06 December 2019

ਹਲਕਾ ਲੰਬੀ ’ਚ ਕਾਂਗਰਸ ਦੀਆਂ ਹੱਡੀਆਂ ਦਾ ਮੁੱਕਣ ਲੱਗਿਆ 'ਰਸ'

* ਯੂਥ ਕਾਂਗਰਸ ਜਥੇਬੰਦਕ ਚੋਣ ’ਚ ਸਿਰਫ਼ 10.5 ਫ਼ੀਸਦੀ ਵਰਕਰ ਵੋਟ ਪਾਉਣ ਪੁੱਜੇ 
* ਹਲਕਾ ਪ੍ਰਧਾਨਗੀ ਲਈ ਚੋਣ ਪਿੜ ’ਚ ਉੱਤਰਿਆ ਸਿਰਫ਼ ਇਕਲੌਤਾ ਉਮੀਦਗਾਰ
* ਵੋਟਰਾਂ ਨਾਲੋਂ ਵੱਧ ਗਿਣਤੀ ਤਾਇਨਾਤ ਸੀ ਖਾਕੀ ਅਮਲਾ 

ਇਕਬਾਲ ਸਿੰਘ ਸ਼ਾਂਤ
ਲੰਬੀ: ਕਾਂਗਰਸੀਆਂ ਦਾ ਧਿਆਨ ਜਥੇਬੰਦਕ ਉਸਾਰੀ ਦੀ ਥਾਂ ਚੇਅਰਮੈਨੀਆਂ, ਭੰਗ ਟਰਾਂਸਪੋਰਟ ਯੂਨੀਅਨ ਜਰੀਏ ਆਰਥਿਕ ਬੁਰਛਾਗਰਦੀ ’ਤੇ ਜ਼ਿਆਦਾ ਹੋਣ ਕਰਕੇ ਲੰਬੀ ਹਲਕੇ ’ਚ ਪਾਰਟੀ ਦੀ ਰੀਢ ਦੀ ਹੱਡੀ ਖਿਸਕ ਗਈ ਹੈ ਅਤੇ ਉਸ ਦੀਆਂ ਹੱਡੀਆਂ ਦਾ ਅੰਦਰਲਾ ਰਸ ਮੁੱਕਣ ਲੱਗਿਆ ਹੈ। ਕਰੀਬ 82 ਪੰਚਾਇਤਾਂ ’ਤੇ ਕਬਜ਼ੇ ਦੇ ਦਾਅਵੇ ਭਰਦੀ ਸੱਤਾਧਿਰ ਕਾਂਗਰਸ ਦੀ ਹਾਲਤ ਬੇਹੱਦ ਬਦਤਰ ਹੈ। ਜਿਸਦਾ ਪ੍ਰਤੱਖ ਪ੍ਰਮਾਣ ਹੈ ਕਿ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਵਿੱਚ ਲੰਬੀ
ਹਲਕੇ ਦੇ 915 ’ਚੋਂ ਮਹਿਜ 96 (10.5 ਫ਼ੀਸਦੀ) ਯੂਥ ਵਰਕਰ ਹੀ ਵੋਟ ਪਾਉਣ ਪੁੱਜੇ। ਬਾਦਲਾਂ ਦੇ ਹਲਕੇ ’ਚ ਸੱਤਾਧਿਰ ਕਾਂਗਰਸ ਦੀ ਹਾਲਾਤ ਇਤਨੀ ਬਦਤਰ ਹੈ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਹਿੱਸਾ ਤੱਕ ਬਣਨ ਲਈ ਨੌਜਵਾਨ ਵਰਕਰਾਂ ਵਿੱਚ ਕੋਈ ਜੋਸ਼ ਅਤੇ ਸ਼ੌਂਕ ਦੋਵੇਂ ਮੁੱਕੇ ਗਏ ਹਨ। ਹਲਕਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਸਿਰਫ਼ ਗੁਰਪ੍ਰੀਤ ਸਿੰਘ ‘ਪੀਤੂ ਮਾਨ’ ਨੇ ਬਤੌਰ ਉਮੀਦਵਾਰ ਕਾਗਜ਼ ਦਾਖਲ ਕੀਤੇ ਸਨ। ਇਕਲੌਤਾ ਉਮੀਦਵਾਰ ਹੋਣ ਕਾਰਨ ਉਹ ਨਿਰਵਿਰੋਧ ਪ੍ਰਧਾਨ ਐਲਾਨਿਆ ਜਾਵੇਗਾ। ਅੱਜ ਵੋਟਾਂ ਦੇ ਕਾਰਜ ਲਈ ਬਾਬਾ ਮਾਨ ਸਿੰਘ ਸਪੋਰਟਸ ਕਲੱਬ ਵਿਖੇ ਚੋਣ ਬੂਥ ਸਥਾਪਿਤ ਕੀਤਾ ਗਿਆ ਸੀ। ਜਿੱਥੇ ਯੂਥ ਕਾਂਗਰਸ ਵਰਕਰਾਂ ਨਾਲੋਂ ਕਾਫ਼ੀ ਵੱਧ ਗਿਣਤੀ ’ਚ ਤੀਹ ਖਾਕੀ ਵਰਦੀ ਮੁਲਾਜਮਾਂ ਤਾਇਨਾਤ ਸਨ। ਪਹਿਲੀ ਨਜ਼ਰੇ ਇਹ ਯੂਥ ਕਾਂਗਰਸ ਦੀ ਘੱਟ ਅਤੇ ਪੰਜਾਬ ਪੁਲਿਸ ਦੀ ਜਥੇਬੰਦਕ ਚੋਣ ਵੱਧ ਜਾਪ ਰਹੀ ਸੀ। ਬਾਦਲਾਂ ਦੇ ਹਲਕੇ ਵਿੱਚ ਕਾਂਗਰਸ ਦੀ ਜਥੇਬੰਦਕ ਚੋਣਾਂ ਮੌਕੇ ਸਟੇਡੀਅਮ ’ਚ ਸਾਰਾ ਦਿਨ ਲਗਪਗ ‘ਕਾਂਅ’ ਬੋਲਦੇ ਰਹੇ। ਉਥੇ ਸਿਰਫ਼ ਤੀਹ ਖਾਕੀ ਮੁਲਾਜਮਾਂ ਦੀ ਰੌਣਕ ਸੀ। ਸੂਤਰਾਂ ਅਨੁਸਾਰ ਭੁਗਤੇ ਵੋਟਰਾਂ ਵਿੱਚੋਂ ਵੀ ਬਹੁਤੇ ਘਰਾਂ ’ਚੋਂ ਗੱਡੀਆਂ ਵਿੱਚ ਬਿਠਾ ਕੇ ਲਿਆਂਦੇ ਗਏ ਸਨ। ਜ਼ਮੀਨੀ ਪਾਰਟੀ ਕਾਡਰ ਦਾ ਕਹਿਣਾ ਹੈ ਕਿ ਲੰਬੀ ਹਲਕੇ ’ਚ ਚੈਅਰਮੈਨੀਆਂ ਦੇ ਚਾਹਵਾਨਾਂ ਅਤੇ ਅਖੌਤੀ ਸਿਆਸੀ ਸਲਾਹਕਾਰ ਜੁੰਡਲੀ ਦੀਆਂ ‘ਖੁਦਗਰਜ਼’ ਪਰਵਾਜ਼ਾਂ ਨੇ ਜਥੇਬੰਦਕ ਪੱਧਰ ’ਤੇ ਕਾਂਗਰਸੀ ਨਿਊਂ ’ਚ ਬਰਬਾਦ ਕਰ ਦਿੱਤਾ ਹੈ। ਜਿਸਦਾ ਨਤੀਜਾ ਹੈ ਕਿ ਪਾਰਟੀ ਕਾਡਰ ਮਨੋਂ ਜਥੇਬੰਦਕ ਚੋਣਾਂ ਵਿੱਚ ਸ਼ਾਮਲ ਹੋਣ ਤੱਕ ਨੂੰ ਤਿਆਰ ਨਹੀਂ। ਇਨ੍ਹਾਂ ਚੋਣਾਂ ਵਿੱਚ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ, ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਅਤੇ ਹਲਕਾ ਪ੍ਰਧਾਨ ਲਈ ਪੰਜ-ਪੰਜ ਵੱਖ-ਵੱਖ ਵੋਟਾਂ ਪਈਆਂ। ਯੂਥ ਕਾਂਗਰਸ ਦੇ ਆਬਜਰਵਰ ਮੁਕੇਸ਼ ਸਾਹੂ ਨੇ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਮੈਂਬਰਸ਼ਿਪ ਹੋਣ ਕਾਰਨ ਵੋਟਾਂ ਘੱਟ ਪਈਆਂ ਹਨ। ਉਨ੍ਹਾਂ ਕਿਹਾ ਕਿ ਕਰੀਬ 50 ਵੋਟਰ ਆਲ ਲਾਈਨ ‘ਟੈਬ ਸਿਸਟਮ’ ਵਿੱਚ ਦਰਜ ਸ਼ਨਾਖ਼ਤੀ ਕਾਰਡ ਨਾ ਲਿਆਏ ਜਾਣ ਕਰਕੇ ਵਾਪਸ ਮੋੜ ਦਿੱਤੇ ਗਏ। ਸਿਰਫ਼ ਇੱਕੋ ਉਮੀਦਵਾਰ ਹੋਣ ਕਰਕੇ ਵਰਕਰਾਂ ਵਿੱਚ ਉਤਸ਼ਾਹ ਨਹੀਂ ਸੀ ਅਤੇ ਇਸੇ ਕਾਰਨ ਵੋਟ ਫ਼ੀਸਦੀ ਬੇਹੱਦ ਘੱਟ ਰਿਹਾ। ਹਲਕਾ ਪ੍ਰਧਾਨਗੀ ਦੇ ਉਮੀਵਦਾਰ ਪੀਤੂ ਮਾਨ ਨੇ ਕਿਹਾ ਕਿ ਸਾਰੇ ਧੜਿਆਂ ’ਚ ਉਨ੍ਹਾਂ ’ਤੇ ਸਰਬਸੰਮਤੀ ਬਣ ਗਈ ਸੀ। ਇਸ ਕਰਕੇ ਕੋਈ ਹੋਰ ਮੈਦਾਨ ’ਚ ਨਹੀਂ ਉੱਤਰਿਆ ।

No comments:

Post a Comment