18 October 2019

ਬਾਦਲਾਂ ਦੀ ਤੀਜੀ ਪੀੜ੍ਹੀ ਦੇ ਫੁੱਲ ਦਾ 18ਵੇਂ ਸਾਵਣ ’ਚ ਪ੍ਰਵੇਸ਼

* ਦਾਦਾ ਬਾਦਲ ਵੱਲੋਂ ਪੋਤਰੇ ਅਨੰਤਬੀਰ ਨੂੰ ਤੋਹਫ਼ੇ ਵਜੋਂ ਵਿਲੀ ਜੀਪ ਭੇਟ 
* ਕਦੇ ਵੱਡੇ ਬਾਦਲ ਨੇ ਵਿਲੀ ਜੀਪ ਤੋਂ ਆਰੰਭਿਆ ਸੀ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸਿਆਸੀ ਸਫ਼ਰ 

ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ: ਬਾਦਲਾਂ ਦੀ ਤੀਜੀ ਪੀੜ੍ਹੀ ਦਾ ਫੁੱਲ ਅਨੰਤਬੀਰ ਸਿੰਘ ਅੱਜ 18ਵੇਂ ਸਾਵਣ ਵਿੱਚ ਪ੍ਰਵੇਸ਼ ਕਰ ਗਿਆ। ਲਾਡਲੇ ਪੋਤਰੇ ਦੇ ਕਾਨੂੰਨੀ ਤੌਰ ’ਤੇ ਡਰਾਇਵਿੰਗ ਦੇ ਕਾਬਿਲ ਬਣਨ ’ਤੇ ਬਾਬਾ ਬੋਹੜ ਨੇ ਉਸਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਜੀਪ ਦਿੱਤੀ। ਡੱਬਵਾਲੀ ਤੋਂ ਤਿਆਰ ਕਰਵਾਈ ਵਿਲੀ ਜੀਪ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਨੰਤਬੀਰ ਲਈ
ਸਰਪ੍ਰਾਈਜ਼ ਗਿਫ਼ਟ ਸੀ। ਜਿਸਦੇ ਬਾਰੇ ਵੱਡੇ ਬਾਦਲ ਅਤੇ ਅਨੰਤਬੀਰ ਦੇ ਪਿਤਾ ਸੁਖਬੀਰ ਸਿੰਘ ਬਾਦਲ ਨੂੰ ਹੀ ਜਾਣਕਾਰੀ ਸੀ। ਪਟਰੋਲ ਇੰਜਣ ਵਾਲੀ ਗ੍ਰੇ-ਗਰੀਨ ਰੰਗ ਦੀ ਜੀਪ ’ਚ ਅਲਾਇ ਵ੍ਹੀਲ, ਰੇਡੀਅਲ ਟਾਇਰ ਅਤੇ ਫੁੱਲ ਪਾਵਰ ਸਟੇਅਰਿੰਗ ਹੈ। ਜਿਸਨੂੰ ਬਣਨ ਵਿਚਕਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਜੀਪ ਨੂੰ ਮੰਗਵਾ ਕੇ ਵਾਚਿਆ ਸੀ। ਦੱਸਣਯੋਗ ਹੈ ਕਿ ਵਿਲੀ ਜੀਪਾਂ ਦਾ ਸ਼ੌਂਕ ਪੰਜਾਬ ਦੇ ਸਰਮਾਏਦਾਰ ਕਿਸਾਨ ਪਰਿਵਾਰਾਂ ਨੂੰ ਪੁਰਾਣੇ ਸਮੇਂ ਤੋਂ ਰਿਹਾ ਹੈ। ਇਸੇ ਤਰ੍ਹਾਂ ਦੀਆਂ ਵਿਲੀ ਜੀਪਾਂ ਰਾਹੀਂ ਉਸ ਸਮੇਂ ਕੱਚੀਆਂ-ਪੱਕੀਆਂ ਸੜਕਾਂ ’ਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਕੇ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਦਹਾਕਿਆਂ ਪਹਿਲਾਂ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸਿਆਸੀ ਸਫ਼ਰ ਵਿੱਢਿਆ ਸੀ। ਜ਼ਿੰਦਗੀ ਸਿਖ਼ਰਲੇ ਦੌਰ ’ਚ ਵੱਡੇ ਬਾਦਲ ਨੇ ਵਿਲੀ ਜੀਪ ਪ੍ਰਤੀ ਸ਼ੌਂਕ ਨੂੰ ਆਪਣੀ ਤੀਜੀ ਪੀੜੀ ਨਾਲ ਜੋੜ ਕੇ ਪੋਤਰੇ ਨੂੰ ਵੀ ਲੋਕ ਸੇਵਾ ਦੀ ਚਿਣਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਅਨੰਤਬੀਰ ਨੂੰ ਇਹ ਸਰਪ੍ਰਾਈਜ਼ ਤੋਹਫ਼ਾ ਅੱਜ ਦੇਰ ਸ਼ਾਮ ਪਿੰਡ ਬਾਦਲ ਵਿਖੇ ਰਿਹਾਇਸ਼ ’ਤੇ ਉਸਦੇ 18ਵੇਂ ਜਨਮ ਦਿਨ ਮੌਕੇ ਭੇਟ ਕੀਤਾ ਗਿਆ। ਪਰਿਵਾਰਕ ਤੌਰ ’ਤੇ ਮਨਾਏ ਇਸ ਨਿੱਜੀ ਸਮਾਗਮ ਵਿੱਚ ਉਸਦੇ ਦਾਦਾ ਪ੍ਰਕਾਸ਼ ਸਿੰਘ ਬਾਦਲ, ਪਿਤਾ ਸੁਖਬੀਰ ਸਿੰਘ ਬਾਦਲ, ਮਾਤਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਾਮਾ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਨ੍ਹਾਂ ਦਾ ਪਰਿਵਾਰ, ਭੈਣਾਂ ਹਰਕੀਰਤ ਕੌਰ ਅਤੇ ਗੁਰਲੀਨ ਕੌਰ
ਵੀ ਮੌਜੂਦ ਸਨ। ਇਸਤੋਂ ਪਹਿਲਾਂ ਅਨੰਤਬੀਰ ਨੂੰ ਵਧਾਈ ਦੇਣ ਵਾਲਿਆਂ ’ਚ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਹੈਪੀ ਪੀ.ਏ ਅਤੇ ਅਨਮੋਲ ਮਹਿਣਾ ਵੀ ਸ਼ਾਮਲ ਸਨ। ਬਾਦਲਾਂ ਦੇ ਨੇੜਲੇ ਸੂਤਰਾਂ ਅਨੁਸਾਰ ਅਨੰਤਬੀਰ ਵੱਲੋਂ ਕੇਕ ਕੱਟਣ ਮੌਕੇ ਜੀਪ ਦੀ ਚਾਬੀ ਸੌਂਪ ਕੇ ਜਨਮਦਿਨ ਦੀ ਖੁਸ਼ੀ ਨੂੰ ਚੌਗੁਣੀ ਕਰ ਦਿੱਤਾ ਗਿਆ। ਕਰੀਬ 4.25 ਲੱਖ ਰੁਪਏ ਦੀ ਲਾਗਤ ਵਾਲੀ ਵਿਲੀ ਜੀਪ ਨੂੰ ਡੱਬਵਾਲੀ ਦੇ ਬਲਵਿੰਦਰ ਸਿੰਘ ਸੋਨੀ ਉਰਫ਼ ਬਿੰਦਰ ਮਿਸਤਰੀ ਨੇ ਤਿਆਰ ਕੀਤਾ ਹੈ। ਜਿਸਦੀ ਡਿਲੀਵਰੀ ਬੀਤੇ ਐਤਵਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਗਈ। ਜ਼ਿਕਰਯੋਗ ਹੈ ਕਿ ਡੱਬਵਾਲੀ ਵਿੱਚ ਮੋਡੀਫਾਈ ਕੀਤੀਆਂ ਜੀਪਾਂ ਦੇਸ਼ ਭਰ ’ਚ ਮਸ਼ਹੂਰ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਅਮੀਰ ਘਰਾਣੇ ਅਤੇ ਵਪਾਰੀ ਹਰ ਮਹੀਨੇ ਦਰਜਨਾਂ ਦੀ ਤਾਦਾਦ ’ਚ ਡੱਬਵਾਲੀ ਤੋਂ ਗੱਡੀਆਂ ਤਿਆਰ ਕਰਵਾ ਕੇ ਲਿਜਾਂਦੇ ਹਨ। Dabwali Jeep Market ਜੀਪ ਮੋਡੀਫਾਈ ਦੇ ਕਾਰੋਬਾਰ ਨਾਲ ਡੱਬਵਾਲੀ ਦੇ ਲਗਪਗ ਚਾਰ-ਪੰਜ ਸੌ ਪਰਿਵਾਰ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਇਸਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਬਾਦਲ ਪਰਿਵਾਰ ਨੂੰ ਡੱਬਵਾਲੀ ਦੇ ਨਾਮਧਾਰੀ ਟੇਲਰਜ਼ ਦੇ ਬਣਾਏ ਕੁੜਤੇ-ਪਜਾਮਿਆਂ ਦਾ ਸ਼ੌਕੀਨ ਮੰਨਿਆ ਜਾਂਦਾ ਸੀ, ਹੁਣ ਡੱਬਵਾਲੀ ਦੀਆਂ ਜੀਪਾਂ ਪ੍ਰਤੀ ਵੀ ਬਾਦਲਾਂ ਦਾ ਪਿਆਰ ਉਜਾਗਰ ਹੋਇਆ ਹੈ।

No comments:

Post a Comment