06 May 2019

ਸੁਆਲ ਪੁੱਛਣ 'ਤੇ ਮਾਰ-ਕੁੱਟ ਦੇ ਸ਼ਿਕਾਰ ਸਹਾਇਕ ਪ੍ਰੋਫੈਸਰ ਦੀ ਸ਼ਿਕਾਇਤ ਪਈ ਵੱਟੇ ਖਾਤੇ !

* ਪੁਲਿਸ ਅਨੁਸਾਰ ਕੋਈ ਪੱਗ ਨਹੀਂ ਲੱਥੀ, ਨਾ ਰਾਜੇ ਨੇ ਧੱਕਾ ਮਾਰਿਆ, ਸਿਰਫ਼ ਮਾਮੂਲੀ ਤਕਰਾਰ ਹੋਈ
* ਇਨਸ਼ਾਫ਼ ਨਾ ਮਿਲਣ ’ਤੇ ਸਹਾਇਕ ਪ੍ਰੋਫੈਸਰ ਵੱਲੋਂ ਡੀ.ਸੀ. ਦਫ਼ਤਰ ਮੂਹਰੇ ਧਰਨੇ ਦੀ ਚਿਤਾਵਨੀ 

                                                                                              ਇਕਬਾਲ ਸਿੰਘ ਸ਼ਾਂਤ
ਲੰਬੀ: ਬੀਤੇ ਕੱਲ੍ਹ ਪਿੰਡ ਕੋਲਿਆਂਵਾਲੀ ’ਚ ਰਾਜਾ ਵੜਿੰਗ ਤੋਂ ਸੁਆਲ ਪੁੱਛਣ ਸਮੇਂ ਕਾਂਗਰਸੀਆਂ ਵੱਲੋਂ ਕੁੱਟੇ ਗਏ ਸਹਾਇਕ ਪ੍ਰੋਫੈਸਰ ਗੁਰਜੀਤ ਸਿੰਘ ਦੀ ਸ਼ਿਕਾਇਤ ਵੱਟੇ ਖਾਤੇ ਪੈਂਦੀ ਦਿਸ ਰਹੀ ਹੈ। ਪੁਲਿਸ ਨੇ ਇਸ ਨੂੰ ਮਾਮੂਲੀ ਤਕਰਾਰਬਾਜ਼ੀ ਦੱਸਣ ਦੇ ਨਾਲ ਵਿਧਾਇਕ ਵੱਲੋਂ ਧੱਕੇ ਮਾਰਨ ਅਤੇ ਦਸਤਾਰ ਲੱਥਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਕਬਰਵਾਲਾ ਪੁਲਿਸ ਨੇ ਚੋਣ ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਹੈ। ਉਂਝ ਇਸ ਮਾਮਲੇ ’ਚ ਪੀੜਤ ਸਹਾਇਕ ਪ੍ਰੋਫੈਸਰ ਵੱਲੋਂ ਲਿਖਤੀ ਸ਼ਿਕਾਇਤ ’ਚ ਖੁਦ ਨੂੰ ‘ਪੱਤਰਕਾਰ’ ਦੱਸਣ ਕਰਕੇ ਪੁਲਿਸ ਉਸਤੋਂ ਬਤੌਰ ਪੱਤਰਕਾਰ ਸ਼ਨਾਖ਼ਤ ਪੁੱਛ ਰਹੀ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਇਸ ਮਾਮਲੇ ਨੂੰ ਲਗਪਗ ਬੇਬੁਨਿਆਦ ਕਰਾਰ ਦੇ ਕੇ ਦਫ਼ਤਰ ਦਾਖਲ ਕਰ ਦਿੱਤਾ ਹੈ। ਹਾਲਾਂਕਿ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਸ ਮਾਮਲੇ ਬਾਰੇ ਥਾਣਾ ਕਬਰਵਾਲਾ ਦੇ ਮੁਖੀ ਗੁਰਦੀਪ ਸਿੰਘ ਨੇ ਆਖਿਆ ਕਿ ਸ਼ਿਕਾਇਤਕਰਤਾ ਗੁਰਜੀਤ ਜੇਕਰ ਪੱਤਰਕਾਰ ਹੈ ਤਾਂ ਉਹ ਸਬੂਤ ਪੇਸ਼ ਕਰੇ। ਤਾਂ ਜੋ ਮੀਡੀਆ ਦੇ ਹਿਸਾਬ ਬਣਦੀ ਕਾਰਵਾਈ ਕੀਤੀ ਜਾ ਸਕੇ। ਜਦੋਂ ਉਹ ਪੱਤਰਕਾਰ ਹੀ ਨਹੀਂ ਤਾਂ ਕਾਹਨੂੰ ਪੰਗਾ ਲੈਂਦਾ ਹੈ ਬਿਨ੍ਹਾਂ ਗੱਲ ਤੋਂ। ਥਾਣਾ ਮੁਖੀ ਨੇ ਆਖਿਆ ਕਿ ਚੋਣ ਕਮਿਸ਼ਨ ਨੂੰ ਰਿਪੋਰਟ ਬਣਾ ਕੇ ਭੇਜ ਦਿੱਤੀ ਹੈ। ਪੜਤਾਲ ’ਚ ਸਾਹਮਣੇ ਆਇਆ ਹੈ ਥੋੜ੍ਹੀ-ਬਹੁਤ ਤਕਰਾਰ ਹੋਈ ਸੀ, ਹੋਰ ਕੋਈ ਗੱਲਬਾਤ ਨਹੀਂ ਹੋਈ। ਨਾ ਉਸਦੀ ਕੋਈ ਪੱਗ ਲੱਥੀ ਹੈ ਨਾ ਹੋਰ ਐ। ਥਾਣਾ ਮੁਖੀ ਨੇ ਆਖਿਆ ਕਿ ਮੁੱਦਈ ਅਕਾਲੀ ਦਲ ਨਾਲ ਸਬੰਧ ਰੱਖਦਾ ਹੈ। ਖਰਲ ਪਾਉਣ ਬਾਬਤ ਗਿਆ ਸੀ। ਥਾਣਾ ਮੁਖੀ ਅਨੁਸਾਰ ਗੁਰਜੀਤ ਸਿੰਘ ਵੱਲੋਂ ਲਿਆਂਦੇ ਗਵਾਹਾਂ ਨੇ ਲਿਖਵਾਇਆ ਕਿ ਉਨ੍ਹਾਂ ਉਥੇ ਕੋਈ ਧੱਕਾ ਮਾਰਦੇ ਨਹੀਂ ਵੇਖਿਆ ਰਾਜੇ ਵੜਿੰਗ ਨੂੰ। ਉਹ ਆਏਂ ਨਹੀਂ ਆਖ ਸਕਦੇ ਕਿ ਕਿਹੜੇ ਬੰਦੇ ਨੇ ਕੁੱਟ-ਮਾਰ ਕੀਤੀ ਹੈ। ਥਾਣਾ ਮੁਖੀ ਅਨੁਸਾਰ ਗਵਾਹਾਂ ਨੇ ਇਹ ਗੱਲ ਬਿਆਨ ਕੀਤੀ ਕਿ ਇਹਦੀ ਕੋਈ ਪੱਗ ਨਹੀਂ ਲੱਥੀ। ਦੋ ਨੇ ਕੋਈ ਬਿਆਨ ਲਿਖਾਇਆ ਨਹੀਂ। ਇੱਕ ਨੇ ਦੋ-ਤਿੰਨ ਬੰਦਿਆਂ ਬਾਰੇ ਲਿਖਵਾਇਆ ਹੈ।
     ਦੂਜੇ ਪਾਸੇ ਗੁਰਜੀਤ ਸਿੰਘ ਨੇ ਪੁਲਿਸ ’ਤੇ ਦਬਾਅ ਪਾਉਣ ਦੇ ਦੋਸ਼ ਲਾਉਂਦੇ ਆਖਿਆ ਕਿ ਅੱਜ ਸਵੇਰੇ ਥਾਣਾ ਕਬਰਵਾਲਾ ਦੇ ਮੁਖੀ ਦਾ ਫੋਨ ਆਇਆ ਸੀ। ਉਹ ਕਹਿ ਰਹੇ ਸਨ ਕਿ ਤੁਸੀਂ ਸ਼ਿਕਾਇਤ ’ਚ ਪੱਤਰਕਾਰ ਲਿਖਿਆ ਹੈ। ਤੁਸੀਂ ਪੱਤਰਕਾਰ ਨਹੀਂ ਹੋ। ਤੁਹਾਡੇ ’ਤੇ 420 ਦੀ ਕਾਰਵਾਈ ਹੋ ਸਕਦੀ ਹੈ। ਗੁਰਜੀਤ ਸਿੰਘ ਨੇ ਆਖਿਆ ਕਿ ਉਹ ਧਰਮ ਵਿਸ਼ੇ ਦਾ ਸਹਾਇਕ ਪ੍ਰਫੈਸਰ ਹੈ ਅਤੇ ਮੁਹਾਲੀ ਤੋਂ ਛਪਦੇ ਇੱਕ ਅਖ਼ਬਾਰ ’ਚ ਪੱਤਰਕਾਰੀ ਕਰ ਰਿਹਾ ਹੈ ਪਰ ਕੁਝ ਸਮੇਂ ਤੋਂ ਖ਼ਬਰਾਂ ਨਹੀਂ ਭੇਜ ਪਾ ਰਿਹਾ। ਉਸਦੇ ਕੋਲ ਸ਼ਨਾਖ਼ਤੀ ਕਾਰਡ ਅਤੇ ਅਥਾਰਿਟੀ ਲੈਟਰ ਵੀ ਹੈ। ਉਸਨੇ ਬਤੌਰ ਪਿੰਡ ਵਾਸੀ ਅਤੇ ਧਰਮ ਦੇ ਪ੍ਰੋਫੈਸਰ ਵਜੋਂ ਰਾਜਾ ਵੜਿੰਗ ਤੋਂ ਮਰਿਆਦਾ ਨਾਲ ਸੁਆਲ ਪੁੱਛਿਆ ਸੀ। ਉਸਨੇ ਕਿਹਾ ਕਿ ਜੇਕਰ ਪੁਲਿਸ ਅਤੇ ਪ੍ਰਸ਼ਾਸਨ ਨੇ ਉਸਦੀ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਮੂਹਰੇ ਧਰਨੇ ’ਤੇ ਬੈਠੇਗਾ ਅਤੇ ਇਨਸਾਫ਼ ਲਈ ਸਿਖ਼ਰ ਤੱਕ ਅਵਾਜ਼ ਉਠਾਏਗਾ। ਗੁਰਜੀਤ ਸਿੰਘ ਨੇ ਕਿਹਾ ਕਿ ਉਸਨੇ ਕਦੇ ਪਾਰਟੀਬਾਜ਼ੀ ’ਚ ਹਿੱਸਾ ਨਹੀਂ ਲਿਆ ਅਤੇ ਨਾ ਕਿਸੇ ਪਾਰਟੀ ਨਾਲ ਉਸਦਾ ਸੰਬੰਧ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੋਲਿਆਂਵਾਲੀ ਪਿੰਡ ’ਚ ਰਾਜਾ ਵੜਿੰਗ ਤੋਂ ਸੁਆਲ ਪੁੱਛਣ ਦੌਰਾਨ ਮਾਰ-ਕੁੱਟ ਦਾ ਸ਼ਿਕਾਰ ਹੋ ਗਿਆ ਸੀ। ਉਸਨੇ ਥਾਣਾ ਕਬਰਵਾਲਾ ’ਚ ਸ਼ਿਕਾਇਤ ਕਰਕੇ ਪੱਗ ਲੱਥਣ, ਮਾਰ-ਕੁੱਟ ਸਬੰਧੀ ਦੋਸ਼ ਲਗਾਏ ਸਨ। 

No comments:

Post a Comment