03 February 2019

ਮੋਤੀਆਂ ਵਾਲੀ ਸਰਕਾਰ ਦੇ ਬੇਪਰਵਾਹ ਰਾਜ ’ਚ ਖੁੱਲ੍ਹੇਆਮ ਲੁੱਟ ਦਾ ਹੈਰਾਨੀਜਨਕ ਖੁਲਾਸਾ

*  ਪੰਜਾਬ ’ਚ ਦੋ ਹਜ਼ਾਰ ਰੁਪਏ ਦਾਖਲਾ ਫੀਸ ਦੇ ਕੇ ਸੜਕ ’ਤੇ ਚੱਲਿਆ ਜਾਂਦਾ ਨਿਰਵਿਘਨ 
*  ਪਟਰੋਲ ਪੰਪਾਂ ਬਣੇ ਟਰਾਂਸਪੋਰਟ ਵਿਭਾਗ ਦੀ ਨਜਾਇਜ਼ ਉਗਰਾਹੀ ਦੇ ਕੇਂਦਰ 
*  ਦੋ ਹਜ਼ਾਰ ਦੀ ਮਾਸਿਕ ਫੀਸ ਕਰ ਦਿੰਦੀ ਓਵਰਲੋਡ ਜਿਹੇ ਦੋਸ਼ਾਂ ਤੋਂ ਮੁਕਤ

                                                          ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਉਨੀਂਦਰੇ ਸੁਭਾਅ ਰਾਜਭਾਗ ਚਲਾਉਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰੰਘ ਦੇ ਰਾਜ ’ਚ ਟਰੱਕਾਂ ਵਾਲਿਆਂ ਨੂੰ ਸੜਕਾਂ ’ਤੇ ਚੱਲ ਕੇ ਬਿਨ੍ਹਾਂ ਸਰਕਾਰੀ ਖੱਜਲ-ਖੁਆਰੀ ਦੇ ਮੰਜ਼ਿਲ ’ਤੇ ਪੁੱਜਣ ਲਈ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਇੰਟਰੀ ਫੀਸ ਲਾਜ਼ਮੀ ਬਣੀ ਹੋਈ ਹੈ। ਇਸ ਫੀਸ ਲਈ ਪਟਰੋਲ ਪੰਪ ਟਰਾਂਸਪੋਰਟ ਵਿਭਾਗ ਦੀ ਕਥਿਤ ਗੈਰਕਾਨੂੰਨੀ ਉਗਰਾਹੀ ਦੇ ਜਰੀਆ
ਬਣ ਰਹੇ ਹਨ। ਇਹ ਗੈਰ-ਕਾਨੂੰਨੀ ਵਰਤਾਰਾ ਸਰਕਾਰੀ ਅਮਲਾਂ ਦੀ ਓਟ ਹੇਠ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਸਮੁੱਚੇ ਪੰਜਾਬ ’ਚ ਚਿੱਟੇ ਦਿਨ ਚੱਲ ਰਿਹਾ ਹੈ। ਮੋਤੀਆਂ ਵਾਲੀ ਸਰਕਾਰ ਦੇ ਬੇਪਰਵਾਹ ਰਾਜ ’ਚ ਸੜਕਾਂ ’ਤੇ ਖੁੱਲ੍ਹੇਆਮ ਲੁੱਟ ਦਾ ਇਹ ਹੈਰਾਨੀਜਨਕ ਖੁਲਾਸਾ ਰਾਜਸਥਾਨ ਦੇ ਟਰੱਕ ਡਰਾਈਵਰਾਂ ਨੇ ਕੀਤਾ ਹੈ।
ਪਟਰੋਲ ਪੰਪਾਂ ’ਤੇ ਇੰਟਰੀ ਫੀਸ ਨਾ ਦੇਣ ਦੀ ਸੂਰਤ ’ਚ ਟਰੱਕਾਂ ਵਾਲਿਆਂ ਨੂੰ ਨਾ ਸਿਰਫ਼ ਹਜ਼ਾਰਾਂ ਰੁਪਏ ਦਾ ਚਲਾਣ ਭੁਗਤਣਾ ਪੈਂਦਾ ਹੈ। ਸਗੋਂ ਟਰਾਂਸਪੋਰਟ ਵਿਭਾਗ ਦੇ ਅਣ-ਐਲਾਨੇ ਨਾਕਿਆਂ ’ਤੇ ਘੰਟਿਆਂ-ਬੱਧੀ ਖੱਜਲ-ਖੁਆਰ ਦਾ ਸ਼ਿਕਾਰ ਹੋ ਕੇ ਸਮੇਂ ਦੀ ਬਰਬਾਦੀ ਕਰਨੀ ਹੋਵੇਗੀ। ਇੰਟਰੀ ਫੀਸ ਦੇਣ ਮਗਰੋਂ ਹਰ ਮਹੀਨੇ ਕੋਈ ਖਾਸ ਕੋਡ ਵਰਡ ਜਾਂ ਵਿਸ਼ੇਸ਼ ਕਾਰਡ ਸੁਖਾਵੀਂ ਰਾਹਦਾਰੀ ਦਾ ਜਰੀਆ ਬਣਦਾ ਹੈ। ਸੂਤਰਾਂ ਅਨੁਸਾਰ ਦੋ-ਦੋ, ਚਾਰ-ਚਾਰ ਹਜ਼ਾਰ ਰੁਪਏ ਦੀ ਉਗਰਾਹੀਂ ਰਾਹੀਂ ਇਹ ਕਥਿਤ ਰਿਸ਼ਵਤਖੋਰੀ ਸਲਾਨਾ ਸੈਂਕੜੇ ਕਰੋੜ ਰੁਪਏ ਨੂੰ ਪੁੱਜ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਡੀ.ਟੀ.ਓ/ਆਰ.ਟੀ.ਏ ਦਫ਼ਤਰ ਤਾਂ ਦੂਰ ਜੇਕਰ ਸਿਰਫ਼ ਪਿਛਲੇ ਦਹਾਕੇ ’ਚ ਇਨ੍ਹਾਂ ਨਾਲ ਲੱਗੇ ਰਹੇ ਗੰਨਮੈਨਾਂ ਸਮੇਤ ਸਮੁੱਚੇ ਅਮਲੇ ਦੀਆਂ ਜਾਇਦਾਦਾਂ ਬਾਰੇ ਡੂੰਘਾਈ ਨਾਲ ਨਿਰਪੱਖ ਘੋਖ ਹੋਵੇ ਤਾਂ ਅਰਬਾਂ-ਖਰਬਾਂ ਰੁਪਏ ਦੀ ਨਾਮੀ/ਬੇਨਾਮੀ ਜਾਇਦਾਦਾਂ ਨਸ਼ਰ ਹੋ ਸਕਦੀਆਂ ਹਨ। ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਥਿਤ ਲੁੱਟ-ਖੋਹ ’ਚ ਡੀ.ਟੀ.ਓਜ਼/ਆਰ.ਟੀ.ਏਜ਼ ਦੇ ਗੰਨਮੈਨ ਅਤੇ ਸੁਰੱਖਿਆ ਅਮਲਾ ਕਥਿਤ ਤੌਰ ’ਤੇ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਹਾਲਾਤਾਂ ’ਚ ਸੜਕਾਂ ਦੇ ਰਾਜੇ ਟਰੱਕ ਆਪ੍ਰੇਟਰ ਪੂਰੀ ਟਰਾਂਸਪੋਰਟ ਵਿਭਾਗ ਦੇ ਗੁਲਾਮ ਬਣ ਕੇ ਰਹਿ ਗਏ ਹਨ। 
ਕੜਾਕੇ ਦੀ ਸਰਦੀ ’ਚ ਇੱਥੇ ਪੰਜਾਬ-ਹਰਿਆਣਾ ਸਰਹੱਦ ਨੇੜਲੇ ਪਿੰਡ ਡੂਮਵਾਲੀ ਦੇ ਰਕਬੇ ਵਿੱਚ ਪੂਰੀ ਰਾਤ ਖੱਜਲ-ਖੁਆਰ ਹੋਣ ਵਾਲੇ ਬੀਕਾਨੇਰ ਜਿਲ੍ਹੇ  ਦੇ ਟਰੱਕ ਚਾਲਕ ਸੁਨੀਲ ਕੁਮਾਰ ਸਮੇਤ ਹੋਰਨਾਂ ਨੇ ਗੰਭੀਰ ਦੋਸ਼ ਲਗਾਏ ਹਨ। ਉਸਨੇ ਕਿਹਾ ਕਿ ਉਸਦੇ ਟਰੱਕ ਵਿੱਚ ਵਜ਼ਨ ਤਾਂ ਸੜਕੀ ਨਿਯਮਾਂ ਦੇ ਮੁਤਾਬਕ ਹੈ ਪਰ ਉਸ ਵਿੱਚ ਲੱਦੇ ਮਾਲ ਦੀ ਉੱਚਾਈ ਜ਼ਿਆਦਾ ਹੋਣ ਕਰਕੇ ਉਸਦਾ 14 ਹਜਾਰ ਰੁਪਏ ਦਾ ਚਲਾਨ ਪੰਜਾਬ ’ਚ ਕੱਟਿਆ ਗਿਆ, ਜੋ ਕਿ ਬਹੁਤ ਜ਼ਿਆਦਾ ਹੈ। ਸੁਨੀਲ ਕੁਮਾਰ ਨੇ ਕਿਹਾ ਕਿ ਉਸਨੂੰ ਇੱਕ ਪਟਰੋਪ ਪੰਪ ਦੇ ਸੰਚਾਲਕ ਨੇ ਦੱਸਿਆ ਕਿ ਜੇਕਰ ਦੋ ਹਜ਼ਾਰ ਰੁਪਏ ਦੀ ਮਾਸਿਕ ਇੰਟਰੀ ਫੀਸ ਪਹਿਲਾਂ ਤੋਂ ਜਮ੍ਹਾਂ ਕਰਵਾਈ ਹੁੰਦੀ ਤਾਂ ਉਹ ਚਲਾਣ ਤੋਂ ਬਚ ਜਾਂਦਾ। ਸੁਨੀਲ ਮੁਤਾਬਕ ਜਿਹੜੀਆਂ ਗੱਡੀਆਂ ਨਿੱਤ ਚੱਲਦੀਆਂ ਹਨ, ਉਹ ਬਿਨਾਂ ਰੋਕ-ਟੋਕ ਗੱਡੀ ਚਲਾਉਣ ਦੇ ਸਾਰੇ ਅੰਦਰੂਨੀ ਨੁਕਤਿਆਂ ਤੋਂ ਜਾਣੂ ਹਨ ਪਰ ਕਦੇ-ਕਦਾਈਂ ਪੰਜਾਬ ’ਚ ਆਉਣ ਵਾਲੇ ਉਸਦੇ ਵਰਗੇ ਟਰੱਕ ਡਰਾਈਵਰਾਂ ਨੂੰ ਭਾਰੀ ਜੁਰਮਾਨਾ ਭੁਗਤਣਾ ਪੈਂਦਾ ਹੈ। ਇਸਦੇ ਇਲਾਵਾ ਹੋਰਨਾਂ ਟਰੱਕ ਡਰਾਈਵਰਾਂ ਨੇ ਦੋਸ਼ ਲਗਾਇਆ ਹੈ ਕਿ ਟਰਾਂਸਪੋਰਟ ਵਿਭਾਗ ਦੀ ਮਿਲੀਭੁਗਤ ਨਾਲ ਪੰਜਾਬ ਭਰ ’ਚ ਤੂੜੀ ਦੇ ਅੰਨੇ੍ਹਵਾਦ ਲੱਦੇ ਟਰੈਕਟਰ-ਟਰਾਲੀਆਂ ਪੂਰੀ ਸੜਕ ਘੇਰ ਕੇ ਚੱਲਦੇ ਹਨ। ਜਿਨ੍ਹਾਂ ਨੂੰ ਰੋਕਣ ਸਮੇਂ ਟਰਾਂਸਪੋਰਟ ਵਿਭਾਗ ਦੀਆਂ ਅੱਖਾਂ ’ਤੇ ਪਰਦਾ ਪੈ ਜਾਂਦਾ ਹੈ। ਇੱਕ ਹੋਰ ਟਰੱਕ ਚਾਲਕ ਭੋਲਾ ਸਿੰਘ ਵਾਸੀ ਹਨੁਮਾਨਗੜ੍ਹ (ਰਾਜਸਥਾਨ) ਨੇ ਦੱਸਿਆ ਕਿ ਨਿਯਮਾਂ ਤਹਿਤ ਮੁਤਾਬਕ ਟਰੱਕ ’ਚ 39 ਵਜ਼ਨ ਤੋਂ ਘੱਟ ਭਾਰ ਟਰੱਕ ’ਚ ਹੋਣਾ ਚਾਹੀਦਾ ਹੈ। ਉਸਦੇ ਟਰੱਕ ਵਿੱਚ ਕਰੀਬ 36 ਟਨ ਮਾਲ ਹੈ ਪਰ ਫਿਰ ਵੀ ਉਸਦੇ ਟਰੱਕ ਦਾ 12 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਇਸ ਕਰਕੇ ਉਹ ਵੀ ਠੰਡ ਵਿੱਚ ਸੜਕ ’ਤੇ ਰਾਤਾਂ ਕੱਟਣ ਨੂੰ ਮਜਬੂਰ ਹੈ। ਕੇਵਲ ਕੁਮਾਰ ਨੇ ਦੱਸਿਆ ਕਿ ਟਰੱਕ ਚਾਲਕਾਂ ਨੂੰ ਬਹੁਤ ਵਾਰ ਟਰਾਂਸਪੋਰਟ ਵਿਭਾਗ ਦੀ ਮਨਮਾਨੀ ਝੱਲਣੀ ਪੈਂਦੀ ਹੈ। ਡੱਬਵਾਲੀ-ਬਠਿੰਡਾ ਸੜਕ ’ਤੇ ਖੜ੍ਹੇ ਕਈ ਹੋਰ ਟਰੱਕ ਡਰਾਈਵਰਾਂ ਨੇ ਵੀ ਆਪਣੀ ਮੁਸ਼ਕਿਲ ਬਿਆਨਦੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਯੂਨੀਅਨ ਤਾਂ ਬੰਦ ਕਰਵਾ ਦਿੱਤੀਆਂ ਪਰ ਟਰਾਂਸਪੋਰਟ ਵਿਭਾਗ ਦੀ ਲੁੱਟ ਬੰਦ ਕਰਵਾਉਣ ’ਚ ਖੁਦ ਮੁੱਖ ਮੰਤਰੀ ਵੀ ਬੇਵੱਸ ਜਾਪਦਾ ਹੈ। ਠੰਡ ਭਰੇ ਹਾਲਾਤਾਂ ’ਚ ਟਰੱਕ ਡਰਾਈਵਰਾਂ ਨੂੰ ਇੰਝ ਸੜਕਾਂ ’ਤੇ ਖੱਜਲ-ਖੁਆਰ ਨਹੀਂ ਹੋਣ ਦੇਣ ਲਈ  ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ।   

                                ਮੁਫ਼ਤ ਦੀ ਕਮਾਈ ਨੇ ਅਫਸਰਾਂ ਦੇ ਦਿਮਾਗ ਅਸਮਾਨ ਚੜ੍ਹਾਏ
ਟਰੱਕ ਆਪ੍ਰੇਟਰਾਂ ਮੁਤਾਬਕ ਕਾਨੂੰਨੀ ਨਿਯਮਾਂ ਦੀ ਓਟ ’ਚ ਹੁੰਦੀ ਮੁਫ਼ਤ ਦੀ ਕਮਾਈ ਨੇ ਵਿਭਾਗੀ ਅਫਸਰਾਂ ਦੇ ਦਿਮਾਗ ਉਤਾਂਹ ਚੁੱਕੇ ਹਨ ਕਿ ਉਹ ਜਨਤਾ ਦੀਆਂ ਮੋਬਾਇਲ ਸੁਣਨ ਨੂੰ ਤਿਆਰ ਨਹੀਂ ਹਨ। ਜਨਤਾ ਦੀਆਂ ਮੋਬਾਇਲ ’ਤੇ ਕਾਲ ਨਾ ਰਸੀਵ ਨਾ ਕਰਨ ਲਈ ਆਰ.ਟੀ.ਏ. ਫਰੀਦਕੋਟ ਦਫ਼ਤਰ ਕਾਫ਼ੀ ਮਸ਼ਹੂਰ ਹੈ। ਇੱਥੇ ਐਸ.ਐਮ.ਐਸ. ਕਲਚਰ ਚੱਲਦਾ ਹੈ। ਅਜਿਹੇ ’ਚ ਲੋਕ ਲੰਬੀ, ਮਲੋਟ ਤੋਂ ਨਿੱਕੀ ਜਿਹੀ ਜਾਣਕਾਰੀ ਲਈ 100 ਕਿਲੋਮੀਟਰ ਦੂਰ ਫਰੀਦਕੋਟ ਜਾਣ ਲਈ ਮਜ਼ਬੂਰ ਹੁੰਦੇ ਹਨ।

ਮੰਤਰੀ ਅਤੇ ਪ੍ਰਿੰਸੀਪਲ ਸਕੱਤਰ ਕੋਲ ਫੋਨ ਚੁੱਕਣ ਦਾ ਸਮਾਂ ਨਹੀਂ 
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਇਲ ਫੋਨ 99148-00007 ’ਤੇ ਪੰਜ ਵਾਰ ਅਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕਾਕੂਮਨੂੰ ਸ਼ਿਵਾ ਪ੍ਰਸਾਦ ਦੇ ਮੋਬਾਇਲ ’ਤੇ ਕਈ ਕਾਲ ਕੀਤੀ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ। 

      ਇੰਟਰੀ ਫੀਸ ਜਿਹੇ ਦੋਸ਼ ਸਰਾਸਰ ਬੇਬੁਨਿਆਦ
ਟਰੱਕਾਂ ਡਰਾਈਵਰਾਂ ਦੇ ਦੋਸ਼ਾਂ ਬਾਰੇ ਆਰ.ਟੀ.ਏ ਬਠਿੰਡਾ ਉਦੈਦੀਪ ਸਿੱਧੂ ਦਾ ਕਹਿਣਾ ਸੀ ਕਿ ਇੰਟਰੀ ਫੀਸ ਜਿਹੀਆਂ ਗੱਲਾਂ ਸਰਾਸਰ ਗਲਤ ਹਨ। ਅਜਿਹੀ ਕੋਈ ਫੀਸ ਕਿਸੇ ਟਰੱਕ ਡਰਾਈਵਰ ਤੋਂ ਨਹੀਂ ਲਈ ਜਾਂਦੀ। ਜੇਕਰ ਕਿਸੇ ਪਟਰੋਲ ਪੰਪ ’ਤੇ ਅਜਿਹਾ ਹੁੰਦਾ ਹੈ ਤਾਂ ਟਰੱਕ ਆਪ੍ਰੇਟਰ ਵਿਭਾਗ ਨੂੰ ਦੱਸਣ, ਕਾਰਵਾਈ ਕੀਤੀ ਜਾਵੇਗੀ। ਟਰੱਕ ਡਰਾਈਵਰਾਂ ਵੱਲੋਂ ਸੜਕੀ ਨਿਯਮਾਂ ਦੀ ਉਲੰਘਣਾ ਅਤੇ ਵਿਭਾਗੀ ਟਾਰਗੇਟ ਕਾਰਨ ਕਈ ਵਾਰ ਵੱਧ ਜੁਰਮਾਨਾ ਵੀ ਲਗਾਇਆ ਜਾਂਦਾ ਹੈ। 

No comments:

Post a Comment