15 March 2015

ਮੋਦੀ ਮੁੱਢੋਂ ਹੀ ਵਿਸਾਰੇ, ਮਨਮੋਹਨ ਅੱਜ ਵੀ ਪਿਆਰੇ

 -ਪੰਜਾਬ ਸਰਕਾਰ ਦੀ ਆਨਲਾਈਨ ਟੈਲੀਫੋਨ ਡਾਇਰੈਕਟਰੀ ਮੁਤਾਬਕ ਡਾ. ਮਨਮੋਹਨ ਸਿੰਘ ਅੱਜ ਵੀ ਪ੍ਰਧਾਨ ਮੰਤਰੀ-
-ਨੀਤੀ ਆਯੋਗ ਹੁਣ ਵੀ ਯੋਜਨਾ ਕਮਿਸ਼ਨ, ਡਾ. ਮੋਨਟੇਕ ਸਿੰਘ ਆਹਲੂਵਾਲੀਆ ਹਨ ਡਿਪਟੀ ਚੇਅਰਮੇਨ

                                                 ਇਕਬਾਲ ਸਿੰਘ ਸ਼ਾਂਤ
ਲੰਬੀ : ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆਂ ਪੌਣੇ ਸਾਲ ਤੋਂ ਵੱਧ ਹੋ ਗਿਆ ਪਰ ਅੱਜ ਵੀ ਵੇਲਾ ਵਿਹਾਅ ਚੁੱਕੇ ਡਾ. ਮਨਮੋਹਨ ਸਿੰਘ ਹੀ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਪੰਜਾਬ ਸਰਕਾਰ ਦੀ ਵੈਬਸਾਈਟ www.punjabgovt.gov.in ’ਤੇ ਮੁੱਖ ਪੰਨੇ ਉੱਪਰ ਅਪਲੋਡ ਆਨਲਾਈਨ ਟੈਲੀਫੋਨ ਡਾਇਰੈਕਟਰੀ ਅਨੁਸਾਰ ਅੱਜ ਯੂ.ਪੀ.ਏ ਦੀ ਸਰਕਾਰ ਹੈ ਅਤੇ ਲੋਕਸਭਾ ਦੇ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਹਨ। ਸੂਬਾ ਸਰਕਾਰ ਦੇ ਹੁਕਮਰਾਨਾਂ ਦੇ ਅੰਦਰੂਨੀ ਮਨਸ਼ਿਆਂ ਨੂੰ ਜਾਹਰ ਕਰਦੇ ਉਕਤ ਵੇਰਵੇ ਆਨ ਲਾਈਨ ਡਾਇਰੈਕਟਰੀ ਦੇ ਸਫ਼ਾ ਨੰਬਰ 97 ਅਤੇ 98 ਉੱਪਰ ਦਰਜ ਹਨ। 
177 ਸਫ਼ਿਆਂ ਦੀ ਆਨਲਾਈਨ ਟੈਲੀਫੋਨ ਡਾਇਰੈਕਟਰੀ ਮੁਤਾਬਕ ਸਿਆਸੀ ਵਖਰੇਵੇਂ ਦੇ ਬਾਵਜੂਦ ਡਾ. ਮਨਮੋਹਨ ਸਿੰਘ ਸਰਕਾਰ ਤੋਂ ਸੂਬੇ ਲਈ ਰੱਜਵੇਂ ਕੇਂਦਰੀ ਫੰਡ ਹਾਸਲ ਕਰਨ ਵਾਲੀ ਪੰਜਾਬ ਸਰਕਾਰ ਲਈ ਦੇਸ਼ ਦੇ ਸਿਆਸੀ ਮੁਹਾਂਦਰਾ ਤਬਦੀਲ ਹੋਣ ਉਪਰੰਤ ਅੱਜ ਵੀ ਪਲਾਨਿੰਗ ਕਮਿਸ਼ਨ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਹਨ ਅਤੇ ਉਪ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ। ਜਦੋਂਕਿ ਹਕੀਕੀ ਤੌਰ ’ਤੇ ਮੌਜੂਦਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵੱਲੋਂ ਪਲਾਨਿੰਗ ਕਮਿਸ਼ਨ ਨੂੰ ਭੰਗ ਕਰਕੇ ਨਵੇਂ ਸਵਰੂਪ ਵਿੱਚ ‘ਨੀਤੀ ਆਯੋਗ’ ਵਜੋਂ ਕਾਇਮ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਆਨ ਲਾਈਨ ਦੇ ਨਾਲ-ਨਾਲ 2015 ਦੀ ਪ੍ਰਿੰਟਡ ਡਾਇਰੀ ਵੀ ਅਕਾਲੀ ਸਰਕਾਰ ਦੀ ਭਾਜਪਾ ਨਾਲ ਮਨੋ-ਮਨੀ ਖਟਾਸ ਨੂੰ ਉਜਾਗਰ ਕਰਦੀ ਹੈ। ਇਸਦੇ ਇਲਾਵਾ ਪੰਜਾਬ ਸਰਕਾਰ ਦੀ 2015 ਸਾਲ ਦੀ ਪ੍ਰਿੰਟਡ ਡਾਇਰੀ ਅੰਦਰਲੀ ਟੈਲੀਫੋਨ ਡਾਇਰੈਕਟਰੀ ਵੀ ਖਾਮੀਆਂ ਤੋਂ ਸੱਖਣੀ ਨਹੀਂ ਹੈ। ਇਸਦੇ ਸਫ਼ਾ 71 ’ਤੇ ਦਰਜ ਜਾਣਕਾਰੀ ਵਿਚ ਕੌਮੀ ‘ਨੀਤੀ ਆਯੋਗ’ ਦੀ ਜਗ੍ਹਾ ਪੁਰਾਣਾ ਨਾਂਅ ‘ਯੋਜਨਾ ਕਮਿਸ਼ਨ’ ਤਾਂ ਦਰਜ ਹੈ ਹੀ। ਇਸਦੇ ਇਲਾਵਾ ਯੋਜਨਾ ਕਮਿਸ਼ਨ ਦੇ ਵੇਰਵਿਆਂ ’ਚ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਤਾਂ ਸਭ ਤੋਂ ਉੱਪਰ ਲਿਖਿਆ ਗਿਆ ਹੈ ਪਰ ਉਨ੍ਹਾਂ ਦਾ ਨਾਂਅ ਹੇਠਾਂ ਆਯੋਗ ਦੇ ਚੇਅਰਮੈਨ ਵਜੋਂ ਅਹੁਦੇ ਦਾ ਕੋਈ ਜ਼ਿਕਰ ਨਹੀਂ ਹੈ। ਜਦੋਂਕਿ ਆਨ ਲਾਈਨ ਡਾਇਰੈਕਟਰੀ ’ਚ ਸਫ਼ਾ 97 ’ਤੇ ਯੋਜਨਾ ਕਮਿਸ਼ਨ ਦੇ ਵੇਰਵਿਆਂ ਅੰਦਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਂਅ ਨਾਲ ਬਕਾਇਦਾ ਤੌਰ ’ਤੇ ਅੰਗਰੇਜ਼ੀ ’ਚ ਪ੍ਰਧਾਨ ਮੰਤਰੀ/ਚੇਅਰਮੈਨ’ ਦਰਜ ਹੈ।
ਕਰੀਬ 10 ਮਹੀਨੇ ਪਹਿਲਾਂ ਵਜੂਦ ਹੇਠ ਆਈ ਨਰਿੰਦਰ ਮੋਦੀ ਸਰਕਾਰ ਦੀ ਜਾਣਕਾਰੀ ਤੋਂ ਵਾਂਝੀ ਅੰਗਰੇਜ਼ੀ ਭਾਸ਼ਾ ਵਾਲੀ ਆਨਲਾਈਨ ਟੈਲੀਫੋਨ ਡਾਇਰੈਕਟਰੀ ’ਚ ਸੂਬੇ ਦੀ ਮਾਂ ਬੋਲੀ ਪੰਜਾਬੀ ਨੂੰ ਸਪੱਸ਼ਟ ਰੂਪ ਵਿਸਾਰਿਆ ਗਿਆ ਹੈ। ਜਿੱਥੇ ਸੂਬਾ ਸਰਕਾਰ ਦੀ ਸਲਾਨਾ ਡਾਇਰੀ ਦੇ ਅੰਤਲੇ ਪੰਨਿਆਂ ’ਚ ਪ੍ਰਕਾਸ਼ਿਤ ਡਾਇਰੈਕਟਰੀ ਵਿਚ ਪਹਿਲਾਂ ਪੰਜਾਬੀ ਅਤੇ ਹੇਠਾਂ ਅੰਗਰੇਜ਼ੀ ਭਾਸ਼ਾ ’ਚ ਜਾਣਕਾਰੀ ਦਰਜ ਕੀਤੀ ਜਾਂਦੀ ਹੈ। ਉਸਦੇ ਉਲਟ ਆਨਲਾਈਨ ਡਾਇਰੈਕਟਰੀ ’ਚ ਸਿਰਫ਼ ਅੰਗਰੇਜ਼ੀ ਭਾਸ਼ਾ ਦਾ ਬੋਲਬਾਲਾ ਹੈ। ਅਜੋਕੇ ਸੂਚਨਾ ਤਕਨੀਕ ਦੇ ਇੰਟਰਨੈੱਟ-ਮੋਬਾਇਲ ਯੁੱਗ ਵਿੱਚ ਜ਼ਿਆਦਾਤਰ ਲੋਕ ਚੰਡੀਗੜ੍ਹ ’ਚ ਸਥਿਤ ਸਰਕਾਰੀ ਦਫ਼ਤਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੰਬਰਾਂ ਦੀ ਜਾਣਕਾਰੀ ਲਈ ਆਨਲਾਈਨ ਡਾਇਰੈਕਟਰੀ ਦਾ ਸਹਾਰਾ ਲੈਂਦੇ ਹਨ। ਸੂਚਨਾ ਤਕਨੀਕ ਦੇ ਯੁੱਗ ਪਲ-ਪਲ ਬਦਲਦੇ ਸਿਆਸੀ ਅਤੇ ਪ੍ਰਸ਼ਾਸਨਿਕ ਮਾਹੌਲ ਵਿੱਚ ਪੰਜਾਬ ਦਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਆਨਲਾਈਨ ਤੌਰ ’ਤੇ ਕਰੀਬ ਪੌਨੇ ਦੋ ਸਾਲ ਪਿਛਾਂਹ ਚੱਲ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਡਿਜਾਇਨ ਉਕਤ ਆਨ ਲਾਈਨ ਡਾਇਰੈਕਟਰੀ ਸਰਕਾਰੀ ਵੈੱਬਸਾਈਟ ’ਤੇ 20 ਜੂਨ 2013 ਨੂੰ ਅਪਲੋਡ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋਕ ਸੰਪਰਕ ਵਿਭਾਗ ਨੂੰ ਚੁਸਤ-ਦਰੱੁਸਤ ਬਣਾਉਣ ਦੇ ਦਮਗੱਜੇ ਭਰੇ ਜਾਂਦੇ ਹਨ ਪਰ ਸੂਚਨਾ ਤਕਨੀਕ ਦੇ ਯੁੱਗ ’ਚ ਦੁਨੀਆਂ ਪੱਧਰ ’ਤੇ ਚਿਹਰੇ-ਮੋਹਰੇ ਦਾ ਕਾਰਜ ਕਰਦੀ ਵੈੱਬਸਾਈਟ ਉੱਪਰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਨਾਲ ਜੁੜੀ ਜਾਣਕਾਰੀ ਨੂੰ ਦਰਜ ਨਾ ਕਰਨਾ ਤਕਨੀਕੀ ਗਲਤੀ ਦੇ ਨਾਲ-ਨਾਲ ਕਈ ਸਿਆਸੀ ਕਿਆਫ਼ਿਆਂ ਵੱਲ ਵੀ ਇਸ਼ਾਰਾ ਕਰਦੀ ਹੈ। 

No comments:

Post a Comment