27 December 2016

ਰਾਜਸਥਾਨ ਨੇ ਪੰਜਾਬੀਆਂ ਦੀਆਂ ਜੜ੍ਹਾਂ ਸੁਕਾਈਆਂ

ਰਾਜਸਥਾਨ ’ਚ ਸਿੱਖ ਆਬਾਦੀ 10 ਲੱਖ; ਸਰਕਾਰੀ ਕਾਲਜਾਂ ’ਚ ਪੰਜਾਬੀ ਲੈਕਚਰਰ ਦੀ ਆਸਾਮੀ ਇੱਕ ਵੀ ਨਹੀਂ
- ਸਰਕਾਰੀ ਸਕੂਲਾਂ ’ਚ ਵੀ ਅਧਿਆਪਕਾਂ ਦੀ ਥੁੜ; ਪੰਜਾਬੀ ਵਿਸ਼ੇ ਦੇ ਵਿਦਿਆਰਥੀ ਸੰਸਕ੍ਰਿਤ ਪੜ੍ਹਨ ਨੂੰ ਮਜ਼ਬੂਰ
- ਪੰਜਾਬੀ ਅਧਿਆਪਕਾਂ ਲਈ ਟੈਸਟ ਨਾ ਹੋਣ ਕਰਕੇ ਪ੍ਰੀਖਿਆਰਥੀਆਂ ਵੱਲੋਂ 26 ਨੂੰ ਹੜਤਾਲ ਦੀ ਚਿਤਾਵਨੀ 

                                                                ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਪੰਜਾਬ ਦੇ ਪਾਣੀਆਂ ਸਹਾਰੇ ਆਪਣੀਆਂ ਜੜ੍ਹਾਂ ਨੂੰ ਹਰਾ ਕਰਨ ਵਾਲੇ ਗੁਆਂਢੀ ਸੂਬੇ ਰਾਜਸਥਾਨ ਨੇ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਸੁਕਾ ਰੱਖੀਆਂ ਹਨ। ਰਾਜਸਥਾਨ ਦੇ ਕਿਸੇ ਸਰਕਾਰੀ ਕਾਲਜ ਵਿੱਚ ਪੰਜਾਬੀ ਵਿਸ਼ੇ ਦਾ ਕੋਈ ਲੈਕਚਰਾਰ ਨਹੀਂ ਹੈ। ਹੁਣ ਸਿਰਫ਼ ਇੱਕ ਕਾਲਜ ਵਿੱਚ ਪੰਜਾਬੀ ਲੈਕਚਰਾਰ ਦਾ ਅਸਾਮੀ ਮਨਜੂਰ ਹੋਈ ਹੈ। ਜਦੋਂ ਕਿ ਲਗਪਗ ਸਾਢੇ 6 ਕਰੋੜ ਆਬਾਦੀ
ਵਾਲੇ ਸਮੁੱਚੇ ਰਾਜਸਥਾਨ ’ਚ 10 ਲੱਖ ਸਿੱਖ ਵਸੋਂ ਹੈ। ਜਦੋਂ ਕਿ ਪੰਜਾਬੀਆਂ ਦੀ ਗਿਣਤੀ ਢਾਈ-ਤਿੰਨ ਗੁਣਾ ਹੈ। ਇਹ ਹੈਰਾਨੀਜਨਕ ਖੁਲਾਸਾ ਸੂਚਨਾ ਅਧਿਕਾਰ ਜਾਣਕਾਰੀ ਰਾਹੀਂ ਹੋਇਆ ਹੈ। ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੇ ਕਨਵੀਨਰ ਬਲਜਿੰਦਰ ਸਿੰਘ ਮੋਰਜੰਡ ਵੱਲੋਂ ਮੰਗੀ ਸੂਚਨਾ ਦੇ ਜਵਾਬ ਵਿੱਚ ਕਾਲਜ ਸਿੱਖਿਆ ਰਾਜਸਥਾਨ ਦੇ ਸੰਯੁਕਤ ਨਿਦੇਸ਼ਕ (ਐਚ.ਆਰ.ਡੀ) ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਵਿਭਾਗ ਦੇ ਅਧੀਨ ਕਿਸੇ ਕਾਲਜ ਵਿੱਚ ਪੰਜਾਬੀ ਵਿਸ਼ੇ ਦੀ ਅਸਾਮੀ ਮਨਜੂਰ ਨਹੀਂ ਪਰ ਹੁਣ ਇੱਕ ਕਾਲਜ ’ਚ ਅਸਾਮੀ ਮਨਜੂਰ ਹੋਈ ਹੈ। ਜਿਸ ਦੀ ਚੋਣ ਸਬੰਧੀ ਵੀ ਰਾਜਸਥਾਨ ਲੋਕ ਸੇਵਾ ਕਮਿਸ਼ਨ ਨੂੰ ਪੱਤਰ ਭੇਜਿਆ ਜਾਣਾ ਹੈ। ਇੱਕ ਹੋਰ ਸੂਚਨਾ ਤਹਿਤ ਸਿਰਫ਼ ਗੰਗਾਨਗਰ ਜ਼ਿਲ੍ਹੇ ਦੇ ਸਰਕਾਰੀ ਕਾਲਜਾਂ ਵਿੱਚ ਪੰਜਾਬੀ ਵਿਸ਼ੇ ਦੇ 432 ਵਿਦਿਆਰਥੀ ਹਨ। ਕਾਲਜ ਸਿੱਖਿਆ ਦੇ ਸੰਯੁਕਤ ਨਿਦੇਸ਼ਕ (ਪੀ.ਐਂਡ ਸੀ) ਵੱਲੋਂ ਜਾਰੀ ਅੰਕੜੇ ਅਨੁਸਾਰ ਵਿੱਦਿਅਕ ਸ਼ੈਸ਼ਨ 2016-17 ’ਚ ਡਾ. ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ ਸ੍ਰੀ ਗੰਗਾਨਗਰ ’ਚ ਪੰਜਾਬੀ ਵਿਸ਼ੇ ਦੇ 257 ਵਿਦਿਆਰਥੀ ਹਨ। ਸਰਕਾਰੀ ਕਾਲਜ ਕਰਣਪੁਰ ’ਚ 95 ਅਤੇ ਸਰਕਾਰੀ ਗਰਲਜ ਕਾਲਜ ਸਾਦੁਲਸ਼ਹਿਰ ’ਚ 80 ਵਿਦਿਆਰਥਣਾਂ ਹਨ। ਜ਼ਮੀਨੀ ਹਕੀਕਤ ਹੈ ਕਿ ਪੰਜਾਬੀ ਵਿਸ਼ੇ ਦਾ ਲੈਕਚਰਾਰ ਨਾ ਹੋਣ ਕਰਕੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਦੀ ਪੜ੍ਹਾਈ ਰੱਬ ਆਸਰੇ ਹੈ। ਅੰਕੜੇ ਦੱਸਦੇ ਹਨ ਕਿ ਸੂਬੇ ’ਚ ਪੰਜਾਬੀ ਵਿਸ਼ੇ ਲਈ ਕੋਈ ਪ੍ਰੋਫੈਸਰ ਭਰਤੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੇ ਰਾਜਸਥਾਨ ਵਿੱਚ ਲਗਭਗ 30 ਕਾਲਜ ਅਜਿਹੇ ਹਨ ਜਿੰਨਾ ਵਿੱਚ ਪੰਜਾਬੀ ਵਿਸ਼ੇ ’ਚ ਬੀ.ਏ ਅਤੇ ਐਮ.ਏ ਦੀ ਪੜ੍ਹਾਈ ਕਰ ਰਹੇ ਰਹੇ ਹਨ। ਰਾਜਸਥਾਨ ਸਰਕਾਰ ਦੇ ਪੰਜਾਬੀ ਪ੍ਰਤੀ ਮਾਰੂ ਰਵੱਈਏ ਖਿਲਾਫ਼ ਰਾਜਸਥਾਨੀ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਦੁਖਾਂਤ ਹੈ ਕਿ ਰਾਜਸਥਾਨ ਦੇ ਬੇਆਬਾਦ ਟਿੱਬਿਆਂ ਨੂੰ ਆਪਣੇ ਖੂਨ ਪਸੀਨੇ ਨਾਲ ਖੁਸ਼ਹਾਲ ਬਣਾਉਣ ਵਾਲੇ ਸਿੱਖਾਂ ਦੀ ਭਾਸ਼ਾਈ ਹੋਂਦ ਨੂੰ ਬਰਕਰਾਰ ਰੱਖਣ ਲਈ ਰਾਜਸਥਾਨ ਸਰਕਾਰ ਨੇ ਕਦੇ ਕੋਈ ਉਪਰਾਲਾ ਨਹੀਂ ਕੀਤਾ। ਸੂਬੇ ਦੇ ਲਗਪਗ ਡੇਢ ਦਰਜਨ ਜ਼ਿਲ੍ਹਿਆਂ ਜੈਪੁਰ, ਬੀਕਾਨੇਰ, ਕੋਟਾ, ਭਰਤਪੁਰ, ਚੁਰੂ ਅਤੇ ਬੂੰਦੀ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ 40-40, 50-50 ਹਜ਼ਾਰ ਦੇ ਕਰੀਬ ਸਿੱਖ ਵਸਦੇ ਹਨ। ਇਸਦੇ ਇਲਾਵਾ ਪੰਜਾਬ ਦੇ ਨਾਲ ਖਹਿੰਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਸਿੱਖ ਵਸਦੇ ਹੈ। ਰਾਜਸਥਾਨ ’ਚ ਉੱਚ ਸਿੱਖਿਆ ਦੇ ਨਾਲ-ਨਾਲ ਸਕੂਲੀ ਸਿੱਖਿਆ ਵਿੱਚ ਵੀ ਪੰਜਾਬੀ ਭਾਸ਼ਾ ਦੀ ਹਾਲਤ ਕੁਝ ਜ਼ਿਆਦਾ ਵਧੀਆ ਨਹੀਂ ਹੈ। ਰਾਜਸਥਾਨ ’ਚ ਸਿੱਖ ਵਸੋਂ ’ਚ ਮੋਹਰੀ ਮੰਨੇ ਜਾਂਦੇ ਜ਼ਿਲ੍ਹਾ ਗੰਗਾਨਗਰ ਅਤੇ ਹਨੂੰਮਾਨਗੜ੍ਹ ਦੇ ਕ੍ਰਮਵਾਰ 147 ਅਤੇ 87 ਸਰਕਾਰੀ ਸਕੂਲਾਂ ’ਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਜ਼ਰੂਰਤ ਹੈ। 
               ਨਿਯਮਾਂ ਮੁਤਾਬਕ 20 ਵਿਦਿਆਰਥੀ ਹੋਣ ’ਤੇ ਸਬੰਧਤ ਵਿਸ਼ੇ ਦਾ ਅਧਿਆਪਕ ਹੋਣਾ ਲਾਜਮੀ ਹੈ ਪਰ ਪੰਜਾਬੀ ਵਿਦਿਆਰਥੀਆਂ ਦੀ ਲੋੜੀਂਦੀ ਸਮੱਰਥਾ ਦੇ ਬਾਅਦ ਵੀ ਸੰਸਕ੍ਰਿਤ ਵਿਸ਼ੇ ਦੇ ਅਧਿਆਪਕ ਪੰਜਾਬੀ ਵਿਦਿਆਰਥੀਆਂ ’ਤੇ ਥੋਪੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਪੰਜਾਬੀ ਵਿਸ਼ੇ ਦੀਆਂ ਕਿਤਾਬਾਂ ਦੀ ਸਪਲਾਈ ਵੀ ਸਿਰਫ਼ 3-4 ਫ਼ੀਸਦੀ ਹੀ ਭੇਜੀ ਜਾ ਰਹੀ ਹੈ। ਪੰਜਾਬੀ ਭਾਸ਼ਾ ਦੀ ਬਦਕਿਸਮਤੀ ਹੈ ਕਿ ਜੋਧਪੁਰ ਹਾਈਕੋਰਟ ਵੱਲੋਂ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ’ਚ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਟੈਸਟ ਨਵੇਂ ਸਿਰਿਓਂ ਕਰਵਾਉਣ ਦੇ ਹੁਕਮਾਂ ਦੇ 8-9 ਮਹੀਨੇ ਬਾਅਦ ਅੱਜ ਟੈਸਟ ਨਹੀਂ ਹੋ ਸਕਿਆ। ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੇ ਕਨਵੀਨਰ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਦਾ ਕਹਿਣਾ ਹੈ ਕਿ ਅਦਾਲਤੀ ਫੈਸਲੇ ਨੂੰ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਲਾਗੂ ਨਾ ਕਰਨ ਖਿਲਾਫ਼ ਟੈਸਟ ਦੇ ਪ੍ਰੀਖਿਆਰਥੀਆਂ ਨੇ 26 ਦਸੰਬਰ ਤੋਂ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ। 
              ਦੁਨੀਆਂ ਭਰ ਦੇ ਸਿੱਖਾਂ ਅਤੇ ਪੰਜਾਬੀ ਭਾਸ਼ਾ ਦੇ ਮੁਦਈ ਅਖਵਾਉਂਦੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੀ ਪੰਜਾਬੀ ਭਾਸ਼ਾ ਦੀ  ਤਰਜਮਾਨੀ ਲਈ ਦੋਹਰਾ ਵਤੀਰਾ ਰੱਖਦੀ ਹੈ। ਦਿੱਲੀ ’ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਕਾਲੀ ਦਲ ਨੇ ਖੂਬ ਰੌਲਾ ਪਾਇਆ ਪਰ ਰਾਜਸਥਾਨ ’ਚ ਭਾਈਵਾਲ ਭਾਜਪਾ ਦੀ ਸਰਕਾਰ ਹੋਣ ਕਰਕੇ ਪੰਜਾਬੀ ਭਾਸ਼ਾ ਦੀ ਗੁਆਚੀ ਹੋਂਦ ਨੂੰ ਜਾਣ-ਬੁੱਝ ਕੇ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਪੰਜਾਬੀ ਭਾਸ਼ਾ ਪ੍ਰਚਾਰ ਸਭਾ ਦੇ ਕਨਵੀਨਰ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਦਾ ਕਹਿਣਾ ਸੀ ਕਿ ਰਾਜਸਥਾਨ ਵਿੱਚ ਸਕੂਲਾਂ-ਕਾਲਜਾਂ ਵਿੱਚ ਜ਼ਮੀਨੀ ਪੱੱਧਰ ’ਤੇ ਪੰਜਾਬੀ ਭਾਸ਼ਾ ਨੂੰ ਨੇਸਤੋ-ਨਾਬੂਦ ਕਰਨ ਜਿਹੇ ਹਾਲਾਤ  ਭਾਜਪਾ ਸਰਕਾਰ ਦੀ ਸੰਘਵਾਦੀ ਨੀਤੀ ਦਾ ਹਿੱਸਾ ਹਨ।
   
ਰਾਜਸਥਾਨ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਅਦਾਲਤੀ ਫੈਸਲੇ ਮਗਰੋਂ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਟੈਸਟ ਛੇਤੀ ਕਰਵਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਰਾਜਸਥਾਨ ਦੇ ਸਰਕਾਰੀ ਕਾਲਜਾਂ ’ਚ ਇੱਕ ਵੀ ਪੰਜਾਬੀ ਲੈਕਚਰਰ ਦੀ ਅਸਾਮੀ ਨਾ ਹੋਣ ਬਾਰੇ ਅਗਿਆਨਤਾ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਬੜਾ ਗੰਭੀਰ ਮਸਲਾ ਹੈ ਅਤੇ ਇਸਨੂੰ ਸਰਕਾਰ ਦੇ ਧਿਆਨ ’ਚ ਲਿਆ ਕੇ ਅਸਾਮੀਆਂ ਸਥਾਪਿਤ ਕਰਵਾਈਆਂ ਜਾਣਗੀਆਂ। 
 
      ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੰੂਗਰ ਨੇ ਕਿਹਾ ਕਿ ਮੈਨੂੰ ਰਾਜਸਥਾਨ ਦੇ ਕਾਲਜਾਂ ’ਚ ਪੰਜਾਬੀ ਵਿਸ਼ੇ ਦੀ ਅਣਹੋਂਦ ਬਾਰੇ ਜਾਣਕਾਰੀ ਨਹੀਂ ਸੀ ਅਤੇ ਉਹ ਕੱਲ੍ਹ ਹੀ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਾਲਜਾਂ ’ਚ ਪੰਜਾਬੀ ਵਿਸ਼ੇ ਦੀਆਂ ਅਸਾਮੀਆਂ ਸਥਾਪਿਤ ਕਰਨ ਦੀ ਮੰਗ ਕਰਨਗੇ। ਪੰਜਾਬੀ ਭਾਸ਼ਾ ਨਾਲ ਵਿਤਕਰੇ ਸਬੰਧੀ ਰਾਜਸਥਾਨ ਦੇ ਉੱਚ ਸਿੱਖਿਆ ਮੰਤਰੀ ਕਿਰਨ ਮਹੇਸ਼ਵਰੀ ਅਤੇ ਸਿੱਖਿਆ ਮੰਤਰੀ ਵਾਸੂਦੇਵ ਦੇਵਨਾਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਈ ਵਾਰ ਫੋਨ ਕਰਨ ’ਤੇ ਦੋਵੇਂ ਮੰਤਰੀਆਂ ਨਾਲ ਸੰਪਰਕ ਨਹੀਂ ਬਣ ਸਕਿਆ। ਪੰਜਾਬੀ ਭਾਸ਼ਾ ਦੀ ਗੱਲ ਸੁਣਨ ’ਤੇ ਵਾਸੂਦੇਵ ਦੇਵਨਾਨੀ ਦੇ ਪੀ.ਏ. ਤਾਂ ਮੰਤਰੀ ਬਹੁਤ ਬਿਜ਼ੀ ਹਨ ਆਖ ਕੇ ਫੋਨ ਕੱਟ ਗਏ। 98148-26100 / 93178-26100

No comments:

Post a Comment