27 February 2013

ਲੰਬੀ ਹਲਕੇ 'ਚ 3 ਦਿਨ ਗਰਾਟਾਂ ਦੇ 'ਬਾਦਲ' ਵਰ੍ਹਨਗੇ


     -ਇੰਦਰ ਦੇਵਤਾ ਵੱਲੋਂ ਪਹਿਲਾਂ ਵਰ੍ਹਾਏ 20 ਲੱਖੀ ਮੀਂਹ ਤੋਂ ਪਿੰਡ ਕੁੱਤਿਆਂਵਾਲੀ ਦੇ ਲੋਕ ਨਾਖੁਸ਼-                                              


                                 ਇਕਬਾਲ ਸਿੰਘ ਸ਼ਾਂਤ
ਲੰਬੀ-ਦੇਸ਼ 'ਚ ਸਭ ਤੋਂ ਵੱਧ ਮੀਂਹਾਂ ਲਈ ਮਸ਼ਹੂਰ ਚਿਰਾਪੂੰਜੀ ਦੇ ਪੰਜਾਬ 'ਚ ਸਭ ਤੋਂ ਵੱਧ ਗਰਾਂਟਾਂ ਦੇ ਗੱਫ਼ਿਆਂ ਦੇ ਮੀਂਹ ਵਰ੍ਹਨ ਲਈ ਪ੍ਰਸਿੱਧ ਉਸਦੇ ਹਮਰੁਤਬਾ ਹਕੂਮਤੀ ਹਲਕੇ ਲੰਬੀ ਵਿਚ ਕੱਲ੍ਹ ਤੋਂ ਤਿੰਨਾਂ ਦਿਨਾਂ ਲਗਾਤਾਰ ਇਹ ਬਰਸਾਤ ਹੋਣ ਜਾ ਰਹੀ ਹੈ। ਜਿਸ  ਲਈ ਇੰਦਰ ਦੇਵਤਾ ਵੱਲੋਂ ਹਲਕੇ ਦੇ 28 ਪਿੰਡਾਂ ਦੀ ਸ਼ਨਾਖ਼ਤ ਕਰ ਲਈ ਹੈ ਤਾਂ ਜੋ ਉਨ੍ਹਾਂ ਵਿਚ ਗਰਾਂਟਾਂ ਰੂਪੀ ਮੀਂਹ ਵਰ੍ਹਾ ਕੇ ਉਨ੍ਹਾਂ ਨੂੰ ਹਰਿਆਵਲ (ਵਿਕਾਸ) ਦੀ ਮੁੱਖ ਧਾਰਾ 'ਚ ਮਜ਼ਬੂਤੀ ਨਾਲ ਜੋੜਿਆ ਜਾ ਸਕੇ। 
        ਹਕੂਮਤ ਦੇ ਬੁਲਾਰੇ ਅਨੁਸਾਰ ਪਹਿਲੇ ਦਿਨ 8 ਪਿੰਡਾਂ ਵਿਚ ਸੰਗਤ ਦਰਸ਼ਨ ਦੇ ਬੈਨਰ ਹੇਠ ਇਹ ਬਰਸਾਤ ਕੀਤੀ ਜਾਵੇਗੀ। ਇਸ ਮੀਂਹ ਨੂੰ ਇੰਦਰ ਦੇਵਤਾ ਦੀ ਭੁਮਿਕਾ 'ਚ (ਮੁੱਖ ਮੰਤਰੀ) ਖੁਦ ਉਚੇਚੇ ਤੌਰ 'ਤੇ ਆਪਣੀ ਨਿਗਰਾਨੀ ਵਰ੍ਹਾਉਣਗੇ। ਪਤਾ ਲੱਗਿਆ ਹੈ ਕਿ ਇਹ ਮੀਂਹ ਦੀ ਤਿਆਰੀਆਂ ਲਈ ਹਕੂਮਤ ਦਾ ਜ਼ਿਲ੍ਹਾ ਤੰਤਰ ਪਿਛਲੇ ਕਾਫ਼ੀ ਦਿਨਾਂ ਤੋਂ ਸਰਗਰਮ ਸੀ।   
        ਮੀਂਹ ਵਰ੍ਹਾਉਣ ਲਈ ਕੱਲ੍ਹ 27 ਫਰਵਰੀ ਨੂੰ 9 ਵਜੇ ਦਾ ਸਮਾਂ ਮਿੱਥਿਆ ਗਿਆ ਹੈ। ਜਿਸਦੀ ਸ਼ੁਰੂਆਤ ਪਿੰਡ ਖੇਮਾਖੇੜਾ ਤੋਂ ਹੋਵੇਗੀ। ਪਤਾ ਲੱਗਿਆ ਹੈ ਕਿ ਉਕਤ ਮੀਂਹ ਲਈ ਅਧਿਕਾਰੀ ਅਤੇ ਠੇਕੇਦਾਰ ਤਬਕਾ ਕਾਫ਼ੀ ਉਤਸਾਹ ਵਿਚ ਹੈ ਕਿਉਂਕਿ ਇਸ ਮੀਂਹ ਨਾਲ ਭਾਵੇਂ ਸਬੰਧਤ ਪਿੰਡਾਂ ਦੇ ਲੋਕਾਂ ਭਾਵੇਂ ਬਹੁਤਾ ਫਾਇਦਾ ਨਾ ਹੋਵੇ ਪਰ ਇਨ੍ਹਾਂ ਦੇ ਘਰਾਂ ਵਿਚ ਵਿਚ ਆਰਥਿਕ ਹਰਿਆਵਲ ਲਈ ਇਹ ਮੀਂਹ ਕਾਫ਼ੀ ਕਿਫ਼ਾਇਤੀ ਸਾਬਤ ਹੋਣ ਦੀ ਉਮੀਦ ਹੈ। ਇਸਦੇ ਬਾਅਦ ਪਿੰਡ ਫੁੱਲੂ ਖੇੜਾ, ਅਰਨੀਵਾਲਾ ਵਜੀਰਾ, ਕੁੱਤਿਆਂ ਵਾਲੀ, ਤਰਮਾਲਾ, ਰੋੜਾਂਵਾਲੀ, ਫਤੂਹੀ ਖੇੜਾ ਅਤੇ ਸਿੱਖਵਾਲਾ ਦੀ ਵਾਰੀ ਆਵੇਗੀ। 
ਸੰਗਤ ਰੂਪੀ ਮੀਂਹ 'ਚ ਪਿੰਡ ਕੁੱਤਿਆਂਵਾਲੀ 'ਚ ਵਾਟਰ ਵਰਕਸ ਲਈ 20 ਲੱਖ ਰੁਪਏ ਦੀ ਗਰਾਂਟਾਂ ਦਾ ਮੀਂਹ ਪੁਆ  ਚੁੱਕੇ ਲੋਕ ਇਹ ਮੀਂਹ ਤੋਂ ਕਾਫ਼ੀ ਔਖੇ ਹਨ ਉਨ੍ਹਾਂ ਕਹਿਣਾ ਹੈ ਕਿ ਸੇਮ ਦੀ ਬਹੁਤਾਤ ਕਰਕੇ ਬਰਬਾਦ ਹੋ ਚੁੱਕੇ ਵਾਟਰ ਵਰਕਸ  ਦੀ ਮੁੜ ਉਸਾਰੀ ਲਈ 20 ਲੱਖ ਰੁਪਏ ਦੇਣ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਅਮਲੇ ਦੀ ਕਥਿਤ ਮਿਲੀਭੁਗਤੀ ਸਦਕਾ ਠੇਕੇਦਾਰ ਨੇ ਹੇਠਲੇ ਦਰਜੇ ਦਾ ਕੰਮ ਕਰਕੇ ਇੰਦਰ ਦੇਵਤਾ ਵੱਲੋਂ ਖੁਦ ਵਰ੍ਹਾਏ ਮੀਂਹ ਦੀ ਤੌਹੀਨ ਕੀਤੀ ਹੈ। ਪਿੰਡ ਦੇ ਬੱਸ ਸਟਾਪ 'ਤੇ ਤਾਸ਼ ਖੇਡਦੇ ਬਜ਼ੁਰਗਾਂ ਨੇ ਦੱਸਿਆ ਕਿ ''ਕੀ ਦੱਸੀਏ ਤੁਹਾਨੂੰ, ਉਹ ਆਉਂਦਾ ਹੈ ਤੇ ਸਾਡੇ ਲਈ ਮੀਂਹ ਵਰ੍ਹਾ ਜਾਂਦੈ, ਪਰ ਮੀਂਹ ਦਾ ਸਾਰਾ ਪਾਣੀ ਠੇਕੇਦਾਰ ਅਤੇ ਅਫਸਰ ਪੀ ਜਾਂਦੇ ਹਨ। ਉਨ੍ਹਾਂ ਆਖਿਆ ਕਿ 20 ਲੱਖ ਰੁਪਏ ਵੀ ਉਨ੍ਹਾਂ ਦਾ 85 ਸਾਲਾ ਇੰਦਰਦੇਵਤਾ ਦੇ ਗਿਆ ਸੀ ਪਰ ਜੁਗਾੜੂ  ਤੌਰ 'ਤੇ ਵਾਟਰ ਵਰਕਸ ਦੀ ਜਮੀਂਦੋਜ਼ ਗੋਲੀ ਟੈਂਕੀ ਬਣਾ ਕੇ ਬੁੱਤਾ ਸਾਰ ਦਿੱਤਾ। ਪਿੰਡ ਦੇ ਲੋਕ ਵਾਟਰ ਵਰਕਸ ਜਰੀਏ ਸੇਮ ਵਾਲਾ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਹਨ, ਪਰ ਕੋਈ ਸੁਣਨ ਵਾਲਾ ਨਹੀਂ। ਇੱਕ ਤਾਸ਼ ਦਾ ਪੱਤਾ ਸੁੱਟਦੇ ਇੱਕ ਬਜ਼ੁਰਗ ਨੇ ਆਖਿਆ ਕਿ ਕੱਲ੍ਹ ਫਿਰ ਮੀਂਹ ਆਉਣੈ ਤੇ ਇੰਦਰ ਦੇਵਤਾ ਕੀ ਦੇ ਕੇ ਜਾਊ, ਹੁਣ ਤਾਂ ਡਰ ਲੱਗਣ ਪਿਐ ਗਰਾਟਾਂ ਦੇ ਮੀਂਹ ਤੋਂ। ਜਦੋਂ ਉਸਤੋਂ ਡਰ ਦਾ ਕਾਰਨ ਪੁੱਛਿਆ ਤਾਂ ਉਸਨੇ ਆਖਿਆ ਕਿ ਲੱਖਾਂ ਰੁਪਏ ਦੀਆਂ ਗਰਾਂਟਾਂ ਉਨ੍ਹਾਂ ਦੇ ਪਿੰਡ ਦੇ ਖਾਤੇ ਪੈ ਜਾਂਦੀਆਂ ਹਨ ਅਤੇ ਮੀਂਹ ਦਾ ਪਾਣੀ (ਰੁਪਏ) ਮਸੰਦ ਬਣੇ ਠੇਕੇਦਾਰ ਅਤੇ ਅਫ਼ਸਰ ਝੋਲੀਆਂ 'ਚ ਭਰ ਕੇ ਲੈ ਜਾਂਦੇ ਹਨ। ਦੱਸਣਯੋਗ ਹੈ ਕਿ ਇਸ ਪਿੰਡ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਮਹਿਜ਼ ਇੱਕ-ਦੋ ਫੁੱਟ 'ਤੇ ਹੈ। ਪਿੰਡ ਕੁੱਤਿਆਂਵਾਲੀ ਦੇ ਲੋਕਾਂ ਨੇ ਵਾਟਰ ਵਰਕਸ ਦੇ ਜਮੀਂਦੋਜ਼ ਸਟੋਰੇਜ਼ ਟੈਂਕ (ਸੰਪ) ਦੀ ਉਸਾਰੀ 'ਚ ਘਪਲੇਬਾਜ਼ੀ ਦ ਦੋਸ਼ ਮੜ੍ਹਦਿਆਂ ਹਕੂਮਤ ਤੋਂ ਪੜਤਾਲ ਕੀਤੀ ਹੈ। ਲੋਕਾਂ ਦੀ ਮੰਗ ਹੈ ਕਿ ਵਿਕਾਸ ਕਾਰਜਾਂ ਲਈ ਗਰਾਂਟਾਂ ਦਾ ਮੀਂਹ ਸਿਆਸੀ ਹਿੱਤਾਂ ਨੂੰ ਮੁੱਖ ਰੱਖਣ ਦੀ ਬਜਾਏ ਸਮੱਸਿਆਵਾਂ ਦੇ ਪੱਕੇ ਅਤੇ ਪੁਖਤਾ ਹੱਲ ਲਈ ਵਰ੍ਹਾਇਆ ਜਾਵੇ। 
ਇਸਦੇ ਇਲਾਵਾ 28 ਫਰਵਰੀ ਨੂੰ ਮਾਹਣੀ ਖੇੜਾ, ਸ਼ਾਮ ਖੇੜਾ, ਕਬਰਵਾਲਾ, ਕਰਮਗੜ੍ਹ ਅਤੇ ਢਾਣੀ ਨੱਥਾ ਸਿੰਘ, ਭਗਵਾਨ ਪੁਰਾ, ਆਲਮਵਾਲਾ, ਰੱਤਾ ਖੇੜਾ ਵੱਡਾ, ਰੱਤਾ ਖੇੜਾ ਛੋਟਾ ਅਤੇ ਬੋਦੀਵਾਲਾ ਤੋਂ ਇਲਾਵਾ 1 ਮਾਰਚ ਨੂੰ ਪਿੰਡ ਲੰਬੀ 'ਚ ਸਵੇਰੇ 9 ਵਜੇ, ਪੰਜਾਵਾ, ਕੱਖਾਂਵਾਲੀ, ਹਾਕੂਵਾਲਾ, ਫੱਤਾਕੇਰਾ, ਭੁੱਲਰਵਾਲਾ, ਕੰਦੂ ਖੇੜਾ, ਢਾਣੀ ਤੇਲੀਆਂ ਵਾਲੀ ਅਤੇ ਭੀਟੀਵਾਲਾ 'ਚ ਗਰਾਂਟਾਂ ਦੀ ਬਰਸਾਤ ਹੋਵੇਗੀ। 

No comments:

Post a Comment