24 May 2017

ਲੰਬੀ ਹਲਕੇ ’ਚ ਸਿੰਥੈਟਿਕ ਨਸ਼ੇ ਦੀਆਂ ਦਰਜਨ ਭਰ ਬੰਦਰਗਾਹਾਂ : ਵੱਧ ਡੋਜ਼ ਨੇ ਖੋਹੀਆਂ ਮੁੰਡੇ ਦੀਆਂ ਸਾਹਾਂ

                                                ਇਕਬਾਲ ਸਿੰਘ ਸ਼ਾਂਤ
ਲੰਬੀ :ਕਾਂਗਰਸ ਸਰਕਾਰ ਦੇ ਚੋਣ ਵਾਅਦੇ ਮੁਤਾਬਕ ਪੰਜਾਬ ਨਸ਼ਾ ਮੁਕਤੀ ਵੱਲ ਨਹੀਂ ਵਧ ਰਿਹਾ। ਸਿੰਥੈਟਿਕ ਨਸ਼ਿਆਂ ਦੀ ਬੰਦਰਗਾਹ ਪਿੰਡ ਕੱਖਾਂਵਾਲੀ (ਲੰਬੀ ਹਲਕਾ) ’ਚ ਸਿੰਥੈਟਿਕ ਨਸ਼ੇ ਚਿੱਟੇ ਦੀ ਕਥਿਤ ਵੱਧ ਖੁਰਾਕ ਕਰਕੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਅਬੋਹਰ ਖੇਤਰ ਦੇ ਪੱਟੀ ਸਦੀਕ ਨਾਲ ਸਬੰਧਤ ਮ੍ਰਿਤਕ ਨੌਜਵਾਨ ਚੰਡੀਗੜ੍ਹ ’ਚ ਬੀ.ਐਸ.ਸੀ ਦੀ
ਪੜ੍ਹਾਈ ਕਰਦਾ ਸੀ। ਕੱਲ੍ਹ ਸ਼ਾਮ ਸ਼ੱਕੀ ਹਾਲਾਤਾਂ ’ਚ ਉਹ ਆਪਣੇ ਇੱਕ ਦੋਸਤ ਨਾਲ ਸ਼ੇਰਾਂਵਾਲੀ ਆਇਆ ਸੀ। ਜਿੱਥੋਂ ਦੇ ਇੱਕ
ਮੋਟਰ ਸਵਾਰ ਨੌਜਵਾਨ ਐਸ.ਪੀ. ਨਾਲ ਕੱਖਾਂਵਾਲੀ ’ਚ ਜਾਣ ਮਗਰੋਂ ਉਸਦੀ ਹਾਲਤ ਵਿਗੜ ਗਈ ਅਤੇ ਉਸਨੇ ਦਮ ਤੋੜ ਦਿੱਤਾ ਸੀ। ਘਟਨਾ ਉਪਰੰਤ ਸ਼ੇਰਾਂਵਾਲੀ ਦਾ ਨੌਜਵਾਨ ਫ਼ਰਾਰ ਹੈ। ਮ੍ਰਿਤਕ ਦੇ ਮਾਪੇ ਆਪਣੀ ਜ਼ਿੰਦਗੀ ’ਚ ਹਨ੍ਹੇਰੇ ਲਈ ਇਸੇ ਨੌਜਵਾਨ ਨੂੰ ਦੋਸ਼ੀ ਦੱਸ ਰਹੇ ਹਨ। ਲੰਬੀ ਪੁਲੀਸ ਨੇ ਮੁੱਢਲੇ ਤੌਰ ’ਤੇ 174 ਦੀ ਕਾਰਵਾਈ ਕੀਤੀ ਹੈ।
             ਸਿੰਥੈਟਿਕ ਨਸ਼ੇ ਦੀ ਮੰਡੀ ’ਚ ਸਾਬਕਾ ਵੀ.ਆਈ.ਪੀ. ਹਲਕੇ ਲੰਬੀ ਦੇ ਪਿੰਡ ਕੱਖਾਂਵਾਲੀ, ਸ਼ੇਰਾਂਵਾਲੀ, ਤਰਮਾਲਾ ਅਤੇ ਸਰਾਵਾਂ ਜੈਲ ’ਚ ਪਿੰਡ ਕੱਟਿਆਂਵਾਲੀ, ਸ਼ਾਮਖੇੜਾ, ਮਿੱਡਾ ਅਤੇ ਕੋਲਿਆਂਵਾਲੀ ਦਾ ਖੂਬ ਨਾਂਅ ਦੱਸਿਆ ਜਾਂਦਾ ਹੈ। ਮੌਜੂਦਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਇਨ੍ਹਾਂ ਪਿੰਡਾਂ ’ਚ ਨਸ਼ੇ ਦੇ ਕਾਰੋਬਾਰ ’ਤੇ ਕੋਈ ਫ਼ਰਕ ਨਹੀਂ ਪਿਆ। ਕਣਸੋਆਂ ਹਨ ਕਿ ਪਿੰਡਾਂ ਦੇ ਦਾਣਾ ਮੰਡੀਆਂ ਅਤੇ ਬਾਹਰਲੇ ਰਸਤੇ ਨਸ਼ੇੜੀਆਂ ਲਈ ਡੋਜ਼ ਸਟੇਸ਼ਨ ਬਣਦੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਤੰਤਰ ਠੋਸ ਤਰੀਕਿਆਂ ਦੀ ਬਜਾਏ ਪਾਣੀ ’ਚ ਡਾਂਗਾਂ ਮਾਰ ਰਿਹਾ ਹੈ। ਖਾਕੀ ਅੰਦਰ ਕਾਲੀਆਂ ਭੇਡਾਂ ਅਤੇ ਪੁਰਾਣਾ ਸਥਾਪਿਤ ਅਮਲਾ ਤਸਕਰਾਂ ਲਈ ਸੰਜੀਵਨੀ ਬੂਟੀ ਬਣ ਰਿਹਾ ਹੈ। ਇਸੇ ਕਰਕੇ ਜ਼ਮੀਨੀ ਪੱਧਰ ’ਤੇ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਬਲ ਨਹੀਂ ਮਿਲ ਰਿਹਾ। ਦੂਜੇ ਪਾਸੇ ਜਨਤਕ ਸਹਿਯੋਗ ਦੀ ਘਾਟ ਮੁਹਿੰਮ ਲਈ ਵੱਡਾ ਖੋਰਾ ਮੰਨਿਆ ਜਾ ਰਿਹਾ ਹੈ।
             ਆਪਣਾ ਇਕਲੌਤਾ ਪੁੱਤਰ ਗੁਆ ਚੁੱਕੇ ਮ੍ਰਿਤਕ ਸੁਖਬੀਰ ਸਿੰਘ ਲਾਡੀ ਦੇ ਕਿਸਾਨ ਪਿਤਾ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਉਰਫ਼ ਲਾਡੀ ਕੱਲ੍ਹ ਚੰਡੀਗੜ੍ਹ ਤੋਂ ਪ੍ਰੈਕਟੀਕਲ ਦਾ ਪੇਪਰ ਦੇ ਕੇ ਪਰਤ ਰਿਹਾ ਸੀ। ਉਨ੍ਹਾਂ ਦੇ ਪਿੰਡ ਦਾ ਉਸਦਾ ਸਰਨਾਮੀਆ ਮਿੱਤਰ ਸੁਖਬੀਰ ਵੀ ਨਾਲ ਸੀ। ਉਹ ਦੋਵੇਂ ਲੰਬੀ ਹਲਕੇ ਦੇ ਪਿੰਡ ਸ਼ੇਰਾਂਵਾਲੀ ਪੁੱਜੇ। ਜਿੱਥੋਂ ਦਾ ਐਸ.ਪੀ.ਨਾਮਕ ਨੌਜਵਾਨ ਦੋਵਾਂ ਨੂੰ ਮੋਟਰ ਸਾਇਕਲ ’ਤੇ ਕੱਖਾਂਵਾਲੀ ਵਿਖੇ ਲੈ ਗਿਆ। ਜਿੱਥੇ ਐਸ.ਪੀ ਅਤੇ ਲਾਡੀ ਆਪਣੇ ਦੋਸਤ ਸੁਖਬੀਰ ਨੂੰ ਪਿੰਡ ਕੱਖਾਂਵਾਲੀ ’ਚ ਸਰਪੰਚ ਦੇ ਘਰ ਕੋਲ ਲਾਹ ਕੇ ਮੋਟਰ ਸਾਇਕਲ ’ਤੇ ਕਿਧਰੇ ਚਲੇ ਗਏ। ਧਰਮਿੰਦਰ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਵੀ ਲਾਡੀ ਨੇ ਸੁਖਬੀਰ ਨੂੰ ਫੋਨ ਕੀਤਾ ਕਿ ਉਸਦਾ ਚਿੱਤ ਘਬਰਾ ਰਿਹਾ ਹੈ ਅਤੇ ਮਾਈਨਰ ਕੰਢੇ ਹੈ। ਜਦੋਂ ਸੁਖਬੀਰ ਉਥੇ ਪੁੱਜਿਆ ਤਾਂ ਐਸ.ਪੀ. ਜ਼ਮੀਨ ’ਤੇ ਡਿੱਗੇ ਲਾਡੀ ਦੇ ਮੱਥੇ ਪਰਨੇ ਨਾਲ ਪਾਣੀ ਦੇ ਛਿੱਟੇ ਮਾਰ ਰਿਹਾ ਸੀ। ਜਿਸ ਮਗਰੋਂ ਦੋਵੇਂ ਮੋਟਰ ਸਾਇਕਲ ’ਤੇ ਪੰਜਾਵਾ ਵੱਲ ਲੈ ਗਏ। ਰਾਹ ਵਿੱਚ ਹਾਲਤ ਵਿਗੜਨ ’ਤੇ ਐਸ.ਪੀ. ਅਤੇ ਸੁਖਬੀਰ ਨੇ ਲਾਡੀ ਨੂੰ ਇੱਕ ਮੰਜੇ ’ਤੇ ਲਿਟਾ ਦਿੱਤਾ। ਨੌਜਵਾਨ ਦੀ ਹਾਲਤ ਵਿਗੜਨ ਦੀ ਸੂਚਨਾ ਮਿਲਣ ’ਤੇ ਪਿੰਡ ਵਾਸੀ ਇਕੱਠੇ ਹੋਣ ਲੱਗੇ ਤਾਂ ਐਸ.ਪੀ. ਉਥੋਂ ਖਿਸਕ ਗਿਆ। ਧਰਮਿੰਦਰ ਸਿੰਘ ਨੇ ਐਸ.ਪੀ. ਨੂੰ ਆਪਣੇ ਪੁੱਤਰ ਦੀ ਮੌਤ ਲਈ ਕਥਿਤ ਤੌਰ ’ਤੇ ਜੁੰਮੇਵਾਰ ਦੱਸਦਿਆਂ ਕਿਹਾ ਕਿ ਉਸਦਾ ਛੋਟਾ ਜਿਹਾ ਸੰਸਾਰ ਨਸ਼ੇ ਨੇ ਪੁੱਟ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ਼ ਲੈਣ ਅਤੇ ਸੂਬੇ ਦੀ ਜਵਾਨੀ ਨੂੰ ਬਚਾਉਣ ਲਈ ਡਟਣਗੇ। ਘਟਨਾ ਉਪਰੰਤ ਜ਼ਿਲ੍ਹਾ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕਾ ਦਾ ਦੌਰਾ ਕੀਤਾ। ਲੰਬੀ ਹਲਕੇ ਵਿਚਲੇ ਸਿੰਥੈਟਿਕ ਨਸ਼ੇ ਦੀਆਂ ਡੂੰਘੀਆਂ ਜੜ੍ਹਾਂ ਪੁੱਟਣ ਲਈ ਪੁਲੀਸ ਦੇ ਸੰਦ ਅਜੇ ਤੱਕ ਤਿੱਖੇ ਨਜ਼ਰ ਨਹੀਂ ਆ ਰਹੇ। ਲੰਬੀ ਥਾਣਾ ਦੇ ਏ.ਐਸ.ਈ. ਗੁਰਮੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਪੋਸਟਮਾਰਮ ਉਪਰੰਤ ਮ੍ਰਿਤਕ ਦਾ ਵਿਸਰਾ ਪੜਤਾਲ ਲਈ ਭੇਜਿਆ ਹੈ। ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਪੁਲੀਸ ਸੂਹ ਦੇ ਆਧਾਰ ’ਤੇ ਛਾਪੇਮਾਰੀ ਕਰਦੀ ਹੈ। 

No comments:

Post a Comment