19 March 2019

ਲੰਬੀ ’ਤੇ ਮੁਨਹੱਸਰ ਬਠਿੰਡਾ ਦੀ ਸਿਆਸੀ ਤਸਵੀਰ

   - ਬਾਦਲਾਂ ਦਾ ਗੜ੍ਹ ਜਿੱਤਣ ਲਈ ਕਾਂਗਰਸ ਹਾਈਕਮਾਂਡ ਦੀਆਂ ਨਜ਼ਰਾਂ ਮਹੇਸ਼ਇੰਦਰ-ਖੁੱਡੀਆਂ ’ਤੇ 

ਲੰਬੀ, (ਇਕਬਾਲ ਸਿੰਘ ਸ਼ਾਂਤ)- ਭਾਵੇਂ ਕੋਈ ਵੀ ਹੋਵੇ ਉਸਦੀ ਤਕਦੀਰ ’ਚ ਲੰਬੀ ਹਲਕੇ ਦੀ ਸਿਆਸੀ ਜ਼ਮੀਨ ਬਾਰੇ ਪੱਕੀ ਤਦਬੀਰ ਵਗੈਰ ਬਠਿੰਡਾ ਲੋਕਸਭਾ ਹਲਕੇ ਦੀ ਸਿਆਸੀ ਤਸਵੀਰ ’ਤੇ ਜਿੱਤ ਵਾਲਾ ਲੱਡੂ ਸੰਭਵ ਨਹੀਂ। ਬਠਿੰਡਾ ਦੀ ਸਿਆਸੀ ਸਰਜਮੀਂ ’ਤੇ ਜਿੱਤ-ਹਾਰ ਵਿੱਚ ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ਹਲਕੇ ਦੇ ਵੋਟ ਵਜ਼ਨ ਦੀ ਅਹਿਮ ਭੂਮਿਕਾ ਰਹੀ ਹੈ । ਪਿਛਲੇ ਦਹਾਕੇ ਤੋਂ ਲੰਬੀ ਦੇ
34-35 ਹਜ਼ਾਰ ਵੋਟਾਂ ਦੇ ਫ਼ਰਕ ਸਦਕਾ ਅਕਾਲੀ ਦਲ (ਬ) ਆਪਣੀ ਜਿੱਤ ਯਕੀਨੀ ਬਣਾਉਂਦਾ ਆ ਰਿਹਾ ਹੈ। ਇਸ ਵਾਰ ਬੇਅਦਬੀਆਂ ਖਿਲਾਫ਼ ਭਾਵਨਾਤਮਿਕ ਮਾਹੌਲ ’ਚ ਬਠਿੰਡਾ ਅਕਾਲੀਆਂ ਦਾ ਗੜ੍ਹ ਤੋੜਨ ਖਾਤਰ ਕਾਂਗਰਸ ਲੰਬੀ ਵਾਲਾ ਵੋਟ ਵਜ਼ਨ ਘਟਾਉਣ ਲਈ ਜੀ-ਜਾਨ ਨਾਲ ਜੁਟੀ ਹੋਈ ਹੈ। ਬਠਿੰਡਾ ਜ਼ਿਲ੍ਹਾ ’ਚ 70.89 ਫ਼ੀਸਦੀ ਅਤੇ ਜ਼ਿਲ੍ਹਾ ਮਾਨਸਾ ’ਚ 77.75 ਫ਼ੀਸਦੀ ਵਸੋਂ ਹੈ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਨੇ ਇਹ ਲਾਹਾ ਲੈਣ ਅਤੇ ਲੰਬੀ ’ਚ ਖੱਟੇ ਅੰਗੂਰਾਂ ਨੂੰ ਮਿੱਠਾ ਕਰਨ ਲਈ ਮਹੇਸ਼ਇੰਦਰ ਬਾਦਲ-ਗੁਰਮੀਤ ਖੁੱਡੀਆਂ ’ਤੇ ਨਿਗਾਹ ਲਗਾ ਰੱਖੀ ਹੈ। ਸਾਊ ਸਿਆਸਤਦਾਨ ਅਤੇ ਸਾਫ਼ ਸੁਧਰੇ ਅਕਸੀ ਚਿਹਰਿਆਂ ’ਤੇ ਆਧਾਰਤ ਇਸ ਧੜੇ ਕੋਲ ਲੰਬੀ ਹਲਕੇ ’ਚ ਇਕਮੁੱਠ 34-35 ਹਜ਼ਾਰ ਵੋਟਾਂ ਮੰਨੀਆਂ ਜਾਂਦੀਆਂ ਹਨ। ਇਸ ਲੋਕਸਭਾ ਹਲਕੇ ਵਿੱਚ ਪਿਛਲੇ ਦਸ ਸਾਲਾਂ ਦੌਰਾਨ ਵਿਕਾਸਮਈ ਮਾਹੌਲ ਸਿਰਜਣ ਕਰਕੇ ਹਰਸਿਮਰਤ ਕੌਰ ਬਾਦਲ ਦਾ ਹੱਥ ਹਾਲ ਦੀ ਘੜੀ ਉੱਪਰ ਵਿਖਾਈ ਜਾਪਦਾ ਹੈ । ਸਿਆਸੀ ਮਾਹਰਾਂ ਅਨੁਸਾਰ ਮੌਜੂਦਾ ਹਾਲਾਤਾਂ ਪੇਂਡੂ ਖਿੱਤੇ ਵਿੱਚ ਬੇਅਦਬੀਆਂ ਦਾ ਮਸਲਾ ਅਕਾਲੀ ਦਲ ਲਈ ਗਲੇ ਦੀ ਹੱਡੀ ਬਣ ਸਦਕਾ ਹੈ। ਪੰਥਕ ਸੋਚ ਵਾਲੇ ਸਿੱਖਾਂ ਦੀ ਅਕਾਲੀ ਦਲ ਪ੍ਰਤੀ ਨਰਾਜਗੀ ਬਰਕਰਾਰ ਜਾਪਦੀ ਹੈ। ਮਾਨਸਾ, ਮੌੜ ਅਤੇ ਬੁਢਲਾਡਾ ਆਦਿ ਹਲਕਿਆਂ ਦੀ ਸਿਰੜ ਅਤੇ ਜੁਝਾਰੂ ਸੋਚ ਜ਼ਮਾਨੇ ’ਚ ਕਿਸੇ ਤੋਂ ਲੁਕੀ ਨਹੀਂ ਹੈ। ਬਠਿੰਡਾ ਦੇ ਚੋਣ ਪਿੜ ’ਚ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਦੇ ਉਮੀਦਵਾਰ ਸੁਖਪਾਲ ਖਹਿਰਾ, ਬਰਗਾੜੀ ਮੋਰਚੇ ਵੱਲੋਂ ਗੁਰਦੀਪ ਸਿੰਘ ਬਠਿੰਡਾ, ਸੀ.ਪੀ.ਆਈ. (ਐਮ.ਐਲ.) ਵੱਲੋਂ ਕਾ. ਭਗਵੰਤ ਸਿੰਘ ਸਮਾਓਂ ਉਮੀਦਵਾਰ ਐਲਾਨ ਜਾ ਚੁੱਕੇ ਹਨ। ਹਾਲ ਦੀ ਘੜੀ ਕਾਂਗਰਸ ਅਤੇ ਅਕਾਲੀ ਦਲ ਇੱਕ ਦੂਸਰੇ ਦਾ ਮੂੰਹ ਤੱਕ ਰਹੀਆਂ ਹਨ। ਇਸ ਹਲਕੇ ’ਚ ਕਾਂਗਰਸ, ਅਕਾਲੀ ਦਲ (ਬ), ਪੀ.ਡੀ.ਏ., ਅਕਾਲੀ ਦਲ (ਟਕਸਾਲੀ) ਅਤੇ ਆਪ ਦੇ ਡਟਣ ਦੀ ਸੂਰਤ ’ਚ ਮੁਕਾਬਲਾ ਚਹੁੰਕੋਨਾ ਜਾਂ ਪੰਜਕੋਨਾ ਹੋਣ ਦੀ ਸੰਭਾਵਨਾ ਹੈ। ਮਾਹਰਾਂ ਅਨੁਸਾਰ ਬਹੁਕੋਨੇ ਮੁਕਾਬਲੇ ’ਚ ਵਿਉਂਤਬੰਦੀ ਠੋਸ ਹੋਣ ਦੀ ਸੂਰਤ ’ਚ ਕਾਂਗਰਸ ਦੀ ਬਾਜ਼ੀ ਲੱਗਦੀ ਹੈ। ਬਠਿੰਡਾ ਲੋਕਸਭਾ ਤੋਂ ਕਾਂਗਰਸ ਟਿਕਟ ਲਈ ਰਣਇੰਦਰ ਸਿੰਘ, ਗੁਰਮੀਤ ਖੁੱਡੀਆਂ, ਅਜੀਤਇੰਦਰ ਸਿੰਘ ਮੋਫ਼ਰ, ਮੋਹਿਤ ਮਹਿੰਦਰਾ ਅਤੇ ਸ਼ਰਨਜੀਤ ਕੌਰ ਦੇ ਨਾਂਅ ਚਰਚਾ ਵਿੱਚ ਹਨ।
ਜੱਗਜਾਹਰ ਹੈ ਕਿ ਲੰਬੀ ਦੇ ਪੁਖਤਾ ਵੋਟ ਵਜ਼ਨ ਸਦਕਾ ਅਕਾਲੀ ਦਲ ਬਠਿੰਡਾ ’ਚ ਲਗਾਤਾਰ ਦੋ ਜਿੱਤਾਂ ਦਰਜ ਕਰ ਚੁੱਕਿਆ ਹੈ। ਜਿਨ੍ਹਾਂ ’ਚ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਅਤੇ ਮੌਜੂਦਾ ਵਜ਼ੀਰੇ ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਿਰਸਤ ਦਾ ਮੂੰਹ ਵੇਖਣਾ ਪਿਆ ਸੀ। ਦੋਵੇਂ ਵਾਰ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਨੂੰ ਲੰਬੀ ’ਚ ਕਰੀਬ 34-35 ਹਜ਼ਾਰ ਵੋਟਾਂ ਦੀ ਬੜ੍ਹਤ ਮਿਲੀ ਸੀ। ਮਨਪ੍ਰੀਤ ਬਾਦਲ ਨਾਲ ਮੁਕਾਬਲੇ ਮੌਕੇ ਤਾਂ ਅਕਾਲੀ ਦਲ ਨੂੰ ਜਿੱਤ ਹੀ ਲੰਬੀ ਹਲਕੇ ਦੇ ਵੋਟਾਂ ਦੇ ਵੱਡੇ ਫ਼ਰਕ ਕਾਰਨ ਮਿਲੀ ਸੀ। ਸੂਬੇ ’ਚ ਕਾਂਗਰਸੀ ਹਕੂਮਤ ਅਤੇ ਬੇਅਦਬੀਆਂ ਦੇ ਮਾਹੌਲ ਕਾਰਨ ਬਾਦਲਾਂ ਦੇ ਗੜ੍ਹ ਲੰਬੀ ’ਚ ਕਾਂਗਰਸ ਨੇ 60 ਪੰਚਾਇਤਾਂ ਜਿੱਤੀਆਂ ਹਨ। ਮਹੇਸ਼ਇੰਦਰ ਅਤੇ ਖੁੱਡੀਆਂ ਦਾ ਲੰਬੀ ਇਲਾਵਾ ਅਤੇ ਬਠਿੰਡਾ (ਦਿਹਾਤੀ) ’ਚ ਚੰਗਾ-ਖਾਸਾ ਜਨਾਧਾਰ ਹੈ। ਮਹੇਸ਼ਇੰਦਰ ਬਾਦਲ ਆਪਣੇ-ਆਪ ’ਚ ਦਿਆਨਤਦਾਰ ਅਤੇ ਸਾਊ ਸ਼ਖਸੀਅਤ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਬੇਦਾਗ ਸਿੱਖ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਤੋਂ ਟਿਕਟ ਮੰਗੀ ਹੋਈ ਹੈ। ਉਹ ਦਰਵੇਸ਼ ਸਿਆਸਤਦਾਨ ਜਥੇਦਾਰ ਅਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਹਨ। 1990 ਤੋਂ ਬੇਦਾਗ, ਇਮਾਨਦਾਰ ਅਤੇ ਪੰਥਕ ਰਵਾਇਤਾਂ ਨਾਲ ਲਗਾਤਾਰ ਜੁੜੇ ਕਾਂਗਰਸ ਆਗੂ ਗੁਰਮੀਤ ਸਿੰਘ ਖੁੱਡੀਆਂ ਅਜਿਹੀ ਸ਼ਖਸੀਅਤ ਹਨ। ਜਿਨ੍ਹਾਂ ਦੇ ਉਮੀਦਵਾਰ ਹੋਣ ਦੇ ਹਾਲਾਤਾਂ ’ਚ ਬਠਿੰਡਾ ਲੋਕਸਭਾ ’ਚ ਅਕਾਲੀਆਂ ਨਾਲੋਂ ਨਾਰਾਜ਼ ਪੰਥਕ ਵੋਟ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਪੰਥਕ ਵਿਰਾਸਤ ’ਤੇ ਮੁਹਰ ਲਗਾ ਸਕਦੀ ਹੈ। ਜ਼ਮੀਨੀ ਪੱਧਰ ’ਤੇ ਲਗਪਗ ਹਰ ਵਿਅਕਤੀ ਨਾਲ ਨਿੱਜੀ ਸਾਂਝ ਅਤੇ ਛੋਟੀ ਕਿਸਾਨੀ ਨਾਲ ਸੰਬੰਧਤ ਹੋਣ ਕਰਕੇ ਕਿਸਾਨ ਸਫ਼ਾਂ ਦਾ ਗੁਣਾ ਵੀ ਖੁੱਡੀਆਂ ’ਤੇ ਪੈ ਸਕਦਾ ਹੈ। ਪਿੱਛੇ ਜਿਹੇ ਬਠਿੰਡਾ ਸੀਟ ਬਾਰੇ ਠੋਸ ਤੇ ਕਾਬਿਲ ਉਮੀਦਵਾਰੀ ਬਾਰੇ ਕਾਂਗਰਸ ਹਾਈਕਮਾਂਡ ਵੀ ਸਿਆਸੀ ਮਾਹਰਾਂ ਅਤੇ ਕਲਮਕਾਰਾਂ ਤੋਂ ਜ਼ਮੀਨੀ ਅੰਕੜੇ ਜੁਟਾ ਚੁੱਕੀ ਹੈ। ਬਠਿੰਡਾ ਤੋਂ ਕਾਂਗਰਸ ਉਮੀਦਵਾਰੀ ਬਾਰੇ ਵੱਖ-ਵੱਖ ਕਿਆਫ਼ੇ ਲੱਗ ਰਹੇ ਹਨ। ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ਦੇ ਵੋਟਾਂ ਦਾ ਵਜ਼ਨ ਵੰਡਾਏ ਵਗੈਰ ਬਠਿੰਡਾ ਤੋਂ ਕਾਂਗਰਸ ਦੇ ਮੂੰਹ ਜਿੱਤ ਸੁਆਦ ਲੱਗਣਾ ਸੰਭਵ ਨਹੀਂ ਹੋ ਸਕਦਾ। 93178-26100 / 98148-26100

No comments:

Post a Comment