24 October 2017

ਸੱਪਾਂ ਨੂੰ ਕੀਲਣ ਵਾਲੇ ਸਪੇਰਾ ਸਮਾਜ ਦੀ ਕਿਸਮਤ ਪਿਟਾਰੀ ’ਚ ਬੰਦ

- ਸਪੇਰਿਆਂ ਦਾ ਦੁਖੜਾ: ਸਾਡੇ ਸੱਪ ਫੜਨ ’ਤੇ ਪਾਬੰਦੀ ਲਗਾ ਤੀ, ਰੁਜ਼ਗਾਰ ਦੇ ਮੌਕੇ ਸਾਨੂੰ ਦਿੱਤੇ ਨਹੀਂ…...
- ਹਰਿਆਣਾ ’ਚ ਛੱਤ ਅਤੇ ਜ਼ਮੀਨ ਤੋਂ ਵਾਂਝੇ ਬਹੁ ਗਿਣਤੀ ਸਪੇਰਾ ਪਰਿਵਾਰ
- ਪੜ੍ਹੇ-ਲਿਖੇ ਸਪੇਰਾ ਨੌਜਵਾਨਾਂ ਦੇ ਹੱਕ ਐਸ.ਐਸ. ਅਤੇ ਐਸ.ਟੀ. ਵਰਗ ਦੀ ਉਲਝਣ ’ਚ ਫਸੇ 
- ਸਰਕਾਰੀ ਕਾਗਜ਼ਾਂ ’ਚ ‘ਸਪੇਰਾ’ ਜਾਤੀ ਵਜੋਂ ਦਰਜ ਅਤੇ ਐਸ.ਟੀ ਵਰਗ ’ਚ ਸ਼ਮਲ ਕਰਨ ਦੀ ਮੰਗ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਖ਼ਤਰਨਾਕ ਤੋਂ ਖ਼ਤਰਨਾਕ ਸੱਪਾਂ ਨੂੰ ਪਲਾਂ ’ਚ ਫੜਨ ਵਾਲੇ ਸਪੇਰਾ ਸਮਾਜ ਦੀ ਕਿਸਮਤ ਅਜੇ ਵੀ ਪਿਟਾਰੀ ’ਚ ਬੰਦ ਹੈ। ਮੰਗਲ-ਤਾਰਿਆਂ ਦੇ ਯੁੱਗ ’ਚ ਸਪੇਰਾ ਸਮਾਜ ਸਰਕਾਰੇ-ਦਰਬਾਰ ਆਪਣੇ ਵਜੂਦ ਲਈ ਭਟਕਦਾ ਫਿਰਦਾ ਹੈ। ਛੱਤ ਅਤੇ ਜ਼ਮੀਨ ਤੋਂ ਵਾਂਝੀ ਬਹੁਗਿਣਤੀ ਸਪੇਰਾ ਆਬਾਦੀ ਬੇਆਬਾਦ ਥਾਵਾਂ ’ਤੇ ਝੁੱਗੀਆਂ ’ਚ ਵੇਲਾ ਲੰਘਾਉਣ ਨੂੰ ਮਜ਼ਬੂਰ ਹੈ। ਹੋਰ ਤਾਂ ਹੋਰ ਮਦਾਰੀ, ਸਪੇਰਾ, ਜੋਗੀ, ਨਾਥ ਅਤੇ ਕਾਲਬੇਲੀਆ ਨਾਂਅ ਨਾਲ ਜਾਣੀ ਜਾਂਦੀ ਸਪੇਰਾ ਜਾਤੀ ਨੂੰ ਸਰਕਾਰੀ ਪੱਧਰ ’ਤੇ ਆਪਣਾ ਪੱਕਾ ਨਾਂਅ ਵੀ ਹਾਸਲ ਨਹੀਂ ਹੈ। ਸਮੇਂ ਦੇ ਪ੍ਰਵਾਨ ਚੜ੍ਹਨ ਲਈ ਸਪੇਰਾ ਨੌਜਵਾਨਾਂ ਨੇ ਉੱਚੀਆਂ ਡਿਗਰੀਆਂ ਹਾਸਲ
ਤਾਂ ਕੀਤੀਆਂ, ਰਿਜ਼ਰਵੇਸ਼ਨ ਕੋਟੇ ’ਚ ਸਪੇਰਾ ਅਨੂਸੂਚਿਤ ਜਨ-ਜਾਤੀ (ਐਸ.ਟੀ.) ਦੀ ਬਜਾਏ ਐਸ.ਸੀ ਵਰਗ ਵਿੱਚ ਹੋਣ ਕਰਕੇ ਰੁਜ਼ਗਾਰ ਦੀਆਂ ਸਰਕਾਰੀ ਪੌੜੀਆਂ ਇਨ੍ਹਾਂ ਤੋਂ ਕੋਹਾਂ ਦੂਰ ਹਨ। ਸਰਕਾਰੀ ਪੱਧਰ ’ਤੇ ਸੱਪਾਂ ਨੂੰ ਫੜਨ ’ਤੇ ਰੋਕ ਨੇ ਸਪੇਰਿਆਂ ਦੇ ਢਿੱਡ ਦੀ ਅੱਗ ਦਿਹਾੜੀ-ਮਜ਼ਦੂਰੀ ਦੇ ਵੱਸ ਪਾ ਦਿੱਤੀ ਹੈ। ਹੁਣ ਸਰਕਾਰੀ ਪੱਧਰ ’ਤੇ ਸਮਾਜਿਕ ਅਤੇ ਸਿਆਸੀ ਵਜੂਦ ਲਈ ਸਪੇਰਾ ਸਮਾਜ ਜਥੇਬੰਦ ਹੋਣ ਲੱਗਿਆ ਹੈ। ਜਿਸ ਤਹਿਤ ਹਰਿਆਣਾ ਵਿੱਚ ਸਪੇਰਾ ਸਮਾਜ ਸੁਸਾਇਟੀ ਦਾ ਗਠਨ ਕਰਕੇ ਮੁਹਿੰਮ ਵਿੱਢੀ ਗਈ ਹੈ। ਜਿਸ ਦਾ ਸੰਯੋਜਕ-ਕਮ-ਜ਼ਿਲ੍ਹਾ ਪ੍ਰਧਾਨ ਨਸੀਬ ਨਾਥ ਵਾਸੀ ਰਾਣੀਆਂ ਨੂੰ ਬਣਾਇਆ ਗਿਆ ਹੈ। ਡੱਬਵਾਲੀ ਵਿਖੇ ਸਪੇਰਾ ਜਾਤੀ ਨੂੰ ਜਥੇਬੰਦਕ ਹੋਕਾ ਦੇਣ ਪੁੱਜੇ ਸੰਯੋਜਕ ਨਸੀਬ ਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਆਖਿਆ ਕਿ ਸਪੇਰਾ ਸਮਾਜ ਦੀ ਸਾਰ ਕਦੇ ਕਿਸੇ ਸਿਆਸੀ ਪਾਰਟੀ ਜਾਂ ਸਰਕਾਰ ਨੇ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਸੱਪ ਫੜਨ ’ਤੇ ਪਾਬੰਦੀ ਹੋਣ ਕਰਕੇ ਖਾਨਦਾਨੀ ਰੁਜ਼ਗਾਰ ਠੱਪ ਹੋ ਗਏ। ਰਿਜ਼ਰਵੇਸ਼ਨ ਕੋਟੇ ਵਿੱਚ ਐਸ.ਸੀ ਵਰਗ ਵਿੱਚ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਮਿਲ ਰਿਹਾ। ਜਦੋਂ ਘੁਮੰਤੂ ਕਬੀਲੇ ਹੋਣ ਕਾਰਨ ਉਨ੍ਹਾਂ ਦਾ ਹੱਕ ਐਸ.ਟੀ ਵਰਗ ਦੀ ਰਿਜ਼ਰਵੇਸ਼ਨ ਵਿੱਚ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਵਿੱਚ ਸਪੇਰਾ ਜਾਤੀ ਦੀ ਗਿਣਤੀ ਲਗਪਗ 38
ਹਜ਼ਾਰ ਹੈ। ਹੁਸ਼ਿਆਰ ਨਾਥ ਨੇ ਕਿਹਾ ਕਿ ਪ੍ਰਸ਼ਾਸਨਿਕ ਅਣੇਦਖੀ ਕਾਰਨ ਉਹ ਬੁਨਿਆਦੀ ਸਰਕਾਰੀ ਸਕੀਮਾਂ ਤੋਂ ਵਾਂਝੇ ਹਨ। 15 ਸਾਲਾ ਤੋਂ ਉਹ 50 ਪਰਿਵਾਰ ਡੱਬਵਾਲੀ ’ਚ ਸੇਮ ਨਾਲੇ ਨੇੜੇ ਵਸੇ ਹਨ ਪਰ ਅਜੇ ਤੱਕ ਉਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣ ਸਕੇ। ਸੰਜੋਯਕ ਨਸੀਬ ਨਾਥ, ਰਾਜੂ ਨਾਥ, ਬਨਵਾਰੀ ਨਾਥ, ਪੱਤਰਾਮ ਨਾਥ, ਸੱਤਪਾਲ ਨਾਥ, ਹੁਸ਼ਿਆਰਨਾਥ, ਬਲਕਾਰ ਨਾਥ ਅਤੇ ਰਮੇਸ਼ ਨਾਥ ਨੇ ਕਿਹਾ ਕਿ ਸਪੇਰਾ ਸਮਾਜ ਕੋਲ ਨੌਜਵਾਨ ਬਲਜਿੰਦਰ ਨਾਥ ਨੇ ਬੀ.ਏ. ਜੇ.ਬੀ.ਟੀ ਅਤੇ ਕਪਤਾਨ ਨੇ ਬੀ.ਐਸ.ਸੀ ਅਤੇ ਅਮਿਤ ਨਾਥ ਬੀ.ਏ ਸਮੇਤ ਸੈਂਕੜੇ ਪੜ੍ਹੇ-ਲਿਖੇ ਨੌਜਵਾਨ ਹਨ। ਜਿਹੜੇ ਰਿਜ਼ਰਵੇਸ਼ਨ ਦੇ ਗਲਤ ਕੋਟੇ ਕਾਰਨ ਸਰਕਾਰੀ ਨੌਕਰੀ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ’ਤੇ ਉਨ੍ਹਾਂ ਦੀ ਜਾਤੀ ਨੂੰ ਸਪੇਰਾ ਵਜੋਂ ਮਾਨਤਾ ਦਿੱਤੀ ਜਾਵੇ ਅਤੇ ਐਸ.ਸੀ ਦੀ ਬਜਾਏ ਐਸ.ਟੀ ਵਰਗ ਵਿੱਚ ਸ਼ਾਮਲ ਕੀਤਾ ਜਾਵੇੇ। ਨਸੀਬ ਨਾਥ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਸਪੇਰਾ ਜਾਤੀ ਨੂੰ ਇਕਜੁੱਟ ਕਰਕੇ ਛੇਤੀ ਸੂਬਾ ਪੱਧਰ ਦਾ ਸੰਮੇਲਨ ਬੁਲਾਇਆ ਜਾਵੇਗਾ। ਉਸਦੇ ਬਾਅਦ ਦੇਸ਼ ਦੇ ਦੂਜਿਆਂ ਸੂਬਿਆਂ ਵੱਲ ਰੁੱਖ ਕਰਾਂਗੇ।


ਸੱਪਾਂ ’ਤੇ ਪਾਬੰਦੀ ਨਾਲ ਰੀਤਾਂ ਖੁੱਸੀਆਂ
ਸੱਪਾਂ ਨੂੰ ਫੜਨ ’ਤੇ ਪਾਬੰਦੀ ਨੇ ਸਪੇਰਾ ਜਾਤੀ ਦੇ ਰੁਜ਼ਗਾਰ ਨਾਲ ਰੀਤਿ-ਰਿਵਾਜ਼ ਵੀ ਪ੍ਰਭਾਵਿਤ ਕੀਤੇ ਹਨ। ਸਪੇਰਾ ਜਾਤੀ ਦੇ ਲੋਕ ਪਹਿਲਾਂ ਆਪਣੀਆਂ ਧੀਆਂ ਨੂੰ ਦਾਜ ਵਿੱਚ ਸੱਪ ਦਿਆ ਕਰਦੇ ਸਨ। ਜਿਸ ਤਹਿਤ ਆਪਣੀ ਸਮੱਰਥਾ ਅਨੁਸਾਰ ਧੀਆਂ ਨੂੰ ਦੁਰਲਭ ਪ੍ਰਜਾਤੀ ਦੇ ਸੱਪ ਦਿੱਤੇ ਜਾਂਦੇ ਹਨ। ਸਪੇਰਿਆਂ ਦਾ ਕਹਿਣਾ ਹੈ ਕਿ ਰੁਜ਼ਗਾਰ ਦੇ ਰਾਹ ਖੋਲ੍ਹੇ ਜਾਂ ਸੱਪ ਫੜਨ ਦੀ ਛੋਟ ਦੇਵੇ। ਦੋਹਰੀਆਂ ਸਿੱਧੀਆਂ-ਅਸਿੱਧੀਆਂ ਬੰਦਿਸ਼ਾਂ ਨਾ-ਸਹਿਨਯੋਗ ਹਨ।  98148-26100 / 93178-26100

No comments:

Post a Comment