ 'ਤੇ 1226 ਵੋਟਰਾਂ ਨੇ ਵਿਸ਼ਵਾਸ ਜਤਾਇਆ। 1260 ਪੇਪਰ ਬੈਲਟ ਵੋਟ ਪਏ। ਲੰਬੀ 'ਚ ਪਹਿਲੀ ਵਾਰ ਅਕਾਲੀ ਦਲ 40.47 ਫ਼ੀਸਦੀ 'ਤੇ ਸਿਮਟਿਆ।

ਦਰਵੇਸ਼ ਸਿਆਸਤਦਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ (ਸੰਸਦ ਮੈਂਬਰ) ਦੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਦੀ ਜਿੱਤ 'ਚ ਸਿਆਸੀ ਧੁਰੰਧਰ ਮਹੇਸ਼ਇੰਦਰ ਸਿੰਘ ਬਾਦਲ ਦੇ ਆਪ-ਮੁਹਾਰੇ ਲਹਿਜੇ ਵਾਲੇ ਹਜ਼ਾਰਾਂ ਸਮਰਥਕਾਂ ਦਾ ਵੀ ਵੱਡਾ ਰੋਲ ਰਿਹਾ।ਜਿਹੜਾ ਕ੍ਰਿਸ਼ਮਾ 2017 'ਚ ਵੱਡੇ ਬਾਦਲ ਮੂਹਰੇ ਸਿਆਸੀ ਧੁਰੰਧਰ ਕੈਪਟਨ ਅਮਰਿੰਦਰ ਸਿੰਘ ਨਾ ਵਿਖਾ ਸਕੇ, ਉਹ 15 ਏਕੜ ਵਾਲੇ ਛੋਟੇ ਕਿਸਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਰ ਵਿਖਾਇਆ।

ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਵਿੱਚ ਅਕਾਲੀ ਇੰਚਾਰਜ਼ਾਂ ਦਾ ਹਲਕੇ 'ਚ ਸਿਖ਼ਰਲੀ ਜ਼ਮੀਨੀ ਵਿਰੋਧ, ਆਪ ਕਾਡਰ ਦੇ ਇਲਾਵਾ ਮਹੇਸ਼ਇੰਦਰ ਬਾਦਲ ਕਾਡਰ ਦੀ ਖੁੱਡੀਆਂ ਨਾਲ ਵੀਹ ਸਾਲਾਂ ਦੀ ਸਾਂਝ ਅਤੇ ਲੋਕਾਂ 'ਚ ਬਦਲਾਅ ਦੀ ਤੀਬਰਤਾ ਸੁਨਾਮੀ ਬਣ ਕੇ ਸਿਆਸੀ ਗੜ੍ਹ ਦੀਆਂ ਨੀਂਹਾਂ ਹਿਲਾ ਗਈ।

13 ਗੇੜ ਦੀ ਗਿਣਤੀ 'ਚ ਅਕਾਲੀ ਦਲ ਪੰਜਵੇਂ ਅਤੇ ਨੌਵੇਂ ਰਾਊਂਡ 'ਚ ਕ੍ਰਮਵਾਰ 375 ਅਤੇ 159 ਵੋਟਾਂ ਦੀ ਮਾਮੂਲੀ ਬੜ੍ਹਤ ਬਣਾ ਸਕਿਆ। ਸਰਾਵਾਂ ਜੈਲ ਦੇ ਕਰੀਬ 22 ਪਿੰਡਾਂ 'ਚ ਗੁਰਮੀਤ ਖੁੱਡੀਆਂ ਦੇ ਭਤੀਜੇ ਧੀਰਾ ਖੁੱਡੀਆਂ ਨੇ ਰਵਾਇਤੀ ਅਕਾਲੀ ਵੋਟ ਬੈਂਕ 'ਚ ਸੰਨ੍ਹ ਲਗਾਉਣ 'ਚ ਅਹਿਮ ਰੋਲ ਨਿਭਾਇਆ। ਇਸੇ ਤਰ੍ਹਾਂ ਉਨ੍ਹਾਂ ਦੇ ਛੋਟੇ ਭਰਾ ਹਰਮੀਤ ਸਿੰਘ ਖੁੱਡੀਆਂ ਕੈਨੇਡਾ ਦੇ ਨਾਲ ਵਕੀਲ ਰਮਨਦੀਪ ਸਿੰਘ ਪੰਧੇਰ ਅਤੇ ਉਨ੍ਹਾਂ ਦੀ ਟੀਮ ਨੇ ਵੀ ਦਿਨ ਰਾਤ ਇੱਕ ਕਰਕੇ ਹਲਕੇ ਭਰ ਵਿੱਚ ਚੋਣ ਪ੍ਰਚਾਰ ਨੂੰ ਭਖਾਇਆ।

ਖੁੱਡੀਆਂ ਪਰਿਵਾਰ ਦੇ ਛੇ ਮੈਂਬਰਾਂ ਨੇ ਚੋਣ ਕਮਾਂਡ ਚਲਾਈ। ਇਲਾਕੇ 'ਚ ਨਸ਼ਿਆਂ ਦੀ ਬਹੁਤਾਤ ਅਤੇ ਛੋਟੇ ਕਿਰਸਾਨੀ ਦੀ ਗੈਰ-ਸੁਣਵਾਈ ਨੇ ਵਕਾਰੀ ਹਲਕੇ ਦੀ ਬਾਗਡੋਰ ਸਾਧਾਰਨ ਕਿਸਾਨ ਗੁਰਮੀਤ ਖੁੱਡੀਆਂ ਦੇ ਹੱਥ ਸੌਂਪ ਦਿੱਤੀ। ਜਿੱਤ ਦਾ ਐਲਾਨ ਹੋਣ 'ਤੇ ਖੁੱਡੀਆਂ ਸਮਰਥਕਾਂ ਨੇ ਗਿਣਤੀ ਕੇਂਦਰ ਦੇ ਨੇੜੇ ਢੋਡ ਡੱਗੇ 'ਤੇ ਰੱਜ ਕੇ ਭੰਗੜੇ ਪਾਏ।

ਵਰਕਰ ਖੁੱਡੀਆਂ ਦੇ ਦੋਵੇਂ ਪੁੱਤਰਾਂ ਅਮੀਤ, ਸੁਮੀਤ ਅਤੇ ਭਤੀਜੇ ਧੀਰਾ ਖੁੱਡੀਆਂ ਨੂੰ ਮੋਢਿਆਂ 'ਤੇ ਚੁੁੱਕ ਕੇ ਜਿੱਤ ਦੀ ਖੁਸ਼ੀ ਜਾਹਰ ਕਰਦੇ ਰਹੇ। ਵਰਕਰਾਂ 'ਚ ਖੁੱਡੀਆਂ ਦੀ ਜਿੱਤ ਨਾਲੋਂ ਵੱਡੇ ਬਾਦਲ ਦੀ ਹਾਰ ਦੀ ਖੁਸ਼ੀ ਵੱਧ ਵਿਖਾਈ ਦਿੱਤੀ।

 

09 March 2022

'ਬਦਲਾਅ' ਲਹਿਰ! ਪਿੰਡ ਬਾਦਲ 'ਚ ਵੱਟੇ ਜਾ ਰਹੇ ਛੇ ਕੁਇੰਟਲ ਲੱਡੂ


- ਬਾਦਲ ਧਿਰ ਵੱਲੋਂ 25 ਹਜ਼ਾਰ ਅਤੇ ਖੁੱਡੀਆਂ ਵੱਲੋਂ ਸਾਢੇ ਅੱਠ ਹਜ਼ਾਰ ਦੇ ਫ਼ਰਕ ਦੀ ਜਿੱਤ ਦਾ ਦਾਅਵਾ

- 13 ਰਾਊਂਡਾਂ 'ਚ ਹੋਵੇਗੀ 177 ਬੂਥਾਂ ਦੀ ਵੋਟ ਗਿਣਤੀ


ਇਕਬਾਲ ਸਿੰਘ ਸ਼ਾਂਤ

ਲੰਬੀ: ਐਤਕੀਂ ਬਦਲਾਅ ਦੀ ਲੋਕ-ਘਰੇੜ ਨੇ ਲੰਬੀ ਹਲਕੇ 'ਚ ਸਿਆਸੀ ਭੰਬਲਭੂਸਾ ਪਾ ਰੱਖਿਆ ਹੈ। ਦੂਜੇ ਪਾਸੇ ਪਿੰਡ ਬਾਦਲ 'ਚ ਦੋ ਪ੍ਰਮੁੱਖ ਹਲਵਾਈਆਂ ਵੱਲੋਂ  ਕਿਸੇ ਸਿਆਸੀ ਧਿਰ ਦੇ ਆਰਡਰ ਤੋਂ ਛੇ ਕੁਇੰਟਲ ਲੱਡੂ ਵੱਟੇ ਜਾ ਰਹੇ ਹਨ। ਕੱਲ੍ਹ 10 ਮਾਰਚ ਨੂੰ ਪੰਜਾਬ ਚੋਣਾਂ ਦੇ ਨਤੀਜੇ ਆਉਣੇ ਹਨ।

ਚੋਣ ਨਤੀਜਿਆਂ ਦੇ ਅਖੀਰਲੇ ਘੰਟਿਆਂ 'ਚ ਜੇਤੂ ਦਾਅਵਿਆਂ ਅਤੇ ਵੋਟਾਂ ਦੀ ਗਿਣਤੀਆਂ-ਮਿਣੀਆਂ ਦਾ ਦੌਰ ਜਾਰੀ ਹੈ। ਅਕਾਲੀ ਦਲ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਛੇਵੀਂ ਵਾਰ 20 ਤੋਂ 25 ਹਜ਼ਾਰ ਵੋਟਾਂ ਨਾਲ ਸ਼ਾਨਦਾਰ ਰਵਾਇਤੀ ਜਿੱਤ ਦੇ ਦਾਅਵੇ ਹੋ ਰਹੇ ਹਨ। ਦੂਜੇ ਪਾਸੇ ਆਪ ਦੇ ਉਮੀਦਵਾਰ 

ਗੁਰਮੀਤ ਸਿੰਘ ਖੁੱਡੀਆਂ ਨੇ ਸਾਢੇ ਅੱਠ ਹਜ਼ਾਰ ਨਾਲ ਲੰਬੀ ਫਤਿਹ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਉਤਸਾਹ ਨਾਲ ਨਤੀਜੇ ਤੋਂ ਇੱਕ ਦਿਨ ਪਹਿਲਾਂ ਅਗਾਊਂ ਵਧਾਈਆਂ ਦਾ ਵੱਡਾ ਸਿਲਸਿਲਾ ਚੱਲ ਰਿਹਾ ਹੈ, ਉਸ ਮੁਤਾਬਕ ਨਤੀਜੇ ਇਤਿਹਾਸ ਪਲਟਾਊ ਹੋਣਗੇ। 

ਜ਼ਿਕਰਯੋਗ ਹੈ ਕਿ 2017 'ਚ ਅਕਾਲੀ ਦਲ ਨੂੰ ਹਲਕੇ 'ਚ 87 ਫ਼ੀਸਦੀ ਬੂਥਾਂ 'ਤੇ ਬੜ੍ਹਤ ਮਿਲੀ ਸੀ। ਜਦਕਿ ਕਾਂਗਰਸ ਤੇ ਆਪ ਦੀ ਬੜ੍ਹਤ ਸਿਰਫ਼ 22 ਬੂਥਾਂ 'ਤੇ ਸਿਮਟ ਗਈ ਸੀ। ਇਸ ਵਾਰ ਲੰਬੀ 'ਚ ਅਕਾਲੀ ਦਲ, ਆਪ, ਕਾਂਗਰਸ ਅਤੇ ਭਾਜਪਾ ਦੀ ਮੌਜੂਦਗੀ ਵਾਲੀ ਚੋਣ ਸਥਿਤੀ ਕਈ ਧਿਰਾਂ ਦੇ ਸਿਆਸੀ ਭਵਿੱਖ ਦੀ ਇਬਾਰਤ ਘੜੇਗੀ। 

ਖੁੱਡੀਆਂ ਦਾ ਕਹਿਣਾ ਸੀ ਕਿ ਸਰਾਵਾਂ ਜੈਲ 'ਚੋਂ ਉਨ੍ਹਾਂ ਨੂੰ ਚਾਰ-ਪੰਜ ਹਜ਼ਾਰ ਵੋਟਾਂ ਦੀ ਬੜ੍ਹਤ ਮਿਲੇਗੀ। ਮੰਡੀ ਕਿੱਲਿਆਂਵਾਲੀ ਵਿੱਚੋਂ ਪਹਿਲਾਂ ਨਾਲੋਂ ਘੱਟ ਰਹਿਣ ਵਾਲੀ ਅਕਾਲੀ ਦਲ ਦੀ ਬੜ੍ਹਤ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੁੱਡੀਆਂ ਗੁਲਾਬ ਸਿੰਘ ਅਤੇ ਖੁੱਡੀਆਂ ਮਹਾਂ ਸਿੰਘ ਹੀ ਬਰਾਬਰ ਕਰ ਦੇਣਗੇ। ਖੁੱਡੀਆਂ ਮੁਤਾਬਕ ਕੱਖਾਂਵਾਲੀ ਵਿੱਚ ਆਪ ਨੂੰ 7-8 ਸੌ ਅਤੇ ਸਿੱਖਵਾਲਾ 'ਚ ਚਾਰ ਸੌ ਵੋਟਾਂ ਦੀ ਬੜ੍ਹਤ ਮਿਲੇਗੀ। 

ਅਕਾਲੀ ਦਲ ਦੇ ਹਲਕਾ ਸੰਯੋਜਕ ਅਵਤਾਰ ਸਿੰਘ ਬਨਵਾਲਾ ਨੇ ਦਾਅਵਾ ਵੱਡੇ ਬਾਦਲ ਦੀ 25 ਹਜ਼ਾਰ ਵੋਟਾਂ ਨਾਲ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਗਿਣਤੀ ਏਜੰਟ  ਭਾਈ ਜਗਤਾ ਜੀ ਗੁਰਦੁਆਰਾ ਮਲੋਟ 'ਚ ਹਮੇਸ਼ਾਂ ਵਾਂਗ ਅਰਦਾਸ ਕਰਕੇ ਗਿਣਤੀ 'ਤੇ ਡਿਊਟੀਆਂ ਨਿਭਾਉਣ ਜਾਣਗੇ।

20 ਫਰਵਰੀ ਨੂੰ ਲੰਬੀ ਹਲਕੇ 'ਚ 177 ਬੂਥਾਂ 'ਤੇ ਕੁੱਲ੍ਹ 134439 (81.35 ਫ਼ੀਸਦ) ਵੋਟਾਂ ਪਈਆਂ, ਜੋ ਕਿ ਪਹਿਲਾਂ ਨਾਲੋਂ 4.42 ਫ਼ੀਸਦੀ ਘੱਟ ਸੀ। ਚੋਣ ਤੰਤਰ ਨੇ ਮਿਮਿਟ, ਮਲੋਟ 'ਚ ਲੰਬੀ ਦੀ ਚੋਣ ਗਿਣਤੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਏ.ਡੀ.ਸੀ-ਕਮ-ਰਿਟਰਨਿੰਗ ਅਫਸਰ ਰਾਜਦੀਪ ਕੌਰ ਨੇ ਦੱਸਿਆ ਕਿ ਗਿਣਤੀ ਸਬੰਧੀ ਦੋ ਹਾਲ ਕਮਰਿਆਂ 'ਚ 14 ਟੇਬਲ ਲਗਾਏ ਹਨ। ਗਿਣਤੀ ਦੇ ਕੁੱਲ੍ਹ 13 ਰਾਊਂਡ ਹੋਣਗੇ।

ਇਸੇ ਵਿਚਕਾਰ ਐਗਜ਼ਿਟ ਪੋਲਾਂ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਬਾਦਲ ਪਿੰਡ ਦੇ ਹਲਵਾਈਆਂ ਨੂੰ ਜਿੱਤ ਦਾ ਗੁਣਾ ਸਿਆਸੀ ਪਿੰਡ ਦੇ ਖਾਤੇ ਪੈਂਦਾ ਜਾਪਦਾ ਹੈ। ਉਹ ਬਿਨ੍ਹਾਂ ਆਰਡਰ ਤੋਂ ਹੀ ਲੱਡੂਆਂ ਦੇ ਢੇਰ ਵੱਟਣ 'ਚ ਜੁੱਟ ਹੋਏ ਹਨ। ਡੋਗਰਾ ਸਵੀਟ ਹਾਊਸ ਦੇ ਮਾਲਕ ਵੇਦ ਪ੍ਰਕਾਸ਼ ਡੋਗਰਾ ਨੇ ਕਿਹਾ ਕਿ ਉਨ੍ਹਾਂ ਚਾਰ ਕੁਇੰਟਲ ਲੱਡੂ ਬਣਾਏ ਜਾ ਰਹੇ ਹਨ। ਹਾਲਾਂਕਿ ਆਰਡਰ ਕਿਸੇ ਧਿਰ ਵੱਲੋਂ ਆਇਆ, ਪਹਿਲਾਂ ਵੀ ਇੰਨੇ ਲੱਡੂ ਤਾਂ ਲੱਗ ਹੀ ਜਾਂਦੇ ਹਨ। ਮਾਨ ਸਵੀਟ ਹਾਊਸ ਦੇ ਮਾਲਕ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋ ਕੁਇੰਟਲ ਲੱਡੂ ਵੱਟੇ ਹਨ। ਭਾਵੇਂ ਜਿੱਤੇ ਕੋਈ, ਪਰ ਖੇਤਰ 'ਚ ਪਿੰਡਾਂ ਦੇ ਵਰਕਰਾਂ 'ਚ ਉਤਸਾਹ ਮੂਹਰੇ ਇਹ ਲੱਡੂਆਂ ਘੱਟ ਪੈ ਜਾਂਦੇ ਹਨ।

06 March 2022

ਉਲਝੇ ਰਾਜਸੀ ਮਾਹੌਲ ਵਿੱਚੋਂ ਵੱਡਾ ਸਿਆਸੀ ਖੁਰਾਫ਼ਾਤੀ ਬਣ ਕੇ ਉੱਭਰਿਆ ਵੋਟਰ 'ਮਹਾਰਾਜਾ'



ਘਰਾਂ 'ਤੇ ਲੱਗੇ 3-3 ਪਾਰਟੀਆਂ ਦੇ ਝੰਡੇ ਵਧਾ ਰਹੇ ਸਿਆਸੀ ਪੀੜਾਂ


ਇਕਬਾਲ ਸਿੰਘ ਸ਼ਾਂਤ

ਲੰਬੀ: ਦਸ ਮਾਰਚ ਨੂੰ ਆਉਣ ਵਾਲੇ ਨਤੀਜਿਆਂ ਵਾਲੀ ਚੋਣ ਵਿੱਚ ਪੰਜਾਬ ਦੇ ਵਿਗੜੇ ਹੋਏ ਰਾਜਸੀ ਮਾਹੌਲ ਵਿੱਚੋਂ ਵੋਟਰ 'ਮਹਾਰਾਜਾ' ਵੱਡਾ ਸਿਆਸੀ ਖੁਰਾਫ਼ਾਤੀ ਬਣ ਕੇ ਉੱਭਰਿਆ ਹੈ। ਜਿਸਦੀ ਇਕਲੌਤੀ ਟੇਢੀ ਚਾਲ ਨੇ ਰਾਜਸੀ ਲੋਕਾਂ ਨੂੰ ਪੰਜੀ ਦਾ ਭੌਣ ਵਿਖਾ ਦਿੱਤਾ ਹੈ। 

ਸੂਬੇ 'ਚ  ਆਮ ਘਰਾਂ ਦੇ ਬੂਹੇ-ਬਨੇਰਿਆਂ 'ਤੇ ਲੱਗੇ ਕਈ-ਕਈ ਪਾਰਟੀਆਂ ਦੇ ਝੰਡਿਆਂ ਨੇ ਉਮੀਦਵਾਰਾਂ ਦੇ ਟੇਵੇਂ ਮਧੋਲ ਦਿੱਤੇ ਹਨ। ਸਿਆਸੀ ਨਹਿਲੇ 'ਤੇ ਵੋਟ ਦਹਿਲੇ ਨੂੰ ਬਦਲਾਅ ਦੀ ਨਵੀਂ 'ਪ੍ਰਾਹਣਚਾਰੀ' ਆਖਿਆ ਜਾ ਰਿਹਾ ਹੈ। ਸੂਬੇ 'ਚ ਤ੍ਰਿਸ਼ੰਕੂ ਵਿਧਾਨਸਭਾ ਸਰਕਾਰ ਬਣਨ ਦੀ ਚਰਚਾ ਹੈ। ਆਖਦੇ ਨੇ ਵੋਟਰਾਂ ਬੜਾ ਸਿਆਣਾ ਹੁੰਦਾ, ਚੁੱਪ ਰਹਿ ਕੇ ਵੀ ਬਹੁਤ ਕੁੱਝ ਆਖ ਜਾਂਦਾ। ਇਹ ਉਸਦੇ ਅਗਾਊਂ ਸੰਕੇਤ ਝੋਲੀ ਦਾਣੇ ਪਾਉਂਦੇ ਹਨ, ਇਹ ਤਾਂ 10 ਮਾਰਚ ਦੇ ਬਾਅਦ ਚੜ੍ਹਦੀ ਦੁਪਿਹਰ ਦੱਸੇਗੀ। ਚੋਣਾਂ ਦੇ ਦੋ ਹਫ਼ਤੇ ਬਾਅਦ ਵੀ ਸਿਆਸੀ ਧਿਰਾਂ ਅਤੇ ਸਿਆਸੀ ਮਾਹਰ ਨਤੀਜਿਆਂ ਬਾਰੇ ਪੱਕਾ ਔਲੀਆਪੁਣਾ ਨਹੀਂ ਵਿਖਾ ਸਕੇ।

ਲੰਬੀ ਹਲਕੇ ਇੱਕ ਘਰ 'ਤੇ ਤਿੰਨ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਵੇਖ ਜਿਗਿਆਸੂ ਮਨ ਨਾਲ ਉਸ ਘਰ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਬੜੇ ਰੌਚਿਕ ਤੱਥ ਉੱਭਰ ਕੇ ਸਾਹਮਣੇ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜਾ ਆਈ ਗਈ ਝੰਡਾ ਲਾਈ ਗਿਆ, ਅਸੀਂ ਨਾਂਹ ਇੰਝ ਨਹੀਂ ਕੀਤੀ ਕਿ ਆਪਾਂ ਬਟਨ ਦੱਬਣ ਵਾਲੇ ਆਪਣੀ ਮਰਜ਼ੀ ਕਰ ਦੇਵਾਂਗੇ। ਹੁਣ ਇਨਾਂ ਨੂੰ ਆਪਾਂ ਮਰਜ਼ੀ ਕਰ ਲੈਣ ਦਿਓ, ਆਖ਼ਰ ਵੱਡੇ ਲੀਡਰ ਬੰਦੇ ਨੇ ਕਦੇ ਕੰਮ ਧੰਦੇ ਆ ਜਾਂਦੇ ਨੇ। ਜਦੋਂ ਤਿੰਨਾਂ ਝੰਡਿਆਂ ਵਿੱਚੋਂ ਵੋਟ ਕਿਹਦੇ ਹਿੱਸੇ ਆਉਣ ਵਾਲੇ ਪੁੱਛਿਆ ਕਿ ਚੰਗੇ ਬੰਦੇ ਨੂੰ ਵੋਟ ਪਾਈ ਏ। ਜਦੋਂ ਪੁੱਛਿਆ ਤਾਂ ਚੰਗਾ ਕਿਹੜਾ ਏ। ਜਵਾਬ ਮਿਲਿਆ ਕਿ ਸਾਰੇ ਚੰਗੇ ਆ, ਅਸੀਂ ਕਿਸੇ ਨਾਲ ਕਿਉਂ ਵਿਗਾੜੀਏ।' ਪਰ ਵੋਟ ਚੰਗੇ ਬੰਦੇ ਨੂੰ ਐ, ਇਹ ਪੱਕਾ ਐ।

ਉਸਦੇ ਨੇੜਲੇ ਘਰ 'ਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਝੰਡੇ ਲੱਗਿਆ ਬਾਰੇ ਪੁੱਛਣ 'ਤੇ ਘਰ ਦੇ ਮਾਲਕ ਸਧਾਰਨ ਗਰੀਬ ਵਿਅਕਤੀ ਨੇ ਆਖਿਆ ਕਿ ਸਿੱਧੀ ਗੱਲ ਆ ਜੀ, ਝੂਠ ਤਾਂ ਬੋਲਿਆਂ ਨਹੀਂ ਜਾਂਦਾ, ਪਰ ਉਹ ਝੰਡਿਆਂ ਪੱਖੋਂ ਵੀ ਕੋਰਾ ਐ। ਉਹਦੇ ਪਰਿਵਾਰ ਨੇ ਚਾਰ ਵੋਟਾਂ ਵਿੱਚੋਂ ਦੋ ਅਕਾਲੀ ਦਲ ਅਤੇ ਦੋ ਆਪ ਨੂੰ ਪਾ ਦਿੱਤੀਆਂ। ਉਸਨੂੰ ਪੁੱਛਿਆ ਇਹ ਬਦਲਾਅ ਕਿਵੇਂ ਆਵੇਗਾ। ਉਸਦਾ ਕਹਿਣਾ ਸੀ ਕਿ ਬਾਦਲ ਸਾਬ੍ਹ ਨੇ ਸਾਡੇ ਬਹੁਤ ਕੰਮ ਕੀਤੇ ਐ, ਪਰ ਹੁਣ ਬਦਲਾਅ ਦੀ ਵਾਹਲੀ ਗੱਲ ਚੱਲੀ ਹੈ। ਇਸੇ ਕਰਕੇ ਦੋ ਤੇਰੀਆਂ, ਦੋ ਮੇਰੀਆਂ ਕਰਕੇ ਵੇਖੀਆਂ ਹਨ, ਸ਼ਾਇਦ ਕੁੱਝ ਚੰਗਾ ਹੋ ਜਾਵੇ। ਨੇੜਿਓਂ ਲੰਘਦਾ ਇੱਕ ਹੋਰ ਵਿਅਕਤੀ ਤਨਜ਼ ਕਸ ਗਿਆ, ਬਦਲਾਅ ਤਾਂ ਨਹੀਂ ਆਵੇਗਾ, ਭਾਵੇਂ ਰੱਬ ਹੇਠਾਂ ਲਾਹ ਲਿਓ, ਬਾਕੀ ਸਭ ਠੀਕ ਐ।'

ਅਜਿਹੇ ਹਾਲਾਤ ਨਤੀਜਿਆਂ ਵਿੱਚ ਬਹੁਤਿਆਂ ਦੇ ਮੂੰਹਾਂ 'ਤੇ ਵੋਟਰਾਂ ਦੀ ਮੋੜਵੀ ਭਾਜੀ 'ਲੂਣ ਵਾਲੀਆਂ ਮੱਠੀਆਂ' ਮਾਰ ਸਕਦੀ ਹੈ। ਸੂਬੇ ਭਰ 'ਚ ਵੋਟਾਂ ਦੀ ਖਰੀਦੋ-ਫਰੋਖ਼ਤ ਦੀ ਪਰਤਾਂ ਹੌਲੀ-ਹੌਲੀ ਉੱਧੜਨ ਲੱਗੀ ਹੈ। ਜਿਸਦੇ ਲੜਾਈ ਝਗੜੇ ਉੱਭਰ ਕੇ ਸਾਹਮਣੇ ਆ ਰਹੇ ਹਨ। ਕਈ ਥਾਈਂ 'ਚ ਕਈ ਵੋਟਰਾਂ ਵੱਲੋਂ ਇੱਕੋ ਪਾਰਟੀ ਤੋਂ ਦੋ-ਦੋ ਵਾਰ ਪੈਸੇ ਲੈਣ ਦੇ ਖੁਲਾਸੇ ਹੋਏ ਹਨ। ਲੋਕਤੰਤਰ ਦੇ ਵੇਚੇ ਅਧਿਕਾਰ ਦਾ ਹਿਸਾਬ-ਕਿਤਾਬ ਕਰਨ 'ਤੇ ਦੋਹਰੀ ਮਾਰ 'ਚਾਂਦਮਾਰੀ' ਨਸ਼ਰ ਹੋਈ। ਦੱਸਿਆ ਜਾਂਦਾ ਹੈ ਕਿ ਬੂਥ ਵਾਈਜ਼ ਖਰੀਦੇ ਵੋਟਾਂ ਦਾ ਬਹੀ-ਖਾਤਾ ਹੋਣ 'ਤੇ ਇੱਕ ਵੋਟ ਦੋ-ਦੋ ਵਾਰੀ ਵਿਕਿਆ ਮਿਲਿਆ। ਇਹ ਵੋਟ ਇੱਕ ਔਰਤ ਨੇ ਵੇਚੀ ਸੀ। ਅਜਿਹੇ ਅਣਗਿਣਤ ਮਾਮਲੇ ਹਨ। ਇਸ ਵਾਰ ਵੋਟਾਂ ਖਰੀਦਣ ਵਾਲਿਆਂ ਨੂੰ ਮੋਬਾਇਲ ਕੈਮਰੇ ਵਿਖਾ ਕੇ ਉਨ੍ਹਾਂ ਦੇ ਲਿਹਾਜੀ 'ਮਨੁੱਖੀ ਬੰਬ' ਨਾਲ ਵਿਚਰਦੇ ਰਹੇ। ਇੱਕ ਆਗੂ ਨੇ ਦੱਸਿਆ ਕਿ ਹੁਣ ਵੋਟ ਖਰੀਦਣਾ ਵੀ ਧਾਰਾ 307 ਨਾਲੋਂ ਭੈੜਾ ਹੋ ਗਿਆ ਹੈ। ਫਲਾਣਾ ਪਤੰਦਰ, ਨਾਲੇ ਵੋਟਾਂ ਦੇ ਪੈਸੇ ਲੈ ਗਿਆ, ਫਿਰ ਵਾਰ ਮੋਬਾਇਲ ਵਿਖਾ ਕੇ ਡਰਾਵੇ ਦਿੰਦਾ ਰਿਹਾ। ਸੋਸ਼ਲ ਮੀਡੀਆ 'ਤੇ ਵੀਡੀਓ ਪਾਊਂ, ਤੁਸੀਂ ਪੈਸੇ ਵੰਡੀ ਜਾਂਦੇ ਓੇ।'

ਇਸਦੇ ਇਲਾਵਾ ਵੋਟਾਂ ਸਮੇਂ ਦੀ ਇੱਕ ਵੀਡੀਓ ਫਾਇਰਲ ਹੁੰਦੀ ਫਿਰਦੀ ਹੈ ਜਿਸ ਵਿੱਚ ਇੱਕ ਵਿਅਕਤੀ ਉਸਦੀ ਆਪਣੀ ਪਾਰਟੀ 'ਤੇ ਘਰ ਵਿੱਚ ਸ਼ਰਾਬ 'ਤੇ ਪੇਟੀ ਭੇਜਣ 'ਤੇ ਰੋਸਾ ਜਾਹਰ ਕਰ ਰਿਹਾ ਹੈ। ਇੱਕ ਸਰਕਾਰੀ ਮੁਲਾਜ਼ਮ ਨੇ ਆਖਿਆ ਕਿ ਹਲਕੇ ਵਿਚ ਵੋਟਾਂ ਦੀ ਕੀਮਤ ਘੱਟ ਪੈਣ ਬਾਰੇ ਹੁਣ ਵੋਟਰਾਂ ਦਾ ਗੁੱਸਾ ਸਾਹਮਣੇ ਆ ਰਿਹਾ ਹੈ। ਕੰਮ ਧੰਦੇ ਲਈ ਦਫਤਰਾਂ 'ਚ ਆਉਣ ਵਾਲੇ ਲੋਕ ਦੱਸ ਰਹੇ ਹਨ ਕਿ ਵੋਟਾਂ ਦੀ ਕੀਮਤ ਮੌਕੇ ਅਤੇ ਮਨ ਮੁਤਾਬਕ ਨਹੀਂ ਮਿਲੀ। ਇਸੇ ਲਈ ਉਨ੍ਹਾਂ ਵੋਟ ਫਲਾਂਅ ਉਮੀਦਵਾਰ ਨੂੰ ਪਾਈ। ਵਿਕਣ ਦੇ ਚਾਹਵਾਨ ਵੋਟਰਾਂ  ਨੂੰ ਪ੍ਰਤੀ ਵੋਟ ਪੰਜ ਹਜ਼ਾਰ ਮੁੱਲ ਪੈਣ ਦੀ ਉਮੀਦ ਸੀ। 


ਨਵੇਂ ਸੂਟ ਸਿਲਾਉਣੋਂ ਝਿਜਕ ਰਹੇ ਉਮੀਦਵਾਰ

ਇਸ ਵਾਰ ਸਿਆਸਤਦਾਨਾਂ ਦੇ ਦਰਜੀਆਂ ਦਾ ਕੰਮ ਵੀ ਮੱਠਾ  ਦੱਸਿਆ ਜਾਂਦਾ ਹੈ। ਐਤਕੀਂ ਅੰਦਾਜ਼ੇ ਯਕੀਨੀ ਜਿੱਤ ਤੋਂ ਕੋਹਾਂ ਪਿਛਾਂਹ ਹੋਣ ਕਰਕੇ ਸੰਭਾਵੀ ਜਿੱਤ ਮਨ 'ਚ ਪਾਲੀ ਬੈਠਣ ਵਾਲੇ ਰਵਾਇਤੀ ਉਮੀਦਵਾਰਾਂ ਦੇ ਮਨ 'ਚ ਚਾਅ ਨਾਲੋਂ ਵੱਧ ਡਰ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਸਹੁੰ ਚੁੱਕਣ ਲਈ ਨਵੇਂ ਸੂਟ ਸਿਲਾਉਣੋਂ ਝਿਜਕ ਰਹੇ ਹਨ, ਤਾਂ ਹਾਰਨ 'ਤੇ ਨਵਾਂ ਸੂਟ ਕੌੜੀ ਯਾਦ ਬਣ ਕੇ ਅਲਮਾਰੀ 'ਚ ਨਿੱਤ ਸਾਹਮਣੇ ਨਾ ਆਇਆ ਕਰੇ। ਇੱਕ ਨਾਮੀ ਦਰਜੀ ਨੇ ਕਿਹਾ ਕਿ ਇਸ ਉਮੀਦਵਾਰਾਂ 'ਚ ਨਤੀਜਿਆਂ ਪ੍ਰਤੀ ਪਹਿਲਾਂ ਵਾਲਾ ਚਾਅ ਨਹੀਂ ਵਿਖਾ ਰਿਹਾ, ਜਿਸਦਾ ਉਨ੍ਹਾਂ ਦੇ ਕਾਰੋਬਾਰ 'ਤੇ ਅਸਰ ਪੈ ਰਿਹਾ ਹੈ।