-ਮ੍ਰਿਤਕਾ ਗੁਰਦੇਵ ਕੌਰ ਦੇ ਪਰਿਵਾਰ ਨੇ ਅਦਾਲਤੀ ਫੈਸਲੇ ਨੂੰ ਦਿੱਤਾ ਸੌ ਫ਼ੀਸਦੀ ਦਰੁੱਸਤ ਕਰਾਰ-
-ਮੁਦਈ ਅਤੇ ਮੁਜਰਿਮ ਸਾਂਵਤਖੇੜਾ ਦੇ ਹੋਣ ਕਰਕੇ ਪਿੰਡ ਦੇ ਲੋਕ ਕੁਝ ਕਹਿਣੋਂ ਮੁਨਕਰ-
ਇਕਬਾਲ ਸਿੰਘ ਸ਼ਾਂਤ-ਮੁਦਈ ਅਤੇ ਮੁਜਰਿਮ ਸਾਂਵਤਖੇੜਾ ਦੇ ਹੋਣ ਕਰਕੇ ਪਿੰਡ ਦੇ ਲੋਕ ਕੁਝ ਕਹਿਣੋਂ ਮੁਨਕਰ-
ਡੱਬਵਾਲੀ- ਪਿੰਡ ਸਾਵੰਤਖੇੜਾ ਵਿਚ ਬਜ਼ੁਰਗ ਔਰਤ ਗੁਰਦੇਵ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ 22 ਸਾਲਾ ਨਿੱਕਾ ਸਿੰਘ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨਾਲ ਉਸਦੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ, ਦੂਸਰੇ ਪਾਸੇ ਮ੍ਰਿਤਕ ਔਰਤ ਦਾ ਪਰਿਵਾਰ ਇਸਨੂੰ ਅਦਾਲਤ ਦਾ ਸਹੀ ਇਨਸਾਫ ਕਰਾਰ ਦੇ ਰਿਹਾ ਹੈ। ਹਾਲਾਂਕਿ ਪਿੰਡ ਵਿਚ ਨਿੱਕਾ ਸਿੰਘ ਨੂੰ ਫਾਂਸੀ ਦੀ ਸਜ਼ਾ ਮਿਲਣ ਬਾਰੇ ਚਰਚਾ ਤਾਂ ਜ਼ਰੂਰ ਹੈ ਪਰ ਇਸ 'ਤੇ ਕੋਈ ਪ੍ਰਤੀਕਰਮ ਦੇਣ ਨੂੰ ਤਿਆਰ ਨਹੀਂ।
ਬੀਤੇ ਕੱਲ੍ਹ ਸਿਰਸਾ ਦੀ ਜ਼ਿਲ੍ਹਾ ਐਡੀਸ਼ਨ ਸ਼ੈਸ਼ਨ ਜੱਜ ਨੀਲਿਮਾ ਸਾਂਗਲਾ ਵੱਲੋਂ 11 ਫਰਵਰੀ 2011 ਨੂੰ ਦੁਪਿਹਰ ਬਾਅਦ ਘੁੰਮਣ ਜਾ ਰਹੀ 75 ਸਾਲਾ ਬਜ਼ੁਰਗ ਔਰਤ ਗੁਰਦੇਵ ਕੌਰ ਨਾਲ ਜ਼ਬਰਦਸਤੀ ਉਪਰੰਤ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪਿੰਡ ਸਾਂਵਤਖੇੜਾ ਦੇ ਹੀ ਨਿੱਕਾ ਸਿੰਘ ਪੁੱਤਰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦਿੱਤੇ ਜਾਣ ਦੇ ਹੁਕਮ ਤੋਂ ਬਾਅਦ ਨਿੱਕਾ ਸਿੰਘ ਦੇ ਘਰ 'ਤੇ ਮਾਤਮ ਛਾਇਆ ਹੋਇਆਹੈ। ਪਰਿਵਾਰ ਵਾਲੇ ਅਦਾਲਤ ਦੇ ਇਸ ਫੈਸਲੇ ਨਾਲ ਸਦਮੇ ਵਿਚ ਹਨ।

ਨਿੱਕਾ ਮਾਤਾ ਤੇਜ਼ ਕੌਰ ਨੇ ਅੱਖਾਂ ਵਿਚੋਂ ਵਗਦੇ ਹੰਝੂਆਂ ਨੂੰ ਕਾਬੂ ਪਾਉਂਦਿਆਂ ਕਿਹਾ ਉਸਦੇ ਪੁੱਤ ਨੂੰ ਸਾਜਿਸ਼ ਦੇ ਤਹਿਤ ਕਤਲ ਦੇ ਮਾਮਲੇ ਵਿਚ ਫਸਾ ਕੇ ਫਾਂਸੀ ਦੇ ਇਲਜਾਮ ਤੱਕ ਪਹੁੰਚਾਇਆ ਗਿਆ ਹੈ। ਉਸਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਨਾ ਤਾਂ ਗੁਰਦੇਵ ਕੌਰ ਦੇ ਪਰਿਵਾਰ ਨਾਲ ਕੋਈ ਦੁਸ਼ਮਣੀ ਸੀ ਅਤੇ ਨਾ ਹੀ ਕੋਈ ਰੰਜ਼ਿਸ਼। ਬਲਕਿ ਉਸਨੇ ਤਾਂ ਗੁਰਦੇਵ ਕੌਰ ਦੇ ਪਰਿਵਾਰ ਵਿਚ ਮਿਹਨਤ-ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ। ਉਸਨੇ ਕਿਹਾ ਕਿ ਸਾਨੂੰ ਗਰੀਬਾਂ ਨੂੰ ਦੋ ਜੂਨ ਦੀ ਰੋਟੀ ਵਾਸਤੇ ਲਾਲੇ ਪਏ ਰਹਿੰਦੇ ਹਨ। ਇਸ ਘਟਨਾ ਨੂੰ ਉਸਦੇ ਪਰਿਵਾਰ ਨੂੰ ਖਲਿਆਰ ਕੇ ਰੱਖ ਦਿੱਤਾ ਹੈ। ਨਿੱਕਾ ਸਿੰਘ ਦੀ ਪਤਨੀ ਹਰਜਿੰਦਰ ਕੌਰ ਘਟਨਾ ਦੇ ਦੋ ਮਹੀਨੇ ਬਾਅਦ ਆਪਣੇ ਪੇਕੇ ਸੰਗਰੀਆ (ਰਾਜਸਥਾਨ) ਚਲੀ ਗਈ। ਇਸੇ ਦੌਰਾਨ ਨਿੱਕੇ ਦੇ ਭਰਾ ਜੱਗਾ ਸਿੰਘ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਇਨਸਾਫ਼ ਤਾਂ ਕੁਦਰਤ ਕਰੇਗੀ ਪਰ ਉਹ ਆਪਣੇ ਭਰਾ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਹਾਈਕੋਰਟ ਵਿਚ ਅਪੀਲ ਕਰਨਗੇ।

ਉਸਦੇ ਪਿੰਡ ਦੇ ਆਮ ਲੋਕ ਨਿੱਕਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਮੁਦਈ ਅਤੇ ਮੁਜ਼ਰਿਮ ਇਸੇ ਹੀ ਪਿੰਡ ਦੇ ਹੋਣ ਕਾਰਨ ਕੋਈ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਬਚਦੇ ਰਹੇ। ਜ਼ਿਕਰਯੋਗ ਹੈ ਕਿ ਨਿੱਕਾ ਸਿੰਘ ਨੂੰ ਸੈਂਟਰਲ ਜੇਲ੍ਹ ਅੰਬਾਲਾ ਵਿਖੇ ਫਾਂਸੀ ਦਿੱਤੀ ਜਾਣੀ ਹੈ।
No comments:
Post a Comment