05 June 2017

ਕਿਸਾਨ ਦੀ ਧੀ ਨੇ ਦਸਮੇਸ਼ ਕਾਲਜ ਬਾਦਲ ਦੇ ਤਾਜ਼ ’ਚ ਜੜਿਆ ਕੌਮਾਂਤਰੀ ਨਿਸ਼ਾਨੇ ਦਾ ਮੋਤੀ

* 27ਵੀਂ ਇੰਟਰਨੈਸ਼ਨਲ ਹੋਪ ਚੈਂਪੀਅਨਸ਼ਿਪ ’ਚ 10 ਮੀਟਰ ਏਅਰ ਪਿਸਟਲ ’ਚ ਚਾਂਦੀ ਤਮਗਾ ਜਿੱਤਿਆ 
* ਕਾਲਜ ਪੁੱਜਣ ’ਤੇ ਪ੍ਰਿੰਸੀਪਲ ਅਤੇ ਨਿਸ਼ਾਨੇਬਾਜ਼ੀ ਕੋਚਾਂ ਵੱਲੋਂ ਸਨਮਾਨ
* ਹੁਣ ਜਰਮਨ ’ਚ ਜੂਨੀਅਰ ਵਿਸ਼ਵ ਸ਼ੂਟਿੰਗ ਕੱਪ ’ਚ ਹਿੱਸਾ ਲਵੇਗੀ


ਇਕਬਾਲ ਸਿੰਘ ਸ਼ਾਂਤ
ਡੱਬਵਾਲੀ-ਯੂ.ਪੀ ਦੇ ਬੇਜ਼ਮੀਨੇ ਕਿਸਾਨ ਦੀ ਧੀ ਨੇ ਨਿਸ਼ਾਨੇਬਾਜ਼ੀ ਦੀ ਨਰਸਰੀ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਤਾਜ਼ ’ਚ ਇੱਕ ਹੋਰ ਕੌਮਾਂਤਰੀ ਨਿਸ਼ਾਨੇ ਦਾ ਮੋਤੀ ਜੜ੍ਹ ਦਿੱਤਾ। ਬੀ.ਏ-1 ਦੀ ਵਿਦਿਆਰਥਣ ਸ਼ਵੇਤਾ ਦੇਵੀ ਨੇ 27ਵੀਂ ਇੰਟਰਨੈਸ਼ਨਲ ਸ਼ੂਟਿੰਗ ਹੋਪ ਚੈਂਪੀਅਨਸ਼ਿਪ (ਚੈਕ ਰਿਪਬਲਿਕ) ਵਿੱਚ 10 ਮੀਟਰ ਏਅਰ ਪਿਸਟਲ (ਟੀਮ) ’ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਉਸਦਾ ਸਕੋਰ 367/400 ਰਿਹਾ।  
ਸ਼ਵੇਤਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਬਾਗਪਤ ਦੇ ਪਿੰਡ ਸਿੰਘਾਵਲੀ ਅਹੀਰ ’ਚ ਛੋਟੇ ਕਿਸਾਨ ਪਰਿਵਾਰ ਦੀ ਜੰਮਪਲ ਹੈ। ਉਸਦੇ ਪਿਤਾ ਸੁਲਤਾਨ ਸਿੰਘ ਜ਼ਮੀਨ ਠੇਕੇ ’ਤੇ ਲੈ ਕੇ ਖੇਤੀਬਾੜੀ ਕਰਦੇ ਹਨ। ਉਸਦੇ ਕੋਲ ਨਿਸ਼ਾਨੇਬਾਜ਼ੀ ਦੀ ਸਿਖਲਾਈ ਲਈ ਅਸਲਾ ਅਤੇ ਸਾਜੋਸਮਾਨ ਖਰੀਦਣ ਲਈ ਸਾਧਨ ਨਹੀਂ ਸਨ। ਸ਼ੌਂਕ ਨੂੰ ਸ਼ਿਖ਼ਰ ਤੱਕ ਲਿਜਾਣ ਲਈ ਸ਼ਵੇਤਾ ਨੇ ਪਹਿਲਾਂ ਡੰਮੀ (ਨਕਲੀ ਪਿਸਟਲ) ਨਾਲ ਸਿਖਲਾਈ ਕਰਕੇ ਖੁਦ ਨੂੰ ਤਿਆਰ ਕੀਤਾ। ਜਿਸ ਮਗਰੋਂ ਨਿਸ਼ਾਨੇਬਾਜ਼ੀ ਦੇ ਅੰਤਰਰਾਸ਼ਟਰੀ ਅਦਾਰੇ ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਰਾਹ ਫੜੀ। ਜਿੱਥੋਂ ਸ਼ੁਰੂ ਹੋਇਆ ਬੇਜ਼ਮੀਨੇ ਕਿਸਾਨ ਦੀ ਹੋਣਹਾਰ ਦੀ ਧੀ ਦਾ ਕਾਮਯਾਬੀ ਦੀ ਜ਼ਮੀਨ ਨਾਪਣ ਦਾ ਸਫ਼ਰ। ਦਸਮੇਸ਼ ਕਾਲਜ ਬਾਦਲ ’ਚ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ਼, ਸਟੇਡੀਅਮ, ਜਿਮ ਅਤੇ ਮੁਫਤ ਅਸਲਾ-ਹਥਿਆਰ ਦੀ ਸਹੂਲਤ ਨੇ ਆਰਥਿਕਤਾ ਦੇ ਮਾਰੇ ਉਸਦੇ ਸ਼ੌਂਕ ਨੂੰ ਪੰਖ ਲਗਾ ਦਿੱਤੇ। ਜਿਸ ਸਦਕਾ ਮਹਿਜ਼ ਦੋ ਸਾਲ ’ਚ ਦ੍ਰਿੜ ਇਰਾਦੇ ਨਾਲ ਲਗਨ ਨਾਲ ਉਹ ਕੌਮਾਂਤਰੀ ਸ਼ੂਟਰਾਂ ਦੀ ਕਤਾਰ ਵਿੱਚ ਪੁੱਜ ਗਈ। ਸ਼ਵੇਤਾ 10 ਮੀਟਰ ਅਤੇ 25 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਨਾਲ ਜੁੜੀ ਹੋਈ ਹੈ। ਉਹ ਹੁਣ 22-29 ਜੂਨ 2017 ਨੂੰ ਜਰਮਨ ਵਿਖੇ ਜੂਨੀਅਰ ਵਿਸ਼ਵ ਸ਼ੂਟਿੰਗ ਕੱਪ ਵਿੱਚ ਹਿੱਸਾ ਲਵੇਗੀ। 
ਦੱਸਣਯੋਗ ਹੈ ਕਿ ਡੇਢ ਦਹਾਕਾ ਪਹਿਲਾਂ ਵਜੂਦ ਵਿੱਚ ਆਏ ਦਸਮੇਸ਼ ਵਿੱਦਿਅਕ ਅਦਾਰਾ ਬਾਦਲ ਨੇ ਨਿਸ਼ਾਨੇਬਾਜ਼ੀ ਵਿੱਚ ਕੌਮਾਂਤਰੀ ਪੱਧਰ ’ਤੇ ਵਿਲੱਖਣ ਪਛਾਣ ਬਣਾਈ ਹੈ। ਅਦਾਰੇ ਦੀਆਂ ਕਰੀਬ 12-13 ਸ਼ੂਟਰ ਵਿਦਿਆਰਥਣਾਂ ਅਵਨੀਤ ਕੌਰ ਸਿੱਧੁੂ (ਅਰਜੂਨ ਐਵਾਰਡ), ਰੂਬੀ ਤੋਮਰ (ਸਬ ਇੰਸਪੈਕਟਰ), ਸੈਫ਼ਾਲੀ ਤੋਮਰ, ਲਖਵੀਰ ਸਿੱਧੂ, ਰੇਸ਼ੂ ਤੋਮਰ, ਪ੍ਰੀਤੀ ਤੋਮਰ, ਮਨਦੀਪ ਸੰਧੂ ਅਤੇ ਗੁਰਪ੍ਰੀਤ ਕੌਰ ਨੇ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ’ਚ ਤਮਗੇ ਹਾਸਲ ਕੀਤੇ ਹਨ। 
ਜ਼ਿੰਦਗੀ ’ਚ ਮਆਰਕੇ ਦਾ ਜਜ਼ਬਾ ਰੱਖਦੇ ਹਮ ਉਮਰਾ ਲਈ ਪ੍ਰੇਰਨਾ ਬਣੀ ਸ਼ਵੇਤਾ ਦਾ ਕਹਿਣਾ ਹੈ ਕਿ ਅਤਿ ਸਧਾਰਨ ਪਰਿਵਾਰ ਵਿੱਚ ਸ਼ੂਟਿੰਗ ਜਿਹੀ ਮਹਿੰਗੀ ਖੇਡ ਦੇ ਕੌਮਾਂਤਰੀ ਪੱਧਰ ’ਤੇ ਪਹੁੰਚਣਾ ਆਸਾਨ ਨਹੀਂ ਸੀ। ਸ਼ੁਟਿੰਗ ’ਚ ਉੱਚੀ ਉਡਾਣ ਦੇ ਜਜ਼ਬੇ ਮੂਹਰੇ ਸਭ ਸਾਰੀਆਂ ਅੌਕੜਾਂ ਜ਼ਮੀਨ ’ਤੇ ਵਿਛ ਗਈਆਂ। ਉਸਨੂੰ ਜਮ੍ਹਾ+1 ਜਮਾਤ ਵਿੱਚ ਨਿਸ਼ਾਨੇਬਾਜ਼ੀ ਦਾ ਸ਼ੌਂਕ ਜਾਗਿਆ। ਉਹ ਕੌਮਾਂਤਰੀ ਮੁਕਾਬਲਿਆਂ ’ਚ ਸਫ਼ਲਤਾ ਦੀ ਮੁੱਢਲੀ ਪੌੜ੍ਹੀ ’ਤੇ ਪੁੱਜਣ ਦਾ ਸਿਹਰਾ ਦਸਮੇਸ਼ ਗਰਲਜ ਕਾਲਜ, ਕੋਚ ਵੀਰਪਾਲ ਕੌਰ ਨਿੱਝਰ, ਕੋਚ ਰਾਮ ਲਾਲ ਦੇ ਸਿਰ ਬੰਨ੍ਹਦੀ ਹੈ। ਉਹ ਓਲੰਪਿਕ ਵਿੱਚ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀ ਹੈ। ਦਸਮੇਸ਼ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਸੰਘਾ ਨੇ ਕਿਹਾ ਕਿ ਸ਼ਵੇਤਾ ਨੇ ਦੋ ਸਾਲਾਂ ਦੇ ਅਰਸੇ (2015-2017) ਵਿੱਚ ਸਖਤ ਮਿਹਨਤ ਕੀਤੀ। ਜਿਸਦੇ ਚੰਗੇ ਨਤੀਜੇ ਨੇ ਕਾਲਜ ਅਤੇ ਉਸਦੇ ਮਾਪਿਆਂ ਦੀ ਸ਼ਾਨ ਨੂੰ ਚਾਰ ਚੰਨ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਸ਼ਵੇਤਾ ਦੀ ਪਹਿਲੀ ਅੰਤਰਰਾਸ਼ਟਰੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਅੱਜ ਤਮਗਾ ਜਿੱਤਣ ਉਪਰੰਤ ਅੱਜ ਕਾਲਜ ਪਰਤਣ ’ਤੇ ਪ੍ਰਿੰਸੀਪਲ ਡਾ. ਸੰਘਾ, ਵਾਈਸ ਪ੍ਰਿੰਸੀਪਲ ਇੰਦਰਾ ਪਾਹੂਜਾ, ਨਿਸ਼ਾਨੇਬਾਜ਼ੀ ਕੋਚ ਕੈਪਟਨ ਰਾਮ ਲਾਲ, ਲਖਵੀਰ ਕੌਰ ਅਤੇ ਅਨਿੰਦਰਬੀਰ ਕੌਰ ਨੇ ਸ਼ਵੇਤਾ ਦੇਵੀ ਦਾ ਨਿੱਘਾ ਸਵਾਗਤ ਕੀਤਾ। 

No comments:

Post a Comment