09 May 2020

ਕੋਰੋਨਾ ਦੇ ਖਲਿਆਰ 'ਚ ਕੈਪਟਨ ਸਰਕਾਰ ਖਿੱਲਰਨ ਦੇ ਰੌਂਅ 'ਚ

* ਪ੍ਰੀ-ਕੈਬਨਿਟ ਮੀਟਿੰਗ 'ਚ ਮੁੱਖ ਸਕੱਤਰ ਨਾਲ ਮੰਤਰੀਆਂ ਦਾ ਪਿਆ 'ਪੰਗਾ'

* ਮਨਪ੍ਰੀਤ ਬਾਦਲ ਵੱਲੋਂ ਬਾਈਕਾਟ; ਸਰਕਾਰ ਖ਼ਤਰੇ ਵਾਲੀ ਸਥਿਤੀ 'ਚ !  


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ

ਚੰਡੀਗੜ•: ਪੰਜਾਬ ਸਰਕਾਰ ਦੀ 'ਨਾਸਮਝ' ਕਾਰਜਪ੍ਰਣਾਲੀ 'ਤੇ ਅੱਜ ਸ਼ਰਾਬ ਦਾ ਨਸ਼ਾ ਭਾਰੀ ਪੈ ਗਿਆ। ਸੂਬੇ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਪ੍ਰੀ-ਕੈਬਨਿਟ ਮੀਟਿੰਗ 'ਚ ਹੰਗਾਮਾ ਹੋਣ ਕਾਰਨ ਸਰਕਾਰ ਦੀ ਇਕਜੁਟਤਾ ਖੁੱਲ•ੇਆਮ ਢਹਿਢੇਰੀ ਹੋ ਗਈ। ਜਿਸ ਵਿੱਚ ਅਮਰਿੰਦਰ ਸਿੰਘ ਦੇ ਬੇਹੱਦ ਖਾਸਮ-ਖਾਸ ਅਫਸਰਾਂ ਦੇ ਉੱੱਚੇ ਸੁਰਾਂ ਅਤੇ ਮਾਲਕਾਨਾ ਅੰਦਾਜ਼ ਖਿਲਾਫ਼ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੰਤਰੀ ਮੀਟਿੰਗ ਦਾ ਬਾਈਕਾਟ ਕਰ ਗਏ। ਜਿਸ ਮਗਰੋਂ ਮਨਪ੍ਰੀਤ ਸਿੰਘ ਬਾਦਲ ਦੇ ਕਦਮਾਂ 'ਤੇ ਪੈਰ ਧਰਦੇ ਹੋਏ ਬਾਕੀ ਮੰਤਰੀਆਂ ਨੇ ਉਹੀ ਰਾਹ ਫੜ ਲਈ। ਜ਼ਿਕਰਯੋਗ ਹੈ ਕਿ ਕੱਚੀ ਮੀਟਿੰਗ ਤੋਂ ਬਾਅਦ ਦੁਪਿਹਰ ਦੋ ਵਜੇ ਮੁੱਖ ਮੰਤਰੀ ਨੇ ਪੱਕੀ ਮੀਟਿੰਗ 'ਚ ਸ਼ਮੂਲੀਅਤ ਕਰਨੀ ਸੀ। ਪਰੰਤੂ ਉਸਤੋਂ ਪਹਿਲਾਂ ਵੀ ਕਾਂਗਰਸ ਸਰਕਾਰ ਦੀ ਦਾਲ ਵਿੱਚ ਪਾਣੀ ਪੈ ਗਿਆ। ਹੁਣ ਸ਼ਰਾਬ ਨੀਤੀ ਬਾਰੇ ਕੈਬਨਿਟ ਮੀਟਿੰਗ ਸੋਮਵਾਰ ਨੂੰ ਹੋਵੇਗੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਅਤਿ ਨੇੜਲੇ ਅਤੇ ਬੁੱਧੀਜੀਵੀ ਸਿਆਸਤਦਾਨ ਮਨਪ੍ਰੀਤ ਸਿੰਘ ਦੀ ਇਸ ਕਦਮਤਾਲ ਨਾਲ ਅਮਰਿੰਦਰ ਸਰਕਾਰ ਦੀ ਕੁਰਸੀ ਦੀਆਂ ਮੇਖਾਂ ਢਿੱਲੀਆਂ ਹੁੰਦੀਆਂ ਵਿਖ ਰਹੀਆਂ ਹਨ। ਜੱਗਜਾਹਰ ਹੈ ਕਿ ਕੋਰਨਾ ਮਹਾਮਾਰੀ ਦੌਰਾਨ ਅਮਰਿੰਦਰ ਸਿੰਘ ਪੰਜਾਬ ਵਿੱਚ ਸਿਵਾਏ ਕਰਫਿਊ ਲਗਾਉਣ ਦੇ ਸੂਬੇ ਦੇ ਗਰੀਬਾਂ ਅਤੇ ਲੋੜਵੰਦਾਂ ਪ੍ਰਤੀ ਸਰਕਾਰ ਵਾਲੀ ਢੁੱਕਵੀਂ ਛਤਰੀ ਨਹੀਂ ਮੁਹੱਈਆ ਕਰਵਾ ਸਕੇ। ਸਰਕਾਰ ਦੀ ਨਾਕਾਮੀ ਇਸ ਗੱਲੋਂ ਵੀ ਜਾਹਰ ਹੋਈ ਕਿ ਸੂਬੇ 'ਚ ਸਿਰਫ਼ 10-12 ਫ਼ੀਸਦੀ ਗਰੀਬਾਂ ਤੱਕ ਸਰਕਾਰੀ ਰਸਦ ਪੁੱਜ ਸਕੀ।
          ਪੰਜਾਬ ਦੀ ਸਿਆਸਤ ਵਿੱਚ ਇਸ ਇਤਿਹਾਸਕ ਮੰਜਰ ਦਾ ਜਲੌਅ ਸੀ ਕਿ ਕੈਪਟਨ ਦੇ ਝੰਡੇਬਰਦਾਰ ਮੰਤਰੀ ਸਾਹਿਬਾਨ ਵੀ ਮੁੱਖ ਮੰਤਰੀ ਵੱਲੋਂ ਸੂਬੇ ਦੇ ਸਿਰ 'ਤੇ ਬਿਠਾਈ ਅਫਸਰਸ਼ਾਹੀ ਮੂਹਰੇ ਢਹਿ-ਢੇਰੀ ਹੋ ਰਹੇ ਸਵੈ-ਮਾਣ ਨੂੰ ਬਚਾਉਣ ਖਾਤਰ ਇੱਕ-ਇੱਕ ਕਰਕੇ ਮੀਟਿੰਗ ਤੋਂ ਚਾਲੇ ਪਾ ਗਏ। ਦਰਅਸਲ ਅੱਜ ਚੰਡੀਗੜ• ਦੇ ਪੰਜਾਬ ਭਵਨ ਵਿਖੇ ਸ਼ਰਾਬ ਨੀਤੀ ਲੈ ਕੇ ਮੀਟਿੰਗ ਸੱਦੀ ਗਈ ਸੀ। ਆਖਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਮੰਤਰੀ ਨਿੱਜੀ ਤੌਰ 'ਤੇ ਪੁੱਜੇ ਹੋਏ ਸਨ। ਜਦੋਂਕਿ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਮੰਤਰੀਆਂ ਨੂੰ ਵੀਡੀਓ ਕਾਨਫਰੰਸਿੰਗ ਜਰੀਏ ਸੰਬੋਧਨ ਕਰਨ ਲੱਗੇ। ਜਿਸ 'ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਤਰਾਜ਼ ਜਾਹਰ ਕੀਤਾ ਕਿ ਜਦੋਂ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ ਤਾਂ ਮੁੱਖ ਸਕੱਤਰ ਕਿਉਂ ਨਹੀਂ ਪੁੱਜ ਸਕਦੇ। ਆਖਿਆ ਜਾ ਰਿਹਾ ਹੈ ਕਿ ਮੁੱਖ ਸਕੱਤਰ ਦੇ ਉੱਚੇ ਸੁਰਾਂ ਤੋਂ ਖਫ਼ਾ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਉਕਤ ਮੰਤਰੀਆਂ ਦੀ ਪਿੱਠ 'ਤੇ ਆ ਡਟੇ। ਪਤਾ ਲੱਗਿਆ ਹੈ ਕਿ ਮੁੱਖ ਸਕੱਤਰ ਨੇ ਸਮਾਂ ਵਾਚਦੇ ਆਪਣੇ ਰਵੱਈਏ ਲਈ ਸ਼ਬਦੀ 'ਸੌਰੀ' ਵੀ ਆਖੀ। ਵਿੱਤ ਮੰਤਰੀ ਸਵੈਮਾਣ ਅਤੇ ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਗ੍ਰਹਿਣ ਬਣ ਰਹੇ ਮੁੱਖ ਮੰਤਰੀ ਦੀ ਸਰਕਾਰੀ 'ਕਿਚਨ ਕੈਬਨਿਟ' ਦੇ ਸਬਕ ਸਿਖਾਉਣ ਦੇਣ ਖਾਤਰ ਮੀਟਿੰਗ ਤੋਂ ਬਾਈਕਾਟ ਕਰ ਗਏ। ਇਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬੇਹੱਦ ਨੇੜਲੇ ਅਤੇ ਸੂਬਾ ਸਰਕਾਰ ਦਾ ਮੌਜੂਦਾ ਸੱਜਾ ਅਤੇ ਖੱਬਾ 'ਦਿਮਾਗ' ਅਖਵਾਉਂਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਵੀ ਸ਼ਾਮਲ ਸਨ। ਮੰਤਰੀਆਂ ਵਿਚੋਂ ਤ੍ਰਿਪਤ ਰਾਜਿੰਦਰ ਬਾਜਵਾ, ਬਲਬੀਰ ਸਿੱਧੂ, ਵਿਜੈ ਇੰਦਰ ਸਿੰਗਲਾ, ਓ.ਪੀ. ਸੋਨੀ, ਬ੍ਰਹਮ ਮਹਿੰਦਰਾ ਅਤੇ ਅਰੁਣਾ ਚੌਧਰੀ ਵੀ ਮੌਜੂਦ ਸਨ।
       ਇਸੇ ਟਸਲ ਵਿਚਕਾਰ ਸ਼ੁਰੂਆਤ ਗੱਲਬਾਤ ਦੌਰਾਨ ਮੰਤਰੀਆਂ ਵੱਲੋਂ ਸ਼ਰਾਬ ਨੀਤੀ ਬਾਰੇ ਦਿੱਤੇ ਸੁਝਾਅ ਵੀ ਮੁੱਖ ਸਕੱਤਰ ਨੇ ਲਗਪਗ ਅਣਗੌਲੇ ਕਰ ਦਿੱਤੇ। ਮੰਤਰੀਆਂ ਨੂੰ ਸ਼ਰਾਬ ਨੀਤੀ ਦੇ ਕੁਝ ਮੁੱਦਿਆਂ 'ਤੇ ਇਤਰਾਜ ਸੀ। ਜਿਸਤੋਂ ਵੀਡੀਓ ਕਾਨਫਰੰਸਿੰਗ ਵਾਲੀ ਘਰੇੜ ਨੂੰ ਭਖਾਅ ਮਿਲਿਆ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਕੈਪਟਨ ਦੇ ਨੇੜਲੇ ਅਤੇ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ਼ਰਾਬ ਦੀ ਹੋਮ ਡਲਿਵਰੀ 'ਤੇ ਇਤਰਾਜ ਉਠਾ ਚੁੱਕੇ ਹਨ।
          ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੇ ਸ਼ੁਰੂ ਤੋਂ ਲੋਕਾਂ ਤੱਕ ਸੁਚੱਜੀ ਸਰਕਾਰੀ ਮੱਦਦ ਨਾ
ਪੁੱਜਣ ਕਰਕੇ ਜ਼ਿਆਦਾਤਰ ਮੰਤਰੀ ਇਖਲਾਕੀ ਪੱਖੋਂ ਅੰਦਰਖਾਤੇ ਪਰੇਸ਼ਾਨ ਚੱਲੇ ਆ ਰਹੇ ਹਨ। ਪੰਜਾਬ 'ਚ ਖੁੱਲ•ੇਆਮ ਅਫਸਰਸ਼ਾਹੀ ਦੀ ਸਰਕਾਰ ਚੱਲ ਰਹੀ ਹੈ। ਬਹੁਤ ਕਾਂਗਰਸ ਆਗੂ ਚੇਅਰਮੈਨੀਆਂ ਅਤੇ ਸਿਆਸੀ ਮਾਣ-ਸਤਿਕਾਰ ਨਾ ਮਿਲਣ ਕਰਕੇ ਬੇਹੱਦ ਔਖੇ ਹਨ। ਸੂਬੇ ਦੇ ਮੰਤਰੀਆਂ ਨੂੰ ਅਜਿਹੇ ਦੁਖੀਵਾਨ ਆਗੂਆਂ ਦੀਆਂ ਨਿੱਤ ਗੁਹਾਰਾਂ ਅਤੇ ਗਿਲੇ-ਸ਼ਿਕਵੇ ਸੁਣਨੇ ਪੈਂਦੇ ਹਨ, ਪਰੰਤੂ ਮੁੱਖ ਮੰਤਰੀ ਦੇ ਅੜੀਅਲ ਰਵੱਈਏ ਮੂਹਰੇ ਉਹ ਬੇਵੱਸ ਹੋ ਨਿੱਬੜਦੇ ਹਨ। ਜੱਗਜਾਹਰ ਹੈ ਕਿ ਪੰਜਾਬ ਵਿੱਚ 'ਸੈਕਟਰ ਦੋ' ਵਾਲੀ ਸਿਆਸੀ ਸਫ਼ੀਲ ਪੰਜਾਬ ਦੇ ਮੰਤਰੀ ਨੂੰ ਕਲਰਕਾਂ ਵਾਂਗ ਟ੍ਰੀਟ ਕਰਦੀ ਹੈ। ਮੁੱਖ ਮੰਤਰੀ ਦੇ ਇਸੇ ਰਵੱਈਏ ਤੋਂ ਕਾਂਗਰਸ ਦੀ ਦਿੱਲੀ ਹਾਈਕਮਾਂਡ ਵੀ ਹਮੇਸ਼ਾਂ ਪਰੇਸ਼ਾਨ ਰਹਿੰਦੀ ਹੈ। ਪਰੰਤੂ ਢੁੱਕਵਾਂ ਸਿਆਸੀ ਬਦਲ ਨਾ ਮਿਲਣ ਕਰਕੇ ਅਮਰਿੰਦਰ ਸਿੰਘ ਨੂੰ ਝੱਲਣਾ ਕੇਂਦਰੀ ਹਾਈਕਮਾਂਡ ਦੀ ਮਜ਼ਬੂਰੀ ਬਣਿਆ ਹੋਇਆ ਹੈ। ਇਸੇ ਦੌਰਾਨ ਕਾਂਗਰਸ ਦੇ ਬੇਬਾਕ ਵਿਧਾਇਕ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਅੱਜ ਮੰਤਰੀਆਂ ਦੀ ਹਮਾਇਤ ਅਤੇ ਅਫਸਰਸ਼ਾਹੀ ਦੀ ਕਾਰਜਪ੍ਰਣਾਲੀ 'ਤੇ ਸੁਆਲੀਆ ਚਿੰਨ• ਲਗਾਏ  ਹਨ। ਦੂਜੇ ਪਾਸੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਦੇ ਨਾਲ ਖੜ•ੇ ਵਿਖਾਈ ਦੇ ਰਹੇ ਹਨ। ਇਸੇ ਵਿਚਕਾਰ ਮੁੱਖ ਮੰਤਰੀ ਦੇ ਧੁਰ ਵਿਰੋਧੀ ਅਤੇ ਸੀਨੀਅਰ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਅਮਰਿੰਦਰ ਸਿੰਘ ਨੂੰ ਸਾਥੀਆਂ ਮੰਤਰੀ ਦੇ ਮਾਣ-ਸਤਿਕਾਰ ਕਰਨ ਦੀ ਨਸੀਹਤ ਦਿੱਤੀ ਹੈ।
        ਕੋਰੋਨਾ ਮਹਾਮਾਰੀ ਦੇ ਮਾਰੂ ਹਾਲਾਤਾਂ 'ਚ ਆਰਥਿਕ ਮੰਦਹਾਲੀ 'ਚੋਂ ਨਿਕਲਣ ਦੀਆਂ ਕੋਸ਼ਿਸ਼ਾਂ 'ਤੇ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਦੀ ਨੇੜਲੇ ਅਫਸਰਸ਼ਾਹੀ ਵਿਚਕਾਰ ਕਲੇਸ਼ ਕਾਂਗਰਸ ਸਰਕਾਰ ਦੀਆਂ ਜੜ•ਾਂ ਨੂੰ ਕੋਰੋਨਾ ਨਾਲੋਂ ਖ਼ਤਰਨਾਕ ਤੇਲ• ਦੇ ਸਕਦਾ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੇਂਦਰੀ ਹਾਈਕਮਾਂਡ ਤੱਕ ਸਮੁੱਚੀ ਰਿਪੋਰਟ ਪੁੱਜ ਚੁੱਕੀ ਹੈ। ਪਤਾ ਲੱਗਿਆ ਹੈ ਕਿ ਕੇਂਦਰੀ ਲੀਡਰਸ਼ਿਪ ਦੀ ਪੰਜਾਬ ਦੇ ਕਈ ਮੰਤਰੀਆਂ ਅਤੇ ਸੀਨੀਅਰ ਆਗੂਆਂ ਨਾਲ ਗੱਲਬਾਤ ਵੀ ਹੋਈ ਹੈ। ਅਜਿਹੇ ਵਿੱਚ ਮੁੱਖ ਮੰਤਰੀ ਦੀ ਦਿੱਲੀ ਦਰਬਾਰ 'ਚ 'ਆਨ-ਲਾਈਨ' ਪੇਸ਼ੀ ਪੈਣੀ ਲਾਜਮੀ ਹੈ।

1 comment:

  1. ਬਾਕਮਾਲ,ਸੱਚੋ ਸੱਚ ਨਿਤਾਰਦੀ ਕਵਰ ਸਟੋਰੀ ਹੈ।ਬੁਲੰਦ ਸੋਚ ਦਾ ਦਰੁੱਸਤ ਪ੍ਰਗਟਾਵਾ।

    ReplyDelete