05 June 2018

ਸਵਾਮੀਨਾਥਨ ਰਿਪੋਰਟ ਦੀ ਓਟ ’ਚ ਬਣ ਬੈਠੇ ਸਿਸਟਮ ਦੇ ‘ਸਵਾਮੀ’

* ਗੁਰੂਘਰਾਂ ਤੋਂ ਹੋਕੇ ਦਿਵਾ ਕੇ ਦੋਧੀਆਂ ਅਤੇ ਡੇਅਰੀ ਸੰਚਾਲਕਾਂ ਨੂੰ ਮਾਰੇ ਜਾ ਦਬਕੇ
* ਪੁਲਿਸ ਦੇ ਸਾਹਮਣੇ ਦੋਧੀ ਦਾ ਦੁੱਧ ਕੈਂਪਰਾਂ ’ਚ ਭਰ ਕੇ ਤੁਰਦੇ ਬਣੇ ਹੜਤਾਲ ਦੇ ਝੰਡੇਬਰਦਾਰ
* ਪ੍ਰਸ਼ਾਸਨ ਅਤੇ ਖਾਕੀ ਅਮਲੇ ਦੀ ਚੁੱਪੀ ਤੋਂ ਆਮ ਜਨਤਾ ਨਾਰਾਜ਼

                                                      ਇਕਬਾਲ ਸਿੰਘ ਸ਼ਾਂਤ 
      ਡੱਬਵਾਲੀ: ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਦੀ ਓਟ ਵਿੱਚ ਕਿਸਾਨ ਖੁਦ ਸਮੁੱਚੇ ਕਾਨੂੰਨੀ ਤਾਣੇ-ਬਾਣੇ ਦੇ ‘ਸਵਾਮੀ’ ਬਣ ਬੈਠੇ ਹਨ। ਹੜਤਾਲ ਦੇ ਨਾਂਅ ’ਤੇ ‘ਤੇਰਵਾਂ ਰਤਨ’ ਦੱੁਧ ਅਤੇ ਹੋਰ ਸਮਾਨ ਸੜਕਾਂ ਉੱਪਰ ਡੋਲ੍ਹਿਆ ਅਤੇ ਖੋਹਿਆ ਜਾ ਰਿਹਾ ਹੈ। ਪਿੰਡਾਂ ’ਚ ਗੁਰੂਘਰਾਂ ਦੇ ਸਪੀਕਰ ਹੜਤਾਲੀਏ ਕਿਸਾਨਾਂ ਦੀ ਅਵਾਜ਼ ਬਣੇ ਹੋਏ ਹਨ। ਡੇਅਰੀ ਸੰਚਾਲਕ ਕਿਸਾਨਾਂ ਨੂੰ ਗੁਰੂਘਰਾਂ ਦੇ ਹੋਕਿਆਂ ਰਾਹੀਂ ਦੋਧੀਆਂ ਨੂੰ ਦੁੱਧ ਨਾ ਪਾਉਣ ਦੇ ਦੱਬਕੇ ਵੱਜ ਰਹੇ ਹਨ। ਗ੍ਰੰਥੀ ਸਿੰਘ ਆਪਣੀ
ਨੌਕਰੀ ਅਤੇ ਘਰੇੜ ਤੋਂ ਬਚਣ ਲਈ ਮੋਬਾਇਲ ਫੋਨ ਦੀ ਕਾਲ ਆਉਣ ’ਤੇ ਦਿਨ ’ਚ ਕਈ-ਕਈ ਵਾਰ ਚਿਤਾਵਨੀ ਸੰਦੇਸ਼ ਬੋਲਦੇ ਹਨ। ਅਜਿਹੇ ਸੰਦੇਸ਼ ਬਹੁਗਿਣਤੀ ਪਿੰਡਾਂ ’ਚ ਗੁਰੂਘਰਾਂ ਤੋਂ ਹੋਕੇ ਦੇ ਰੂਪ ਵਿੱਚ ਜਾਰੀ ਹੋ ਰਹੇ ਹਨ। ਕਿਸਾਨਾਂ ਵੱਲੋਂ ਸ਼ਹਿਰਾਂ ਨੂੰ ਜਾਣ ਵਾਲੀਆਂ ਸਬਜ਼ੀਆਂ ਵਗੈਰਾ ਸੁੱਟਣ ਨਾਲ ਹੜਤਾਲ ਅਰਾਜਕਤਾ ਦੇ ਰਾਹ ਪੈ ਗਈ ਹੈ।  ਪ੍ਰਸ਼ਾਸਨ ਅਤੇ ਖਾਕੀ ਅਮਲਾ ਸਹਿਮਤੀ ਭਰੇ ਰੁਝਾਨ ’ਚ ਮੂਕ ਦਰਸ਼ਕ ਬਣ ਕੇ ਹੜਤਾਲੀ ਕਿਸਾਨਾਂ ਦੇ ਹੌਂਸਲੇ ਬੁਲੰਦ ਕਰਦਾ ਵਿਖ ਰਿਹਾ ਹੈ। ਆਮ ਜਨਤਾ ਦਾ ਕਿਸਾਨਾਂ ਦੇ ਸੰਘਰਸ਼ ਦੇ ਧਾੜ੍ਹਵੀ ਰਵੱਈਏ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਇਹ ਸੰਘਰਸ਼ ਆਪਣੇ ਚੌਥੇ ਦਿਨ ’ਚ ਹੀ ਨਿਖੇਧੀਆਂ ਨਾਲ ਜੁੜ ਗਿਆ ਹੈ। ਕਿਸਾਨ ਸੰਘਰਸ਼ ਆਪਣਾ ਸਵਰੂਪ ਬਦਲ ਕੇ ਮਨਆਈਆਂ ਦੇ ਸ਼ੌਕੀਨ ਲੋਕਾਂ ਦੇ ਹੱਥਾਂ ਵਿੱਚ ਜਾ ਚੁੱਕਿਆ ਹੈ। ਜਾਣਕਾਰੀ ਅਨੁਸਾਰ ਬੀਤੀ ਕੱਲ੍ਹ ਸ਼ਾਮ ਮੰਡੀ ਕਿੱਲਿਆਂਵਾਲੀ ਵਿਖੇ ਟਰੈਕਟਰ-ਟਰਾਲੀ ’ਤੇ ਫਿਰਦੇ ਕਈ ਕਿਸਾਨਾਂ ਨੇ ਨੈਸ਼ਨਲ ਹਾਈਵੇ-9 ’ਤੇ ਸੂਬਾ ਪੱਧਰੀ ਪੁਲਿਸ ਨਾਕੇ ਉੱੱਪਰ ਨਾਕਾ ਲਗਾ ਕੇ ਫਤੂਹੀਵਾਲਾ-ਸਿੰਘੇਵਾਲਾ ਦੇ ਦੋਧੀ ਰਾਕੇਸ਼ ਕੁਮਾਰ ਦਾ ਮੋਟਰ ਸਾਇਕਲ ਰੋਕ ਕੇ ਉਸਦਾ 70 ਕਿੱਲੋ ਦੱੱੁਧ ਜ਼ਬਰਦਸਤੀ ਤਿੰਨ ਕੈਂਪਰਾਂ ਵਿੱਚ ਭਰ ਕੇ ਟਰੈਕਟਰ-ਟਰਾਲੀ ’ਤੇ ਰੱਖ ਲਿਆ। ਬਾਕੀ ਬਚਿਆ ਦੁੱਧ ਨੇੜਲੇ ਇੱਟ ਭੱਠੇ ’ਤੇ ਮਜ਼ਦੂਰਾਂ ਨੂੰ ਪੁਆ ਕੇ ਉਸਨੂੰ ਘਰ ਵਾਪਸ ਭੇਜ ਦਿੱਤਾ। ਰਾਕੇਸ਼ ਕੁਮਾਰ ਨੇ ਆਖਿਆ ਕਿ ਮੌਕੇ ’ਤੇ ਪੁਲਿਸ ਅਮਲਾ ਕਿਸਾਨਾਂ ਨੂੰ ਰੋਕਣ ਦੀ ਬਜਾਇ ਚੁੱਪਚਾਪ ਖੜ੍ਹਾ ਵੇਖਦਾ ਰਿਹਾ। ਉਸ ਵੱਲੋਂ ਬਚਾਅ ਲਈ ਅਪੀਲ ਕਰਨ ’ਤੇ ਪੁਲਿਸ ਕਰਮਚਾਰੀ ਇਹ ਆਖ ਕੇ ਵਾਸਾ ਵੱਟ ਗਏ ‘ਕਿ ਇਹ ਤਾਂ ਸਾਰੇ ਪਾਸੇ ਹੋ ਰਿਹਾ ਹੈ ਅਸੀਂ ਕੀ ਕਰੀਏ।’ ਰਾਕੇਸ਼ ਕੁਮਾਰ ਦਾ ਕਹਿਣਾ ਸੀ ਕਿ ਸਮੁੱਚਾ ਵਰਤਾਰਾ ਨਾਕੇ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਰਿਕਾਰਡ ਹੋਇਆ ਹੋਣਾ ਪਰ ਸੁਣਵਾਈ ਦੀ ਸੋਚ ਨਹੀਂ ਤਾਂ ਕਾਰਵਾਈ ਦਾ ਅਮਲ ਦੂਰ ਦੀ ਕੌਡੀ ਹੈ। 
         ਅਜੋਕੇ ਮਾਹੌਲ ਪ੍ਰਤੀ ਫ਼ਿਕਰਮੰਦ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਜਨਤਾ ਦੇ ਪੈਸੇ ਨਾਲ ਰਖਵਾਲੀ ਲਈ ਤਾਇਨਾਤ ਖਾਕੀ ਅਮਲੇ ਵੱਲੋਂ ਬਣਦੇ ਫਰਜ਼ਾਂ ਤੋਂ ਮੁਨਕਰ ਹੋਣਾ ਦੇਸ਼ ’ਚ ਵਿਗੜਨ ਦੇ ਰਾਹ ਪਏ ਹਾਲਾਤਾਂ ਦਾ ਸੂਚਕ ਹੈ। ਆਮ ਜਨਤਾ ਸਮੁੱਚੇ ਵਰਤਾਰੇ ਨੂੰ ਜੰਗਲ ਰਾਜ ਵਾਂਗ ਮਹਿਸੂਸ ਕਰ ਰਹੀ ਹੈ। 
            ਖੇਤਰ ਦੇ ਇੱਕ ਗੁਰਦੁਆਰੇ ਦੇ ਗ੍ਰੰਥੀ ਨੇ ਆਪਣਾ ਨਾਂਅ ਨਹੀਂ ਛਾਪਣ ਦੀ ਸ਼ਰਤ ’ਤੇ ਆਖਿਆ ਕਿ ਸਾਡਾ ਕਾਰਜ ਤਾਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਾ ਅਤੇ ਬਾਣੀ ਦਾ ਸੰਦੇਸ਼ ਉਨ੍ਹਾਂ ਤੱਕ ਪਹੁੰਚਾਉਣਾ ਹੈ ਪਰ ਗੁਰੂਘਰਾਂ ਦੇ ਸਪੀਕਰ ਦੀ ਵਰਤੋਂ ਲੋਕ ਗੁਆਚੇ ਕੱਟੇ-ਵੱਛਿਆਂ ਦੀ ਭਾਲ ਤੋਂ ਲੈ ਕੇ ਹੁਣ ਦੋਧੀਆਂ ਨੂੰ ਡਰਾਉਣ ਤੱਕ ਕਰਨ ਲੱਗੇ ਹਨ। ਗ੍ਰੰਥੀ ਸਿੰਘ ਨੇ ਆਖਿਆ ਕਿ ਕਿਸੇ ਉਨ੍ਹਾਂ ਨੂੰ ਪਿੰਡ ਵਾਸੀ ਵੱਲੋਂ ਇੱਕ ਮੋਬਾਇਲ ਕਾਲ ਕਰਕੇ ਆਖੇ ਸੰਦੇਸ਼ ਨੂੰ ਵੀ ਆਪਣੀ ਨਿਗੁਣੀ ਨੌਕਰੀ ਦੀ ਝੇਪ ’ਚ ਗੁਰਦੁਆਰੇ ਤੋਂ ਹੋਕੇ ਦੇ ਰੂਪ ਵਿੱਚ ਪਿੰਡ ’ਚ ਪ੍ਰਸਾਰਤ ਕਰਨਾ ਪੈਂਦਾ ਹੈ। 
            ਆਮ ਜਨਤਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਗੁਰਦੁਆਰੇ ਦੇ ਸਪੀਕਰਾਂ ਤੋਂ ਜਾਰੀ ਹੁੰਦੇ ਹੋਕਿਆਂ ਸਬੰਧੀ ਸਖ਼ਤ ਅਤੇ ਸਪੱਸ਼ਟ ਦਿਸ਼ਾ ਨਿਰਦੇਸ਼ਾਂ ਜਾਂ ਨੀਤੀ ਬਣਾਉਣੀ ਚਾਹੀਦੀ ਹੈ। ਜਿਸ ਤਹਿਤ ਪੁਲਿਸ, ਸਰਪੰਚ ਅਤੇ ਚੌਕੀਦਾਰ ਤੋਂ ਹੋਕੇ ਦੀ ਮਨਜੂਰੀ ਨੂੰ ਲਾਜਮੀ ਬਣਾਇਆ ਜਾਵੇ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਆਖਿਆ ਕਿ ਗੁਰੂਘਰਾਂ ਤੋਂ ਹੋਕਿਆਂ ਬਾਰੇ ਸਬੰਧੀ ਇਸ ਸੁਝਾਅ ਨੂੰ ਨਿਰਦੇਸ਼ਾਂ ’ਚ  ਬਦਲਣ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ। ਅਸੀਂ ਹੋਕੇ ਰੋਕਣ ਲਈ ਤੁਰੰਤ ਕਦਮ ਵੀ ਚੁੱਕ ਰਹੇ ਹਾਂ । -98148-26100 / 93178-26100 




No comments:

Post a Comment