13 March 2015

ਚੰਡੀਗੜ੍ਹ ’ਚ ਅਕਾਲੀ ਦਲ ਦੀ ਵਿਦਿਆਰਥੀ ਰਾਜਨੀਤੀ ਦੇ ਸਿਖ਼ਰ ਨੂੰ ਪੁੱਜਿਆ ਮਿੱਡੂਖੇੜੀਆਂ ਦਾ ਠੋਕਵਾਂ ਅੰਦਾਜ਼

 - ਲੰਬੀ ਹਲਕੇ ਦੇ ਜੰਮਪਲ ਸੋਈ ਚੰਡੀਗੜ੍ਹ ਦੇ ਨਵੇਂ ਪ੍ਰਧਾਨ ਵਿਕਰਮਜੀਤ ਮਿੱਡੂਖੇੜਾ ਲਈ ਚੁਣੌਤੀਆਂ ਭਰੀ ਰਾਹ- 
                                                       
                                                               

                                                      - ਇਕਬਾਲ ਸਿੰਘ ਸ਼ਾਂਤ  -   
ਲੰਬੀ/ਚੰਡੀਗੜ੍ਹ : ‘ਜੁੱਸੇ’ ਭਰੀ ਸਰਦਾਰੀ ਮੜ੍ਹਕ ਅਤੇ ਠੋਕਵੇਂ ਅੰਦਾਜ਼ ਲਈ ਮਜ਼ਹੂਰ ਲੰਬੀ ਹਲਕੇ ਦੇ ਮਿੱਡੂਖੇੜੀਆਂ ਦਾ ਠਰ੍ਹੰਮਾ ਹੁਣ ਕੇਂਦਰ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ’ਚ ਅਕਾਲੀ ਦਲ ਦੀ ਵਿਦਿਆਰਥੀ ਰਾਜਨੀਤੀ ਦੇ ਸਿਖ਼ਰ ਨੂੰ ਪੁੱਜ ਗਿਆ ਹੈ। ਬੀਤੇ ਦਿਨ੍ਹੀਂ ਅਕਾਲੀ ਦਲ ਵੱਲੋਂ ਵਿਦਿਆਰਥੀ ਸੰਗਠਨ ‘ਸੋਈ’ ਦੇ ਚੰਡੀਗੜ੍ਹ (ਯੂ.ਟੀ) ਦਾ ਪ੍ਰਧਾਨ ਥਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥੀ ਸੰਗਠਨ ਸੋਪੂ ਵੱਲੋਂ 2 ਵਾਰ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੀ ਅਹਿਮ ਜੁੰਮੇਵਾਰੀ ਸਾਂਭ ਚੱੁਕੇ ਪਿੰਡ ਮਿੱਡੂਖੇੜਾ ਦੇ ਨੌਜਵਾਨ ਅਤੇ ਸੋਪੂ ਦੇ ਪ੍ਰਧਾਨ ਰਹੇ ਵਿਕਰਮਜੀਤ ਸਿੰਘ ਮਿੱਡੂਖੇੜਾ ਨੇ ਅਜੇ ਪਿਛਲੇ ਵਰ੍ਹੇ 26 ਫਰਵਰੀ ਨੂੰ ਸੋਈ ’ਚ ਸ਼ਮੂਲੀਅਤ ਕੀਤੀ ਸੀ। 
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵਰਗ ਵਿੱਚ ਕਾਫ਼ੀ ਵੱਡਾ ਵਕਾਰ ਰੱਖਦਾ ਵਿਕਰਮਜੀਤ ਭਾਵੇਂ ਸਰੀਰਕ ਪੱਖੋਂ ਛੋਟੇ ਕੱਦ ਵਾਲਾ ਹੈ, ਪਰ ਪੰਜਾਬ ਅਤੇ ਹਰਿਆਣਾ ਦੀ ਸਿਆਸੀ ਰੂਹ ਚੰਡੀਗੜ੍ਹ ’ਚ ਨੌਜਵਾਨ ਖਾਸਕਾਰ ਵਿਦਿਆਰਥੀ ਸੰਗਠਨ ਦੀ ਜੁੰਮੇਵਾਰੀ ਸੌਂਪ ਕੇ ਐਮ.ਬੀ.ਏ ਸਿਆਸਤ ਦੇ ਧਾਰਨੀ ਸ਼ੋ੍ਰਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਕਰਮਜੀਤ ’ਤੇ ਵੱਡਾ ਦਾਅ ਖੇਡਿਆ ਹੈ। ਉਹ ਵੀ ਅਜਿਹੇ ਹਾਲਾਤਾਂ ਵਿਚ ਜਦੋਂ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ’ਤੇ ਕਾਂਗਰਸ ਦੇ ਵਿੰਗ ਐਨ.ਐਸ.ਯੂ.ਆਈ ਦਾ ਕਬਜ਼ਾ ਹੈ ਅਤੇ ਏ.ਬੀ.ਵੀ.ਪੀ (ਭਾਜਪਾ) ਨਾਲ ਮੁਕਾਬਲਾ ਹੈ। ਸੂਤਰਾਂ ਅਨੁਸਾਰ ਦਿੱਲੀ ’ਚ ਸਭ ਦਾ ਸੂਪੜਾ ਸਾਫ਼ ਕਰ ਚੁੱਕੀ ਆਮ ਆਦਮੀ ਪਾਰਟੀ ਵੀ ਛੇਤੀ ਪੰਜਾਬ ਯੂਨੀਵਰਸਿਟੀ ਵਿੱਚ ਆਗਾਜ਼ ਕਰਨ ਦੇ ਰੌਂਅ ਵਿਚ ਹੈ।  ਭਾਵੇਂ 22 ਸਾਲ ਤੱਕ ਪਿੰਡ ਮਿੱਡੂਖੇੜਾ ਦੇ ਲਗਾਤਾਰ ਸਰਪੰਚ ਰਹੇ ਸ. ਗੁਰਦਿਆਲ ਸਿੰਘ ਮਿੱਡੂਖੇੜਾ ਦੇ ਫਰਜੰਦ ਵਿਕਰਮਜੀਤ ਸਿੰਘ ਨੂੰ ਸਿਆਸਤ ਦੀ ਗੁੜ੍ਹਤੀ ਜਮਾਂਦਰੂ ਮਿਲੀ ਹੈ, ਪਰ ਤੀਹਰੇ-ਚੋਹਰੇ ਸਿਆਸੀ ਦਬਾਅ ਵਾਲੇ ਚੰਡੀਗੜ੍ਹ ਦੇ ਰਾਜਨੀਤਿਕ ਮੈਦਾਨ ’ਚ ਸੋਈ ਨੂੰ ਚੜ੍ਹਦੀ ਕਲਾ ’ਚ ਲਿਜਾਣ ਪ੍ਰਤੀ ਜੁੰਮੇਵਾਰੀਆਂ ਭਰੀ ਪਾਰੀ ਵਿਕਰਮਜੀਤ ਮਿੱਡੂਖੇੜਾ ਲਈ ਕਾਫ਼ੀ ਚੁਣੌਤੀਆਂ ਭਰੀ ਹੋਵੇਗੀ। 
ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਜਰੀਏ ਚੰਡੀਗੜ੍ਹ ਦੀ ਵਿਦਿਆਰਥੀ ਰਾਜਨੀਤੀ ਬਾਰੇ ਸੁਚੱਜੀ ਸਮਝ ਅਤੇ ਪਕੜ ਰੱਖਦੇ ਨਵ ਨਿਯੁਕਤ ਪ੍ਰਧਾਨ ਵਿਕਰਮਜੀਤ ਸਿੰਘ ਮਿੱਡੂਖੇੜਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਮੁਖੀ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਸੋਈ ਨੂੰ 5 ਜੋਨਾਂ ਵੰਡਿਆ ਹੈ, ਉਥੇ ਪਾਰਟੀ ਵੱਲੋਂ ਚੰਡੀਗੜ੍ਹ (ਯੂ.ਟੀ.) ਇਕਾਈ ਦੀ ਸਮੁੱਚੀ ਜੁੰਮੇਵਾਰੀ ਉਨ੍ਹਾਂ ਨੂੰ ਸੌਂਪਣ ਕਰਕੇ ਹਾਈਕਮਾਂਡ ਦੇ ਤਹਿਦਿਲੋਂ ਧੰਨਵਾਦੀ ਹਨ। ਸ੍ਰੀ ਮਿੱਡੂਖੇੜਾ ਨੇ ਦਾਅਵਾ ਕਰਦਿਆਂ ਕਿਹਾ ਕਿ  ਬੀਤੇ ਪੀ.ਯੂ. ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ’ਚ ਸੋਈ ਮਹਿਜ਼ 58 ਵੋਟਾਂ ਨਾਲ ਪ੍ਰਧਾਨਗੀ ਅਹੁਦੇ ਤੋਂ ਖੁੰਝ ਗਈ ਸੀ ਪਰ ਹੁਣ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਛਤਰਛਾਇਆ ਹੇਠ ‘ਸੋਈ’ ਚੰਡੀਗੜ੍ਹ ਦੀ ਵਿਦਿਆਰਥੀ ਰਾਜਨੀਤੀ ਵਿੱਚ ਆਪਣਾ ਝੰਡਾ ਲਾਜਮੀ ਤੌਰ ’ਤੇ ਬੁਲੰਦ ਕਰੇਗੀ। ਵਿਕਰਮਜੀਤ ਸਿੰਘ ਮਿੱਡੂਖੇੜਾ ਨੇ ਨਵੀਂ ਪਾਰੀ ਸ਼ੁਰੂ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਸੋਈ ਦੇ ਆਗੂ ਅਮਰਿੰਦਰ ਸਿੰਘ ਬਰਾੜ ਅਤੇ ਰਛਪਾਲ ਸਿੰਘ ਹਾਕੂਵਾਲਾ ਵੀ ਮੌਜੂਦ ਸਨ। -98148-26100

1 comment: