27 April 2017

ਬਾਬਾ ਬੋਹੜ ਨੇ ਜਥੇਦਾਰ ਨੂੰ ‘ਧੋਬੀ ਪਟਕਾ’ ਮਾਰਦਿਆਂ ਖੋਲ੍ਹਿਆ ‘ਪਰਚੀ’ ਦਾ ਰਾਜ

- ਸਾਰੇ ਦੋਸ਼ ਝੂਠੇ, ਨਾ ਮੈਂ ਕਦੇ ਕਿਸੇ ਜਥੇਦਾਰ ’ਤੇ ਦਬਾਅ ਪਾਇਆ ਅਤੇ ਨਾ ਜਥੇਦਾਰਾਂ ਨੂੰ ਘਰ ਬੁਲਾਇਆ
- ਮੈਂ ਕਦੇ ਸ਼ੋ੍ਰਮਣੀ ਕਮੇਟੀ ਦੇ ਕੰਮਕਾਜ਼ ’ਚ ਦਖ਼ਲ ਨਹੀਂ ਦਿੱਤਾ 
- ਇੱਕੋ ਸਮੇਂ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਹੋਣਾ ਚੰਗੀ ਗੱਲ, ਪਰ ਕਾਰਜ ਉਲਝਣਾਂ ਭਰਿਆ

ਇਕਬਾਲ ਸਿੰਘ ਸ਼ਾਂਤ
ਲੰਬੀ: ਪੰਥਕ ਸਫ਼ਾਂ ਵਿੱਚ ਗਰਮਾਏ ਤਖ਼ਤ ਦਮਦਮਾ ਸਾਹਿਬ ਦੇ ਫਾਰਗ ਜਥੇਦਾਰ ਭਾਈ ਗੁਰਮੁੱਖ ਸਿੰਘ ਦੇ ਗੰਭੀਰ ਦੋਸ਼ਾਂ ’ਤੇ ਅਕਾਲੀ ਸਿਆਸਤ ਦੇ ‘ਬਾਬਾ ਬੋਹੜ’ ਨੇ ਅੱਜ ‘ਧੋਬੀ ਪਟਕਾ’ ਮਾਰ ਦਿੱਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚਿੱਠੀ ਸਬੰਧੀ ਸਾਰੇ ਦੋਸ਼ ਝੂਠੇ ਹਨ ਅਤੇ ਨਾ ਮੈਂ ਕਦੇ ਜਥੇਦਾਰਾਂ ’ਤੇ ਦਬਾਅ ਪਾਇਆ ਅਤੇ ਨਾ ਜਥੇਦਾਰਾਂ ਨੂੰ ਮੈਂ ਘਰ ਬੁਲਾਇਆ, ਐਵੇਂ ਆਖ ਦਿੰਦੇ ਐ। ਸਾਰੇ ਦੋਸ਼ ਬਿਨ੍ਹਾਂ ਵਜ੍ਹਾ ਮੜ੍ਹੇ ਗਏ ਹਨ। ਉਹ ਅੱਜ ਪਿੰਡ ਬਾਦਲ ਵਿਖੇ ਆਪਣੀ ਰਿਹਾਇਸ਼ ’ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ
ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਲਈ ਚਿੱਠੀ ਮਾਮਲੇ ’ਚ ਬਾਦਲ ਪਿਉ-ਪੁੱਤ ’ਤੇ ਲਗਾਏ ਗੰਭੀਰ ਦੋਸ਼ਾਂ ਨੇ  ਪੰਥਕ ਸਿਆਸਤ ਨੂੰ ਗਰਮਾਇਆ ਹੋਇਆ ਹੈ। ਬੀਤੀ 21 ਅਪਰੈਲ ਨੂੰ ਭਾਈ ਗੁਰਮੁੱਖ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਸੀ। ਇਸਤੋਂ ਪਹਿਲਾਂ ਪਿੰਡ ਤਰਮਾਲਾ ’ਚ ਸੁਖਬੀਰ ਸਿੰਘ ਬਾਦਲ ਉਕਤ ਮੁੱਦੇ ’ਤੇ ਕੁਝ ਕਹਿਣ ਤੋਂ ਟਾਲਾ ਵੱਟ ਕੇ ਤੁਰ ਗਏ ਸਨ। 
ਅੱਜ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਾਂ ਕੀ ਪਿਛਲੇ 20 ਸਾਲ ਤੋਂ ਉਨ੍ਹਾਂ ਕਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ਼ ਵਿੱਚ ਦਖ਼ਲ ਨਹੀਂ ਦਿੱਤਾ। ਸ਼ੋ੍ਰ੍ਰਮਣੀ ਕਮੇਟੀ ਪ੍ਰਧਾਨ ਦੀਆਂ ਚੋਣਾਂ ਸਮੇਂ ਉਨ੍ਹਾਂ ਦੀ ਪ੍ਰਚੱਲਤ ‘ਪਰਚੀ’ ਦਾ ਜ਼ਿਕਰ ਕਰਨ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਪਰਚੀ ਵਾਲੀ ਗੱਲ ਇੰਝ ਹੈ ਕਿ ਕਾਂਗਰਸ ਸਮੇਤ ਸਾਰਹਆਂ ਪਾਰਟੀਆਂ ’ਚ ਹੀ ਸਹਿਮਤੀ ਨਾਲ ਆਗੂ ਆਪਣੀ ਲੀਡਰਸ਼ਿਪ ਨੂੰ ਪ੍ਰਧਾਨ ਜਾਂ ਆਗੂ ਚੁਣਨ ਦਾ ਅਧਿਕਾਰ ਦਿੰਦੇ ਹਨ। ਇੰਝ ਹੀ ਸਾਡੇ ਵੀ ਸੀਨੀਅਰ ਆਗੂਆਂ ਦੀ ਸਹਿਮਤੀ ਵੱਲੋਂ ਅਧਿਕਾਰਾਂ ਦੇ ਆਧਾਰ ’ਤੇ ਪ੍ਰਧਾਨ ਦਾ ਫੈਸਲਾ ਹੁੰਦਾ ਹੈ। ਇਸਨੂੰ ਕੁਝ ਲੋਕਾਂ ਨੇ ‘ਪਰਚੀ’ ਦਾ ਨਾਂਅ ਦੇ ਦਿੱਤਾ ਹੈ। ਜਦੋਂ ਪ੍ਰਧਾਨ ਬਣ ਗਏ ਉਨ੍ਹਾਂ ਆਪਣਾ ਕੰਮਕਾਜ਼ ਚਲਾਉਣਾ ਹੁੰਦਾ ਹੈ ਜਿਸ ਵਿੱਚ ਸਾਡਾ ਕੋਈ ਦਖ਼ਲ ਨਹੀਂ। 
ਭਾਜਪਾ ਦੇ ਦੇਸ਼ ਭਰ ’ਚ ਲੋਕਸਭਾ ਅਤੇ ਵਿਧਾਨਸਭਾ ਦੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਦੇ ਸਟੈਂਡ ’ਤੇ ਅਕਾਲੀ ਦਲ ਦੀ ਚੁੱਪੀ ਬਾਰੇ ਸ੍ਰੀ ਬਾਦਲ ਦਾ ਕਹਿਣਾ ਸੀ ਕਿ ਜੇਕਰ ਦੇਸ਼ ਭਰ ਵਿੱਚ ਇੱਕੋ ਸਮੇਂ ਲੋਕਸਭਾ ਅਤੇ ਵਿਧਾਨਸਭਾ ਦੀਆਂ ਚੋਣਾਂ ਇੱਕੋ ਸਮੇਂ ਹੋਣਾਂ ਗੱਲ ਤਾਂ ਚੰਗੀ ਹੈ ਇਸ ਨਾਲ ਦੇਸ਼ ਦਾ ਆਰਥਿਕ ਖਰਚ ਵੀ ਬਚੇਗਾ। ਪਰ ਇਹ ਬੜਾ ਉਲਝਣਂ ਭਰਿਆ ਕਾਰਜ ਹੋਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਕੁਝ ਸੂਬਿਆਂ ’ਚ ਹੁਣੇ ਚੋਣਾਂ ਹੋਈਆਂ ਹਨ ਅਤੇ ਉਨ੍ਹਾਂ ਦਾ ਲੋਕਸਭਾ ਚੋਣਾਂ ਦੇ ਸਮੇਂ ਕਾਫ਼ੀ ਕਾਰਜਕਾਰਲ ਬਾਕੀ ਰਹਿੰਦਾ ਹੋਵੇਗਾ। ਅਜਿਹੇ ਵਿੱਚ ਇਸ ’ਤੇ ਸਰਬ ਸਹਿਮਤੀ ਕਾਫ਼ੀ ਵੱਡੀ ਦਿੱਕਤ ਹੋਵੇਗੀ।
ਦੇਸ਼ ਭਰ ਵਿੱਚ ਗਊ ਰੱਖਿਆ ਦੀ ਓਟ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਸਾਬਕਾ ਮੁੱਖ ਮੰਤਰੀ ਨੇ ਗਊ ਰੱਖਿਆ ਦੀ ਓਟ ’ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਅਨਜਾਣਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਗਊ ਹੱਤਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੁਨੀਆਂ ਧਰਮਾਂ ਦੀਆਂ ਵੰਡੀਆਂ ਵਿੱਚ ਪੈ ਕੇ ਗਲਤ ਰਾਹ ਪੈ ਰਹੀ ਹੈ। ਜਦੋਂ ਕਿ ਅਕਾਲੀ ਦਲ ਗੁਰਬਾਣੀ ਮੁਤਾਬਕ ‘ਮਾਨਸ ਦੀ ਜਾਤ ਸਭੈ ਏਕ ਪਹਿਚਾਨਬੋ’ ਦੇ ਰਾਹ ਨੂੰ ਮੰਨਦਾ ਹੈ। ਇਸਤੋਂ ਪਹਿਲਾਂ ਉਨ੍ਹਾਂ ਅਕਾਲੀ ਵਰਕਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। 

‘ਮਨਪ੍ਰੀਤ ਦੀ ਡਿਊਟੀ ਐ ਚੰਗਾ ਕਰਕੇ ਵਿਖਾਉਣਾ’
ਕਦੇ ਹੱਥੀਂ ਲਗਾਏ ਸਿਆਸੀ ਬੂਟੇ ਮਨਪ੍ਰੀਤ ਸਿੰਘ ਬਾਦਲ ਤੋਂ ਬਤੌਰ ਇੱਕ ‘ਤਾਇਆ’ ਵਜੋਂ ਉਨ੍ਹਾਂ ਦੀ ਉਮੀਦਾਂ ਪੁੱਛੇ ਜਾਣ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚੰਗਾ ਐ। ਮੈਂ ਕਦੋਂ ਆਖਦਾ ਨਹੀਂ, ਉਨ੍ਹਾਂ ਦੀ ਡਿਊਟੀ ਹੈ ਚੰਗਾ ਕਰਕੇ ਵਿਖਾਉਣਾ। ਮੈਂ ਸਿਰਫ਼ ਮਨਪ੍ਰੀਤ ਨੂੰ ਹੀ ਨਹੀਂ, ਅਮਰਿੰਦਰ ਸਿੰਘ ਨੂੰ ਵੀ ਆਖਦਾਂ ਹਾਂ। ਉਨ੍ਹ੍ਹਾਂ ਨੌਕਰੀਆਂ ਸਮੇਤ ਜਿੰਨੇ ਵਾਅਦੇ ਜਨਤਾ ਨਾਲ ਕੀਤੇ ਹਨ, ਪੂਰੇ ਕਰਨੇ ਚਾਹੀਦੇ ਹਨ। ਜੇਰਕ ਯੂ.ਪੀ. ਵਾਲੇ ਵਾਅਦਿਆਂ ਨੂੰ ਪੂਰਾ ਕਰ ਸਕਦੇ ਹਨ ਤਾਂ ਇਨ੍ਹਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ। 

No comments:

Post a Comment