04 March 2012

ਅਨਸਾਰ ਬਰਨੀ ਤੇ ਰੂਬੀ ਢੱਲਾ ਦੀ ਪੰਜਾਬ ’ਚ ਹੋਈ ਸਭ ਤੋਂ ਵੱਧ ਖਾਤਿਰਦਾਰੀ

ਬਰਨੀ ਦੀ ਆਗਰਾ ਤੇ ਅਜਮੇਰ ਫੇਰੀ ਦਾ ਖਰਚਾ ਵੀ ਰਾਜ ਸਰਕਾਰ ਨੇ ਅਦਾ ਕੀਤਾ

                                                    ਚਰਨਜੀਤ ਭੁੱਲਰ ਪੰਜਾਬ ਦੀ ਮਹਿਮਾਨਨਿਵਾਜ਼ੀ ਦਾ ਮੌਜ ਮੇਲਾ ਅਨਸਾਰ ਬਰਨੀ ਤੇ ਰੂਬੀ ਢੱਲਾ ਨੇ ਲੁੱਟ ਲਿਆ। ਪਿਛਲੇ ਪੌਣੇ ਪੰਜ ਵਰ੍ਹਿਆਂ ਦੌਰਾਨ ਪੰਜਾਬ ’ਚ ਅਜਿਹੇ ਮਹਿਮਾਨਾਂ ਵੱਲੋਂ 110 ਗੇੜੇ ਲਾਏ ਗਏ ਜਿਨ੍ਹਾਂ ਨੂੰ ‘ਸਟੇਟ ਗੈਸਟ’ ਦਾ ਰੁਤਬਾ ਦਿੱਤਾ ਗਿਆ ਸੀ। ਵਿਦੇਸ਼ੀ ਮਹਿਮਾਨ ਵਫਦਾਂ ਦੇ ਰੂਪ ਵਿੱਚ ਵੀ ਆਏ ਅਤੇ ਇਕੱਲੇ ਇਕੱਲੇ ਵੀ ਪੰਜਾਬ ਪੁੱਜੇ। ਸਭਨਾਂ ਵਿਦੇਸ਼ੀ ਮਹਿਮਾਨਾਂ ’ਚੋਂ ਜੋ ਟਹਿਲ ਸੇਵਾ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਅਨਸਾਰ ਬਰਨੀ ਅਤੇ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਢੱਲਾ ਦੀ ਹੋਈ ਹੈ, ਉਸ ਦਾ ਲੁਤਫ਼ ਹੋਰਨਾਂ ਵਿਦੇਸ਼ੀ ਮਹਿਮਾਨਾਂ ਦੇ ਹਿੱਸੇ ਨਹੀਂ ਆਇਆ। ਅਕਾਲੀ-ਭਾਜਪਾ ਸਰਕਾਰ ਵੱਲੋਂ ਇਨ੍ਹਾਂ ਮਹਿਮਾਨਾਂ ਲਈ ਪੰਜ ਤਾਰਾ ਹੋਟਲਾਂ ’ਚ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਇੰਤਜ਼ਾਮ ਕੀਤਾ ਗਿਆ। ਲੰਮੀਆਂ ਗੱਡੀਆਂ ਕਿਰਾਏ ’ਤੇ ਘੁੰਮਣ ਫਿਰਨ ਲਈ ਦਿੱਤੀਆਂ ਗਈਆਂ। ਫੁੱਲਾਂ ਨਾਲ ਸਵਾਗਤ ਅਤੇ ਮਹਿੰਗੇ ਤੋਹਫੇ ਵੀ ਇਨ੍ਹਾਂ ਮਹਿਮਾਨਾਂ ਨੂੰ ਸਰਕਾਰ ਵੱਲੋਂ ਭੇਟ ਕੀਤੇ ਗਏ। ਪੌਣੇ ਪੰਜ ਵਰ੍ਹਿਆਂ ਦੌਰਾਨ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਟਹਿਲ ਸੇਵਾ ’ਤੇ ਕਰੀਬ 45 ਲੱਖ ਰੁਪਏ ਅਤੇ ਫੁੱਲਾਂ ਅਤੇ ਤੋਹਫਿਆਂ ’ਤੇ 7.26 ਲੱਖ ਰੁਪਏ ਖਰਚੇ ਗਏ। ਵਿਅਕਤੀਗਤ ਰੂਪ ਵਿੱਚ ਸਭ ਤੋਂ ਜ਼ਿਆਦਾ ਖਰਚਾ ਅਨਸਾਰ ਬਰਨੀ ’ਤੇ ਆਇਆ। ਇਹ ਰਕਮ 9.91 ਲੱਖ ਰੁਪਏ ਬਣਦੀ ਹੈ ਜਦੋਂ ਕਿ ਦੂਸਰੇ ਨੰਬਰ ’ਤੇ ਰੂਬੀ ਢੱਲਾ ਹੈ ਜਿਸ ਦਾ 4.83 ਲੱਖ ਰੁਪਏ ਬਣਿਆ।
                   ਪ੍ਰਾਹੁਣਚਾਰੀ ਵਿਭਾਗ ਪੰਜਾਬ ਵੱਲੋਂ ਸੂਚਨਾ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਪਾਕਿਸਤਾਨੀ ਵਫ਼ਦਾਂ ਅਤੇ ਪ੍ਰਾਹੁਣਿਆਂ ਵੱਲੋਂ ਪੰਜਾਬ ਦੇ 31 ਗੇੜੇ ਲਾਏ ਗਏ ਹਨ। ਪਾਕਿਸਤਾਨੀ ਮਹਿਮਾਨਾਂ ’ਤੇ ਸਰਕਾਰ ਵੱਲੋਂ 15,08,904 ਰੁਪਏ ਦਾ ਖਰਚ  ਕੀਤਾ ਗਿਆ ਹੈ। ਸਭ ਤੋਂ ਮਹਿੰਗਾ ਦੌਰਾ ਅਨਸਾਰ ਬਰਨੀ ਦਾ 6 ਅਪਰੈਲ, 2008 ਤੋਂ 17 ਅਪਰੈਲ 2008 ਤਕ ਦਾ ਰਿਹਾ ਹੈ। ਉਹ 9 ਤੋਂ 11 ਅਪਰੈਲ ਤਕ ਆਗਰਾ ਅਤੇ ਰਾਜਸਥਾਨ ਗਏ ਅਤੇ ਉੱਥੋਂ ਦੇ ਖਾਣ-ਪੀਣ ਦਾ ਖਰਚਾ 11054 ਰੁਪਏ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਬਰਨੀ ਦੀ ਟਰਾਂਸਪੋਰਟ ਦਾ ਖਰਚਾ ਦੋ ਲੱਖ ਰੁਪਏ ਆਇਆ। ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਤਿੰਨ ਦਿਨਾ ਦੌਰੇ ਦਾ ਖਰਚਾ 4,64,609 ਰੁਪਏ ਰਿਹਾ। ਤੋਹਫਿਆਂ ਦੀ ਗੱਲ ਕਰੀਏ ਤਾਂ ਬਰਨੀ ਨੂੰ ਸਰਕਾਰ ਤਰਫੋਂ 12,179 ਰੁਪਏ ਦਾ ਸਿਲਵਰ ਮੋਮੈਂਟੋ ਦਿੱਤਾ ਗਿਆ। ਫਰੇਮਾਂ ਸਮੇਤ 13 ਪੋਰਟਰੇਟ ਵੀ ਤੋਹਫੇ ਵਜੋਂ ਦਿੱਤੇ ਗਏ ਜਿਨ੍ਹਾਂ ’ਤੇ 63,700 ਰੁਪਏ ਖਰਚ ਆਏ। ਏਨੀ ਟਹਿਲ ਸੇਵਾ ਕਿਸੇ ਹੋਰ ਵਿਦੇਸ਼ੀ ਮਹਿਮਾਨ ਦੀ ਵਿਅਕਤੀਗਤ ਰੂਪ ਵਿੱਚ ਨਹੀਂ ਹੋਈ।
ਰੂਬੀ ਢੱਲਾ ’ਤੇ ਸਰਕਾਰੀ ਖਰਚਾ 4,83,436 ਰੁਪਏ ਹੋਇਆ। ਢੱਲਾ 16 ਜਨਵਰੀ, 2008 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ। ਮੁੱਖ ਮੰਤਰੀ ਵੱਲੋਂ ਰੂਬੀ ਨੂੰ 4200 ਰੁਪਏ ਦੀ ਕੀਮਤ ਦੇ ਦੋ ਦੁਪੱਟੇ ਤੋਹਫੇ ਵਜੋਂ ਦਿੱਤੇ ਗਏ ਅਤੇ ਦਰਬਾਰ ਸਾਹਿਬ ਦੀ 6090 ਰੁਪਏ ਦੀ  ਤਸਵੀਰ ਵੀ ਤੋਹਫੇ ਵਜੋਂ ਭੇਟ ਕੀਤੀ ਗਈ। ਉਸ ਤੋਂ ਪਹਿਲਾਂ ਰੂਬੀ ਢੱਲਾ 3 ਤੋਂ 4 ਜਨਵਰੀ 2008 ਤਕ ਅੰਮ੍ਰਿਤਸਰ ਦੇ ਮੋਹਨ ਇੰਟਰਨੈਸ਼ਨਲ ਹੋਟਲ ਵਿੱਚ ਠਹਿਰੀ ਜਿੱਥੋਂ ਦੇ ਖਾਣੇ ਆਦਿ ਦਾ ਖਰਚਾ 16893 ਰੁਪਏ ਪੰਜਾਬ ਸਰਕਾਰ ਤਰਫੋਂ ਦਿੱਤਾ ਗਿਆ। ਉਸ ਮਗਰੋਂ ਰੂਬੀ ਢੱਲਾ ਫਿਰ ਆਪਣੇ ਪਰਿਵਾਰ ਸਮੇਤ 6 ਜਨਵਰੀ, 2011 ਨੂੰ ਪੰਜਾਬ ਆਈ। ਉਹ ਕਾਫੀ ਸਮਾਂ ਪੰਜਾਬ ਰਹੀ। ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਟਰਾਂਸਪੋਰਟ ਦਾ ਖਰਚਾ 3,00,656 ਰੁਪਏ ਤਾਰਿਆ ਗਿਆ। ਇਸ ਤੋਂ ਇਲਾਵਾ 1,55,597 ਰੁਪਏ ਦਾ ਵੱਖਰਾ ਬਿੱਲ ਤਾਰਿਆ ਗਿਆ। ਇਵੇਂ ਹੀ ਕੈਨੇਡਾ ਦੇ ਐਮ.ਪੀ. ਗੁਰਬਖਸ਼ ਸਿੰਘ ਮੱਲ੍ਹੀ ਦੀ ਟਹਿਲ ਸੇਵਾ ’ਤੇ ਸਰਕਾਰ ਨੇ 1,53,236 ਰੁਪਏ ਖਰਚ ਕੀਤੇ। ਉਨ੍ਹਾਂ ਨੂੰ ਡੈਲੀਗੇਸ਼ਨ ਸਮੇਤ ਚੰਡੀਗੜ੍ਹ ਦੇ ਤਾਜ ਹੋਟਲ ਵਿੱਚ ਠਹਿਰਾਇਆ ਗਿਆ ਜਿਸ ਦਾ ਖਰਚਾ 82908 ਰੁਪਏ ਆਇਆ। ਪੰਜਾਬ ਸਰਕਾਰ ਨੂੰ ਸਭ ਤੋਂ ਸਸਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੁੱਖ ਮੰਤਰੀ ਉੱਜਲ ਦੁਸਾਂਝ ਅਤੇ ਟਿੱਮ ਉੱਪਲ ਪਏ। ਦੁਸਾਂਝ ਦੇ ਪੰਜਾਬ ਦੇ ਦੋ ਗੇੜਿਆਂ ’ਤੇ ਸਿਰਫ 20,488 ਰੁਪਏ ਖਰਚ ਆਏ ਜਦੋਂ ਕਿ ਟਿੱਮ ਉੱਪਲ ਦੇ ਦੌਰੇ ’ਤੇ ਸਿਰਫ 1218 ਰੁਪਏ ਹੀ ਖਰਚ ਕਰਨੇ ਪਏ। ਡੈਲੀਗੇਸ਼ਨ ਦੇ ਰੂਪ ਵਿੱਚ ਸਭ ਤੋਂ ਜ਼ਿਆਦਾ ਖਰਚਾ ਅਮਰੀਕੀ ਵਫ਼ਦ ’ਤੇ ਆਇਆ ਹੈ ਜੋ ਕਿ 10 ਅਕਤੂਬਰ, 2007 ਨੂੰ ਪੰਜਾਬ ਆਇਆ ਸੀ। ਇਸ ਵਫ਼ਦ ’ਤੇ ਸਰਕਾਰ ਵੱਲੋਂ 8,63,609 ਰੁਪਏ ਖਰਚ ਕੀਤੇ ਗਏ।

No comments:

Post a Comment