22 February 2019

ਬਾਬਾ ਨਾਨਕ ਦੇ ਚਰਨ ਛੋਹ ਵਾਲੇ 41 ਪਿੰਡ ਹੋਣਗੇ 'ਨਿਹਾਲ'

                                                        ਬੁਲੰਦ ਸੋਚ ਬਿਊਰੋ
ਚੰਡੀਗੜ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਤਿਆਰੀਆਂ ਦੀ ਪ੍ਰਗਤੀ ਦਾ ਖੁਦ ਨਿੱਜੀ ਤੌਰ ’ਤੇ ਹਰ ਪੰਦਰਾ ਦਿਨਾਂ ਬਾਅਦ ਜਾਇਜ਼ਾ ਲਿਆ ਕਰਨਗੇ । ਇਸ ਮਹਾਨ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨਾਂ ਨੇ ਕਿਹਾ ਕਿ ਉਹ ਇਸ ਮਕਸਦ ਲਈ ਹਰੇਕ ਮਹੀਨੇ ਦੀ ਪਹਿਲੀ ਅਤੇ 15 ਤਰੀਕ ਨੂੰ ਮੀਟਿੰਗ ਸੱਦਣਗੇ । ਮੁੱਖ ਮੰਤਰੀ ਨੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
ਆਧਾਰਿਤ ਕੈਬਨਿਟ ਸਬ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੋਜ਼ਮਰਾ ਦੇ ਆਧਾਰ ’ਤੇ ਪ੍ਰਗਤੀ ’ਤੇ ਨਿਗਰਾਨੀ ਰੱਖਣ ਅਤੇ ਉਨਾਂ ਨੂੰ ਲਗਾਤਾਰ ਇਸ ਬਾਰੇ ਜਾਣਕਾਰੀ ਦੇਣ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੁੱਖ ਸਮਾਰੋਹ 12 ਨਵੰਬਰ, 2019 ਨੂੰ ਸੁਲਤਾਨਪੁਰ ਲੋਧੀ ਵਿੱਚ ਆਯੋਜਿਤ ਕਰਵਾਇਆ ਜਾਵੇਗਾ ਜਿਥੇ ਗੁਰੂ ਜੀ ਨੇ ਆਪਣੇ ਜੀਵਨ ਦੇ ਤਕਰੀਬਨ 18 ਸਾਲ ਗੁਜਾਰੇ ਸਨ। ਉਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਸਰਕਾਰੀ ਕਾਲਜ (ਲੜਕੀਆਂ) ਸ਼ੁਰੂ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਜੋ ਕਿ ਪਹਿਲਾਂ ਹੀ ਗੂਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਫੱਤੂ ਢੀਂਗਾ ਵਿਖੇ ਯੂਨੀਵਰਸਿਟੀ ਦੇ ਅੰਗ ਵਜੋਂ ਮੌਜੂਦ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਅਤਿਆਧੁਨਿਕ ਰਿਜਨਲ ਸੈਂਟਰ ਨੂੰ ਆਪਣੇ ਹੱਥ ਵਿੱਚ ਲੈਣ ਤਾਂ ਜੋ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹ ਪ੍ਰਾਪਤ 41 ਪਿੰਡਾਂ ਦੇ ਵਿਕਾਸ ਦੀ ਯੋਜਨਾ ਹੇਠ ਪਹਿਲੇ ਪੜਾਅ ਵਿੱਚ ਹਰੇਕ ਪਿੰਡ ਲਈ ਘੱਟੋ-ਘੱਟ 20-25 ਲੱਖ ਰੁਪਏ ਦੇ ਫੰਡ ਪ੍ਰਵਾਨ ਕਰਨ ਲਈ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਇਨਾਂ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਉਘੇ ਅਕਾਦਮੀਸ਼ਨਾਂ, ਉਘੀ ਸ਼ਖਸ਼ੀਅਤਾਂ, ਸਿਆਸਤਦਾਨਾਂ, ਧਾਰਮਿਕ ਸਖਸ਼ੀਅਤਾਂ ਅਤੇ ਦੂਨੀਆਂ ਭਰ ਵਿੱਚ ਵਸਦੇ ਉੱਘੇ ਪੰਜਾਬੀਆਂ ਨੂੰ ਸੱਦਾ ਭੇਜਣ ਵਾਸਤੇ ਸਭਿਆਚਾਰ ਮਾਮਲਿਆਂ ਅਤੇ ਸੈਰ ਸਪਾਟਾ ਵਿਭਾਗ ਨੂੰ ਆਖਿਆ ਹੈ। ਉਨਾਂ ਨੇ ਇਤਿਹਾਸਕ ਸੁਲਤਾਨਪੁਰ ਲੋਧੀ ਗੁਰਦੁਵਾਰਾ ਵਿੱਖੇ ਨਤਮਸਤਕ ਹੋਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਪੂਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਨਿਰਦੇਸ਼ ਦਿੱਤੇ ਹਨ। ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਨੇ ਮੀਟਿੰਗ ਦੌਰਾਨ ਦੱਸਿਆ ਕਿ ਜਿਸ ਫਰਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਟੈਂਟ ਸਿਟੀ ਤਿਆਰ ਕੀਤੀ ਸੀ ਉਸ ਦੀਆਂ ਸੇਵਾਵਾਂ ਹੀ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਵੱਖ ਵੱਖ ਥਾਵਾਂ ’ਤੇ ਟੈਂਟਾਂ ਵਾਲੀ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਲਈਆਂ ਗਈਆਂ ਹਨ। ਇਹ ਤਕਰੀਬਨ 25 ਹਜ਼ਾਰ ਤੋਂ 30 ਹਜ਼ਾਰ ਲੋਕਾਂ ਲਈ ਕੀਤਾ ਜਾਵੇਗਾ ਜੋ ਤਕਰੀਬਨ 40000 ਲੋਕਾਂ ਤੱਕ ਵਧਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਸੁਲਤਾਲਪੁਰ ਲੋਧੀ ਵਿਖੇ ਇਤਿਹਾਸਕ ਸਮਾਰਕਾਂ ਦੀ ਸੰਭਾਲ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸਦੇ ਵਾਸਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵੱਲੋਂ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਗਏ ਹਨ ਅਤੇ ਇਹ ਕੰਮ 30 ਸਤੰਬਰ, 2019 ਤੱਕ ਮੁਕੰਮਲ ਹੋ ਜਾਵੇਗਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੁਰੂ ਨਾਨਕ ਮਾਰਗ ਦੀ ਸ਼ਨਾਖਤ ਕਰਨ ਸਬੰਧੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਵਾਇਆ ਢਿਲਵਾਂ, ਰਈਆ, ਬਾਬਾ ਬਕਾਲਾ, ਚੌਂਕ ਮਹਿਤਾ ਦੇ ਰੂਟ ਨੂੰ ਵਿਕਸਿਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ ਜਿਸਦੇ ਉੱਤੇ ‘ਵਿਆਹ ਬਾਬੇ ਨਾਨਕ ਦਾ’ ਦੇ ਪਵਿੱਤਰ ਮੌਕੇ ਸਲਾਨਾ ਨਗਰ ਕੀਰਤਨ ਕਰਾਇਆ ਜਾਂਦਾ ਹੈ। 
ਪ੍ਰਮੁੱਖ ਸਕੱਤਰ ਟਰਾਂਸਪੋਰਟ ਨੇ ਮੀਟਿੰਗ ਦੌਰਾਨ ਦੱਸਿਆ ਕਿ ਵਿਭਾਗ ਦੇਸ਼ ਭਰ ਤੋਂ ਪੰਜਾਬ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਵਾਸਤੇ ਰੇਲਵੇ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਹੈ। ਮੁੱਖ ਮੰਤਰੀ ਨੇ ਇਸ ਪਵਿੱਤਰ ਮੌਕੇ ਮੈਟਲਜ ਐਂਡ ਮਿਨਰਲਜ਼ ਟ੍ਰੇਡਿੰਗ ਕਾਰਪੋਰੇਸ਼ਨ ਆਫ ਇੰਡੀਆ ਦੇ ਰਾਹੀਂ 5 ਗ੍ਰਾਮ ਦਾ ਸੋਨੇ ਅਤੇ 50 ਗ੍ਰਾਮ ਦਾ ਚਾਂਦੀ ਦਾ ਯਾਦਗਾਰੀ ਸਿੱਕੇ ਦੇ ਵਾਸਤੇ ਪੰਜਾਬ ਰਾਜ ਉਦਯੋਗ ਅਤੇ ਬਰਾਮਦ ਕਾਰਪੋਰੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 
ਵਧੀਕ ਮੁੱਖ ਸਕੱਤਰ ਜੰਗਲਾਤ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਦੇ ਹਰੇਕ ਪਿੰਡ ਵਿੱਚ 550 ਪੌਦੇ ਲਾਉਣ ਦੀ ਪ੍ਰਕਿਰਿਆ 30 ਸਤੰਬਰ, 2019 ਤੱਕ ਮੁਕੰਮਲ ਹੋ ਜਾਵੇਗੀ। ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਕੁੱਲ 75 ਲੱਖ ਪੌਦੇ ਮੁਹਈਆ ਕਰਵਾਏ ਜਾਣਗੇ ਅਤੇ ਜਿਨਾਂ ਥਾਵਾਂ ’ਤੇ ਇਹ ਪੌਦੇ ਲਾਏ ਜਾਣੇ ਹਨ ਉਹ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਨਰੇਗਾ ਸਕੀਮ ਹੇਠ ਮੁਹਈਆ ਕਰਵਾਇਆ ਜਾਵੇਗਾ। ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ (ਬੀ ਐਂਡ ਆਰ) ਨੇ ਦੱਸਿਆ ਕਿ ਸੁਲਤਾਨਪੁਰ ਲੋਧੀ-ਫੱਤੂ ਢੀਂਗਾ ਸੜਕ ’ਤੇ ਗੁਰਦਆਰਾ ਬੇਰ ਸਾਹਿਬ ਨੇੜੇ ਕਾਲੀ ਬੇਈਂ ’ਤੇ 2 ਨਵੇਂ ਪੁਲ ਅਤੇ 2 ਨਵੇਂ ਪੈਦਲ ਲੰਘਣ ਵਾਲਿਆਂ ਲਈ ਪੁਲ ਤੋਂ ਇਲਾਵਾ ਸੜਕਾਂ ਨੂੰ ਚੌੜਾ ਕਰਨਾ ਅਤੇ ਮਜ਼ਬੂਤ ਬਣਾਉਣ ਦਾ ਕੰਮ 9.44 ਕਰੋੜ ਰੁਪਏ ਦੀ ਲਾਗਤ ਨਾਲ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ। 
ਸੁਲਤਾਨਪੁਰ ਲੋਧੀ ਦੇ ਕੋਲੋਂ ਲੰਘਦੀ ਕਾਲੀ ਬੇਈਂ ਦੇ ਇੱਕ ਹਿੱਸੇ ’ਤੇ ਪੱਥਰ ਲਾਉਣ ਦੇ ਸਬੰਧ ਵਿੱਚ ਜਲ ਸ੍ਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਕਾਰ ਸੇਵਾ ਦੇ ਰਾਹੀਂ ਇਸ ਪ੍ਰਾਜੈਕਟ ਉਪਰ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਇਹ ਕੰਮ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ੁਰੂ ਕੀਤਾ ਜਾਵੇਗਾ। ਇਸ ਦੇ ਵਾਸਤੇ 3.86 ਕਰੋੜ ਰੁਪਏ ਦੀ ਸਮੱਗਰੀ ਵਿਭਾਗ ਵੱਲੋਂ ਸਪਲਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਹ ਵੀ ਦੱਸਿਆ ਕਿ ਸੁਰਜੀਤ ਪਾਤਰ ਦੀ ਅਗਵਾਈ ਵਿੱਚ ਗਠਿਤ ਕੀਤੀ ਇਕ ਸਬ-ਕਮੇਟੀ ਨੇ ਪਹਿਲਾਂ ਹੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਵਿੱਚ ਕਾਫੀ ਟੇਬਲ ਬੁੱਕ ਪ੍ਰਕਾਸ਼ਿਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਇਸੇ ਤਰਾਂ ਹੀ ਗੁਰੂ ਨਾਨਕ ਦੇਵ ਜੀ ਬਾਰੇ ਦੋ ਕਿਤਾਬਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਅਤੇ ਇੱਕ ਹੋਰ ਕਿਤਾਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਪੁਸਤਕਾਂ 20 ਜੂਨ, 2019 ਤੱਕ ਤਿਆਰ ਹੋ ਜਾਣਗੀਆਂ। 
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਉੱਚ ਸਿੱਖਿਆ ਮੰਤਰੀ ਰਜੀਆ ਸੁਲਤਾਨਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਐਮ ਪੀ ਗੁਰਦਾਸਪੁਰ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ  ਰਵੀਨ ਠੁਕਰਾਲ, ਵਿਧਾਇਕ ਸੁਲਤਾਨਪੁਰ ਲੋਧੀ, ਨਵਤੇਜ ਸਿੰਘ ਚੀਮਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀ.ਜੀ.ਪੀ. ਦਿਨਕਰ ਗੁਪਤਾ, ਏਸੀਐਸ ਗ੍ਰਹਿ ਨਿਰਮਲ ਸਿੰਘ ਕਲਸੀ, ਏਸੀਐਸ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਨੀ ਮਹਾਜਨ, ਏਸੀਐਸ ਜੰਗਲਾਤ ਰੋਸ਼ਨ ਸੁੰਕਾਰੀਆ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਏ.ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਅਨੁਰਾਗ ਵਰਮਾ ਅਤੇ ਡਿਪਟੀ ਕਮਿਸਨਰ ਕਪੂਰਥਲਾ ਡੀ.ਪੀ.ਐਸ ਖਬਰਬੰਦਾ ਹਾਜ਼ਰ ਸਨ। 

No comments:

Post a Comment