29 January 2014

ਬਾਦਲ ਪਿੰਡ ਦੀ ਨੁਹਾਰ ਬਾਕੀ ਦਰਕਿਨਾਰ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੀ ਨੁਹਾਰ ਵੇਖ ਕੇ ਕੋਈ ਵੀ ਇਸ ਨੂੰ ਪੰਜਾਬ ਦਾ ਪਿੰਡ ਨਹੀਂ ਕਹਿ ਸਕਦਾ। ਮੁੱਖ ਮੰਤਰੀ ਨੇ ਆਪਣੇ ਪਿੰਡ ਨੂੰ ਪੱਛਮੀ ਅਤੇ ਹੋਰ ਵਿਕਸਤ ਦੇਸ਼ਾਂ ਦੇ ਪਿੰਡਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਸ ਤਸਵੀਰ ਦਾ ਦੂਜਾ ਪੱਖ ਇਹ ਹੈ ਕਿ ਪੰਜਾਬ ਦੇ ਬਾਕੀ ਪਿੰਡਾਂ ਦੀ ਗੱਲ ਤਾਂ ਛੱਡੋ, ਹੁਣ ਤਕ ਦੇ ਸਾਰੇ ਬਾਕੀ ਮੁੱਖ ਮੰਤਰੀਆਂ ਦੇ ਪਿੰਡ ਸਹੂਲਤਾਂ ਪੱਖੋਂ ਬਾਦਲ ਪਿੰਡ ਦੇ ਪਾਸਕੂ  ਨਹੀਂ ਹਨ। ਕੇਵਲ ਬਾਦਲ ਪਿੰਡ ਹੀ ਸਹੂਲਤਾਂ ਭਰਪੂਰ ਨਹੀਂ ਹੈ ਬਲਕਿ ਇਸ ਨੂੰ ਜਾਣ ਵਾਲੇ ਰਾਹ-ਰਸਤੇ ਵੀ ਜੀ.ਟੀ. ਰੋਡ ਤੋਂ ਕਿਤੇ ਵਧੀਆ ਹਨ। ਬਠਿੰਡੇ ਤੋਂ ਬਾਦਲ ਪਿੰਡ ਨੂੰ ਜਾਂਦੀ ਚਹੁੰਮਾਰਗੀ ਟਿਊਬ ਲਾਈਟਾਂ ਅਤੇ ਆਕਰਸ਼ਕ ਦਰੱਖਤਾਂ ਵਾਲੀ ਸੜਕ ਖ਼ੂਬਸੂਰਤ ਸ਼ਹਿਰ ਮੰਨੇ ਜਾਂਦੇ ਚੰਡੀਗੜ੍ਹ ਦੀਆਂ ਸੜਕਾਂ ਨੂੰ ਵੀ ਮਾਤ ਪਾਉਂਦੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਖ਼ੂਬਸੂਰਤ ਸੜਕ ਉੱਤੇ ਜਾਣ ਲਈ ਤੁਹਾਨੂੰ ਕੋਈ ਟੌਲ ਟੈਕਸ ਵੀ ਨਹੀਂ ਦੇਣਾ ਪੈਂਦਾ ਜਦੋਂਕਿ ਸੂਬੇ ਦੀਆਂ ਕਈ ਟੁੱਟੀਆਂ-ਭੱਜੀਆਂ ਸੜਕਾਂਤੇ ਚੱਲਣ ਲਈ ਜੇਬ ਢਿੱਲੀ ਕਰਨੀ ਪੈਂਦੀ ਹੈ।
        ਬਾਦਲ ਪਿੰਡ ਵਿੱਚ 5 ਸਕੂਲ, 2 ਕਾਲਜ, ਇੱਕ ਨਰਸਿੰਗ ਅਤੇ ਪੈਰਾ-ਮੈਡੀਕਲ ਸਾਇੰਸ ਇੰਸਟੀਚਿਊਟ ਹਨ। ਸਰਬ ਸਹੂਲਤਾਂ ਸੰਪੰਨ ਸਿਵਲ ਹਸਪਤਾਲ, ਰੈੱਡ ਕਰਾਸ ਟ੍ਰੇਨਿੰਗ ਅਤੇ ਪ੍ਰੋਡਕਸ਼ਨ ਸੈਂਟਰ ਵੀ ਹੈ। ਦੂਜੇ ਪਾਸੇ ਪੰਜਾਬ ਦੇ 99.99 ਫ਼ੀਸਦੀ ਸਕੂਲ ਇਨ੍ਹਾਂ ਸਹੂਲਤਾਂ ਤੋਂ ਊਣੇ ਹਨ। ਪਿੰਡ ਵਿੱਚ ਸਟੇਟ ਆਫ਼ ਆਰਡ ਖੇਡ ਸਟੇਡੀਅਮ, ਕੇਂਦਰ ਸਰਕਾਰ ਦੀ ਸਪੋਰਟਸ ਅਥਾਰਟੀ ਦਾ ਸਿਖਲਾਈ ਕੇਂਦਰ ਅਤੇ ਸ਼ੂਟਿੰਗ ਰੇਂਜ ਹੈ ਜਦੋਂਕਿ ਸੂਬੇ ਦੇ ਪਿੰਡ ਤੇ ਸ਼ਹਿਰ ਤਾਂ ਕੀ, ਮਿਉਂਸਿਪਲ ਕਾਰੋਪੋਰੇਸ਼ਨਾਂ ਵਾਲੇ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਇਹ ਸਭ ਕੁਝ ਮੌਜੂਦ ਨਹੀਂ ਹੈ। ਹੋਰ ਸਹੂਲਤਾਂ ਵਿੱਚ ਇਫਕੋ ਦਾ ਕਿਸਾਨ ਸੇਵਾ ਕੇਂਦਰ, ਮਾਰਕਫ਼ੈੱਡ ਅਤੇ ਜੰਗਲਾਤ ਵਿਭਾਗ ਦਾ ਦਫ਼ਤਰ, ਟੈਲੀਫੋਨ ਐਕਸਚੇਂਜ, ਵੇਰਕਾ ਦੁੱਧ ਸ਼ੀਤਲ ਕੇਂਦਰ, .ਟੀ.ਐੱਮ. ਸਹੂਲਤ ਸਮੇਤ ਤਿੰਨ ਬੈਂਕ, ਦੋ ਪੈਟਰੋਲ ਪੰਪ, ਇੱਕ ਆਰ.. ਪਲਾਂਟ, ਤਿੰਨ ਓਵਰਹੈੱਡ ਵਾਟਰ ਟੈਂਕ, ਰਸੋਈ ਗੈਸ ਦੀ ਏਜੰਸੀ ਅਤੇ ਦੋ ਕਮਰਿਆਂ ਵਾਲਾ ਸ਼ਾਨਦਾਰ ਬੱਸ ਉਡੀਕ ਘਰ ਸ਼ਾਮਲ ਹਨ। ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਲਈ 32 ਕਿਲੋਵਾਟ ਦਾ ਪਾਵਰ ਸਬ ਸਟੇਸ਼ਨ ਅਤੇ ਬਿਜਲੀ ਬੋਰਡ ਦਾ ਰੈਸਟ ਹਾਊਸ ਵੀ ਬਾਦਲ ਪਿੰਡ ਦੀ ਸ਼ਾਨ ਵਿੱਚ ਵਾਧਾ ਕਰਦੇ ਹਨ। ਚੌਵੀ ਕਮਰਿਆਂ ਵਾਲਾ ਬਿਰਧ ਘਰ, ਸ਼ਾਨਦਾਰ ਕਮਿਊਨਿਟੀ ਸੈਂਟਰ, ਸੁਵਿਧਾ ਕੇਂਦਰ, ਸਰਕਾਰੀ ਫਲੈਟ ਅਤੇ ਵਧੀਆ ਪੰਚਾਇਤ ਘਰ ਵੀ ਮੁੱਖ ਮੰਤਰੀ ਦੇ ਪਿੰਡ ਵਿੱਚ ਮੌਜੂਦ ਹਨ ਜਦੋਂਕਿ  ਪੰਜਾਬ ਦੇ ਬਾਕੀ ਪਿੰਡ ਅਜਿਹੀਆਂ ਸਹੂਲਤਾਂ ਦਾ ਸੁਪਨਾ ਵੀ ਨਹੀਂ ਲੈ ਸਕਦੇ।
          ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਪਿੰਡ ਨੂੰ ਪ੍ਰਦਾਨ ਕੀਤੀਆਂ ਗਈਆਂ ਇਹ ਸਹੂਲਤਾਂ ਚੰਗੀ ਗੱਲ ਹੈ ਪਰ ਸੂਬੇ ਦੇ ਬਾਕੀ ਪਿੰਡਾਂ ਦੇ ਵਿਕਾਸ ਨੂੰ ਅੱਖੋਂ ਓਹਲੇ ਕਰ ਕੇ ਕੇਵਲ  ਆਪਣੇ ਪਿੰਡ ਨੂੰ ਸਹੂਲਤਾਂ ਸੰਪੰਨ ਆਦਰਸ਼ ਬਣਾਉਣਾ ਸ਼ੋਭਦਾ ਨਹੀਂ ਹੈ।  ਮੁੱਖ ਮੰਤਰੀ ਵੱਲੋਂ ਆਪਣੇ ਪਿੰਡ ਨੂੰ ਹੀ ਸਹੂਲਤਾਂ ਦੇ ਗੱਫਿਆਂ ਦੀ ਬਖ਼ਸ਼ਿਸ਼ ਕਰਨੀ ਬਾਕੀਆਂ ਪ੍ਰਤੀ ਮਤਰੇਈ ਮਾਂ ਵਾਲੇ ਵਿਹਾਰ ਤੋਂ ਘੱਟ ਨਹੀਂ ਜਾਪਦੀ। ਅਫ਼ਸੋਸ ਇਸ ਗੱਲ ਦਾ ਹੈ ਕਿ ਸੂਬੇ ਦੇ ਪਿੰਡਾਂ ਦੇ ਸਕੂਲ ਅਧਿਆਪਕਾਂ ਅਤੇ ਹਸਪਤਾਲ ਡਾਕਟਰਾਂ ਲਈ ਤਰਸ ਰਹੇ ਹਨ ਤੇ ਮੁੱਖ ਮੰਤਰੀ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਚੇਤਾ ਤਕ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਰਜ਼ਤੇ ਹਕੂਮਤ ਚਲਾਉਣ ਦਾ ਦਾਅਵਾ ਕਰਨ ਅਤੇ ਪੰਜਵੀਂ ਵਾਰ ਸੂਬੇ ਦਾ ਮੁੱਖ ਮੰਤਰੀ ਬਣਨ ਵਾਲੇ . ਬਾਦਲ ਦੀ ਇਸ ਸੋਚ ਨੂੰ ਦਰੁਸਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੀ ਜ਼ਿੰਮੇਵਾਰੀ ਸੂਬੇ ਦੇ ਸਮੁੱਚੇ ਪਿੰਡਾਂ ਅਤੇ ਸ਼ਹਿਰਾਂ ਦਾ ਸੰਤੁਲਿਤ ਵਿਕਾਸ ਕਰਨਾ ਹੈ, ਨਾ ਕਿ ਕੇਵਲ ਆਪਣੇ ਪਿੰਡ ਦਾ। -ਪੰਜਾਬੀ ਟ੍ਰਿਬਿਊਨ 'ਚੋਂ ਧੰਨਵਾਦ ਸਹਿਤ



No comments:

Post a Comment