23 April 2012

ਲੰਬੀ ਹਲਕੇ 'ਚ ਜਥੇਦਾਰ ਵੇਦਾਂਤੀ ਦੀ ਅਗਵਾਈ 'ਚ ਵਕਫ਼ ਬੋਰਡ ਜ਼ਮੀਨ 'ਤੇ 100 ਫੁੱਟ ਉੱਚਾ ਨਿਸ਼ਾਨ ਸਾਹਿਬ ਪੁੱਟਿਆ

                                                             ਇਕਬਾਲ ਸਿੰਘ ਸ਼ਾਂਤ
              ਲੰਬੀ, 22 ਅਪਰੈਲ-ਅੱਜ ਦਾ ਦਿਹਾੜਾ ਪੰਥਕ ਸਫ਼ਾ ਵਿਚ ਉਸ ਸਮੇਂ ਨਾਮੋਸ਼ੀ ਭਰਿਆ ਹੋ ਨਿੱਬੜਿਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਆਪਣੇ ਕੁਝ ਹਮਾਇਤੀਆਂ ਸਮੇਤ ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਪਿੰਡ  ਕੱਟਿਆਂਵਾਲੀ ਦੇ ਨੇੜੇ ਵਕਫ਼ ਬੋਰੜ ਦੀ ਲਗਭਗ 23 ਏਕੜ ਜ਼ਮੀਨ 'ਤੇ ਸਥਾਪਿਤ ਤਕਰੀਬਨ 100 ਫੁੱਟ ਉੱਚੇ ਸ੍ਰੀ ਨਸ਼ਾਨ ਸਾਹਿਬ ਨੂੰ ਜੜੋਂ ਪੁੱਟ ਸੁੱਟਿਆ। ਜਿਸਦੇ ਰੋਹ ਵਜੋਂ ਸੰਗਤਾਂ ਦੀ ਭੀੜ ਉਕਤ ਕਾਰਗੁਜਾਰੀ ਨੂੰ ਕਥਿਤ ਤੌਰ 'ਤੇ ਬਹੁਕਰੋੜੀ ਜ਼ਮੀਨ 'ਤੇ ਕਬਜ਼ਾ ਕਰਨ ਦਿੰਦਿਆਂ ਜਥੇਦਾਰ ਅਤੇ ਹੋਰਾਂ ਨੂੰ ਕਬਰਵਾਲਾ ਥਾਣੇ ਲੈ ਪੁੱਜੀ।
                ਸਾਬਕਾ ਜਥੇਦਾਰ ਦੀ ਅਗਵਾਈ ਹੇਠ ਵਾਪਰੀ ਉਕਤ ਕਾਰਗੁਜਾਰੀ ਬਾਰੇ ਪਤਾ ਲੱਗਣ 'ਤੇ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾ ਮੌਕੇ 'ਤੇ ਪੁੱਜ ਗਈਆਂ। ਜਿਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਵੇਖਿਆ ਕਿ ਲਾਲ ਬੱਤੀ ਵਾਲੀ ਕਾਰ ਨੰਬਰ ਐਚ.ਆਰ.07ਐਲ/4508, ਇਕ ਪਜੈਰੋ ਅਤੇ ਕੈਂਟਰ ਖੜ੍ਹਾ ਸੀ। ਜਦੋਕਿ ਕੁਝ ਲੋਕ ਵੱਲੋਂ ਗੈਸ ਵੈਲਡਿੰਗ ਦੀ ਮਦਦ ਨਾਲ ਨਿਸ਼ਾਨ ਸਾਹਿਬ ਨੂੰ ਤਿੰਨ ਟੁਕੜਿਆਂ ਵਿਚ ਤਬਦੀਲ ਕਰ ਦਿੱਤਾ ਸੀ। ਜਦੋਂਕਿ ਨਿਸ਼ਾਨ ਸਾਹਿਰਬ ਦੇ ਉੱਪਰਲਾ 'ਖੰਡਾ' ਗਾਇਬ ਸੀ। ਜਿਸਨੂੰ ਬਾਅਦ ਵਿਚ ਇਕੱਠੀ ਹੋਈਆਂ ਸਿੱਖ ਸੰਗਤਾਂ ਨੇ ਖੰਡੇ ਸਮੇਤ ਫ਼ਰਾਰ ਹੋਏ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਕਤ ਮਾਮਲੇ ਦੀ ਸੂਚਨਾ ਮਿਲਣ 'ਤੇ ਥਾਣਾ ਕਬਰਵਾਲਾ ਦੀ ਪੁਲਿਸ ਅਤੇ ਮਲੋਟ ਦੇ ਡੀ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਸਮੇਤ ਸੁਮੱਚਾ ਪ੍ਰਸ਼ਾਸਨਿਕ ਅਮਲਾ ਵੀ ਮੌਕੇ 'ਤੇ ਪੁੱਜ ਗਿਆ।
             ਇਸ ਮੌਕੇ ਖੇਤਰ ਦੇ ਵੱਖ-ਵੰਖ ਪਿੰਡਾਂ ਵਿਚੋਂ ਸਰਪੰਚ ਬੀਰਇੰਦਰ ਸਿੰਘ ਹਨੀ, ਜਥੇਦਾਰ ਗੁਰਚਰਨ ਸਿੰਘ, ਕਾਬਲ ਸਿੰਘ, ਜਸਦੇਵ ਸਿੰਘ, ਬਲਰਾਜ ਸਿੰਘ ਸੰਧੂ, ਗੁਰਬਚਨ ਸਿੰਘ, ਬਲਦੇਵ ਸਿੰਘ, ਬੋਹੜ ਸਿੰਘ, ਕੁਲਵਿੰਦਰ ਸਿੰਘ ਅਤੇ ਮੇਜਰ ਸਿੰਘ ਸੰਧੂ ਸਮੇਤ ਵੱਖ-ਵੱਖ ਧਾਰਮਿਕ ਜਥੇਬਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਜਿਨ੍ਹਾਂ ਦੀ ਅਗਵਾਈ ਵਿਚ ਨਿਸ਼ਾਨ ਸਹਿਬ ਪੁੱਟਣ ਤੋਂ ਰੋਹ ਵਿਚ ਆਈਆਂ ਸਿੱਖ ਸੰਗਤਾਂ ਵੱਲੋਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਥਾਣਾ ਕਬਰਵਾਲਾ ਵਿਖੇ ਲਿਆਂਦਾ ਗਿਆ।
ਪਿੰਡ ਸਰਾਵਾਂ ਬੋਦਲਾ ਦੇ ਮਹਿੰਦਰ ਸਿੰਘ ਅਤੇ ਗੁਰਮੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਉਕਤ ਵਕਫ਼ ਬੋਰਡ ਦੀ ਵਿਵਾਦਤ 23 ਏਕੜ 5 ਕਨਾਲ ਜਮੀਨ ਲੱਗਦੀ ਹੈ। ਜਿਸ 'ਤੇ ਪੁਰਾਣੇ ਸਮੇਂ ਕਬਰਸਤਾਨ ਸੀ ਅਤੇ ਆਮ ਲੋਕ ਇੱਧਰ ਦੀ ਲੰਘਣ ਤੋਂ ਖੌਫ਼ਜਦਾ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਅਪੀਲ 'ਤੇ ਬਾਬਾ ਕੁੰਦਨ ਸਿੰਘ ਦੇ ਨਿਹੰਗ ਜਥੇ ਵੱਲੋਂ ਉਕਤ ਜਗ੍ਹਾ 'ਤੇ ਅਖੰਡ ਪਾਠ ਕਰਵਾ ਕੇ 100 ਫੁੱਟ ਦੇ ਕਰੀਬ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ। ਜਿਸਦੀ ਸਾਂਭ-ਸੰਭਾਲ ਦੀ ਜੁੰਮੇਵਾਰੀ ਪਿੰਡ ਵਾਸੀਆਂ ਨੂੰ ਸੌਂਪੀ।
            ਉਨ੍ਹਾਂ ਦੱਸਿਆ ਕਿ ਬਾਅਦ ਵਿਚ ਕਈ ਜਣਿਆਂ ਨੇ ਉਕਤ ਜ਼ਮੀਨ ਨੂੰ ਵਾਹੁਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਰੱਬੀ-ਸਬੱਬੀ ਇਹ ਜਗ੍ਹਾ ਰਾਸ ਨਾ ਆਈ। ਉਨ੍ਹਾਂ ਆਖਿਆ ਕਿ ਹੁਣ ਕੁਝ ਸਮੇਂ ਤੋਂ ਜੋਗਿੰਦਰ ਸਿੰਘ ਵੱਲੋਂ ਕਥਿਤ ਤੌਰ 'ਤੇ ਵਾਹੀ ਕੀਤੀ ਗਈ ਉਸਨੂੰ ਵੀ ਇੱਥੋਂ ਮਿੱਟੀ ਰਾਸ ਨਾ ਆਈ। ਦੋਵੇਂ ਜਣਿਆਂ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਨਾਲ ਲੈ ਕੇ ਅੱਜ ਜੋਗਿੰਦਰ ਸਿੰਘ ਕਥਿਤ ਤੌਰ 'ਤੇ ਨਿਹੰਗ ਸਿੰਘਾਂ ਵੱਲੋਂ ਸਥਾਪਿਤ ਨਿਸ਼ਾਨ ਸਾਹਿਬ ਨੂੰ ਪੁੱਟਣ ਕਰਨ ਲਈ ਪੁੱਜ ਗਿਆ।
            ਕਬਰਵਾਲਾ ਥਾਣੇ ਵਿਖੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਫ਼ਾਈ ਪੇਸ਼ ਕਰਦਿਆਂ ਆਖਿਆ ਕਿ ਉਹ ਤਾਂ ਇਸ ਜਗ੍ਹਾ 'ਤੇ ਕਮਰਾ ਪੁਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਉਣ ਲਈ ਪੁੱਜੇ ਸਨ। ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਇਕੱਲਾ ਨਿਸ਼ਾਬ ਸਾਹਿਬ ਲੱਗਿਆ ਹੋਇਆ ਹੈ ਅਤੇ ਆਲੇ-ਦੁਆਲੇ ਕੋਈ ਕਮਰਾ ਨਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਵ ਤਾਂ ਖਾਲੀ ਥਾਂ 'ਚ ਸਥਾਪਿਤ ਨਿਸ਼ਾਨ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਜੋਗਿੰਦਰ ਸਿੰਘ ਦੇ ਨਾਲ ਆਏ ਹਨ। ਗੁਰੂ ਘਰ ਲਈ ਕਮਰਾ ਪਾਉਣ ਦੇ ਵਿਚਕਾਰ ਨਿਸ਼ਾਨ ਸਾਹਿਬ ਨੂੰ ਪੁੱਟਣ ਬਾਰੇ ਪੁੱਛੇ ਜਾਣ 'ਤੇ ਕੌਮ ਨੂੰ ਸੇਧ ਦੇਣ ਵਾਲਾ ਜਥੇਦਾਰ ਵੇਦਾਂਤੀ ਲਈ ਕੋਈ ਸੰਤੁਸ਼ਟੀਜਨਕ ਅਤੇ ਢੁਕਵਾਂ ਜਵਾਬ ਨਾ ਦੇ ਸਕੇ।
             ਦੇਰ ਸ਼ਾਮ ਤੱਕ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ  ਜੋਗਿੰਦਰ ਸਿੰਘ ਵਗੈਰਾ ਤੋਂ ਥਾਣਾ ਕਬਰਵਾਲਾ ਵਿਖੇ ਪੁਲਿਸ ਵੱਲੋਂ ਵਿਵਾਦਤ ਜ਼ਮੀਨ ਬਾਰੇ ਤਫਤੀਸ਼ ਜਾਰੀ ਸੀ। ਇਸੇ ਦੌਰਾਨ ਸੰਪਰਕ ਕਰਨ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਇੰਦਰਮੋਹਣ ਸਿੰਘ ਨੇ ਦੱਸਿਆ ਕਿ ਗੱਲਬਾਤ ਉਪਰੰਤ ਮਾਮਲੇ ਦਾ ਹੱਲ ਕਰਵਾ ਦਿੱਤਾ ਗਿਆ ਹੈ ਅਤੇ ਕੱਲ੍ਹ ਸਵੇਰੇ ਉਸ ਜਗ੍ਹਾ 'ਤੇ ਮੁੜ ਤੋਂ ਨਿਸ਼ਾਨ ਸਹਿਬ ਦੀ ਸਥਾਪਤੀ ਕਰਵਾ ਦਿੱਤੀ ਜਾਵੇਗੀ।
             ਅੱਜ ਖੇਤਰ ਵਿਚ ਸਿੱਖ ਪੰਥ ਦੇ ਸਿਰਮੌਰ ਅਹੁਦੇ 'ਤੇ ਵਿਰਾਜਮਾਨ ਰਹੇ ਵਿਅਕਤੀ ਦੀ ਕਥਿਤ ਅਗਵਾਈ ਹੇਠ ਪੰਥ ਦੀ ਮਰਿਆਦਤ ਚਿੰਨ੍ਹ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਹਾਲਾਂਕਿ ਮੁੱਖ ਮੰਤਰੀ ਦੇ ਹਲਕੇ ਵਿਚ ਅਕਾਲੀ ਸਰਕਾਰ ਲਈ ਨਵੀਂ ਮੁਸੀਬਤ ਬਣਨ ਵਾਲੇ ਇਸ ਨਵੇਂ ਧਾਰਮਿਕ ਵਿਵਾਦ ਦੇ ਲਗਭਗ 5 ਕੁ ਘੰਟਿਆਂ  ਦੀ ਨਿੱਬੜਣ ਨਾਲ ਪੰਜਾਬ ਸਕੱਤਰੇਤ ਤੱਕ ਰਾਹਤ ਦਾ ਮਾਹੌਲ ਹੈ।

No comments:

Post a Comment