05 July 2013

ਪੰਚਾਇਤ ਵੋਟਾਂ : ਕਈ ਸਿਆਸੀ ਖੁੰਡਾਂ ਦੀਆਂ ਜੜ੍ਹਾਂ ਨੰਗੀਆਂ ਹੋਈਆਂ

  - ਅਕਾਲੀ ਦਲ ਦੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ ਸਿੱਖਵਾਲਾ ਸਰਪੰਚੀ ਚੋਣ 'ਚ ਚੌਥੇ ਨੰਬਰ 'ਤੇ ਰਹੀ - 


- ਹਕੂਮਤੀ ਹਲਕੇ 'ਚ ਅਕਾਲੀ ਦਲ ਵੱਖ-ਵੱਖ ਧੜਿਆਂ ਦਾ 81 ਅਤੇ ਕਾਂਗਰਸ ਦਾ 2 ਸਰਪੰਚੀਆਂ 'ਤੇ ਕਬਜ਼ਾ-

ਇਕਬਾਲ ਸਿੰਘ ਸ਼ਾਂਤ
     ਲੰਬੀ, 5 ਜੁਲਾਈ : ਪੰਚਾਇਤ ਵੋਟਾਂ ਦੇ ਤੇਜ਼ ਵਹਾਅ 'ਚ ਹਕੂਮਤੀ ਹਲਕੇ ਲੰਬੀ ਦੇ ਕਈ ਸਿਆਸੀ ਖੁੰਢਾਂ ਦੀਆਂ ਸਿੱਧੇ-ਅਸਿੱਧੇ ਤੌਰ 'ਤੇ ਜੜ੍ਹਾਂ ਨੰਗੀਆਂ ਹੋ ਗਈਆਂ। ਜਿਨ੍ਹਾਂ ਦੇ ਇੱਕ ਇਸ਼ਾਰੇ ਨਾਲ ਪ੍ਰਸ਼ਾਸਨਿਕ ਫਿਜ਼ਾਵਾਂ ਰੁੱਖ ਬਦਲ ਜਾਂਦੀਆਂ ਸਨ, ਪਰ ਵੋਟ ਸ਼ਕਤੀ ਨੇ ਸਾਰਾ ਰੁੱਖ ਵੀ ਬਦਲ ਦਿੱਤਾ। ਵੀ.ਆਈ.ਪੀ. ਹਲਕੇ ਦੇ ਬਹੁਗਿਣਤੀ ਪਿੰਡਾਂ 'ਚ ਜਿੱਥੇ ਤਿੱਖੜ ਮੁਕਾਬਲਿਆਂ 'ਚ ਅਕਾਲੀ ਆਪਣਿਆਂ ਨੂੰ ਹੀ ਵੱਡੀਆਂ ਸ਼ਿਕਸਤਾਂ ਦੇ ਗਏ, ਉਥੇ ਕੁਝ ਥਾਵਾਂ 'ਤੇ ਕਾਂਗਰਸੀ ਉਮੀਦਵਾਰ ਵੀ ਅਕਾਲੀ ਥੰਮਾਂ ਨੂੰ ਢਾਹ ਗਏ। ਹੈਰਾਨੀਜਨਕ ਹੋ ਨਿੱਬੜੇ ਇਹ ਨਤੀਜੇ ਆਮ ਲੋਕਾਂ 'ਚ ਚਰਚਾ ਦਾ ਕੇਂਦਰ ਬਣੇ ਹੋਏ ਹਨ। 
      ਪਿੰਡ ਸਿੱਖਵਾਲਾ ਵਿਖੇ ਲੰਬੀ ਜ਼ੋਨ ਤੋਂ ਅਕਾਲੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ ਸਿੰਘ ਸਰਪੰਚ ਦੀ ਚੋਣ ਵਿਚ ਚੌਥੇ ਨੰਬਰ 'ਤੇ ਰਹੀ। ਇੱਥੇ ਅਕਾਲੀ ਪੱਖੀ ਉਮੀਦਵਾਰ ਰਣਜੀਤ ਸਿੰਘ ਠੇਕੇਦਾਰ (981 ਵੋਟਾਂ) ਨੇ ਮਨਜਿੰਦਰ ਪਾਲ ਸਿੰਘ ਵਿੱਕੀ (638) ਨੂੰ ਹਰਾਇਆ। ਜਦੋਂਕਿ ਸਾਬਕਾ ਸਰਪੰਚ ਅਜੈ ਪਾਲ ਸਿੰਘ 558 ਲੈ ਕੇ ਤੀਜੇ ਨੰਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ 340 ਵੋਟਾਂ ਨਾਲ ਚੌਥੀ ਪੁਜੀਸ਼ਨ 'ਤੇ ਰਹੀ। 
ਇਸੇ ਤਰ੍ਹਾਂ ਮਾਰਕਫੈੱਡ ਦੇ ਡਾਇਰੈਕਟਰ ਅਤੇ ਸੀਨੀਅਰ ਅਕਾਲੀ ਆਗੂ ਨਿਸ਼ਾਨ ਸਿੰਘ ਫਤਿਹਪੁਰ ਮਨੀਆਂ ਵੀ ਆਪਣੇ ਪਿੰਡ 'ਚ ਸਰਪੰਚ ਦੀ ਚੋਣ 'ਚ ਵਿਰੋਧੀ ਅਕਾਲੀ ਧੜੇ ਦੇ ਹੱਥੋਂ ਮਾਤ ਖਾ ਗਏ। ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਕੁਲਜੀਤ ਕੌਰ ਨੂੰ ਦਵਿੰਦਰਪਾਲ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ 460 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤੀ। ਜ਼ਿਕਰਯੋਗ ਹੈ ਕਿ ਸ੍ਰੀ ਨਿਸ਼ਾਨ ਸਿੰਘ ਧੜੇ ਦਾ ਪਿੰਡ 'ਚ ਸਿਰਫ਼ ਇੱਕ ਪੰਚ ਹੀ ਜਿੱਤ ਸਕਿਆ ਹੈ। 
ਪਿੰਡ ਭੁੱਲਰਵਾਲਾ ਵਿਖੇ ਕਾਂਗਰਸ ਪੱਖੀ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੇ ਅਕਾਲੀ ਸਿਆਸਤ 'ਚ ਵਿਸ਼ੇਸ਼ ਰੁਤਬਾ ਰੱਖਦੇ ਸੀਨੀਅਰ ਆਗੂ ਇਕਬਾਲ ਸਿੰਘ ਭੁੱਲਰਵਾਲਾ ਤੇ ਹਰਤੇਜ ਸਿੰਘ ਭੁੱਲਰ ਧੜੇ ਦੇ ਅਕਾਲੀ ਪੱਖੀ ਉੁਮੀਦਵਾਰ ਨੈਬ ਸਿੰਘ ਨੂੰ 95 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। 
ਇਸਦੇ ਇਲਾਵਾ ਪਿੰਡ ਤਰਮਾਲਾ ਅਤੇ ਢਾਣੀ ਤੇਲਿਆਂਵਾਲੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੱਪੀ ਤਰਮਾਲਾ ਦੇ ਪਿੰਡ ਤਰਮਾਲਾ ਅਤੇ ਢਾਣੀ ਤੇਲਿਆਂਵਾਲੀ 'ਚ ਮਰਹੂਮ ਜਥੇਦਾਰ ਇਕਬਾਲ ਸਿੰਘ ਤਰਮਾਲਾ ਦੇ ਲੜਕੇ ਗੋਪੀ ਤਰਮਾਲਾ ਦਾ ਗਰੁੱਪ ਭਾਰੂ ਰਿਹਾ। ਪਿੰਡ ਤਰਮਾਲਾ 'ਚ ਗੋਪੀ ਤਰਮਾਲਾ ਧੜੇ ਦੀ ਸੁਖਜੀਤ ਕੌਰ ਨੇ 203 ਵੋਟਾਂ ਦੇ ਫ਼ਰਕ ਨਾਲ ਪੱਪੀ ਤਰਮਾਲਾ ਧੜੇ ਦੀ ਕੁਲਵਿੰਦਰ ਕੌਰ ਨੂੰ 203 ਵੋਟਾਂ ਦੇ ਫ਼ਰਕ ਨਾਲ ਹਰਾਇਆ। ਜਦੋਂਕਿ ਪਿੰਡ ਢਾਣੀ ਤੇਲਿਆਂਵਾਲੀ 'ਚ ਗੋਪੀ ਤਰਮਾਲਾ ਧੜੇ ਦੀ ਉਮੀਦਵਾਰ ਪਰਮੇਸ਼ਵਰੀ ਦੇਵੀ ਨੇ ਅਕਾਲੀ ਆਗੂ ਪਿੱਪਲ ਸਿੰਘ ਧੜੇ ਦੇ ਬੂਟਾ ਸਿੰਘ ਨੂੰ ਸ਼ਿਕਸਤ ਦਿੱਤੀ। ਪਿੰਡ ਚੱਕ ਮਿੱਡੂ ਸਿੰਘ ਵਾਲਾ ਵਿਖੇ ਸਥਾਪਿਤ ਅਕਾਲੀ ਆਗੂ ਰਮਿੰਦਰਪਾਲ ਸਿੰਘ ਰੰਮੀ ਕੁਲਾਰ ਦਾ ਧੜਾ 11 ਵੋਟਾਂ ਨਾਲ ਪਿੰਡ ਦੇ ਭਾਈਚਾਰੇ ਤੋਂ ਸਰਪੰਚੀ ਦੀ ਚੋਣ 'ਚ ਮਾਤ ਖਾ ਗਿਆ। ਇੱਥੇ ਗੁਰਮੇਲ ਸਿੰਘ ਨੇ ਨਿਰਮਲ ਕੌਰ ਨੂੰ ਹਰਾਇਆ।
ਇਸਤੋਂ ਇਲਾਵਾ ਪਿੰਡ ਭਾਗੂ ਵਿਖੇ ਸਾਬਕਾ ਸਰਪੰਚ ਸਵਰਗੀ ਕੁਲਵੰਤ ਸਿੰਘ ਅਤੇ ਸਾਬਕਾ ਸਰਪੰਚ ਰਣਜੀਤ ਕੌਰ ਦੇ 30 ਸਾਲਾ ਪੁੱਤਰ ਅਤੇ ਨੌਜਵਾਨ ਆਗੂ ਸਤਵਿੰਦਰ ਸਿੰਘ ਨੇ ਸਰਪੰਚੀ ਚੋਣ ਵਿਚ ਆਪਣੇ ਸਕੇ ਤਾਏ ਦੇ ਲੜਕੇ ਕੁਲਵਿੰਦਰ ਸਿੰਘ ਨੂੰ 99 ਵੋਟਾਂ ਹਰਾਇਆ। ਇਸਦੇ ਇਲਾਵਾ ਪਿੰਡ ਖਿਉਵਾਲੀ 'ਚ ਸਰਪੰਚ ਚੋਣ ਵਿਚ ਕਾਂਗਰਸ ਪੱਖੀ ਉਮੀਦਵਾਰ ਰਾਜਾ ਰਾਮ ਨੇ ਅਕਾਲੀ ਦਲ ਪੱਖੀ ਬਲਤੇਜ ਸਿੰਘ ਨੂੰ 315 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਜਦੋਂਕਿ ਛੇਕੜਲੇ ਪਿੰਡ ਵੜਿੰਗਖੇੜਾ ਵਿਖੇ ਅਕਾਲੀ ਸਿਆਸਤ ਦੇ ਬਾਬਾ ਬੋਹੜ ਬਖਤੌਰ ਸਿੰਘ ਦੇ ਪੋਤਰੇ ਕਸ਼ਮੀਰ ਸਿੰਘ ਆਪਣੇ ਵਿਰੋਧੀ ਅਕਾਲੀ ਆਗੂ ਗੁਰਲਾਲ ਸਿੰਘ ਵੜਿੰਗ ਨੂੰ 337 ਵੋਟਾਂ ਨਾਲ ਹਰਾ ਕੇ ਜੇਤੂ ਰਹੇ। ਪਿੰਡ ਵੜਿੰਗਖੇੜਾ 'ਚ ਕਾਂਗਰਸ ਪੱਖੀ ਉਮੀਦਵਾਰ ਦਰਸ਼ਨ ਸਿੰਘ ਭੋਲੂ ਨੂੰ 114 ਅਤੇ ਸਾਬਕਾ ਸਰਪੰਚ ਗੁੱਡੂ ਸਿੰਘ ਨੂੰ ਮਹਿਜ਼ 8 ਵੋਟਾਂ ਨਾਲ ਸਬਰ ਕਰਨਾ ਪਿਆ। ਇਸੇ ਤਰ੍ਹਾਂ ਪਿੰਡ ਕਿੱਲਿਆਂਵਾਲੀ 'ਚ ਅਕਾਲੀ ਆਗੂ ਕੁਲਬੀਰਇੰਦਰ ''ਬੰਟੂ ਭਾਟੀ''-ਸੁਖਪਾਲ ਭਾਟੀ ਧੜੇ ਦੇ 10 ਪੰਚ ਚੁਣੇ ਗਏ ਅਤੇ ਬਲਦਰਸ਼ਨ ਸਿੰਘ ਸਾਬਕਾ ਸਰਪੰਚ ਧੜੇ ਦਾ ਇੱਕੋ ਪੰਚ ਜਿੱਤ ਸਕਿਆ। 
        ਇਸਦੇ ਇਲਾਵਾ ਪਿੰਡ ਸਹਿਣਾਖੇੜਾ 'ਚ ਚਰਚਿਤ ਅਕਾਲੀ ਸਰਪੰਚ ਜਸਵੰਤ ਸਿੰਘ ਧੜੇ ਦਾ ਠਾਣਾ ਸਿੰਘ ਵਿਰੋਧੀ ਧੜੇ ਪੱਪੂ ਮਾਨ-ਬੱਬੂ ਬਰਾੜ ਧੜੇ ਦੇ ਕੁਲਦੀਪ ਸਿੰਘ ਮਾਣਕ ਹੱਥੋਂ 158 ਵੋਟਾਂ ਨਾਲ ਹਾਰ ਗਿਆ। ਜਦੋਂਕਿ ਤੱਪਾ ਖੇੜਾ ਵਿਖੇ ਅਕਾਲੀ ਆਗੂ ਬਿੰਨੀ ਮਾਨ ਦਾ ਧੜਾ ਵੀ ਵਿਰੋਧੀ ਅਕਾਲੀ ਧੜੇ ਹੱਥੋਂ ਮਾਤ ਖਾ ਗਿਆ।  ਇਸਤੋਂ ਇਲਾਵਾ  ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਸੱਜੀ ਬਾਂਹ ਨੌਜਵਾਨ ਆਗੂ ਜਗਮੀਤ ਸਿੰਘ ਖੁੱਡੀਆਂ ਵੀ ਖੁੱਡੀਆਂ ਮਹਾਂ ਸਿੰਘ 'ਚ ਵਿਰੋਧੀ ਅਕਾਲੀ ਗੋਰਾ ਮਾਨ ਤੋਂ ਸਰਪੰਚੀ ਹਾਰ ਗਏ। ਪਿੰਡ ਖੁੱਡੀਆਂ ਗੁਲਾਬ ਸਿੰਘ 'ਚ ਵਾਰਡ ਨੰਬਰ 1 ਤੋਂ ਕਿਸਮਤ ਅਜਮਾ ਰਹੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਬ ਸਿੰਘ ਖੁੱਡੀਆਂ ਸਿਰਫ਼ 4 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕਰਕੇ ਪੰਚ ਬਣ ਸਕੇ। ਦੱਸਣਯੋਗ ਹੈ ਕਿ ਲੰਬੀ ਹਲਕੇ ਦੀਆਂ 83 ਪੰਚਾਇਤਾਂ ਦੀਆਂ ਸਰਪੰਚੀਆਂ 'ਤੇ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦਾ ਕਬਜ਼ਾ ਹੋ ਗਿਆ, ਜਦੋਂਕਿ ਵਿਰੋਧੀ ਪਾਰਟੀ ਕਾਂਗਰਸ ਨੂੰ ਸਿਰਫ਼ ਦੋ ਪੰਚਾਇਤ ਭੁੱਲਰਵਾਲਾ ਅਤੇ ਖਿਉਵਾਲੀ ਦੀਆਂ ਸਰਪੰਚੀਆਂ ਹਾਸਲ ਹੋ ਸਕੀਆਂ। 

-----------------------
          ਮੁੱਖ ਮੰਤਰੀ ਬਾਦਲ ਦੀ ਭਤੀਜੀ ਪੰਚੀ ਦੀ ਚੋਣ ਹਾਰੀ 

ਲੰਬੀ : ਸੂਬਾਈ ਸਿਆਸਤ ਦੇ ਸਿਰਮੌਰ ਆਗੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭਤੀਜੀ ਬੀਬੀ ਪਰਮਜੀਤ ਕੌਰ ਲੰਬੀ ਹਲਕੇ ਦੇ ਪਿੰਡ ਵੜਿੰਗਖੇੜਾ ਦੇ ਵਾਰਡ 4 ਤੋਂ ਹਾਰ ਗਏ। ਉਨ੍ਹਾਂ ਨੂੰ ਕਾਂਗਰਸ ਪੱਖੀ ਉਮੀਦਵਾਰ ਹਰਵਿੰਦਰ ਕੌਰ ਸਹਾਰਨ ਨੇ 33 ਵੋਟਾਂ ਦੇ ਫ਼ਰਕ ਨਾਲ ਹਰਾਇਆ। ਜੇਤੂ ਉਮੀਦਵਾਰ ਹਰਵਿੰਦਰ ਕੌਰ ਨੂੰ 122 ਅਤੇ ਬੀਬੀ ਪਰਮਜੀਤ ਕੌਰ ਨੂੰ 89 ਵੋਟਾਂ ਮਿਲੀਆਂ। ਇਸਦੇ ਇਲਾਵਾ ਤੀਜੇ ਨੰਬਰ 'ਤੇ ਰਹੀ ਉਮੀਦਵਾਰ ਗੁਰਮੀਤ ਕੌਰ ਨੇ 53 ਵੋਟਾਂ ਪ੍ਰਾਪਤ ਕੀਤੀਆਂ। ਜ਼ਿਰਕਯੋਗ ਹੈ ਕਿ ਬੀਬੀ ਪਰਮਜੀਤ ਕੌਰ ਮੁੱਖ ਮੰਤਰੀ ਬਾਦਲ ਦੇ ਚਚੇਰੇ ਭਰਾ ਹਰਬੰਸ ਸਿੰਘ ਢਿੱਲੋਂ (ਕਾਲਝਰਾਨੀ) ਦੀ ਪੁੱਤਰੀ ਹੈ, ਜੋ ਕਿ ਪਿੰਡ ਵੜਿੰਗਖੇੜਾ ਦੇ ਸਰਮਾਏਦਾਰ ਹਰਦਵਿੰਦਰ ਸਿੰਘ 'ਲਾਲੀ' ਦੀ ਧਰਮਪਤਨੀ ਹਨ।

No comments:

Post a Comment