11 January 2018

ਆਧਾਰ ਕਾਰਡ ਅਥਾਰਿਟੀ ਖਿਲਾਫ਼ ਸੜਕਾਂ ’ਤੇ ਉੱਤਰੀਆਂ ਲੋਕਪੱਖੀ ਜਥੇਬੰਦੀਆਂ

* ਟ੍ਰਿਬਿਊਨ ਤੇ ਪੱਤਰਕਾਰ ਰਚਨ ਖਹਿਰਾ ’ਤੇ ਕੇਸ ਖਿਲਾਫ਼ ਲੰਬੀ ’ਚ ਪੰਜ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮਾਰਚ
* ਪੱਤਰਕਾਰਤਾ ਦੀ ਆਵਾਜ਼ ਦਬਾ ਕੇ ਜਨਤਾ ਦੀ ਸੰਘੀ ਘੁੱਟਣ ਦੀ ਕੋਸ਼ਿਸ਼ : ਗੁਰਪਾਸ਼ ਸਿੰਘੇਵਾਲਾ 
* ਟ੍ਰਿਬਿਊਨ ’ਤੇ ਦਰਜਕੇਸ ਵਾਪਸ ਨਾ ਹੋਣ ’ਤੇ ਸੰਘਰਸ਼ ਹਰ ਪੱਧਰ ’ਤੇ ਲਿਜਾਣ ਦਾ ਐਲਾਨ

ਲੰਬੀ: ਆਧਾਰ ਕਾਰਡ ਡੇਟਾ ’ਚ ਸੰਨ੍ਹ ਬਾਰੇ ਖੁਲਾਸੇ ਲਈ ਅਦਾਰਾ ਟ੍ਰਿਬਿਊਨ ਅਤੇ ਪੱਤਰਕਾਰ ਰਚਨਾ ਖਹਿਰਾ ’ਤੇ ਦਰਜ ਕੇਸ ਖਿਲਾਫ਼ ਭਖਿਆ ਲੋਕ ਰੋਹ ਸੜਕਾਂ ’ਤੇ ਉੱਤਰ ਆਇਆ ਹੈ। ਅੱਜ ਪੰਜਾਬ ਦੀਆਂ ਲੋਕਪੱਖੀ ਪੰਜ ਸੰਘਰਸ਼ੀ ਜਥੇਬੰਦੀਆਂ ਨੇ
ਸਾਬਕਾ ਵੀ.ਆਈ.ਪੀ ਹਲਕੇ ਲੰਬੀ ਵਿਖੇ ਸ਼ਾਂਤਮਈ ਢੰਗ ਨਾਲ ਜ਼ੋਰਦਾਰ ਵਿਸ਼ਾਲ ਰੋਸ ਮਾਰਚ ਕੀਤਾ। ਇਸ ਮੌਕੇ ਆਧਾਰ ਕਾਰਡ ਅਥਾਰਿਟੀ ਦੇ ਲੋਕਤੰਤਰ ਦੇ ਚੌਥੇ ਥੰਮ ਜਰੀਏ ਆਮ ਜਨਤਾ ਦੀ ਬੋਲਣ ਦੀ ਆਜ਼ਾਦੀ ’ਤੇ ਐਮਰਜੈਂਸੀ ਤੋਂ ਵੱਡਾ ਹਮਲਾ ਕਰਾਰ ਦਿੱਤਾ। ਕੇਂਦਰ ਸਰਕਾਰ ਅਤੇ ਆਧਾਰ ਕਾਰਡ ਅਥਾਰਿਟੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਫ਼ੀ ਗਿਣਤੀ ਵਿੱਚ ਲੰਬੀ ਪੁਲੀਸ ਅਤੇ ਸੂਹੀਆ ਵਿਭਾਗ ਦਾ ਅਮਲਾ ਮੌਜੂਦ ਸੀ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ (ਸੇਖੋਂ), ਨੌਜਵਾਨ ਭਾਰਤ ਸਭਾ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਪੱਤਰਕਾਰਾਂ ਦਾ ਸਾਂਝਾ ਰੋਸ ਮਾਰਰ ਗਿੱਦੜਬਾਹਾ ਚੌਕ ਤੋਂ ਜਥੇਬੰਦੀਆਂ ਦੀ ਮੀਟਿੰਗ ਉਪਰੰਤ ਸ਼ੁਰੂ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮੂਹ ਜਥੇਬੰਦੀਆਂ ਦੇ ਕਾਰਕੁੰਨ ਅਤੇ ਆਗੂ ਮੌਜੂਦ ਸਨ। ਬੀ.ਕੇ.ਯੂ (ਏਕਤਾ) ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਪ੍ਰਧਾਨ ਸੁੱਖਾ ਸਿੰਘ, ਟੀ.ਐਸ.ਯੂ ਦੇ ਡਵੀਜਨ ਪ੍ਰਧਾਨ ਪ੍ਰਕਾਸ਼ ਚੰਨੂ, ਸੁਖਦਰਸ਼ਨ ਸਿੰਘ, ਨੌਜਵਾਨ ਭਾਰਤ ਸਭਾ ਦੇ ਮੈਂਗਲ ਸਿੰਘ ਅਤੇ ਡਾ. ਪਾਲਾ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਨਿਰਪੱਖਤਾ ਦੇ ਪ੍ਰਤੀਕ ਟ੍ਰਿਬਿਊਨ ਅਦਾਰੇ ਨੇ ਆਧਾਰ ਡੇਟਾ ਦੀ ਲੀਕੇਜ਼ ਬਾਰੇ ਖ਼ਬਰ ਪ੍ਰਕਾਸ਼ਿਤ ਕਰਕੇ ਪੱਤਰਕਾਰਿਤਾ ਧਰਮ ਨਿਭਾਇਆ। ਆਧਾਰ ਅਥਾਰਿਟੀ ਸ਼ਾਬਾਸ਼ੀ ਦੇਣ ਦੀ ਬਜਾਇ
ਟ੍ਰਿਬਿਊਨ ਅਤੇ ਪੱਤਰਕਾਰ ਰਚਨ ਖਹਿਰਾ ’ਤੇ ਪਰਚਾ ਦਰਜ ਕਰਕੇ ਲੋਕਤੰਤਰ ਦੇ ਚੌਥੇ ਥੰਮ ਨੂੰ ਢਹਿਢੇਰੀ ਕਰਨ ਦੇ ਰਾਹ ਪੈ ਗਈ। ਆਗੂਆਂ ਨੇ ਕਿਹਾ ਕਿ ਆਮ ਜਨਤਾ ਨਾਲ ਪੱਤਰਕਾਰ ਦਾ ਨਹੁੰ ਮਾਸ ਰਿਸ਼ਤਾ ਹੁੰਦਾ ਹੈ। ਪੱਤਰਕਾਰ ਆਪਣੀ ਜਾਨ ਜੋਖਮ ’ਚ ਪਾ ਕੇ ਆਪਣੀ ਕਲਮ ਨਾਲ ਸਮਾਜਕ ਹਿੱਤਾਂ ਲਈ ਜੂਝਦੇ ਹਨ। ਗੁਰਪਾਸ਼ ਸਿੰਘੇਵਾਲਾ ਨੇ ਸਰਕਾਰ ਪੱਤਰਕਾਰਾਂ ਦੀ ਆਵਾਜ਼ ਦਬਾ ਕੇ ਜਨਤਾ ਦੀ ਸੰਘੀ ਘੁੱਟ ਕੇ ਵੱਡੀ ਕੰਪਨੀਆਂ ਹੱਥੋਂ ਜਨਤਾ ਨੂੰ ਮੁੜ ਗੁਲਾਮ ਬਣਾਉਣਾ ਚਾਹੁੰਦੀ ਹੈ। ਜਿਸਨੂੰ ਜਿਉਂਦੇ ਜਮੀਰ ਕਿਸੇ ਕੀਮਤ ’ਤੇ ਸਹਿਨ ਨਹੀਂ ਕਰ ਸਕਦੇ। ਇਸਤੋਂ ਪਹਿਲਾਂ ਗੌਰੀ ਲੰਕੇਸ਼ ਨੂੰ ਕਤਲ ਕਰਕੇ ਪੱਤਰਕਾਰਿਤਾ ’ਤੇ ਵੱਡਾ ਹਮਲਾ ਕੀਤਾ ਗਿਆ। ਸਮੂਹ ਬੁਲਾਰਿਆਂ ਨੇ ਇਕਸੁਰ ਵਿੱਚ ਐਲਾਨ ਕੀਤਾ ਕਿ ਜੇਕਰ ਲੋਕਾਂ ਦੀ ਆਵਾਜ਼ ਅਦਾਰਾ ਟ੍ਰਿਬਿਊਨ ਅਤੇ ਪੱਤਰਕਾਰ ਰਚਨਾ ਖਹਿਰਾ ’ਤੇ ਦਰਜ ਕੇਸ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹਰ ਪੱਧਰ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਪ੍ਰੈਸ ਕਲੱਬ ਲੰਬੀ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਇਕਬਾਲ ਸਿੰਘ ਸ਼ਾਂਤ ਨੇ ਕਿਹਾ ਕਿ ਆਧਾਰ ਕਾਰਡ ਦੇ ਨਾਂਅ ’ਤੇ ਸਵਾ ਸੌ ਕਰੋੜ ਜਨਤਾ ਦੀ ਨਿੱਜਤਾ ਖ਼ਤਰੇ ਵਿੱਚ ਪੈ ਚੁੱਕੀ ਹੈ ਅਤੇ ਆਮ ਜਨਤਾ ਨੂੰ ਆਧਾਰ ਰਾਹੀਂ ਆਪਣੇ ਸਰੀਰ ਤੋਂ ਨਿੱਜਤਾ ਦਾ ਗਹਿਣਾ ਲੁੱਟਦਾ ਵਿਖ ਰਿਹਾ ਹੈ। ਆਧਾਰ ਕਾਰਡ ਅਥਾਰਿਟੀ ਆਪਣੀ ਨਾਕਾਮੀ ਲੁਕੋਣ ਲਈ ਪੱਤਰਕਾਰਤਾ ’ਤੇ ਕਾਨੂੰਨੀ ਧਾਰਾਵਾਂ ਲਗਵਾ ਕੇ ਦਿਮਾਗੀ ਦੀਵਾਲੀਏਪਨ ਅਤੇ ਬੌਖਲਾਹਟ ਨੂੰ ਦਰਸਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਅਦਾਰਾ ਟ੍ਰਿਬਿਊਨ ਅਤੇ ਪੱਤਰਕਾਰ ’ਤੇ ਦਰਜ ਕੇਸ ਵਾਪਸ ਲੈ ਕੇ ਆਧਾਰ ਵਿੱਚ ਸੰਨ੍ਹ ਬਾਰੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਕੇ. ਯੂ ਆਗੂ ਹੇਮਰਾਜ ਬਾਦਲ, ਭੁਪਿੰਦਰ ਸਿੰਘ ਚੰਨੂ, ਜਗਸੀਰ ਸਿੰਘ ਗੱਗੜ, ਰਾਮ ਪ੍ਰਕਾਸ਼ ਕਿੱਲਿਆਂਵਾਲੀ, ਡਾ. ਪਾਲਾ ਸਿੰਘ, ਡਾ. ਮਹਿੰਦਰ ਸਿੰਘ ਖੁੱਡੀਆਂ, ਜਸਵੀਰ ਸਿੰਘ ਕੱਖਾਂਵਾਲੀ ਅਤੇ ਮਨੋਹਰ ਸਿੰਘ ਸਿੱਖਵਾਲਾ ਵੀ ਮੌਜੂਦ ਸਨ।

No comments:

Post a Comment