29 April 2019

ਦੂਲੋ ਨੂੰ ਕਾਂਗਰਸ ਅਤੇ ਰਾਜ ਸਭਾ ਮੈਂਬਰੀ ਤੋਂ ਲਾਂਭੇ ਹੋਣ ਲਈ ਆਖਿਆ

* ਦੂਲੋ ਦੀ ਖੁੱਲੇਆਮ ਬਗਾਵਤ ਨੇ ਪਾਰਟੀ ਦੇ ਹਿੱਤਾਂ ਨੂੰ ਸੱਟ ਮਾਰੀ

ਚੰਡੀਗੜ: ਸ਼ਮਸ਼ੇਰ ਸਿੰਘ ਦੂਲੋ ਦੀ ਬਗਾਵਤ ਦੀਆਂ ਰਿਪੋਰਟਾਂ ਦੌਰਾਨ ਪੰਜਾਬ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸ੍ਰੀ ਦੂਲੋ ਨੂੰ ਕਾਂਗਰਸ ਅਤੇ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਲਈ ਆਖਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਦੂਲੋ ਦੀ ਪਤਨੀ ਤੇ ਪੁੱਤਰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। 
ਦੂਲੋ ਨੂੰ ਕਾਂਗਰਸ ਪਾਰਟੀ ’ਤੇ ਧੱਬਾ ਕਰਾਰ ਦਿੰਦਿਆਂ ਲਾਲ ਸਿੰਘ ਨੇ ਕਿਹਾ ਕਿ ਉਸ ਦੇ ਜਾਣ ਨਾਲ ਪਾਰਟੀ ਨੂੰ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਸੰਸਦ ਮੈਂਬਰ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ ਜਿਸ ਦੀ ਪਤਨੀ ਅਤੇ ਪੁੱਤਰ ਆਪ ਵਿੱਚ ਸ਼ਾਮਲ ਹੋ ਗਏ ਜਦਕਿ ਉਸ ਨੇ ਖੁਦ ਵੀ ਐਲਾਨ ਕੀਤਾ ਹੈ ਕਿ ਉਹ ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰੇਗਾ। 
ਦੂਲੋ ਨੇ ਮੀਡੀਆ ’ਚ ਦਿੱਤੇ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਉਹ ਕਹਿ ਰਿਹਾ ਹੈ ਕਿ ਨਾ ਤਾਂ ਉਸ ਨੂੰ ਇਹ ਪਤਾ ਹੈ ਕਿ ਫਤਹਿਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੌਣ ਹੈ ਅਤੇ ਨਾ ਹੀ ਉਹ ਉਸ ਲਈ ਪ੍ਰਚਾਰ ਕਰੇਗਾ।
ਦੂਲੋ ਦੇ ਸਟੈਂਡ ਨੂੰ ਸ਼ਰਮਨਾਕ ਅਤੇ ਜਾਬਰ ਕਦਮ ਦੱਸਦਿਆਂ ਲਾਲ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਉਸ ਨੂੰ ਬਹੁਤ ਕੁਝ ਦਿੱਤਾ ਪਰ ਉਹ ਘਟੀਆ ਸਲੂਕ ਕਰ ਰਿਹਾ ਹੈ। ਲਾਲ ਸਿੰਘ ਨੇ ਕਿਹਾ ਕਿ ਦੂਲੋ ਸਾਲ 1992 ਅਤੇ 1999 ਵਿੱਚ ਬੇਅੰਤ ਸਿੰਘ ਦੀ ਸਰਕਾਰ ਦੇ ਮੰਤਰੀ ਮੰਡਲ ’ਚ ਮੈਂਬਰ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਿਸ ਤੋਂ ਉਸ ਨੇ ਜਿੱਤ ਹਾਸਲ ਕੀਤੀ। ਉਸ ਵੇਲੇ ਉਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਪਰ ਇਹ ਹੋਰ ਗੱਲ ਹੈ ਕਿ ਉਹ ਇਸ ਨੂੰ ਸਹਿਜੇ ਹੀ ਭੁੱਲੀ ਬੈਠਾ ਹੈ।
ਇੱਥੋਂ ਤੱਕ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਉਸ ਦੀ ਪਤਨੀ ਨੂੰ ਸਾਲ 2002, ਅਤੇ ਮੁੜ ਸਾਲ 2007 ਅਤੇ 2012 ਵਿੱਚ ਟਿਕਟ ਦਿੱਤੀ। ਉਸ ਨੂੰ ਸੰਸਦੀ ਸਕੱਤਰ ਵੀ ਬਣਾਇਆ।
ਲਾਲ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਦੂਲੋ ਕਰਕੇ ਹਾਰ ਦਾ ਮੰੂਹ ਦੇਖਣਾ ਪਿਆ ਸੀ ਜਿਸ ਨੇ ਇਕ ਵਿਸ਼ੇਸ਼ ਭਾਈਚਾਰੇ ਖਿਲਾਫ ਬੁਰਾ-ਭਲਾ ਕਿਹਾ ਸੀ ਜਿਸ ਕਰਕੇ ਉਸ ਨੂੰ ਆਪਣੀ ਖੁਦ ਦੀ ਹਾਰ ਦੇ ਨਾਲ-ਨਾਲ ਪਾਰਟੀ ਨੂੰ ਹਾਰ ਸਹਿਣੀ ਪਈ ਸੀ। ਇਸ ਦੇ ਬਾਵਜੂਦ ਉਸ ਨੂੰ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਬਣਾਇਆ।
ਲਾਲ ਸਿੰਘ ਨੇ ਕਿਹਾ ਕਿ ਇਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਹੁਣ ਉਹ ਆਪਣੇ ਪੁੱਤ ਲਈ ਟਿਕਟ ਭਾਲਦਾ ਸੀ ਅਤੇ ਜਦੋਂ ਇਸ ਲਈ ਇਨਕਾਰ ਕੀਤਾ ਤਾਂ ਉਸ ਨੇ  ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਨ ਦੀ ਬਜਾਏ ਪਾਰਟੀ ਵਿਰੁੱਧ ਖੁੱਲੇਆਮ ਬਗਾਵਤ ਕਰ ਦਿੱਤੀ।
ਚੋਣ ਕਮੇਟੀ ਦੇ ਚੇਅਰਮੈਨ ਨੇ ਦੂਲੋ ਦੇ ਰਵੱਈਏ ’ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਪਾਰਟੀ ਵਿੱਚ ਰਹਿਣ ਦਾ ਹੱਕ ਗਵਾ ਚੁੱਕਾ ਹੈ ਅਤੇ ਉਹ ਪਾਰਟੀ ਨਾਲ ਮਾੜਾ ਸਲੂਕ ਕਰ ਰਿਹਾ ਰਿਹਾ ਹੈ। ਉਨਾਂ ਕਿਹਾ ਕਿ ਇਕ ਪਾਸੇ ਪਾਰਟੀ ਵੱਲੋਂ ਇਨਾਂ ਲੋਕ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਦੀ ਜਿੱਤ/ਹਾਰ ਲਈ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਸੀਨੀਅਰ ਨੇਤਾਵਾਂ ਦੀ ਜੁਆਬਦੇਹੀ ਤੈਅ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਦੂਲੋ ਵਰਗੇ ਲੋਕ ਹਨ ਜੋ ਕਾਂਗਰਸੀ ਉਮੀਦਵਾਰਾਂ ਦੇ ਯਤਨਾਂ ਅਤੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ।
ਲਾਲ ਸਿੰਘ ਨੇ ਮੰਗ ਕੀਤੀ ਕਿ ਦੂਲੋ ਨੂੰ ਸਿਆਸੀ ਪੈੜਾਂ ਪਾਉਣ ਲਈ ਰਸਤਾ ਦਿਖਾਉਣ ਵਾਲੀ ਪਾਰਟੀ ਵਿਰੁੱਧ ਭੁਗਤਣ ਦੀ ਬਜਾਏ ਤੁਰੰਤ ਲਾਂਭੇ ਹੋ ਜਾਣਾ ਚਾਹੀਦਾ ਹੈ।

No comments:

Post a Comment