10 December 2016

ਮੁੱਖ ਮੰਤਰੀ ਬਾਦਲ ਨੇ 77352 ਵੋਟਾਂ ਪੱਕੀਆਂ ਕਰਨ ਨੂੰ ਖੇਡੀ 42 ਕਰੋੜੀ ਖੇਡ

- ਮੁੱਖ ਮੰਤਰੀ ਬਾਦਲ ਨੇ ਆਪਣਾ  ਮਹਿਲ’ ਪੁਖ਼ਤਾ ਰੱਖਣ ਲਈ ਗਰੀਬਾਂ ਦੇ ‘ਕੱਚੇ ਮਕਾਨਾਂ’ ਦਾ ਸਹਾਰਾ ਲਿਆ 
- ਸੇਮ ਦੀ ਓਟ ’ਚ ਅਖ਼ਤਿਆਰੀ ਕੋਟੇ ’ਚੋਂ 25784 ਪਰਿਵਾਰਾਂ ਨੂੰ ਮਕਾਨ ਮੁਰੰਮਤ ਲਈ 15-15 ਹਜ਼ਾਰ ਰੁਪਏ 
- 498 ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਲਈ 60-60 ਹਜ਼ਾਰ ਦੀ ਸੌਗਾਤ

                                                               ਇਕਬਾਲ ਸਿੰਘ ਸ਼ਾਂਤ
ਲੰਬੀ-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਲੰਬੀ ਵਿੱਚ ਹੋਣ ਵਾਲੇ ਤਿਕੋਣੇ ਮੁਕਾਬਲੇ ’ਚ ਆਪਣਾ ਸਿਆਸੀ ਮਹਿਲ ਪੁਖ਼ਤਾ ਰੱਖਣ ਲਈ ਗਰੀਬਾਂ ਦੇ ਕੱਚੇ ਮਕਾਨਾਂ ਦਾ ਸਹਾਰਾ ਲੈ ਰਹੇ ਹਨ। ਮੁੱਖ ਮੰਤਰੀ ਦੇ ਅਖ਼ਤਿਆਰੀ ਕੋਟੇ ਦੀਆਂ ਛੋਟੀਆਂ ਬੱਚਤਾਂ ਵਾਲੇ ਫੰਡ ਵਿਚੋਂ ਸੇਮ ਪ੍ਰਭਾਵਿਤ ਖੇਤਰ ਦੀ ਓਟ ਵਿੱਚ ਕੱਚੇ ਮਕਾਨਾਂ ਦੀ ਮੁਰੰਮਤ ਅਤੇ ਨਵੇਂ ਮਕਾਨਾਂ ਲਈ
ਲਗਪਗ 42 ਕਰੋੜ ਰੁਪਏ ਦੀ ਰਕਮ ਵੰਡੀ ਗਈ ਹੈ। ਜਿਸ ਵਿੱਚ 25784 ਪਰਿਵਾਰਾਂ ਨੂੰ ਪ੍ਰਤੀ ਮਕਾਨ ਮੁਰੰਮਤ ਲਈ 15 ਹਜ਼ਾਰ ਰੁਪਏ ਦੀ ਰਕਮ ਦਿੱਤੀ ਗਈ ਹੈ। ਜਦੋਂ ਕਿ ਲਗਪਗ 498 ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਖਾਤਰ 60 ਹਜ਼ਾਰ ਰੁਪਏ ਦੇ ਚੈੱਕ ਜਾਰੀ ਕੀਤੇ ਗਏ। ਅੰਨ੍ਹੇ ਦੀਆਂ ਰਿਊੜੀਆਂ ਵਾਂਗ ਬੇਜ਼ਮੀਨੇ ਅਤੇ ਬੇਘਰੇ ਲੋਕਾਂ ਨੂੰ ਵਿੱਤੀ ਮੱਦਦ ਦੇ ਨਾਂਅ ਉੱਪਰ ਸਰਕਾਰੀ ਫੰਡ ਵੰਡਣ ਦਾ ਸਿਲਸਿਲਾ ਵੱਡੇ ਪੱਧਰ ’ਤੇ ਜਾਰੀ ਹੈ। ਜਿਸਦੇ ਚੋਣ ਜ਼ਾਬਤਾ ਲੱਗਣ ਤੱਕ ਜਾਰੀ ਰਹਿਣ ਤੱਕ ਉਮੀਦ ਹੈ। ਸਰਕਾਰੀ ਅਮਲਾ ਦਿਨ-ਰਾਤ ਗਰਾਂਟ ਦੇ ਚੈੱਕ ਬਣਾਉਣ ਤੇ ਸੂਚੀਆਂ ਦੇ ਵਿਸਥਾਰ ਵਿੱਚ ਰੁੱਝਿਆ ਹੋਇਆ ਹੈ।
          ਮੁੱਖ ਮੰਤਰੀ ਦੇ ਸਿਆਸੀ ਵਿਰੋਧੀ ਮਕਾਨਾਂ ਦੀ ਮੁਰੰਮਤ ਵਜੋਂ ਖਰਚੇ 42 ਕਰੋੜ ਰੁਪਏ ਨੂੰ ਸਰਕਾਰੀ ਫੰਡਾਂ ਨਾਲ ਵੋਟਾਂ ਦੀ ਕਥਿਤ ਅਗਾਊਂ ਖਰੀਦ ਦੱਸ ਰਹੇ ਹਨ। ਜਦੋਂ ਕਿ ਸੱਤਾ ਪੱਖ ਅਕਾਲੀ ਦਲ ਇਸਨੂੰ ਮਾੜੀ ਹਾਲਤ ਮਕਾਨ ’ਚ ਵੇਲਾ ਲੰਘਾ ਰਹੇ ਲੋਕਾਂ ਦੀ ਇਖ਼ਲਾਕੀ ਮੱਦਦ ਦੱਸ ਰਿਹਾ ਹੈ। ਜੇਕਰ ਵਿਰੋਧੀਆਂ ਦੀ ਮੰਨੀਏ ਤਾਂ ਅਕਾਲੀ ਦਲ ਨੇ ਹਲਕੇ ’ਚ ਲੋਕਮਨਾਂ ਦੇ ਵਿਰੋਧ ਨੂੰ ਮੱਠਾ ਪਾਉਣ ਲਈ ਸੱਤਾ ਪੱਖ ਘਰ-ਘਰ ਇਸ ਸਕੀਮ ਰਾਹੀਂ ਅਕਾਲੀ ਦਲ ਨੇ ਕਰੀਬ 77352 ਵੋਟਾਂ ਨੂੰ ਸਰਕਾਰੀ ਫੰਡ ਨਾਲ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। 
           ਇਸ ਸਕੀਮ ਨੂੰ ਮੁਰੰਮਤ ਅਤੇ ਨਵੇਂ ਮਕਾਨਾਂ ਦੇ ਲਾਭਪਾਤਰੀਆਂ ਦੀ ਸੂਚੀ ਨੋਡਲ ਅਫਸਰਾਂ ਤੋਂ ਪੜਤਾਲ ਉਪਰੰਤ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸਦੇ ਬਾਵਜੂਦ ਇੱਕ ਮਕਾਨ ਵਿੱਚ ਰਹਿੰਦੇ ਤਿੰਨ-ਤਿੰਨ ਪਰਿਵਾਰਾਂ ਨੂੰ ਵੀ ਮਕਾਨ ਮੁਰੰਮਤ ਲਈ 15-15 ਹਜ਼ਾਰ ਰੁਪਏ ਦੇ 3-3 ਚੈੱਕ ਵੰਡ ਦਿੱਤੇ ਗਏ। ਕਣਸੋਆਂ ਹਨ ਕਿ ਬੇਘਰਿਆਂ ਲਈ ਸਕੀਮ ’ਚ ਕਈ ਵੱਡੇ ਘਰ ਵਾਲੇ ਵੀ ਹੱਥ ਧੋ ਗਏ ਹਨ। ਬਹੁਤ ਸਾਰੇ ਹਕੀਕੀ ਲੋੜਵੰਦ ਇਸ ਮੱਦਦ ਤੋਂ ਵਾਂਝੇ ਫ਼ਿਰਦੇ ਹਨ। ਜਿਸ ਕਾਰਨ ਬਹੁਤੇ ਲੋਕਾਂ ਵਿੱਚ ਰੋਸ ਵੀ ਪਨਪ ਰਿਹਾ ਹੈ। ਪਤਾ ਲੱਗਿਆ ਹੈ ਕਿ ਵੋਟਾਂ ਤੱਕ ਦੀ ਸਾਂਝ ਸਬੰਧੀ ਪੱਕੀ ਗੱਲਬਾਤ ਹੋਣ ਮਗਰੋਂ ਹੀ ਸੂਚੀ ਵਿੱਚ ਨਾਂਅ ਪਾਏ ਜਾਂਦੇ ਹਨ। 
            ਮਕਾਨ ਮੁਰੰਮਤ ਦੀ ਸੂਚੀ ਵਿੱਚ ਸਭ ਤੋਂ ਵੱਧ 850 ਲਾਭਪਾਤਰੀ ਪਿੰਡ ਮਹਿਣਾ, ਮੰਡੀ ਕਿੱਲਿਆਂਵਾਲੀ ’ਚ 785, ਪਿੰਡ ਕਿੱਲਿਆਂਵਾਲੀ ’ਚ 722, ਭੀਟੀਵਾਲਾ ’ਚ 617, ਵੜਿੰਗਖੇੜਾ ’ਚ 527, ਸਿੱਖਵਾਲਾ 430, ਮਿੱਡੂਖੇੜਾ ’ਚ 448, ਪਿੰਡ ਲੰਬੀ ’ਚ 536, ਤਰਮਾਲਾ ’ਚ 431, ਚੰਨੂ ’ਚ 338, ਡੱਬਵਾਲੀ ਮਲਕੋ ਕੀ ’ਚ 454, ਵਣਵਾਲਾ ਅੰਨੂ ’ਚ 498, ਪਿੰਡ ਬਾਦਲ ’ਚ 113 ਅਤੇ ਸੰਸਦ ਆਦਰਸ਼ ਗਰਾਮ ਮਾਨ ’ਚ 300, ਭੁੱਲਰਵਾਲਾ ’ਚ 568, ਕੱਖਾਂਵਾਲੀ ’ਚ 203, ਢਾਣੀ ਤੇਲਿਆਂਵਾਲੀ ’ਚ 109, ਮਿਠੜੀ ਬੁੱਧਗਿਰ ’ਚ 202, ਮਾਹੂਆਣਾ ’ਚ 294,  ਸਿੰਘੇਵਾਲਾ ’ਚ 554, ਫਤੂਹੀਵਾਲਾ ’ਚ 398, ਫੁੱਲੂਖੇੜਾ ’ਚ 339, ਫੱਤਾਕੇਰਾ ’ਚ 232, ਖੁੱਡੀਆਂ ਗੁਲਾਬ ਸਿੰਘ ’ਚ 368, ਖੁੱਡੀਆਂ ਮਹਾਂ ਸਿੰਘ ’ਚ 279, ਪੰਜਾਵਾ ’ਚ 357, ਰਸੂਲਪੁਰ ਕੇਰਾ ’ਚ 375 ਅਤੇ ਆਧਨੀਆਂ ’ਚ 279, ਮਾਹਣੀਖੇੜਾ ’ਚ 150, ਰੋੜਾਂਵਾਲੀ ’ਚ 275, ਕੰਦੂਖੇੜਾ ’ਚ 247, ਭਾਈ ਕਾ ਕੇਰਾ ’ਚ 670, ਅਰਨੀਵਾਲਾ ਵਜੀਰਾ ’ਚ 131, ਘੁਮਿਆਰਾ ’ਚ 75, ਢਾਣੀ ਸਿੰਘੇਵਾਲਾ ’ਚ 39, ਧੌਲਾ ’ਚ 50 ਪਰਿਵਾਰ ਸ਼ਾਮਲ ਹਨ। ਸੂਚੀ ਅਨੁਸਾਰ ਸੇਮ ਪ੍ਰਭਾਵਿਤ ਪਿੰਡ ਫਤਿਹਪੁਰ ਮਨੀਆਂ ’ਚ ਕਿਸੇ ਵੀ ਗਰੀਬ ਦੇ ਮਕਾਨ ਨੂੰ ਮੁਰੰਮਤ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਦਾ ਮਕਾਨ ਬਣਾਉਣ ਵਾਲਾ ਹੈ। ਇਸੇ ਤਰ੍ਹਾਂ ਨਵੇਂ ਮਕਾਨਾਂ ਦੀ ਸੂਚੀ ’ਚ ਚੰਨੂ ਪੂਰਬੀ ’ਚ 145 ਨਵੇਂ ਮਕਾਨ ਬਣਾਉਣ ਲਈ 60-60 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਉਥੇ ਮੁੱਖ ਮੰਤਰੀ ਦੇ ਪਿੰਡ ਬਾਦਲ ’ਚ 8 ਨਵੇਂ ਮਕਾਨ, ਖਿਉਵਾਲੀ ’ਚ 19,  ਲੰਬੀ ’ਚ 28, ਭੀਟੀਵਾਲਾ ’ਚ 20 ਪਰਿਵਾਰਾਂ ਨੂੰ ਨਵੇਂ ਮਕਾਨਾਂ ਦੀ ਸੌਗਾਤ ਦਿੱਤੀ ਗਈ ਹੈ। ਹਾਲਾਂਕਿ ਭੁੱਲਰਵਾਲਾ, ਰੋੜਾਂਵਾਲੀ, ਸਹਿਣਾਖੇੜਾ, ਵੜਿੰਗਖੇੜਾ, ਘੁਮਿਆਰਾ, ਮਿੱਡੂਖੇੜਾ, ਕੰਦੂਖੇੜਾ, ਪਿੰਡ ਕਿੱਲਿਆਂਵਾਲੀ, ਮਹਿਣਾ, ਚੰਨੂ, ਮਾਹੂਆਣਾ, ਦਿਉਣਖੇੜਾ, ਚੰਨੂ, ਢਾਣੀ ਤੇਲਿਆਂਵਾਲੀ, ਖੇਮਾਖੇੜਾ, ਦੋਵੇਂ ਖੁੱਡੀਆਂ ਸਮੇਤ ਹਾਕੂਵਾਲਾ, ਫੱਤਾਕੇਰਾ, ਭਾਈਕੇਰਾ, ਪੰਜਾਵਾ, ਰਸੂਲਪੁਰ ਕੇਰਾ ’ਚ ਕਿਸੇ ਪਰਿਵਾਰ ਨੂੰ ਨਵਾਂ ਮਕਾਨ ਬਣਾਉਣ ਦੀ ਜ਼ਰੂਰਤ ਨਹੀਂ ਹੈ। 
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਬਕਾਇਦਾ ਨਿਰਪੱਖ ਸਰਵੇ ਰਾਹੀਂ ਪੂਰੀ ਪਾਰਦਰਸ਼ਿਤਾ ਨਾਲ ਲੋੜਵੰਦ ਪਰਿਵਾਰਾਂ ਦੀ ਹਾਲਤ ਦੇ ਮੱਦੇਨਜ਼ਰ ਮਕਾਨਾਂ ਦੀ ਮੁਰੰਮਤ ਅਤੇ ਨਵੇਂ ਮਕਾਨ ਦੀ ਸੂਚੀ ਤਿਆਰ ਕੀਤੀ ਹੈ। ਜਿਸ ਵਿੱਚ ਊਣਤਾਈ ਦੀ ਕੋਈ ਗੁੰਜਾਇਸ਼ ਨਹੀਂ। 
ਸੱਤਾ ਪੱਖ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾੜੀ ਹਾਲਤ ਮਕਾਨਾਂ ’ਚ ਵਸਦੇ ਲੋੜਵੰਦ ਪਰਿਵਾਰਾਂ ਨੂੰ ਮਜ਼ਬੂਤ ਛੱਤ ਦੇਣ ਦੇ ਇਰਾਦੇ ਨਾਲ ਮੁਰੰਮਤ ਅਤੇ ਨਵੇਂ ਮਕਾਨ ਲਈ ਫੰਡ ਦੇ ਕੇ ਇਖ਼ਲਾਕੀ ਫਰਜ਼ ਨਿਭਾਇਆ ਹੈ। 
  ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਲੰਬੀ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋੜਵੰਦ ਪਰਿਵਾਰਾਂ ਦੀ ਮੱਦਦ ਦੇ ਨਾਂਅ ’ਤੇ ਆਪਣੇ ਅਖ਼ਤਿਆਰੀ ਕੋਟੇ ਦੀ ਦੁਰਵਰਤੋਂ ਕਰ ਰਹੇ ਹਨ। ਖੁੱਡੀਆਂ ਨੇ ਕਿਹਾ ਕਿ ਲੰਬੀ ਹਲਕੇ ’ਚ ਸਰਕਾਰ ਦੇ 40-42 ਕਰੋੜ ਖਰਚ ਕੇ ਅਕਾਲੀ ਦਲ ਵੋਟਾਂ ਦੀ ਅਗਾਊਂ ਖਰੀਦ ਕਰ ਰਿਹਾ ਹੈ।   98148-26100 / 93178-26100
   
 

No comments:

Post a Comment