25 September 2019

ਅਸਲ ਬਿੱਲੀ ਥੈਲਿਓਂ ਬਾਹਰ ਆਈ !

ਇਕਬਾਲ ਸਿੰਘ ਸ਼ਾਂਤ
ਲੰਬੀ: ਬੇਅਦਬੀ ਮਸਲੇ ’ਤੇ ਇੱਕ ਅਖ਼ਬਾਰੀ ਇੰਟਰਵਿਊ ’ਚ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਦੇਣ ਅਤੇ ਬਾਅਦ ’ਚ ਪਾਰਟੀ ਦਬਾਅ ਹੇਠਾਂ ਕਲੀਨ ਚਿੱਟ ਤੋਂ ਪਾਸਾ ਵੱਟਣ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਹਾਸੋਹੀਣੇ ਹਾਲਾਤ ਪੈਦਾ ਹੋ ਗਏ ਹਨ। ਮੀਡੀਆ ਦੇ ਇੱਕ ਹਿੱਸੇ ਨੂੰ ਦਿੱਤੇ ਇੰਟਰਵਿਊ ਦੀ ਮੁੱਖ ਸੁਰਖੀ ਨੂੰ
ਗੁੰਮਰਾਹਕੁਨ ਘੜ੍ਹਤ ਦੱਸਣ ਨਾਲ ਅਮਰਿੰਦਰ ਸਿੰਘ ਦੀ ਬਤੌਰ ਮੁੱਖ ਮੰਤਰੀ ਜਵਾਬਦੇਹੀ ’ਤੇ ਜਨਤਕ ਸਫ਼ਾਂ ’ਚ ਸੁਆਲ ਉੱਠ ਖੜ੍ਹਾ ਹੋਇਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਇਸ ਆਪਾ-ਵਿਰੋਧੀ ਨਾਲ ਹੁਣ ਤੱਕ ਕਾਂਗਰਸੀ ਧਿਰ ਵੱਲੋਂ ਬੇਅਦਬੀ ਮਸਲੇ ’ਤੇ ਬਾਦਲ ਪਰਿਵਾਰ ’ਤੇ ਲਗਾਏ ਜਾਂਦੇ ਰਹੇ ਤਿੱਖੇ ਦੋਸ਼ਾਂ ਦੀ ਅਸਲੀਅਤ ਸਹਿਜੇ ਹੀ ਇੰਟਰਵਿਊ ਜਰੀਏ ਬਾਹਰ ਨਿਕਲ ਆਈ ਹੈ। ਉੱਚ ਪੱਧਰੀ ਸਿਆਸੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਇੰਟਰਵਿਊ ’ਚ ਬਾਦਲਾਂ ਨੂੰ ਕਲੀਨ ਚਿੱਟ ਵਾਲਾ ਲਹਿਜ਼ਾ ਪ੍ਰਗਟ ਹੋਣ ਨਾਲ ਚਾਰ ਜ਼ਿਮਨੀ ਚੋਣਾਂ ਵਿੱਚ ਗੋਡਣੀਆਂ ਲੱਗਣ ਦੇ ਖਦਸ਼ੇ ਤਹਿਤ ਕਾਂਗਰਸ ਲੀਡਰਸ਼ਿਪ ’ਚ ਭਾਜੜ ਮੱਚ ਗਈ। ਇਸਤੋਂ ਹੋਣ ਵਾਲੇ ਭਵਿੱਖੀ ਡੈਮੇਜ਼ ਕੰਟਰੋਲ ਨਾਲ ਸ਼ੁਰੂਆਤੀ ਤੌਰ ’ਤੇ ਨਜਿੱਠਣ ਲਈ ਮੁੱਖ ਮੰਤਰੀ ਦਫ਼ਤਰ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਪ੍ਰੈਸ ਬਿਆਨ ਰਾਹੀਂ ਬੇਅਦਬੀ ਕਾਂਡ ’ਤੇ ਬਾਦਲਾਂ ਦੀ ਸ਼ਮੂਲੀਅਤ ਨੂੰ ਮੁੜ ਤੋਂ ਸਟੈਂਡ ਕਰਦੇ ਸ਼ਬਦੀ ਤੀਰੇ ਸਿੰਨ੍ਹ ਦਿੱਤੇ ਗਏ। ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਅੰਦਰੂਨੀ ਸਿਆਸੀ ਦਬਾਅ ਨੂੰ ਮੱਠਾ ਪਾਉਣ ਲਈ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਇਸ ਨਾਜੁਕ ਮਸਲੇ ’ਤੇ ਕਲੀਨ ਚਿੱਟ ’ਤੇ ਯੂ ਟਰਨ ਲੈਂਦਿਆਂ ਮੁੜ ਤੋਂ ਬਾਦਲ ਪਿਉ-ਪੁੱਤ ਉੱਪਰ ਤਿੱਖੇ ਨਿਸ਼ਾਨੇ ਸੇਧਦਿਆਂ ਬਰਗਾੜੀ ਦੀ ਘਟਨਾ ਤੋਂ ਪਹਿਲਾਂ ਬਾਦਲਾਂ ਦੇ ਡੇਰਾ ਸੱਚਾ ਸੌਦਾ ਨਾਲ ਘਿਓ-ਖਿਚੜੀ ਹੋਣ ਅਤੇ ਹਾਲ ਹੀ ’ਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਲਈ ਦਬਾਅ ਪਾ ਕੇ ਜਾਂਚ ਵਿੱਚ ਅੜਿੱਕੇ ਡਾਹੁਣ ਜਿਹੇ ਦੋਸ਼ ਮੜ੍ਹ ਦਿੱਤੇ। ਦੱਸਣਯੋਗ ਹੈ ਕਿ ਮੁਸ਼ਕਿਲਾਂ ਤੋਂ ਘਿਰਨ ਤੋਂ ਡੇਰਾ ਸੱਚਾ ਸੱਚਾ ਸਿਰਸਾ ਸਮੁੱਚੀਆਂ ਸਿਆਸੀ ਧਿਰਾਂ ਦੇ ਆਗੂਆਂ ਦਾ ਮੱਥਾ ਟਿਕਾਊ ਕੇਂਦਰ ਰਿਹਾ ਹੈ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬੰਦੂਕ ’ਚੋਂ ਨਿਕੱਲੀ ਗੋਲੀ ਵਾਂਗ ਅੰਗਰੇਜ਼ੀ ਅਖ਼ਬਾਰ ’ਚ ਛਪੀ ਇੰਟਰਵਿਊ ਦੀ ਸੁਰਖੀ ਹਕੀਕਤ ਬਣ ਕੇ ਲੋਕਮਨਾਂ ਨੂੰ ਤੁਰ ਪਈ ਹੈ। ਅਜਿਹੇ ’ਚ ਹੁਣ ਸੂਬਾ ਸਰਕਾਰ ਧਿਰ ਵੱਲੋਂ ਸ਼ਬਦੀ ਸੰਭਾਲੀ ਦੀਆਂ ਕੋਸ਼ਿਸ਼ਾਂ ਬੇਮਾਇਨੇ ਅਤੇ ਸੰਪੂਰਨ ਤੌਰ ’ਤੇ ਸਿਆਸੀ ਲਹਿਜ਼ੇ ਨਾਲ ਲਬਰੇਜ਼ ਹਨ। ਮਾਹਰਾਂ ਅਨੁਸਾਰ ਅਮਰਿੰਦਰ ਸਿੰਘ ਖੁਦ ਭਾਵੇਂ ਇਸ ਵਾਰ ਬਦਲਾਖੋਰੀ ਵਾਲੀ ਸਿਆਸਤ ਤੋਂ ਦੂਰ ਜਾਪਦੇ ਹਨ ਪਰ ਉਨ੍ਹਾਂ ਦੇ ਸਿਆਸੀ ਸਹਿਯੋਗੀ ਅਜਿਹੇ ਹਾਲਾਤਾਂ ਪੈਦਾ ਕਰਕੇ ਬੇਅਦਬੀ ਦਾ ਮਸਲਾ ਲਗਾਤਾਰ ਭਖਾਉਣ ਅਤੇ ਬਾਦਲਾਂ ਨਾਲ ਕੈਪਟਨ ਦੀ ਜੰਗ ਨੂੰ ਗਰਮਾਏ ਰੱਖਣ ਨੂੰ ਆਪਣੀ ਸਿਆਸੀ ਮੁਹਰਾਤ ਮੰਨਦੇ ਹਨ। ਪੰਜਾਬ ਦੇ ਸਿਆਸਤ ਦੇ ਇੱਕ ਪੁਰਾਣੇ ਜਾਣਕਾਰ ਦਾ ਕਹਿਣਾ ਸੀ ਕਿ ਸਹਿਜੇ ਮੂੰਹੋਂ ਨਿੱਕਲੇ ਸ਼ਬਦਾਂ ਦੇ ਲਹਿਜੇ ਅਤੇ ਸੱਚਾਈ ਨੂੰ ਝੂਠ ਦੇ ਸੌ ਪਰਦੇ ਵੀ ਨਹੀਂ ਮਿਟਾ ਸਕਦੇ। ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ‘ਕਿਸੇ ਵੀ ਨੁਕਤੇ ’ਤੇ ਇਹ ਗੱਲ ਨਹੀਂ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਪੁੱਤਰ ਸੁਖਬੀਰ ਬੇਅਦਬੀ ’ਚ ਸ਼ਾਮਲ ਨਹੀਂ ਹਨ। ਉਨ੍ਹਾਂ ਅਨੁਸਾਰ ਅਖਬਾਰ ਦੀ ਇੰਟਰਵਿਊ ਵਿੱਚ ਕਹੀਆਂ ‘ਗੱਲਾਂ ਆਪਣੇ-ਆਪ ਪ੍ਰਤੱਖ ਹੁੰਦੀਆਂ ਹਨ ਕਿ ਬਾਦਲ ਨੇ ਖੁਦ ਉਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਸੀ ਪਰ ਇਸ ਮਾਮਲੇ ਵਿੱਚ ਉਸ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ ਸੀ।’

1 comment: