17 April 2022

ਵਿਧਾਇਕ ਪੁੱਤਰ ਅਤੇ ਟਰੱਕ ਅਪਰੇਟਰਾਂ 'ਚ ਤੂੰ-ਤੜਾਕ: 'ਤੁਸੀਂ ਸਾਡੇ ਘਰ ਖੁੱਡੀਆਂ ਕੀ ਦਾਣੇ ਲੈਣ ਗਏ ਸੀ'


ਇਕਬਾਲ ਸਿੰਘ ਸ਼ਾਂਤ

ਲੰਬੀ: ਆਪ ਦੇ ਨਵੇਂ ਕਾਡਰ ਦੀ ਮੁੱਛ ਦਾ ਸੁਆਲ ਬਣੇ ਟਰੱਕ ਯੂਨੀਅਨ ਕਿੱਲਿਆਂਵਾਲੀ ਮਾਮਲੇ 'ਚ ਸ਼ਨੀਚਰਵਾਰ ਨੂੰ ਅੱਜ ਹਲਕਾ ਵਿਧਾਇਕ ਦਾ ਪੁੱਤਰ ਅਮੀਤ ਖੁੱਡੀਆਂ ਖੁੱਲ੍ਹੇਆਮ ਮੈਦਾਨ 'ਚ ਉੁੱਤਰ ਆਇਆ। ਉਸਦੀ ਆਪ੍ਰੇਟਰਾਂ ਨਾਲ ਮੀਟਿੰਗ ਮੌਕੇ ਮਸਲਾ ਹੋਰ ਤਿੱਖਾ ਰੂਪ ਧਾਰ ਗਿਆ। ਟਰੱਕ ਆਪ੍ਰੇਟਰਾਂ ਨੇ ਬਾਹਰੀ ਵਿਅਕਤੀ ਨੂੰ ਜਬਰੀ ਪ੍ਰਧਾਨ ਮੰਨਣ ਦੀ ਸਿਆਸੀ ਧੱਕੇਸ਼ਾਹੀ ਖਿਲਾਫ਼ ਮੰਡੀਆਂ 'ਚੋਂ ਕਣਕ ਲਿਫ਼ਟਿੰਗ ਤੋਂ ਨਾਂਹ ਕਰ ਦਿੱਤੀ ਹੈ।

ਖੇਤਰ 'ਚ ਖਰੀਦ ਕੇਂਦਰਾਂ 'ਤੇ ਹਜ਼ਾਰਾਂ ਗੱਟੇ ਕਣਕ ਲਿਫ਼ਟਿੰਗ ਲਈ ਪਈ ਹੈ। ਅਜਿਹੇ 'ਚ ਵਿਵਾਦ ਮੁੱਖ ਮੰਤਰੀ ਭਗਵੰਤ ਮਾਨ ਤੱਕ ਪੁੱਜਣ ਦੇ ਹਾਲਾਤ ਬਣ ਗਏ ਹਨ। ਸੂਤਰਾਂ ਮੁਤਾਬਕ ਬੀਤੇ ਪਰਸੋਂ ਦਰਜਨਾਂ ਖਾਕੀ ਮੁਲਾਜਮਾਂ ਨੂੰ ਯੂਨੀਅਨ ਕੰਪਲੈਕਸ 'ਚ ਡੇਰਾ ਲਗਵਾਈ ਰੱਖਣ ਵਾਲਾ ਪੁਲਿਸ ਪ੍ਰਸ਼ਾਸਨ ਮਲੋਟ ਵਿਵਾਦ ਤੋਂ ਹੱਥ ਖੜ੍ਹੇ ਕਰ ਗਿਆ ਹੈ। ਮਾਮਲਾ 'ਆਪ' ਦੇ ਨਵੇਂ ਤੇ ਪੁਰਾਣੇ ਕਾਡਰ 'ਚ ਵਜੂਦ ਦਾ ਮਸਲਾ ਬਣ ਗਿਆ ਹੈ।

ਵਿਧਾਇਕ ਪੁੱਤਰ ਅਮੀਤ ਖੁੱਡੀਆਂ ਨੇ ਮੋਰਚਾ ਸੰਭਾਲਦੇ ਅੱਜ ਕਿੱਲਿਆਂਵਾਲੀ 'ਚ ਇੱਕ ਹਰਿਆਣਵੀ ਕਾਂਗਰਸ ਆਗੂ ਦੇ ਟੈਂਟ ਹਾਊਸ 'ਤੇ ਟਰੱਕ ਆਪ੍ਰੇਟਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਬਾਅਦ ਟਰੱਕ ਆਪ੍ਰੇਟਰ ਆਗੂ ਰਾਜਪਾਲ ਸੱਚੇਦਵਾ, ਕਿਸ਼ੋਰ ਚੰਦ ਤੇ ਜਰਨੈਲ ਸਿੰਘ ਡੱਫ਼ੂ ਨੇ ਦੱਸਿਆ ਕਿ ਡੀ.ਐਸ.ਪੀ. ਮਲੋਟ ਨੇ ਉਨ੍ਹਾਂ ਨੂੰ ਮਸਲੇ ਦੇ ਹੱਲ ਲਈ ਵਿਧਾਇਕ ਦੇ ਲੜਕੇ ਅਮੀਤ ਖੁੱਡੀਆਂ ਨਾਲ ਗੱਲ ਕਰਨ ਲਈ ਸੁਨੇਹਾ ਲਗਾਇਆ ਸੀ।

 ਉਨ੍ਹਾਂ ਕਿਹਾ ਕਿ ਅਮੀਤ ਖੁੱਡੀਆਂ ਤੇ ਟੋਜੀ ਲੰਬੀ ਨੇ ਉਨ੍ਹਾਂ ਨੂੰ ਟੈਂਟ ਹਾਊਸ 'ਤੇ ਇੱਕਤਰਫ਼ਾ ਫੈਸਲੇ ਤਹਿਤ ਦਰਸ਼ਨ ਸਿੰਘ ਵੜਿੰਗਖੇੜਾ ਦੇ ਪ੍ਰਧਾਨ ਬਣੇ ਰਹਿਣ ਦਾ ਫੁਰਮਾਨ ਸੁਣਾਇਆ। ਜਰਨੈਲ ਸਿੰਘ ਅਨੁਸਾਰ ਜਦੋਂ ਉਨ੍ਹਾਂ ਬਾਹਰੀ ਵਿਅਕਤੀ ਨੂੰ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ। ਜਿਸ 'ਤੇ ਅਮੀਤ ਖੁੱਡੀਆਂ ਨੇ ਕਿਹਾ ਤਾਂ 'ਤੂੰ ਸਾਡੇ ਘਰ ਸਹਿਮਤੀ ਦੇ ਕੇ ਆਇਆ ਸੀ।' 

ਜਰਨੈਲ ਸਿੰਘ ਨੇ ਕਿਹਾ ਕਿ ਉਸਨੇ ਕੋਈ ਸਹਿਮਤੀ ਨਹੀਂ ਦਿੱਤੀ ਸੀ। ਫ਼ਿਰ ਅਮੀਤ ਖੁੱਡੀਆਂ ਕਹਿਣ ਲੱਗਿਆ ਕਿ 'ਤੁਸੀਂ ਸਾਡੇ ਘਰ ਖੁੱਡੀਆਂ ਕੀ ਦਾਣੇ ਲੈਣ ਗਏ ਸੀ।' ਤਲਜ਼ ਜਵਾਬ 'ਚ ਜਰਨੈਲ ਡੱਫ਼ੂ ਨੇ ਕਿਹਾ ਕਿ 'ਵੋਟਾਂ ਤੋਂ ਪਹਿਲਾਂ ਤੁਸੀਂ ਕੀ ਸਾਡੇ ਘਰ ਦਾਣੇ ਲੈਣ ਗਏ ਸੀ?' ਜਰਨੈਲ ਨੇ ਦੱਸਿਆ ਕਿ ਮੀਟਿੰਗ 'ਚ ਟੋਜੀ ਲੰਬੀ ਦਾ ਕਹਿਣਾ ਸੀ ਕਿ 'ਤੁਹਾਨੂੰ ਸਾਡਾ ਬੰਦਾ ਤਾਂ ਯੂਨੀਅਨ 'ਚ ਪਾਉਣਾ ਹੀ ਪੈਣਾ ਹੈ। ਅਸੀਂ ਜਿਹੜੀ ਗੱਲ ਕਹਿ ਦਿੱਤੀ ਉਹੀ ਤੁਹਾਨੂੰ ਮੰਨਣੀ ਪੈਣੀ ਹੈ।'

ਟਰੱਕ ਆਪ੍ਰੇਟਰ ਰਾਜਪਾਲ, ਜਰਨੈਲ ਸਿੰਘ ਅਤੇ ਹੋਰਨਾਂ ਟਰੱਕ ਆਪ੍ਰੇਟਰਾਂ ਨੇ ਅਮੀਤ ਖੁੱਡੀਆਂ ਅਤੇ ਟੋਜੀ ਲੰਬੀ 'ਤੇ ਕਥਿਤ ਦਬਿਸ਼ ਦੇ ਦੋਸ਼ ਲਗਾਏ। ਆਪ੍ਰੇਟਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਦੀ ਗੱਲ ਆਖੀ ਅਤੇ ਦਬਾਅ ਖਿਲਾਫ਼ ਕਣਕ ਲਿਫ਼ਟਿੰਗ ਨਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਟਕਸਾਲੀ ਆਪ ਆਗੂ ਜਸਬੀਰ ਹਾਕੂਵਾਲਾ, ਗੁਰਮਹਿੰਦਰ ਸਿੰਘ, ਗੁਰਲਾਭ ਸਿੰਘ, ਉਜਾਗਰ ਸਿੰਘ ਤੇ ਫਿਲੌਰ ਸਿੰਘ ਮੌਜੂਦ ਸਨ।

ਦੂਜੇ ਪਾਸੇ ਵਿਧਾਇਕ ਪੁੱਤਰ ਅਮੀਤ ਖੁੱਡੀਆਂ ਨੇ ਦਬਾਅ ਦੇ ਦੋਸ਼ਾਂ ਨੂੰ ਖਾਰਜ ਕਰਦੇ ਕਿਹਾ ਕਿ ਟਰੱਕ ਯੂਨੀਅਨ ਮਾਮਲੇ ਕਰਕੇ ਮੰਡੀਆਂ 'ਚ ਕਿਸਾਨਾਂ ਦੀ ਫ਼ਸਲ ਲਿਫ਼ਟਿੰਗ ਪ੍ਰਭਾਵਤ ਨਾ ਹੋਣ ਦੇਣ ਲਈ ਵਿਵਾਦ ਦੇ ਬਦਲਵੇਂ ਹੱਲ ਖਾਤਰ ਆਪ੍ਰੇਟਰਾਂ ਨਾਲ ਗੱਲਬਾਤ ਨੂੰ ਪੁੱਜੇ ਸਨ। ਆਪ੍ਰੇਟਰਾਂ ਨੇ ਮਾਮਲੇ ਦੇ ਹੱਲ ਲਈ ਸਮਾਂ ਮੰਗਿਆ ਹੈ।

15 April 2022

ਵੇਖ ਲਓ ਬਦਲਾਅ: ਟਰੱਕ ਯੂਨੀਅਨ ਕਿੱਲਿਆਂਵਾਲੀ 'ਤੇ ਸਾਊ ਸਿਆਸਤ ਦੀ ਕਬਜ਼ੇਕਾਰੀ ਖੁੱਲ੍ਹੇਆਮ ਜੱਗਜਾਹਰ


- ਆਪ੍ਰੇਟਰਾਂ ਦੀ ਕਮੇਟੀ ਗਠਨ ਬਾਅਦ ਦਰਜਨਾਂ ਪੁਲਿਸ ਮੁਲਾਜਮਾਂ ਵੱਲੋਂ ਯੂਨੀਅਨ 'ਤੇ ਜਮਾਇਆ ਡੇਰਾ

- ਆਪ੍ਰੇਟਰਾਂ ਵੱਲੋਂ ਪੁਲਿਸ 'ਤੇ ਦਬਾਅ ਤਹਿਤ ਯੂਨੀਅਨ ਬਾਹਰੀ ਬੰਦਿਆਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਦੇ ਦੋਸ਼


ਇਕਬਾਲ ਸਿੰਘ ਸ਼ਾਂਤ

ਲੰਬੀ: ਬਦਲਾਅ ਵਾਲੇ ਸੂਬੇ 'ਚ ਟਰੱਕ ਯੂਨੀਅਨ ਕਿੱਲਿਆਂਵਾਲੀ 'ਤੇ ਸਾਊ ਸਿਆਸਤ ਦੇ ਸਿਆਸੀ ਨੌਨਿਹਾਲਾਂ ਦੀ ਸਿਆਸੀ ਕਬਜ਼ੇਕਾਰੀ ਅੱਜ ਖੁੱਲ੍ਹੇਆਮ ਜੱਗਜਾਹਰ ਹੋ ਗਈ। ਕੱਲ੍ਹ ਪੁਲਿਸ ਮੌਜੂਦਗੀ 'ਚ ਐਲਾਨੀ ਨਿਰੋਲ ਟਰਾਂਸਪੋਰਟਰਾਂ 'ਤੇ ਆਧਾਰਤ ਕਮੇਟੀ ਖੇਤਰ ਦੀ 'ਸਾਊ' ਸਿਆਸਤ ਦੇ ਗਲੇ ਨਾ ਉੱਤਰਨ 'ਤੇ ਵੀਰਵਾਰ ਸਵੇਰੇ ਦਰਜਨਾਂ ਪੁਲਿਸ ਮੁਲਾਜਮਾਂ ਨੇ ਟਰੱਕ ਯੂਨੀਅਨ ਨੂੰ ਅੰਦਰੋਂ-ਬਾਹਰੋਂ ਘੇਰਾ ਪਾ ਲਿਆ ਅਤੇ ਉਥੇ ਡੇਰਾ ਲਗਾ ਕੇ ਡਟ ਗਏ। ਜਦਕਿ ਬੀਤੇ ਕੱਲ੍ਹ ਥਾਣਾ ਮੁਖੀ ਦੇ ਸਾਹਮਣੇ ਕਮੇਟੀ ਬਣੀ ਸੀ ਅਤੇ ਐਸ.ਡੀ.ਐਮ. ਤੋਂ ਕਮੇਟੀ ਸੂਚੀ 'ਤੇ ਮੁਹਰ ਲੱਗ ਗਈ। ਪਿਛਲੇ ਕਰੀਬ ਡੇਢ ਹਫ਼ਤੇ 'ਚ ਤਿੰਨ ਵਾਰ ਕਮੇਟੀ ਬਣ ਚੁੱਕੀਆਂ ਹਨ। ਇਸ ਰੇਹੜਕੇ ਨਾਲ ਖੇਤਰ ਦਾ ਮਾਹੌਲ ਵਿਗੜ ਰਿਹਾ ਅਤੇ ਸੱਤਾਪੱਖੀ ਮਾਨਸਿਕਤਾ ਨੰਗੀ ਚਿੱਟੀ ਹੁੰਦੀ ਵਿਖਾਈ ਦੇ ਰਹੀ ਹੈ।

ਬੜੀ ਹੈਰਾਨੀ ਦੀ ਗੱਲ ਹੈ ਕਿ 'ਆਪ' ਵਿਧਾਇਕ ਗੁਰਮੀਤ ਖੁੱਡੀਆਂ ਆਖ ਰਹੇ ਹਨ ਕਿ ਉਨ੍ਹਾਂ ਦਾ ਯੂਨੀਅਨ ਨਾਲ ਕੋਈ ਸਬੰਧ ਨਹੀਂ ਹੈ। ਫਿਰ ਅਜਿਹੇ ਕਿਹੜੇ ਤਾਕਤਵਰ ਲੋਕ ਹਨ, ਜਿਨ੍ਹਾਂ ਦੇ ਇਸ਼ਾਰੇ 'ਤੇ ਦੋ ਬੱਸਾਂ 'ਤੇ ਦਰਜਨਾਂ ਪਲਿਸ ਮੁਲਾਜਮ ਅਤੇ ਦਰਜਨ ਭਰ ਏ.ਐਸ.ਆਈ ਟਰੱਕ ਯੂਨੀਅਨ 'ਤੇ ਡੇਰਾ ਲਗਾ ਕੇ ਬੈਠ ਗਏ। ਜਦੋਂਕਿ ਆਮ ਲੋਕਾਂ ਦੀ ਦਰਖਾਸਤ 'ਤੇ ਪੁਲਿਸ ਕਈ-ਕਈ ਦਿਨ ਨਹੀਂ ਪੁੱਜਦੀ। ਅੱਜ ਸ਼ਾਮ ਯੂਨੀਅਨ ਮਸਲੇ 'ਤੇ ਦੋਵੇਂ ਗਰੁੱਪਾਂ ਨੂੰ ਲੰਬੀ ਥਾਣੇ ਸੱਦਿਆ ਹੋਇਆ ਸੀ। ਇਸ ਮੌਕੇ ਟਕਸਾਲੀ 'ਆਪ' ਆਗੂ ਜਸਵੀਰ ਹਾਕੂਵਾਲਾ, ਗੁਰਵੀਰ ਸਿੰਘ ਮਿੱਡੂਖੇੜਾ ਅਤੇ ਹੈਪੀ ਬੀਦੋਵਾਲੀ ਮੌਜੂਦ ਸਨ।


ਸੱਤ ਮੈਂਬਰੀ ਕਮੇਟੀ ਦੇ ਰਾਜਪਾਲ ਸਿੰਘ, ਹਰਦਿਆਲ ਪਥਰਾਲਾ ਇਲਾਵਾ ਜਰਨੈਲ ਸਿੰਘ ਡੱਫੂ, ਲਖਵਿੰਦਰ ਸਿੰਘ, ਅੰਗਰੇਜ਼ ਸਿੰਘ ਸਮੇਤ ਹੋਰਨਾਂ ਦਾ ਕਹਿਣਾ ਸੀ ਕਿ ਉਨ੍ਹਾਂ 'ਤੇ ਕਮੇਟੀ 'ਚ ਟਰੱਕ ਯੂਨੀਅਨ ਤੋਂ ਬਾਹਰਲੇ ਵਿਅਕਤੀਆਂ ਨੂੰ ਜ਼ਬਰੀ ਅਹੁਦੇਦਾਰ ਬਣਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸਵੇਰੇ ਡੀ.ਐਸ.ਪੀ. ਮਲੋਟ ਨੇ ਉਨ੍ਹਾਂ ਨੂੰ ਕਿੱਲਿਆਂਵਾਲੀ 'ਚ ਸੱਦਿਆ ਸੀ। ਡੀ.ਐਸ.ਪੀ. ਮਲੋਟ ਵੱਲੋਂ ਹੁਣ ਸ਼ਾਮ ਨੂੰ ਮੁੜ ਲੰਬੀ ਥਾਣੇ 'ਚ ਸੱਦ ਦੇ ਬਾਹਰੀ ਵਿਅਕਤੀਆਂ ਨੂੰ ਯੂਨੀਅਨ 'ਚ ਸ਼ਾਮਲ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। 

ਰਾਜਪਾਲ ਅਤੇ ਜਰਨੈਲ ਸਿੰਘ ਨੇ ਦੋਸ਼ ਲਗਾਇਆ ਕਿਹਾ ਕਿ ਗੱਲ ਨਾ ਮੰਨਣ 'ਤੇ ਮਾਹੌਲ ਖ਼ਰਾਬ ਕਰਨ ਲਈ 107/151 'ਚ ਕਲੰਦਰੇ ਭਰਨ ਦਾ ਖੌਫ਼ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਦੋਂ ਕੱਲ੍ਹ ਪੁਲਿਸ ਦੇ ਸਾਹਮਣੇ ਕਮੇਟੀ ਬਣ ਗਈ ਅਤੇ ਪੁਲਿਸ ਦੇ ਕਹਿਣੇ 'ਤੇ ਐਸ.ਡੀ.ਐਮ. ਦੀ ਮੁਹਰ ਲੱਗ ਗਈ। ਅੱਜ ਡਰਾਵੇ ਵਾਲਾ ਨਵਾਂ ਡਰਾਮਾ ਕਿਸ ਆਧਾਰ 'ਤੇ ਕੀਤਾ ਜਾ ਰਿਹਾ ਹੈ। ਇਸ ਮੌਕੇ ਟਰੱਕ ਆਪ੍ਰੇਟਰਾਂ ਨੇ ਖੁੱਲ੍ਹਾ ਐਲਾਨ ਕੀਤਾ ਕਿ ਆਪ੍ਰ੍ਰੇਟਰਾਂ 'ਤੇ ਆਧਾਰਤ ਸੰਚਾਲਨ ਕਮੇਟੀ 'ਚ ਮੈਂਬਰ ਵੱਧ ਜਾਂ ਘੱਟ ਕੀਤੇ ਜਾ ਸਕਦੇ ਹਨ, ਪਰ ਬਾਹਰੀ ਵਿਅਕਤੀ ਮੰਜੂਰ ਨਹੀਂ।

ਦੂਜੇ ਪਾਸੇ ਐਤਵਾਰ ਨੂੰ ਪੰਜ ਮੈਂਬਰੀ ਕਮੇਟੀ ਸਮੇਤ ਐਲਾਨ ਹੋਏ ਟਰੱਕ ਯੂਨੀਅਨ ਪ੍ਰਧਾਨ ਦਰਸ਼ਨ ਵੜਿੰੰਗਖੇੜਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਯੂਨੀਅਨ ਦੇ ਸੀਨੀਅਰ ਮੈਂਬਰਾਂ ਨੇ ਪ੍ਰਧਾਨ ਚੁਣਿਆ ਹੈ। ਯੂਨੀਅਨ 'ਤੇ ਕਾਬਜ਼ ਰਹੇ ਮਾਫ਼ੀਆ ਦੇ ਲੋਕ ਸਾਜਿਸ਼ਾਂ ਤਹਿਤ ਵਿਧਾਇਕ ਗੁਰਮੀਤ ਸਿੰੰਘ ਖੁੱਡੀਆਂ ਅਤੇ ਉਨ੍ਹਾਂ ਦੇ ਧੜੇ ਨੂੰ ਬਦਨਾਮ ਕਰਨ ਸਾਜਿਸ਼ਾਂ ਰਚ ਰਹੇ ਹਨ।

ਟਰੱਕ ਯੂਨੀਅਨ 'ਚ ਪੁੱਜੇ ਪੱਤਰਕਾਰ ਨੇ ਵੇਖਿਆ ਕਿ ਟਰੱਕ ਆਪ੍ਰੇਟਰ ਤਾਸ਼ ਖੇਡ ਰਹੇ ਸਨ ਅਤੇ ਪੁਲਿਸ ਮੁਲਾਜਮ ਵਿਹਲੇ ਗੱਲਾਂ ਮਾਰ ਰਹੇ ਸਨ। ਉਥੇ ਮੌਜੂਦ ਚੌਕੀ ਕਿੱਲਿਆਂਵਾਲੀ ਦੇ ਮੁਖੀ ਭਗਵਾਨ ਸਿੰਘ ਨੂੰ ਯੂਨੀਅਨ 'ਚ ਖ਼ਰਾਬ ਹਾਲਾਤਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਸਵੇਰੇ ਤੋਂ ਖ਼ਰਾਬ ਹਾਲਾਤਾਂ ਵਾਲੀ ਕੋਈ ਗੱਲ ਵਿਖਾਈ ਨਹੀਂ ਦਿੱਤੀ।


ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ 'ਚ ਭਾਰੀ ਪੁਲਿਸ ਬਲ ਤਾਇਨਾਤ ਕਰਨ ਬਾਰੇ ਪੁੱਛਣ 'ਤੇ ਡੀ.ਐਸ.ਪੀ ਜਸਪਾਲ ਸਿੰਘ ਨੇ ਕਿਹਾ ਕਿ ਅਮਨ-ਸ਼ਾਂਤੀ ਬਣਾਏ ਰੱਖਣ ਲਈ ਅਮਲਾ ਤਾਇਨਾਤ ਕੀਤਾ ਹੈ। ਦੋਵੇਂ ਧਿਰਾਂ ਨੂੰ ਸ਼ਾਂਤੀ ਨਾਲ ਮਸਲਾ ਨਿਬੇੜਨ ਲਈ ਆਖਿਆ ਗਿਆ ਹੈ। ਨਹੀਂ ਮੰਨੇ ਤਾਂ ਦੋਵੇਂ ਧਿਰਾਂ 'ਤੇ 107-51 ਦੀ ਕਾਰਵਾਈ ਕਰਾਂਗੇ। ਖ਼ਬਰ ਲਿਖੇ ਜਾਣ ਤੱਕ ਹਾਲ ਦੀ ਘੜੀ ਦੋਵੇਂ ਧਿਰਾਂ ਨੂੰ ਘਰੋਂ ਘਰੀ ਭੇਜ ਦਿੱਤਾ ਗਿਆ ਸੀ।

14 April 2022

ਟਕਸਾਲੀ 'ਆਪ' ਕਾਡਰ ਦੇ ਇਖਲਾਕੀ ਸੰਘਰਸ਼ ਮੂਹਰੇ ਨਵੇਂ ਕਾਡਰ ਨੂੰ ਪਈ ਮੂੰਹ ਦੀ ਖਾਣੀ



-ਜੱਦੋਜਹਿਦ ਭਰੀ ਤਲਖਕਲਾਮੀ ਮਗਰੋਂ ਟਰੱਕ ਯੂਨੀਅਨ ਕਿੱਲਿਆਂਵਾਲੀ 'ਚ ਟਰੱਕ ਆਪਰੇਟਰਾਂ ਦੀ ਸੱਤ ਮੈਂਬਰੀ ਕਮੇਟੀ ਗਠਿਤ

- ਲੰਬੀ ਪੁਲਿਸ ਦੀ ਮੌਜੂਦਗੀ 'ਚ ਹੋਈ ਸਮੁੱਚੀ ਕਾਰਵਾਈ


ਇਕਬਾਲ ਸਿੰਘ ਸ਼ਾਂਤ
ਲੰਬੀ, 13 ਅਪ੍ਰੈਲ: ਟਰੱਕ ਯੂਨੀਅਨ ਕਿੱਲਿਆਂਵਾਲੀ 'ਤੇ ਕਬਜ਼ੇਕਾਰੀ ਮਾਮਲੇ 'ਚ ਟਕਸਾਲੀ 'ਆਪ' ਕਾਡਰ ਦੇ ਭਖਵੇਂ ਇਖਲਾਕੀ ਸੰਘਰਸ਼  ਮੂਹਰੇ ਵਿਧਾਇਕ ਦੇ ਖਾਸਮਖਾਸ ਫਰੈਸ਼ 'ਆਪ' ਕਾਡਰ ਨੂੰ ਮੂੰਹ ਦੀ ਖਾਣੀ ਪਈ। 

ਅੱਜ ਦਿਨ ਚੜ੍ਹਦੇ ਸਾਰ ਯੂਨੀਅਨ ਵਿੱਚ ਪੁਲਿਸ ਦੀ ਮੌਜੂਦਗੀ 'ਚ ਵੋਟ ਵਜ਼ਨ ਜਾਂਚਣ ਅਤੇ ਲੰਮੀ ਸ਼ਬਦੀ ਤਲਖਕਲਾਮੀ ਉਪਰੰਤ ਨਿਰੋਲ ਆਪਰੇਟਰਾਂ ਦੀ ਸੱਤ ਮੈਂਬਰੀ ਕਮੇਟੀ ਐਲਾਨ ਦਿੱਤੀ ਗਈ। ਬੀਤੇ ਕੱਲ੍ਹ ਟਕਸਾਲੀ ਆਪ ਕਾਡਰ ਵੱਲੋਂ ਵਿਧਾਇਕ ਖੁੱਡੀਆਂ ਦੇ ਬੂਹੇ 'ਤੇ ਧਰਨੇ ਦੇ ਯੂਨੀਅਨ 'ਤੇ ਜ਼ਬਰੀ ਕਬਜ਼ੇ ਅਤੇ ਕਥਿਤ ਗੁੰਡਾਪਰਚੀ ਖਿਲਾਫ ਤਿੱਖਾ ਰੋਹ ਜਤਾਇਆ ਸੀ। 

ਕੱਲ੍ਹ ਧਰਨਾਕਾਰੀ ਨੂੰ ਮਨਾਉਂਦੇ ਵਿਧਾਇਕ ਖੁੱਡੀਆਂ ਨੇ ਯੂਨੀਅਨ ਨਾਲ ਕੋਈ ਸੰਬੰਧ ਨਾ ਹੋਣ ਅਤੇ ਆਪਰੇਟਰਾਂ ਵੱਲੋਂ ਮਰਜੀ ਨਾਲ ਕਿਸੇ ਨੂੰ ਆਪਣਾ ਪ੍ਰਧਾਨ ਚੁਣ ਲੈਣ ਦੀ ਗੱਲ ਆਖੀ ਸੀ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਵਿਧਾਇਕ ਦੇ ਖਾਸਮਖਾਸ ਆਗੂਆਂ ਦੀ ਮੌਜੂਦਗੀ 'ਚ ਯੂਨੀਅਨ 'ਤੇ ਆਪ ਆਗੂ ਦਰਸ਼ਨ ਵੜਿੰਗਖੇੜਾ ਦੀ ਚੌਧਰ ਕਾਇਮ ਕੀਤੀ ਗਈ ਸੀ। 

ਯੂਨੀਅਨ ਕੰਪਲੈਕਸ ਵਿੱਚ ਲੰਬੀ ਥਾਣਾ ਦੇ ਮੁਖੀ ਅਮਨਦੀਪ ਸਿੰਘ ਅਤੇ ਚੋਕੀ ਮੁਖੀ ਭਗਵਾਨ ਸਿੰਘ ਦੀ ਅਗਵਾਈ ਹੇਠ ਪੁਲਿਸ ਪੁੱਜੀ। ਇਸ ਮੌਕੇ ਟਕਸਾਲੀ ਆਪ ਕਾਡਰ ਦੇ ਆਗੂ ਜਸਵੀਰ ਹਾਕੂਵਾਲਾ, ਗੁਰਵੀਰ ਸਿੰਘ ਅਤੇ ਗੁਰਮਹਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਸਮਰਥਕ ਨਵਾਂ ਆਪ ਕਾਡਰ ਯੂਨੀਅਨ 'ਤੇ ਚੌਧਰ ਕਾਇਮ ਰੱਖਣ ਦੇ ਜਦੋਜਹਿਦ ਕਰਦਾ ਵਿਖਾਈ ਦਿੱਤਾ। ਜਿਸ ਤਹਿਤ ਉਨ੍ਹਾਂ ਦੀ ਟਰੱਕ ਆਪਰੇਟਰਾਂ ਆਗੂਆਂ ਨਾਲ ਤਲਖਕਲਾਮੀ ਵੀ ਹੋਈ। 

ਇਸੇ ਦੌਰਾਨ ਕਈ ਟਰੱਕ ਆਪਰੇਟਰ ਆਪਸ ਵਿਚਕਾਰ ਵੀ ਪੁਰਾਣੇ ਮਸਲੇ ਉਠਾਉਂਦੇ ਵਿਖਾਈ ਦਿੱਤੇ। ਜਰਨੈਲ ਸਿੰਘ ਡੱਫੂ ਅਤੇ ਜਗਤਾਰ ਪਥਰਾਲਾ ਆਹਮੋ ਸਾਹਮਣੇ ਡਟ ਗਏ। ਜਿਸ 'ਤੇ ਥਾਣਾ ਮੁਖੀ ਅਮਨਦੀਪ ਸਿੰਘ ਨੇ ਸਖ਼ਤ ਲਹਿਜੇ 'ਚ ਮਾਹੌਲ ਸ਼ਾਂਤਮਈ ਬਣਾਏ ਰੱਖਣ ਜਾਂ ਪੁਲਿਸ ਕਾਰਵਾਈ ਲਈ ਤਿਆਰ ਰਹਿਣ ਚਿਤਾਵਨੀ ਦੇ ਦਿੱਤੀ। ਜਿਸ ਮਗਰੋਂ ਵੋਟ ਗਿਣਤੀ ਵਜ਼ਨ ਮਾਪਣ ਸਮੇਂ  ਯੂਨੀਅਨ ਆਪਰੇਟਰ ਪੌਣੇ ਚਾਰ ਗੁਣਾ ਇੱਕ ਪਾਸੇ ਖੜ੍ਹੇ ਵਿਖਾਈ ਦਿੱਤੇ। 

ਇਸ ਮੌਕੇ ਯੂਨੀਅਨ ਦੇ ਕਾਫੀ ਆਪਰੇਟਰਾਂ ਨੇ ਪ੍ਰਧਾਨ ਦਰਸ਼ਨ ਸਿੰਘ ਨੂੰ ਚੰਗਾ ਇਨਸਾਨ ਦੱਸਦੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਦੀ ਪੰਜ ਸਾਲਾ ਪ੍ਰਧਾਨਗੀ ਨੇ ਯੂਨੀਅਨ ਲੁੱਟ ਕੇ ਖਾ ਲਈ, ਉਹ ਡਰ ਹੀ ਬਾਹਰੀ ਵਿਅਕਤੀ 'ਤੇ ਭਰੋਸਾ ਬਣਨ ਨਹੀਂ ਦੇ ਰਿਹਾ। ਇਸ ਮੌਕੇ ਸੱਤ ਮੈਂਬਰੀ ਕਮੇਟੀ ਵਿਚ ਹਰਦਿਆਲ ਸਿੰਘ, ਕਿਸ਼ੋਰ ਕੁਮਾਰ, ਸੱਤਪਾਲ ਸਿੰਘ ਪੰਜਾਵਾ, ਗੁਰਪ੍ਰੀਤ ਸਿੰਘ ਗੋਪੀ, ਰਾਜਪਾਲ ਸਚਦੇਵਾ, ਰਾਜਪਾਲ ਸਿੰਘ ਰਾਜਾ ਅਤੇ ਸ਼ਿਵਰਾਜ ਨੂੰ ਮੈਂਬਰ ਐਲਾਨਿਆ ਗਿਆ। ਬਾਅਦ ਵਿਚ ਐਸਡੀਐਮ ਮਲੋਟ ਤੋਂ ਨਵੀਂ ਸੱਤ ਕਮੇਟੀ ਕਮੇਟੀ 'ਤੇ ਮੁਹਰ ਲਗਵਾ ਕੇ ਲਿਆਂਦੀ ਗਈ।

11 April 2022

ਆਪ ਦੀ 'ਸਾਊ ਸਿਆਸਤ' ਦੇ 'ਸਿਆਸੀ ਨੌਨਿਹਾਲਾਂ' ਦਾ ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ 'ਤੇ 'ਕਬਜ਼ਾ'


-ਆਪ ਆਗੂ ਦਰਸ਼ਨ ਸਿੰਘ ਵੜਿੰਗਖੇੜਾ ਨੂੰ ਪ੍ਰਧਾਨ ਥਾਪਿਆ, 11 ਮੈਂਬਰੀ ਕਮੇਟੀ ਢਾਹ ਕੇ 5 ਮੈਂਬਰੀ ਬਣਾਈ

- ਟਰਾਂਸਪੋਰਟਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਕੀਤੀ ਸੀ ਅਗਾਊਂ ਪਹੁੰਚ

- ਕਥਿਤ ਕਬਜ਼ੇਕਾਰੀ ਤੋਂ ਆਪ ਟਕਸਾਲੀ ਵਰਕਰ ਔਖੇ, ਵਿਰੋਧ ਜਤਾਇਆ


ਇਕਬਾਲ ਸਿੰਘ ਸ਼ਾਂਤ

ਲੰਬੀ: ਬੀਤੀ 23 ਮਾਰਚ ਨੂੰ ਨਵੀਂ ਗਠਿਤ 11 ਮੈਂਬਰੀ ਕਮੇਟੀ ਨੂੰ ਦਰਕਿਨਾਰ ਕਰਕੇ ਅੱਜ ਆਖ਼ਰ ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ 'ਤੇ ਆਪਮ ਆਦਮੀ ਪਾਰਟੀ ਦੀ 'ਸਾਊ ਸਿਆਸਤ' ਦੇ 'ਸਿਆਸੀ ਨੌਨਿਹਾਲਾਂ' ਦਾ 'ਕਥਿਤ' ਕਬਜ਼ਾ ਹੋ ਗਿਆ। 'ਆਪ' ਆਗੂ ਤੇ ਸਰਪੰਚ ਪ੍ਰਤੀਨਿਧੀ ਦਰਸ਼ਨ ਵੜਿੰਗਖੇੜਾ ਨੂੰ ਟਰੱਕ ਯੂਨੀਅਨ (ਦ ਟਰੱਕ ਆਪ੍ਰੇਟਰ ਵੈਲਫੇਅਰ ਸੁਸਾਇਟੀ) ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਉਸਦੀ ਤਾਜਪੋਸ਼ੀ ਲਈ ਅੱਜ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੇ ਖਾਸਮ-ਖਾਸ ਯੂਥ ਆਗੂ ਟੋਜੀ ਲੰਬੀ ਅਤੇ ਚੇਅਰਮੈਨ ਹਰਪ੍ਰੀਤ ਕਰਮਗੜ੍ਹ ਦੀ ਅਗਵਾਈ ਹੇਠ ਕਈ ਪਿੰਡਾਂ ਦੇ ਪੰਚ ਸਰਪੰਚ, ਸਰਪੰਚ ਪ੍ਰਤੀਨਿਧੀ ਅਤੇ ਆਗੂ ਟਰੱਕ ਯੂਨੀਅਨ ਵਿਖੇ ਪੁੱਜੇ। ਨਵੇਂ ਪ੍ਰਧਾਨ ਇਲਾਵਾ ਪੰਜ ਕਮੇਟੀ ਗਠਿਤ ਕੀਤੀ ਹੈ। ਪਹਿਲਾਂ ਵਾਲੀ 11 ਮੈਂਬਰੀ ਕਮੇਟੀ ਵਿੱਚੋਂ ਸਿਰਫ਼ ਦੋ ਮੈਂਬਰ ਲਏ ਹਨ।

ਯੂਨੀਅਨ ਦੀ 11 ਮੈਂਬਰੀ ਕਮੇਟੀ ਦੇ ਟਰਾਂਸਪੋਰਟਰ ਮੈਂਬਰਾਂ ਨੇ ਇਸਨੂੰ ਖੁੱਲ੍ਹੇਆਮ ਸਿਆਸੀ ਧੱਕੇਸ਼ਾਹੀ ਦੱਸਦੇ ਹੋਏ ਟਰੱਕ ਵੇਚ ਕੇ ਘਰ ਬੈਠਣ ਦੀ ਚਿਤਾਵਨੀ ਦਿੱਤੀ ਹੈ। ਬੀਤੇ ਕੱਲ੍ਹ ਟਰਾਂਸਪੋਰਟਰ ਜਰਨੈਲ ਸਿੰਘ ਡੱਫ਼ੂ ਅਤੇ ਹੋਰਨਾਂ ਨੇ ਕਬਜ਼ੇਕਾਰੀ ਖਿਲਾਫ਼ ਅਗਾਊਂ ਤੌਰ 'ਤੇ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦੀ ਕੋਸ਼ਿਸ਼ ਕੀਤੀ ਸੀ। ਮੁਲਾਕਾਤ ਨਾ ਹੋਣ 'ਤੇ ਕਬਜ਼ੇ ਦੇ ਖਦਸ਼ੇ ਆਦਿ ਦਾ ਮੰਗ ਪੱਤਰ ਸੌਂਪ ਆਏ।

'ਆਪ' ਦੇ ਟਕਸਾਲੀ ਵਰਕਰਾਂ ਨੇ ਯੂਨੀਅਨ 'ਤੇ ਕਬੇਜ਼ਕਾਰੀ ਨੂੰ ਪਾਰਟੀ ਅਸੂਲਾਂ ਦੇ ਉਲਟ ਦੱਸਿਆ ਹੈ। ਉਨ੍ਹਾਂ ਵੱਟਸਐਪ 'ਤੇ ਆਪ ਟਕਸਾਲੀ ਕਮੇਟੀ ਲੰਬੀ ਦਾ ਗਰੁੱਪ ਕਾਇਮ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸਿਆਸੀ ਬਦਲਾਅ ਦੇ ਉਪਰੰਤ ਦੋ ਹਫ਼ਤੇ ਪਹਿਲਾਂ ਹਲਕਾ ਵਿਧਾਇਕ ਦੀ ਸਹਿਮਤੀ ਦੇ ਆਧਾਰ 'ਤੇ ਟਰਾਂਸਪੋਰਟਰਾਂ ਨੇ ਕਮੇਟੀ ਬਣਾਈ ਸੀ। ਜਿਸ ਮਗਰੋਂ ਸੱਤਾ ਪੱਖੀ ਵਲਵਲਿਆਂ 'ਚ ਕਬਜ਼ੇਕਾਰੀ ਲਈ ਲਗਾਤਾਰ ਵੱਟ ਉੱਠਦੇ ਨਜ਼ਰ ਆ ਰਹੇ ਸਨ। ਜਿਨ੍ਹਾਂ ਨੂੰ ਅੱਜ ਸਿਆਸੀ ਵਜੂਦ ਵਾਲੀ ਢਾਅ-ਭੰਨ ਤਹਿਤ ਅੰਜਾਮ ਦੇ ਦਿੱਤਾ ਗਿਆ। ਬੀਤੇ ਪੰਜ ਸਾਲਾਂ ਦੌਰਾਨ ਟਰੱਕ ਯੂਨੀਅਨ ਕਿੱਲਿਆਂਵਾਲੀ ਐਤਵਾਰੀ ਪਸ਼ੂ ਮੰਡੀ 'ਚ ਲੋਡਿੰਗ 'ਤੇ ਚਾਰ-ਪੰਜ ਹਜ਼ਾਰ ਰੁਪਏ ਦੀ ਗੁੰਡਾ ਪਰਚੀ ਲਈ ਖੂਬ ਬਦਨਾਮ ਰਹੀ ਹੈ। ਲੰਮੇ ਸਮੇਂ ਤੋਂ ਯੂਨੀਅਨ ਦਾ ਬਿਜਲੀ ਕੁਨੈਕਸ਼ਨ ਕੱਟਿਆ ਹੋਇਆ ਹੈ।

ਟਰਾਂਸਪੋਰਟਰ ਜਰਨੈਲ ਸਿੰਘ ਡੱਫ਼ੂ ਨੇ ਕਿਹਾ ਕਿ 23 ਮਾਰਚ ਨੂੰ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੀ ਸਹਿਮਤੀ ਨਾਲ ਟਰਾਂਸਪੋਰਟਰਾਂ ਦੀ 11 ਮੈਂਬਰੀ ਕਮੇਟੀ ਬਣਾਈ ਸੀ। ਜਿਸਨੂੰ ਅੱਜ ਆਪ ਆਗੂਆਂ ਨੇ ਹੀ ਪਿੰਡਾਂ ਦੇ ਸਰਪੰਚ ਲਿਆ ਕੇ ਦੋ-ਤਿੰਨ ਕਮੇਟੀ ਮੈਂਬਰਾਂ ਦੀ ਹਮਾਇਤ ਵਿਖਾ ਕੇ ਯੂਨੀਅਨ 'ਤੇ ਜ਼ਬਰੀ ਕਬਜ਼ਾ ਕੀਤਾ ਹੈ। ਜਰਨੈਲ ਸਿੰਘ ਅਨੁਸਾਰ ਨਵੇਂ ਥਾਪੇ ਪ੍ਰਧਾਨ ਦਾ ਟਰਾਂਸਪੋਰਟ ਕਿੱਤੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਲੋਕ ਮਜ਼ਬੂਰਨ ਟਰੱਕ ਵੇਚ ਕੇ ਘਰ ਬੈਠ ਜਾਣਗੇ। ਹੁਣ ਸਰਕਾਰ ਬਦਲਣ ਮਗਰੋਂ ਵੀ ਉਹੀ ਧੱਕੇਸ਼ਾਹੀ ਤੇ ਗੁੰਡਾ ਪਰਚੀ ਵਾਲਾ ਮਾਹੌਲ ਸਹਿਨਯੋਗ ਨਹੀਂ ਹੈ।

ਨਵੇਂ ਪ੍ਰਧਾਨ ਦਰਜਨ ਸਿੰਘ ਵੜਿੰਗਖੇੜਾ ਨੇ ਕਿਹਾ ਕਿ ਉਨ੍ਹਾਂ ਨੂੰ ਆਪ੍ਰੇਟਰਾਂ ਨੇ ਪ੍ਰਧਾਨ ਚੁਣਿਆ ਹੈ। ਧੱਕੇ ਦੇ ਦੋਸ਼ ਝੂਠੇ ਹਨ। ਉਹ ਆਪ੍ਰੇਟਰਾਂ ਦੇ ਹਿੱਤ 'ਚ ਕੰਮ ਕਰਨਗੇ ਅਤੇ ਗੁੰਡਾ ਪਰਚੀ ਨਹੀਂ ਚੱਲਣ ਦਿੱਤੀ ਜਾਵੇਗੀ। ਨਵੀਂ ਸੰਚਾਲਨ ਕਮੇਟੀ 'ਚ ਜਗਤਾਰ ਪਥਰਾਲਾ, ਸੁਰੇਸ਼ ਜਿੰਦਲ, ਜੀਵਨ ਬਾਂਸਲ, ਜਗਜੀਵਨ ਜਿੰਦਲ ਅਤੇ ਕੁਲਦੀਪ ਸਾਂਵਤਖੇੜਾ ਸ਼ਾਮਲ ਹਨ।

ਆਪ ਟਕਸਾਲੀ ਕਮੇਟੀ ਲੰਬੀ ਦੇ ਸੀਨੀਅਰ ਆਗੂ ਜਸਵੀਰ ਹਾਕੂਵਾਲਾ, ਗੁਰਵੀਰ ਸਿੰਘ ਮਿੱਡੂਖੇੜਾ ਅਤੇ ਹੈਪੀ ਬੀਦੋਵਾਲੀ ਨੇ ਰੋਸ ਜਤਾਉਂਦੇ ਕਿਹਾ ਕਿ ਟਰੱਕ ਯੂਨੀਅਨ 'ਚ ਇਹ ਕਾਰਗੁਜਾਰੀ 'ਆਪ' ਦੇ ਅਸੂਲਾਂ ਦੇ ਖਿਲਾਫ਼ ਹੈ। ਰਵਾਇਤੀ ਪਾਰਟੀਆਂ ਪਾਰਟੀਆਂ ਦੀ ਰੀਤ 'ਤੇ ਕੀਤੀ ਇਸ ਕਬਜ਼ੇਕਾਰੀ ਦਾ ਉਹ ਵਿਰੋਧ ਕਰਦੇ ਹਨ। ਹਾਈਕਮਾਂਡ ਕੋਲ ਪਹੁੰਚ ਕਰਨਗੇ।

ਦੂਜੇ ਪਾਸੇ ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਟਰੱਕਾਂ ਵਾਲਿਆਂ ਨੇ ਆਪਣੀ ਕਮੇਟੀ ਖੁਦ ਬਣਾਈ ਹੈ। ਉਨ੍ਹਾਂ ਦਾ ਨਾ ਆਉਣ ਹੈ ਅਤੇ ਨਾ ਜਾਣ ਹੈ। ਚੁਣੇ ਅਹੁਦੇਦਾਰ ਆਪਣੀ ਜੁੰਮੇਵਾਰੀਆਂ ਆਪ ਨਿਭਾਉਣਗੇ।

04 April 2022

ਦੁੱਖਦਾਇਕ ਸੂਚਨਾ: ਪੰਜਾਬ ਦੇ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ ਨਹੀਂ ਰਹੇ



- ਅੰਤਮ ਸਸਕਾਰ ਕੱਲ੍ਹ ਪਿੰਡ ਬਾਦਲ 'ਚ ਹੋਵੇਗਾ 

- ਬਰਨਾਲਾ ਸਰਕਾਰ 'ਚ ਟਰਾਂਸਪੋਰਟ ਮੰਤਰੀ ਰਹੇ ਸਨ


ਇਕਬਾਲ ਸਿੰਘ ਸ਼ਾਂਤ
ਲੰਬੀ: ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਬਾਦਲ ਖਾਨਦਾਨ ਦੇ ਸੀਨੀਅਰ ਮੈਂਬਰ 79 ਸਾਲਾਂ ਦੇ ਹਰਦੀਪਇੰਦਰ ਸਿੰਘ ਬਾਦਲ 'ਦੀਪ ਜੀ' ਦਾ ਅੱਜ ਸਵਰਗਵਾਸ ਹੋ ਗਿਆ। ਉਹ 1980 ਅਤੇ 1985 'ਚ ਹਲਕਾ ਲੰਬੀ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ। ਸ੍ਰੀ ਬਾਦਲ, ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਰਹੇ ਸਨ। ਕਰੀਬ ਦੋ ਦਹਾਕੇ ਪਹਿਲਾਂ ਉਹ ਕਾਂਗਰਸ 'ਚ ਸ਼ਾਮਲ ਹੋਏ ਸਨ ਅਤੇ ਕੁੱਝ ਸਮੇਂ ਤੋਂ ਸਰਗਰਮ ਸਿਆਸਤ ਤੋਂ ਦੂਰੀ ਬਣਾਏ ਹੋਏ ਸਨ।

ਪਰਿਵਾਰਕ ਸੂਤਰਾਂ ਮੁਤਾਬਕ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦੇ ਦਿਲ ਦਾ ਵਾਲਵ ਦਾ ਆਪ੍ਰੇਸ਼ਨ ਹੋਇਆ ਸੀ। ਕਰੀਬ ਹਫ਼ਤੇ ਭਰ ਤੋਂ ਉਨ੍ਹਾਂ ਦੇ ਪਿੱਠ ਦਰਦ ਉੱਠਿਆ ਸੀ। ਜਿਸ ਮਗਰੋਂ ਉਨ੍ਹਾਂ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਬਾਅਦ ਦੁਪਿਹਰ ਉਨ੍ਹਾਂ ਅੰਤਮ ਸਾਹ ਲਿਆ। 

ਉਨ੍ਹਾਂ ਦੇ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਨੇ ਦੱਸਿਆ ਕਿ ਦੀਪ ਜੀ ਦਾ ਚਲਿਆ ਜਾਣਾ ਬੇਹੱਦ ਦੁੱਖਦਾਈ ਅਤੇ ਨਾ ਸਹਿਨਯੋਗ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਸਵੇਰੇ ਪਿੰਡ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦਾ ਅੰਤਮ ਸਸਕਾਰ ਕੱਲ੍ਹ 5 ਅਪ੍ਰੈਲ ਨੂੰ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਦੀ ਸੂਚਨਾ ਨਾਲ ਇਲਾਕੇ ਭਰ 'ਚ ਦੁੱਖ ਦੀ ਲਹਿਰ ਹੈ। 


ਸੂਬੇ ਦੀ ਵੱਡੀ ਸਰਮਾਏਦਾਰੀ ਵਿਚੋਂ ਹੋਣ ਅਤੇ ਜੀਵਨ 'ਚ ਵੱਡੇ ਅਹੁਦਿਆਂ 'ਤੇ ਰਹਿਣ ਦੇ ਬਾਵਜੂਦ ਦੀਪ ਜੀ ਬੇਹੱਦ ਸਾਦਾ ਜ਼ਿੰਦਗੀ ਦੇ ਮੁੱਦਈ ਸਨ ਅਤੇ ਉਨ੍ਹਾਂ ਦੀ ਸਿਆਸੀ ਅਤੇ ਸਮਾਜਿਕ ਮੁੱਦਿਆਂ ਵੱਡੀ ਪਕੜ ਸੀ। ਉਹ ਕਿਤਾਬਾਂ ਪੜ੍ਹਨ ਦੇ ਬੜੇ ਸ਼ੌਕੀਨ ਸਨ। ਬਿਮਾਰ ਹੋਣ ਤੋਂ ਪਹਿਲਾਂ ਤੱਕ ਉਹ ਜੱਦੀ-ਪੁਸ਼ਤੀ ਖੇਤੀਬਾੜੀ ਦੀ ਦੇਖ-ਰੇਖ ਖੁਦ ਕਰਿਆ ਸੀ। ਕਰੀਬ ਸਾਲ-ਸਵਾ ਸਾਲ ਤੱਕ ਉਹ ਪਿੰਡ ਬਾਦਲ 'ਚ ਆਵਾਜਾਈ ਲਈ ਸਾਇਕਲ ਦੀ ਸਵਾਰੀ ਨੂੰ ਤਰਜੀਹ ਦਿਆ ਕਰਦੇ ਸਨ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸਨ।