02 September 2012

ਲੰਬੀ ਹਲਕੇ ਦੇ ਪਿੰਡ ਭੁੱਲਰਵਾਲਾ ਦੇ ਦਲਿਤ ਪਰਿਵਾਰਾਂ ਵੱਲੋਂ ਹਿਜਰਤ ਦੀ ਚਿਤਾਵਨੀ

 ਮੁੱਖ ਮੰਤਰੀ ਵੱਲੋਂ 2-2 ਵਾਰ ਗਰਾਂਟਾਂ ਦੇਣ ਦੇ ਬਾਵਜੂਦ ਦਲਿਤ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋ ਸਕੀ
  -ਮੁਹੱਲੇ 'ਚ ਗੰਦੇ ਪਾਣੀ ਦਾ ਛੱਪੜ ਬਣਿਆ-
-ਗੰਦਗੀ ਅਤੇ ਬਦਬੂਦਾਰ ਮਾਹੌਲ 'ਚ ਜਿਉਣ ਲਈ ਮਜ਼ਬੂਰ ਵੀ.ਆਈ. ਪੀ. ਵੋਟਰ- 
  -ਦਲਿਤ ਪਰਿਵਾਰਾਂ ਦੇ ਕਾਫ਼ੀ ਗਿਣਤੀ ਲੋਕ ਮਲੇਰੀਆ ਦੀ ਮਾਰ ਹੇਠ-

                                               ਇਕਬਾਲ ਸਿੰਘ ਸ਼ਾਂਤ
ਲੰਬੀ : 2 ਸਤੰਬਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਈ ਵਾਰ ਲੱਖਾਂ ਰੁਪਏ ਦੀ ਗਰਾਂਟ ਦੇਣ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਿਉਂਦੇ ਜੀਅ ਨਰਕ ਜਿਹੇ ਹਾਲਤਾਂ 'ਚ ਜੀਵਨ ਬਸਰ ਕਰ ਰਹੇ ਖੇਤਰ ਦੇ ਪਿੰਡ ਭੁੱਲਰਵਾਲਾ ਦੇ ਦਲਿਤ ਮੁਹੱਲੇ 'ਚ ਵਸਦੇ ਵੱਡੀ ਗਿਣਤੀ ਦਲਿਤ ਪਰਿਵਾਰਾਂ ਨੇ ਪਿੰਡ ਵਿਚੋਂ ਹਿਜਰਤ ਕਰਨ ਦੀ ਚਿਤਾਵਨੀ ਦਿੱਤੀ ਹੈ। 
         ਦਲਿਤ ਮੁਹੱਲੇ ਵਿਹੜੇ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁੱਖ ਸੜਕ 'ਤੇ ਗੰਦਾ ਪਾਣੀ ਛੱਪੜ ਦਾ ਰੂਪ ਧਾਰਦਾ ਜਾ ਰਿਹਾ ਹੈ। ਇਸ ਖੜ੍ਹੇ ਪਾਣੀ ਵਿਚ ਪਨਪ ਰਹੇ ਮੱਛਰਾਂ ਕਰਕੇ ਕਾਫ਼ੀ ਗਿਣਤੀ ਲੋਕ ਮਲੇਰੀਆ ਅਤੇ ਹੋਰ ਗੰਭੀਰ ਬੀਮਾਰੀਆਂ ਨਾਲ ਪੀੜਤ ਹੋ ਚੁੱਕੇ ਹਨ। ਬਦਬੂਦਾਰ ਮਾਹੌਲ ਕਰਕੇ ਲੋਕਾਂ ਦਾ ਖਾਣ-ਪੀਣਾ, ਸੋਣਾ, ਘਰਾਂ 'ਚ ਰਹਿਣ ਦੇ ਇਲਾਵਾ ਸਾਂਹ ਤੱਕ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਖੜ੍ਹੇ ਪਾਣੀ ਨੇ ਮਕਾਨਾਂ ਨੂੰ ਨੁਕਸਾਨ ਪਹੰਚਾਉਣਾ ਸ਼ੁਰੂ ਕਰ ਦਿੱਤਾ ਹੈ।  
ਪਿੰਡ ਦੇ ਲੋਕਾਂ ਅਨੁਸਾਰ ਸਰਮਾਏਦਾਰਾਂ ਵੱਲੋਂ ਮੁਰੱਬਾਬੰਦੀ ਤੋਂ ਲੈ ਕੇ ਹੁਣ ਤੱਕ ਪਿੰਡ ਦੇ ਬਾਗਾਂ ਵਾਲੇ ਖਾਲ ਨੂੰ ਬੰਦ ਕਰਨ ਕਰਕੇ ਦਲਿਤ ਮੁਹੱਲੇ ਦੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਜਦੋਂਕਿ ਸਰਮਾਏਦਾਰਾਂ ਵੱਲੋਂ ਆਪਣੇ ਮੁਹੱਲੇ ਦੇ ਪਾਣੀ ਦਾ ਨਿਕਾਸ ਪਾਈਪਾਂ ਰਾਹੀ ਪਿੰਡ ਤੋਂ ਬਾਹਰਲੇ ਸਮੇ ਨਾਲੇ ਵਿੱਚ ਕਰ ਦਿੱਤਾ ਗਿਆ ਹੈ।
          ਪਿੰਡ ਵਾਸੀਆਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਦਲਿਤ ਮੁਹੱਲੇ ਦੇ ਬੋਹੜ ਤੋਂ ਲੈ ਕੇ ਛੱਪੜ ਤੱਕ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ ਪਰ ਉਸਦਾ ਬਾਅਦ ਕੋਈ ਖੋਜ-ਖੁਰਾ ਹੀ ਨਹੀਂ ਲੱਭਿਆ ਅਤੇ  ਉਹ ਗਰਾਂਟ ਗੰਦੇ ਪਾਣੀ ਦੇ ਹੇਠਾਂ ਦੱਬੀ ਗਈ। ਇਸਦੇ ਉਪਰੰਤ ਮੁੱਖ ਮੰਤਰੀ ਨੇ 5 ਲੱਖ ਰੁਪਏ ਦੀ ਗਰਾਂਟ  ਪੰਚਾਇਤੀ ਰਾਜ ਵਿਭਾਗ ਨੂੰ ਗੰਦੇ ਅਤੇ ਬਰਸਾਤੀ ਪਾਣੀ ਨਿਕਾਸੀ ਦੇ ਹੱਲ ਲਈ ਦਿੱਤੇ ਗਏ ਸਨ। ਹਾਕਮਾਂ ਵੱਲੋਂ ਦੋ-ਦੋ ਵਾਰ ਗਰਾਂਟ ਦੇਣ ਦੇ ਬਾਵਜੂਦ ਲੋਕਾਂ ਦੀ ਮੁਸ਼ਕਿਲਾਂ ਦਾ ਹੱਲ ਨਾ ਹੋਣਾ ਸਮੁੱਚੇ ਸਰਕਾਰੀ ਤੰਤਰ ਦੀ ਨਿਕੰਮੀ ਅਤੇ ਲਾਪਰਵਾਹ ਕਾਰਗੁਜਾਰੀਆਂ ਦੀ ਪੋਲ੍ਹ ਖੋਲਣ ਲਈ ਕਾਫ਼ੀ ਹੈ। 
ਪ੍ਰਸ਼ਾਸਨਿਕ ਲਾਪਰਵਾਹੀ ਦੇ ਸ਼ਿਕਾਰ ਪਿੰਡ ਭੁੱਲਰਵਾਲਾ ਦੇ ਭਾਰੀ ਗਿਣਤੀ ਦਲਿਤ ਲੋਕਾਂ ਕੌਰ ਸਿੰਘ, ਤੇਜਾ ਸਿੰਘ, ਬੂਟਾ ਸਿੰਘ, ਰਾਜ ਸਿੰਘ, ਗੁਰਾਂ ਸਿੰਘ, ਰਾਜਾ ਸਿੰਘ, ਇਕਬਾਲ ਸਿੰਘ ਅਤੇ ਜੱਸਾ ਸਿੰਘ, ਸੁਖਮੰਦਰ ਸਿੰਘ, ਜਸਕਰਨ ਸਿੰਘ, ਗੁਰਨੇਕ ਸਿੰਘ ਅਤੇ ਸੁਭਾਸ਼ ਸਿੰਘ ਸਮੇਤ ਦਰਜਨਾਂ ਹੋਰ ਵਿਅਕਤੀਆਂ ਨੇ ਦੱਸਿਆ ਕਿ ਦਹਾਕਿਆਂ ਤੋਂ ਚੱਲਦੇ ਬਾਗਾਂ ਵਾਲੇ ਖਾਲ ਨੂੰ ਬੰਦ ਕਰਵਾ ਕੇ ਮੁਹੱਲਾ ਵਾਸੀਆਂ ਦਾ ਜਿਉਣਾ ਦੂਭਰ ਕਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ  ਨਿਕਾਸ ਬੰਦ ਹੋਣ ਨਾਲ ਘਰਾਂ ਦਾ ਗੰਦਾ ਪਾਣੀ ਅਤੇ ਬਰਸਾਤੀ ਪਾਣੀ ਗਲੀਆਂ ਵਿੱਚ ਰੁਕ ਗਿਆ ਹੈ। ਗੰਦੇ ਪਾਣੀ ਦੇ ਰੁਕਣ ਨਾਲ ਲੋਕ ਮਲੇਰੀਆ ਅਤੇ ਹੋਰ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦਾ ਨਿਕਾਸੀ ਨਾ ਹੋਣ ਕਰਕੇ ਖੜ੍ਹੇ ਪਾਣੀ ਵਿਚੋਂ ਬਦਬੂ ਅਤੇ ਮੱਛਰ ਪਨਪ ਰਹੇ ਹਨ। ਬਦਬੂ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਰਾਜਾ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਕਿਹਾ ਕਿ ਢਿੱਡ ਭਰਨ ਨੂੰ ਰੋਟੀ ਖਾਣੀ ਪੈਂਦੀ ਹੈ ਪਰ ਇੱਥੇ ਮਾਰਦੀ ਬਦਬੂ ਨੇ ਜਿਉਂਦੇ ਜੀਅ ਨਰਕ ਵਿਖਾ ਦਿੱਤਾ ਹੈ। ਉਸਨੇ ਕਿਹਾ ਕਿ ਖ਼ਬਰਾਂ ਵਿਚ ਵੀ.ਆਈ. ਪੀ ਵੋਟਰਾਂ ਦਾ ਰੁਤਬਾ ਰੱਖਣ ਦੀ ਜ਼ਮੀਨੀ ਹਕੀਕਤ ਇਸ ਵੀ.ਆਈ.ਪੀ. 'ਖਿਤਾਬ' ਤੋਂ ਕੋਹਾਂ ਦੂਰ ਹੈ। 
             ਕੌਰ ਸਿੰਘ ਨਾਂ ਦੇ ਬਜ਼ੁਰਗ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦਲਿਤ ਮੁਹੱਲੇ ਦੇ ਪਾਣੀ ਦਾ ਨਿਕਾਸ ਲਈ ਕਈ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਪਰ ਅੱਜ ਤੱਕ ਉਨ੍ਹਾਂ ਗਰਾਂਟਾਂ ਵਿੱਚੋਂ ਇੱਕ ਪੈਸਾ ਵੀ ਇਸ ਕੰਮ 'ਤੇ ਖਰਚ ਨਹੀਂ ਹੋਇਆ। ਉਨ੍ਹਾਂ ਆਖਿਆ ਜ਼ਮੀਨੀ ਹਕੀਕਤ ਇਹ ਹੈ ਕਿ ਉਨ੍ਹਾਂ ਦੇ ਮੁਹੱਲੇ ਵਿਚ ਲੋਕ ਨਵੀਂ ਰਿਸ਼ਤੇਦਾਰੀ ਪਾਉਣਾ ਤਾਂ ਦੂਰ ਪੁਰਾਣੇ ਰਿਸ਼ਤੇਦਾਰ ਮਿਲਣ ਆਉਣੋਂ ਕਤਰਾਉਂਦੇ ਹਨ। 
           ਜਸਵੀਰ ਕੌਰ, ਚਰਨੋ ਕੌਰ ਅਤੇ ਦਲਬੀਰ ਕੌਰ ਨੇ ਵੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਗੀ ਯੁਕਤ ਮਾਹੌਲ ਤੋਂ ਖਹਿੜਾ ਛੁਡਵਾਉਣ ਦੇ ਰੌਂਅ ਵਿਚ ਆਖਿਆ ਕਿ ਸਭ ਤੋਂ ਜ਼ਿਆਦਾ ਮੰਦੀ ਹਾਲਤ ਮੁਹੱਲੇ ਦੀਆਂ ਔਰਤਾਂ ਦੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਘਰ ਵਿਚ ਰਹਿਣਾ ਹੁੰਦਾ ਹੈ। ਮੁਹੱਲੇ ਦੇ ਸਾਹਮਣੇ 'ਚ ਵਸਦੇ ਕਿਸਾਨ ਪਰਿਵਾਰ ਦੀ ਔਰਤ ਦਲਬੀਰ ਕੌਰ ਨੇ ਆਖਿਆ ਕਿ ਗੰਦੇ ਪਾਣੀ ਵੱਲੋਂ  ਉਨ੍ਹਾਂ ਦਾ ਬੂਹਾ ਪੂਰੀ ਤਰ੍ਹਾਂ ਮੱਲਣ ਕਰਕੇ ਉਹ ਘਰ ਵਿਚ ਆਉਣਾ-ਜਾਣਾ ਵੀ ਵੱਡੀ ਸਮੱਸਿਆ ਬਣਿਆ ਹੋਇਆ ਹੈ। ਜਦੋਂਕਿ ਨੀਂਹਾਂ 'ਚ ਵੜਨ ਕਰਕੇ ਮਕਾਨ ਦੀਆਂ ਕੰਧਾਂ ਥਾਂ-ਥਾਂ ਤੋਂ ਪਾੜ ਚੁੱਕੀਆਂ ਹਨ। ਅਜਿਹੇ ਵਿਚ ਉਨ੍ਹਾਂ ਨੂੰ ਇੱਥੇ ਆਪਾ ਭਵਿੱਖ ਸੁਰੱਖਿਅਤ ਨਹੀਂ ਜਾਪਦਾ। 
              ਇਸ ਮੌਕੇ ਲੋਕਾਂ ਨੇ ਪਿੰਡ ਦੇ ਅਕਾਲੀ ਸਰਪੰਚ ਇਕਬਾਲ ਸਿੰਘ 'ਤੇ ਖੁੱਲ੍ਹੇਆਮ ਦਲਿਤ ਮੁਹੱਲੇ ਦੀ ਸਾਰ ਨਾ ਲੈਣ ਦੇ ਦੋਸ਼ ਲਾਉਂਦਿਆਂ ਆਖਿਆ ਕਿ ਸਰਪੰਚ ਨੇ ਜਮੀਂਦਾਰਾਂ ਦੇ ਘਰਾਂ ਦੇ ਨਿਕਾਸੀ ਦਾ ਪ੍ਰਬੰਧ ਕਰਵਾ ਦਿੱਤਾ ਪਰ ਉਨ੍ਹਾਂ ਨਾਲ ਵਿਤਕਰੇਬਾਜ਼ੀ ਕਰਕੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਕਢਵਾਇਆ ਜਾ ਰਿਹਾ ਹੈ। 
            ਮੁਹੱਲਾ ਵਾਸੀਆਂ ਨੇ ਇਕਸੁਰ ਵਿਚ ਆਖਿਆ ਕਿ ਮੁੱਖ ਮੰਤਰੀ ਸੀ ਬਾਦਲ ਦੇ ਹੱਥੀਂ ਦਿੱਤੀ ਗਰਾਂਟ ਉਨ੍ਹਾਂ ਤੱਕ ਨਾ ਪਹੁੰਚਣ ਲੱਗਣ ਕਰਕੇ ਉਨ੍ਹਾਂ ਦਾ ਸਮੁੱਚੇ ਤਾਣੇ-ਬਾਣੇ ਤੋਂ ਵਿਸ਼ਵਾਸ ਉੱਠ ਗਿਆ ਹੈ। ਅਜਿਹੇ ਵਿਚ ਉਨ੍ਹਾਂ ਕੋਲ ਪਿੰਡ ਭੁੱਲਰਵਾਲਾ ਤੋਂ ਹਿਜਰਤ ਕਰਕੇ ਹਰਿਆਣਾ ਜਾਂ ਰਾਜਸਥਾਨ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ।   
               ਮੁਹੱਲਾ ਵਾਸੀਆਂ ਨੇ ਮੁੱਖ ਮੰਤਰੀ ਵੱਲੋਂ ਦਿੱਤੀਆਂ ਗਰਾਂਟਾਂ ਦੀਆਂ ਵਿਜੀਲੈਂਸ ਪੜਤਾਲ ਦੀ ਮੰਗ ਕਰਦਿਆਂ ਕਿਹਾ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਹੱਲੇ ਦੇ ਬਰਸਾਤੀ ਅਤੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਉਹ ਹਿਜਰਤ ਜਿਹਾ ਫੈਸਲਾਕੁੰਨ ਕਦਮ ਚੁੱਕਣ ਨੂੰ ਮਜ਼ਬੂਰ ਹੋਣਗੇ। 
             ਇਸ ਸਬੰਧ ਵਿਚ ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗਾਂਧੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਿਕਾਸੀ ਲਈ ਸਹੀ ਥਾਂ ਨਾ ਮਿਲਣ ਕਰਕੇ ਗਰਾਂਟ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਵਾਪਸ ਭੇਜ ਦਿੱਤੀ ਗਈ ਹੈ। 


                              ਭਾਰਤ ਸਰਕਾਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਾਈ ਗੁਹਾਰ
    ਪਿੰਡ ਭੁੱਲਰਵਾਲਾ ਦੇ ਦਲਿਤਾਂ ਨੇ ਗਰਾਟਾਂ ਜਾਰੀ ਹੋਣ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਨਸਾਫ਼ ਲਈ ਭਾਰਤ ਸਰਕਾਰ ਦੇ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਅਨੂਸੂਚਿਤ ਜਾਤੀ-ਜਨਜਾਤੀ ਕਮਿਸ਼ਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਮੀਨੀ ਹਾਲਾਤਾਂ ਦੀਆਂ ਫੋਟੋਆਂ ਸਮੇਤ ਪੱਤਰ ਲਿਖ ਕੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੋਈ ਹੈ ਜਿਨ੍ਹਾਂ 'ਤੇ ਅਜੇ ਤੱਕ ਕਾਰਵਾਈ ਹੋਣ ਦੇ ਨਿਸ਼ਾਨ ਨਹੀਂ ਮਿਲੇ। 


                                      ਵੋਟਾਂ ਤੋਂ ਪਹਿਲੇ ਦੇ ਰੋਸ ਪ੍ਰਗਟਾਵੇ ਦੀ ਮਿਲ ਰਹੀ ਸਜ਼ਾ! 
ਮੰਨਿਆ ਜਾ ਰਿਹਾ ਹੈ ਕਿ ਪਿੰਡ ਭੁੱਲਰਵਾਲਾ ਦੇ ਦਲਿਤ ਮੁੱਖ ਮੰਤਰੀ ਮੂਹਰੇ ਵਿਕਾਸ ਦੀ ਹਕੀਕਤ ਬਿਆਨ ਕਰਨ ਦੀ ਕੋਸ਼ਿਸ਼ ਦੀ ਸਜ਼ਾ ਭੁਗਤ ਰਹੇ ਹਨ। ਬੀਤੀ 4 ਜਨਵਰੀ 2012 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ 'ਚ ਚੋਣ ਜਲਸੇ ਦੌਰਾਨ ਪਿੰਡ ਦੇ ਅਸਲ ਦੀ ਵਿਕਾਸ ਦਾ ਸ਼ੀਸ਼ਾ ਵਿਖਾਉਣ ਪੁੱਜੇ ਕੁਝ ਦਲਿਤ ਨੌਜਵਾਨਾਂ ਨੂੰ ਪੁਲਿਸ ਅਤੇ ਪਿੰਡ ਦੇ ਅਕਾਲੀ ਵਰਕਰਾਂ ਨੇ ਧੱਕੇਲ ਕੇ ਪਾਸੇ ਕਰ ਦਿੱਤਾ। ਜਿਸਦੇ ਉਪਰੰਤ ਪਿੰਡ ਦੇ ਦਲਿਤਾਂ ਨੇ ਮੀਡੀਆ ਸਾਹਮਣੇ ਮੁਦੇ ਨੂੰ ਲੈ ਕੇ ਖੁੱਲ੍ਹ ਕੇ ਆਪਣੀ ਭੜਾਸ ਕੱਢੀ ਸੀ। ਲੋਕਾਂ ਅਨੁਸਾਰ ਹੁਣ ਉਹ ਕਥਿਤ ਤੌਰ 'ਤੇ 'ਫੰਡਖਾਊ ਲਫਟੈਣ' ਦਲਿਤਾਂ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਵਿਚ ਅੜਿੱਕਾ ਹਨ। 


98148-26100
93178-26100

ਇਸ ਖ਼ਬਰ ਨਾਲ ਸਬੰਧਤ ਪੁਰਾਣੀ ਰਿਪੋਰਟ ਪੜ੍ਹਨ ਲਈ ਹੇਠਲੇ ਲਿੰਕ 'ਤੇ ਕਲਿੱਕ ਕਰੋ।


No comments:

Post a Comment