26 July 2019

ਬਾਦਲਾਂ ਦੇ ‘ਮੇਜਰ’ ਨੇ ਚੌਟਾਲਿਆਂ ਦੇ ਗੜ੍ਹ ਦਾ ‘ਸਿਆਸੀ ਮੇਜਰ’ ਬਣਨ ਲਈ ਤਾਲ ਠੋਕੀ

                                              ਇਕਬਾਲ ਸਿੰਘ ਸ਼ਾਂਤ
ਲੰਬੀ: ਬਾਦਲਾਂ ਦੇ 'ਮੇਜਰ' ਭੁਪਿੰਦਰ ਸਿੰਘ (ਢਿੱਲੋਂ) ਬਾਦਲ ਨੇ ਚੌਟਾਲਿਆਂ ਦੇ ਗੜ• ਡੱਬਵਾਲੀ ਹਲਕੇ ਦਾ 'ਸਿਆਸੀ ਮੇਜਰ' ਬਣਨ ਲਈ ਤਾਲ ਠੋਕ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਭਾਰਤੀ ਫੌਜ਼ ਵਿਚੋਂ ਬਤੌਰ ਮੇਜਰ ਸੇਵਾਮੁਕਤ ਹੋਏ ਭੁਪਿੰਦਰ ਸਿੰਘ ਢਿੱਲੋਂ ਆਗਾਮੀ ਵਿਧਾਨਸਭਾ ਚੋਣਾਂ 'ਚ ਡੱਬਵਾਲੀ ਹਲਕੇ ਤੋਂ ਅਕਾਲੀ-ਭਾਜਪਾ ਟਿਕਟ 'ਤੇ ਆਪਣੀ ਸਿਆਸੀ ਕਿਸਮਤ ਅਜਮਾਉਣ ਦੇ ਰੌਂਅ 'ਚ ਹਨ। ਡੱਬਵਾਲੀ ਸ਼ਹਿਰ 'ਚ ਡੱਬਵਾਲੀ
ਟਰਾਂਸਪੋਰਟ ਤੋਂ ਸਫ਼ਲ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਬਾਦਲ ਖ਼ਾਨਦਾਨ ਦੇ ਇਸ 71 ਸਾਲਾ ਰੌਸ਼ਨ ਚਿਰਾਗ ਦੀ ਬਤੌਰ ਵਿਧਾਇਕ ਆਪਣੀ ਜਨਮ ਭੂਮੀ ਡੱਬਵਾਲੀ ਹਲਕੇ ਦੀ ਸੇਵਾ ਕਰਨਾ ਦੀ ਵੱਡੀ ਇੱਛਾ ਹੈ। 1948 'ਚ ਜਨਮੇ ਅਤੇ  ਸਾਬਕਾ ਮੈਂਬਰ ਪਾਰਲੀਮੈਂਟ ਗੁਰਰਾਜ ਸਿੰਘ ਬਾਦਲ ਦੇ ਸਪੁੱਤਰ ਭੁਪਿੰਦਰ ਸਿੰਘ ਨੇ ਜਨਮ ਤੋਂ ਲੈ ਕੇ ਜਵਾਨੀ ਦੇ 22-23 ਸਾਲ ਡੱਬਵਾਲੀ ਸ਼ਹਿਰ ਵਿੱਚ ਲੰਘਾਏ ਹਨ। ਉਹ ਡੱਬਵਾਲੀ ਸ਼ਹਿਰ ਦੇ ਜ਼ਰੇ-ਜ਼ਰੇ ਨਾਲ ਵਾਕਫ਼ ਹਨ। ਉਨ•ਾਂ 1965 ਤੋਂ ਭਾਰਤੀ ਫੌਜ਼ 'ਚ ਲਗਪਗ ਪੌਨੇ ਦੋ ਦਹਾਕੇ ਦੇਸ਼ ਦੀਆਂ ਸੇਵਾ ਕੀਤੀ ਹੈ। 1971 'ਚ ਭਾਰਤ-ਪਾਕਿ ਜੰਗ ਦੌਰਾਨ ਸਾਂਭਾ ਸੈਕਟਰ (ਜੰਮੂ ਕਸ਼ਮੀਰ) ਵਿੱਚ ਦੁਸ਼ਮਣ ਨਾਲ ਲੋਹਾ ਲੈ ਚੁੱਕੇ ਹਨ। 1979 ਤੋਂ 1983 ਤੱਕ ਰਾਜਪਾਲ ਪੰਜਾਬ ਦੇ ਏ.ਡੀ.ਸੀ. ਵੀ ਵਜੋਂ ਸੇਵਾ ਨਿਭਾਈਆਂ ਹਨ। ਉਹ ਡੱਬਵਾਲੀ ਨਾਲ ਖਹਿੰਦੇ ਮੰਡੀ ਕਿੱਲਿਆਂਵਾਲੀ 'ਚ ਸਥਿਤ ਮਹਾਂ ਪੰਜਾਬ ਵੇਲੇ ਦੇ ਗੁਰੂ ਨਾਨਕ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ। ਸੂਤਰਾਂ ਅਨੁਸਾਰ ਬਾਦਲ ਪਰਿਵਾਰ ਉਸਦੇ ਮੇਜਰ ਦੀ ਇੱਛਾ ਨੂੰ ਸਿਰੇ ਚਾੜ•ਨ ਲਈ ਭਾਜਪਾ ਹਾਈਕਮਾਂਡ ਦੇ ਸਿਖ਼ਰਲੇ ਆਗੂਆਂ ਦੇ ਸੰਪਰਕ ਵਿੱਚ ਹੈ। ਜਦਕਿ ਰਾਸ਼ਟਰੀ ਸਵੈ-ਸੇਵਕ ਸੰਘ ਨਾਲ ਜੁੜਿਆ ਇੱਕ ਧੜਾ ਵੀ ਉੱਚ ਪੱਧਰ 'ਤੇ ਭਾਜਪਾ ਦੇ ਸਿਆਸੀ ਅਖਾੜੇ 'ਚ ਮੇਜਰ ਭੁਪਿੰਦਰ ਸਿੰਘ ਦੇ ਪੈਰ ਟਿਕਾਉਣ ਲਈ ਜ਼ਮੀਨ ਤਿਆਰ ਕਰ ਰਿਹਾ ਹੈ। ਬੀਤੇ ਲੋਕਸਭਾ ਚੋਣਾਂ 'ਚ ਭਾਜਪਾ ਨੂੰ ਚੌਟਾਲਿਆਂ ਦੇ ਗੜ• ਡੱਬਵਾਲੀ ਵਿਚੋਂ 8800 ਵੋਟਾਂ ਦੀ ਬੜ•ਤ ਮਿਲੀ ਸੀ। ਡੱਬਵਾਲੀ ਹਲਕੇ 'ਚ ਅਕਾਲੀ ਦਲ ਨਾਲ ਜੁੜੀਆਂ ਸਿੱਖ ਬੈਲਟ ਦੀਆ ਹਜ਼ਾਰਾਂ ਵੋਟਾਂ ਹਨ, ਜਿਹੜੀਆਂ ਮੇਜਰ ਦੀ ਸਿਆਸੀ ਇੱਛਾ ਲਈ 'ਰਾਮ ਬਾਣ' ਸਾਬਤ ਹੋ ਸਕਦੀਆਂ ਹਨ। ਡੱਬਵਾਲੀ ਹਲਕੇ ਤੋਂ ਭਾਜਪਾ ਟਿਕਟ ਲਈ ਪਹਿਲਾਂ ਹੀ ਸੀਨੀਅਰ ਭਾਜਪਾ ਆਗੂ ਦੇਵ ਕੁਮਾਰ ਸ਼ਰਮਾ, ਅਦਿੱਤਿਆ ਦੇਵੀ ਲਾਲ, ਬਲਦੇਵ ਸਿੰਘ ਮਾਂਗੇਆਣਾ ਅਤੇ ਵਿਜੈ ਵਧਵਾ ਵਗੈਰਾ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਮੇਜਰ ਕੋਲ 'ਬਾਦਲ' ਵਾਲਾ ਵੱਡਾ ਸਿਆਸੀ ਬਰਾਂਡ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਚ ਭਾਜਪਾ ਲੀਡਰਸ਼ਿਪ ਨਾਲ ਗੂੜ•ੀ ਸਾਂਝ ਬਾਕੀ ਦਾਅਵੇਦਾਰੀਆਂ 'ਤੇ ਭਾਰੀ ਪੈ ਸਕਦੀ ਹੈ। ਉਂਝ ਡੱਬਵਾਲੀ ਤੋਂ ਪਿਛਲਾ ਵਿਧਾਨਸਭਾ ਚੋਣ ਲੜ ਚੁੱਕੇ ਦੇਵ ਕੁਮਾਰ ਸ਼ਰਮਾ ਦੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਘ ਨਾਲ ਨੇੜਤਾ ਜੱਗਜਾਹਰ ਹੈ। ਜਦਕਿ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੋਤਰੇ ਅਦਿੱਤਿਆ ਦੇਵੀ ਲਾਲ ਦੇ ਸਿਰ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹੱਥ ਮੰਨਿਆ ਜਾਂਦਾ ਹੈ। ਅਦਿੱਤਿਆ ਨੂੰ ਲੋਕਸਭਾ ਚੋਣਾਂ ਤੋਂ ਐਨ ਪਹਿਲਾਂ ਹਰਿਆਣਾ ਸਹਿਕਾਰੀ ਖੇਤੀਬਾੜੀ ਅਤੇ ਵਿਕਾਸ ਬੈਂਕ ਦਾ ਚੇਅਰਮੈਨ ਬਣਾਇਆ ਗਿਆ ਸੀ। ਅੱਜ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿਖੇ ਮੇਜਰ ਭੁਪਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਵਿੱਚ ਆਖਿਆ ਕਿ ਉੁਨ•ਾਂ ਡੱਬਵਾਲੀ ਹਲਕੇ 'ਚ ਉਨ•ਾਂ ਦੇ ਸਮਰਥਕਾਂ ਤੇ ਸ਼ਹਿਰ ਵਾਸੀਆਂ ਵੱਲੋਂ ਉਨ•ਾਂ ਨੂੰ ਚੋਣ ਲਈ ਆਖਿਆ ਜਾ ਰਿਹਾ ਹੈ। ਪਰ ਉਹ ਅਕਾਲੀ ਦਲ (ਬ) ਦੇ ਵਫ਼ਾਦਾਰ ਸਿਪਾਹੀ ਹਨ। ਜੇਕਰ ਅਕਾਲੀ-ਭਾਜਪਾ ਹਾਈਕਮਾਂਡ ਵੱਲੋਂ ਡੱਬਵਾਲੀ ਹਲਕੇ ਤੋਂ ਉਨ•ਾਂ ਨੂੰ ਆਪਣਾ ਉਮੀਦਵਾਰ ਬਣਾਇਆ ਤਾਂ ਉਹ ਤੀਹ ਹਜ਼ਾਰ ਵੋਟਾਂ ਨਾਲ ਸੀਟ ਜਿੱਤਣਗੇ। ਉਨ•ਾਂ ਆਖਿਆ ਕਿ ਡੱਬਵਾਲੀ ਵਿੱਚ ਮੁੱਖ ਮੁਕਾਬਲਾ ਕਾਂਗਰਸ ਨਾਲ ਹੋਵੇਗਾ। ਇਨੈਲੋ ਦੁਫਾੜ ਹੋਣ ਕਰਕੇ ਉਹ ਵੋਟਾਂ ਗਿਣਤੀ 'ਚ ਕਮਜੋਰ ਪੈ ਗਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਕਾਰਜਪ੍ਰਣਾਲੀ ਨੂੰ ਲੋਕਪੱਖੀ ਅਤੇ ਵਿਕਾਸ ਪੱਖੀ ਦੱਸਿਆ। ਉਨ•ਾਂ ਹਰਿਆਣੇ ਨੂੰ ਵਿਕਾਸ ਪੱਖੋਂ ਅਤੇ ਸਰਕਾਰੀ ਨੀਤੀਆਂ ਪੱਖੋਂ ਪੰਜਾਬ ਨਾਲੋਂ ਕਾਫ਼ੀ ਬਿਹਤਰ ਦੱਸਿਆ। ਮੇਜਰ ਅਨੁਸਾਰ ਉਹ ਡੱਬਵਾਲੀ ਦੀਆਂ ਸਮੱਸਿਆਵਾਂ ਅਤੇ ਵਿਕਾਸ ਦੀਆਂ ਜ਼ਰੂਰਤਾਂ ਤੋਂ ਭਲੀ-ਭਾਂਤ ਜਾਣੂ ਹਨ। -93178-26100

No comments:

Post a Comment