15 September 2019

ਹਰਸਿਮਰਤ ਬਾਦਲ ਵੱਲੋਂ 'ਨੰਨੀ੍ਹ ਛਾਂ' ਦੀ 11ਵੀ ਵਰ੍ਹੇ ਗੰਢ 550ਵੇਂ ਪਰਕਾਸ਼ ਪੁਰਬ ਨੂੰ ਸਮਰਪਿਤ

*  ਏਮਜ਼ ਵਿਖੇ 550 ਬੂਟੇ ਲਗਵਾਏ ਅਤੇ ਬਠਿੰਡਾ ਹਲਕੇ ਵਿਚ 15 ਹਜ਼ਾਰ ਬੂਟੇ ਵੰਡੇ
* ਕਿਹਾ ਕਿ ਏਮਜ਼ ਦੀ ਓਪੀਡੀ ਤਿਆਰ ਹੈ, ਜਿਸ ਦਾ ਇਸ ਮਹੀਨੇ ਉੁਦਘਾਟਨ ਹੋ ਸਕਦਾ ਹੈ

                                                           ਇਕਬਾਲ ਸਿੰਘ ਸ਼ਾਂਤ
ਬਠਿੰਡਾ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਏਮਜ਼ ਅੰਦਰ 550 ਬੂਟੇ ਲਗਵਾਉਣ ਤੋਂ ਇਲਾਵਾ ਬਠਿੰਡਾ ਹਲਕੇ ਅੰਦਰ 15 ਹਜ਼ਾਰ ਬੂਟੇ ਵੰਡ ਕੇ ਨੰਨੀ੍ਹ ਛਾਂ ਮੁਹਿੰਮ ਦੀ 11ਵੀਂ ਵਰ੍ਹੇ  ਗੰਢ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਕੀਤੀ। 
ਨੰਨ੍ਹੀ ਛਾਂ ਟਰੱਸਟ ਦੀ 11ਵੀਂ ਵਰ੍ਹੇ ਗੰਢ ਦੇ ਮੌਕੇ ਏਮਜ਼ ਵਿਖੇ ਦਰੱਖਤ ਲਗਾਓ ਮੁਹਿੰਮ ਵਿਚ ਭਾਗ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਟਰੱਸਟ ਵੱਲੋਂ ਵੱਖ-ਵੱਖ ਮੁਹਿੰਮਾਂ ਰਾਹੀਂ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੀ ਬੂਟੇ ਵੰਡਣ ਦੀ ਪੱਕੀ ਸੇਵਾ ਦੇ ਜ਼ਰੀਏ ਹੁਣ ਤਕ 30 ਲੱਖ ਬੂਟੇ ਵੰਡੇ ਜਾ ਚੁੱਕੇ ਹਨ।

          ਇਸ ਮੌਕੇ ਸੰਸਦ ਮੈਂਬਰ ਨੇ ਗੁਰੂ ਸਾਹਿਬ ਦੇ ਪਰਕਾਸ਼ ਪੁਰਬ ਦੇ ਮੌਕੇ ਉੱਤੇ ਸਾਰੀ ਨਾਨਕ ਨਾਮ ਲੇਵਾ ਸੰਗਤ ਨੂੰ ਆਪਣੇ ਬਜ਼ੁਰਗਾਂ ਅਤੇ ਕੁੜੀਆਂ ਦੇ ਹੱਥੋਂ ਬੂਟੇ ਲਗਵਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਅਸੀਂ ਉਹਨਾਂ ਦੇ ਪਿਆਰ ਦੀ ਛਾਂ ਥੱਲੇ ਰਹਾਂਗੇ।
         ਬੀਬਾ ਬਾਦਲ ਨੇ ਕਿਹਾ ਕਿ ਨੰਨ੍ਹੀ ਛਾਂ ਮੁਹਿੰਮ 'ਕੁੱਖ ਅਤੇ ਰੁੱਖ' ਨੂੰ ਬਚਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ  ਗਈ ਸੀ। ਇਸ ਮੁਹਿੰਮ ਦੇ ਬਹੁਤ ਹੀ ਠੋਸ ਨਤੀਜੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਜਿੱਥੇ ਅਸੀਂ 30 ਲੱਖ ਬੂਟੇ ਲਾ ਕੇ ਪੰਜਾਬ ਦੇ ਜੰਗਲਾਤ ਏਰੀਏ ਅੰਦਰ ਚੋਖਾ ਸੁਧਾਰ ਕਰ ਚੁੱਕੇ ਹਾਂ, ਉੱਥੇ ਸੂਬੇ ਅੰਦਰ ਕੁੜੀਆਂ ਦੀ ਦਰ ਵਿਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ ਹੈ।  ਉਹਨਾਂ ਦੱਸਿਆ ਕਿ ਦੋ ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਨੂੰ ਕੁੜੀਆਂ ਦੀ ਦਰ ਅੰਦਰ ਸੁਧਾਰ ਲਿਆਉਣ ਦੇ ਮਾਮਲੇ ਵਿਚ ਦੇਸ਼ ਦਾ ਛੇਵਾਂ ਵਧੀਆ ਪ੍ਰਦਰਸ਼ਨ ਵਾਲਾ ਜ਼ਿਲ੍ਹਾ ਕਰਾਰ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਨੇ ਪੁੱਛੇ ਜਾਣ 'ਤੇ ਦੱਸਿਆ ਕਿ ਏਮਜ਼ ਦਾ ਓਪੀਡੀ ਤਿਆਰ ਹੈ ਅਤੇ ਉਹ ਪ੍ਰਧਾਨ ਮੰਤਰੀ ਜਾਂ ਸਿਹਤ ਮੰਤਰੀ ਨੂੰ ਇਸ ਦਾ 29 ਸਤੰਬਰ ਨੂੰ ਉਦਘਾਟਨ ਕਰਨ ਦੀ ਬੇਨਤੀ ਕਰਗੇ । 
        ਸਾਂਝਾ ਸਮਾਗਮ ਕਰਵਾਉਣ ਦੀ ਅਪੀਲ ਕਰ ਚੁੱਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੱਛਾ ਦੇ ਵਿਰੁੱਧ ਕਾਂਗਰਸ ਸਰਕਾਰ ਦੀ ਸੁਲਤਾਨਪੁਰ ਲੋਧੀ ਵਿਖੇ 550ਵੇ ਪਰਕਾਸ਼ ਪੁਰਬ ਦਾ ਵੱਖਰਾ ਸਮਾਗਮ ਕਰਵਾਉਣ ਦੀ ਜ਼ਿੱਦ ਬਾਰੇ ਪੁੱਛੇ ਜਾਣ ਤੇ ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਫੈਸਲਾ ਹੈ। ਇਤਿਹਾਸਕ ਤੌਰ ਤੇ ਸਾਰੇ ਧਾਰਮਿਕ ਸਮਾਗਮ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਜਦ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਥੱਲੇ ਸਿੱਖਾਂ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦ ਹੈ, ਕਾਂਗਰਸ ਸਰਕਾਰ ਨੂੰ ਤਖ਼ਤ ਤੋਂ ਉੱਪਰ ਉੱਠ ਕੇ ਵੱਖਰਾ ਸਮਾਗਮ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਬੀਬਾ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ 1999 ਵਿਚ ਖਾਲਸਾ ਸਿਰਜਣਾ ਦੇ 300 ਸਾਲਾ ਸਮਾਗਮਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਵਿਖੇ 350ਵੇਂ ਪਰਕਾਸ਼ ਪੁਰਬ ਸਮਾਗਮਾਂ ਦੌਰਾਨ ਐਸ.ਜੀ.ਪੀ.ਸੀ. ਅਤੇ ਪਟਨਾ ਸਾਹਿਬ ਵਰਗੀਆਂ ਧਾਰਮਿਕ ਜਥੇਬੰਦੀਆਂ ਨੇ ਹੀ ਸਟੇਜ ਲਾਈ ਸੀ । ਬੀਬਾ ਬਾਦਲ ਨੇ ਕਿਹਾ ਕਿ ਪਰਕਾਸ਼ ਪੁਰਬ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਹੀ ਦਾ ਸਾਂਝੀਵਾਲਤਾ ਦਾ ਸੰਦੇਸ਼ ਪੂਰੀ ਦੁਨੀਆਂ ਤਕ ਪਹੁੰਚਾਉਣ ਦਾ ਇੱਕ ਮੌਕਾ ਹਨ। ਉਹਨਾਂ ਕਿਹਾ ਕਿ ਮੈਂ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਇਸ ਸੁਨੇਹੇ ਨੂੰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ। ਸਾਰੇ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕੌਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਹਨ ਅਤੇ ਸਾਨੂੰ ਸਿਰਫ ਇੱਕ ਹੋ ਕੇ ਹੀ ਸੇਵਾ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਦੁਨੀਆਂ ਨੂੰ ਏਕਤਾ ਦਾ ਸੁਨੇਹਾ ਦੇਣ ਲਈ ਸਾਰੇ ਵਖਰੇਵੇਂ ਪਾਸੇ ਰੱਖ ਦੇਣੇ ਚਾਹੀਦੇ ਹਨ । ਇੱਕ ਸੁਆਲ ਦਾ ਜੁਆਬ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਵਾਲੇ ਹਰ ਵਿਅਕਤੀ ਤੋਂ 20 ਡਾਲਰ ਵਸੂਲ ਕੇ ਸਿੱਖ ਸ਼ਰਧਾਲੂਆਂ ਦੀ ਸ਼ਰਧਾ 'ਚੋਂ ਵਪਾਰਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਦੁਨੀਆਂ ਵਿਚ ਪਹਿਲੀ ਮਿਸਾਲ ਹੈ, ਜਿੱਥੇ ਇੱਕ ਪੂਜਣ ਵਾਲੀ ਥਾਂ ਉੱਤੇ ਮੱਥਾ ਟੇਕਣ ਲਈ ਸ਼ਰਧਾਲੂਆਂ ਕੋਲੋਂ ਫੀਸ ਵਸੂਲੀ ਜਾਵੇਗੀ । 
       ਇਸ ਤੋਂ ਪਹਿਲਾਂ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫਲਾਂ ਦੇ 5 ਦਰੱਖਤ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਬੀਬਾ ਬਾਦਲ ਨਾਲ ਏਮਜ਼ ਵਾਲੇ ਸਮਾਗਮ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਮੌਜੂਦ ਸਨ। 

No comments:

Post a Comment