17 October 2019

‘ਸਿਆਸੀ ਕੁੱਤੇਖਾਣੀ’ ਜਾਂ ਚੋਣ ਜ਼ਾਬਤਾ!

- ਸੀ.ਐਮ. ਕਾਫ਼ਲੇ ਦੀ ਗੱਡੀ-1 ’ਚ ਬੈਠਣ ਦੇ ਚੱਕਰ ਹਾਸੋਹੀਣੇ ਹਾਲਾਤਾਂ ਦੇ ਸ਼ਿਕਾਰ ਬਣੇ ਰਾਣਾ ਸੋਢੀ
- ਕੈਪਟਨ ਸਰਕਾਰ ਦਾ ਅੰਦਰੂਨੀ ਕਾਟੋ-ਕਲੇਸ਼ ਜੱਗਜਾਹਰ! ਭਖਵੇਂ ਨਤੀਜੇ ਉੱਬਲਣ ਦੇ ਆਸਾਰ

                                                      ਇਕਬਾਲ ਸਿੰਘ ਸ਼ਾਂਤ
ਲੰਬੀ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੂੁਬੇ ਦੀ ਜਨਤਾ ਦੇ ਨਾਲ-ਨਾਲ ਆਪਣਿਆਂ ਨਾਲੋਂ ਵੀ ਦੂਰ ਹੋਣ ਲੱਗੇ ਹਨ। ਅੱਜ ਮਹਾਰਾਜੇ ਦੇ ਸ਼ਾਹੀ ਸੁਭਾਅ ਦੇ ਸ਼ਿਕਾਰ ਸੂਬੇ ਦੇ ਖੇਡ ਮੰਤਰੀ ਅਤੇ ਉਨ੍ਹਾਂ ਦੇ ਨਿੱਜੀ ਕੈਬਨਿਟ ਦੇ ਚਮਕਦੇ ਮੋਤੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਸ਼ਿਕਾਰ ਹੋ ਗਏ। ਜਲਾਲਬਾਦ ਹਲਕੇ ’ਚ ਚੋਣ ਪ੍ਰਚਾਰ ਲਈ ਲੰਬੀ ਹਲਕੇ ਦੇ ਪਿੰਡ ਮੋਹਲਾਂ ਤੋਂ ਰਵਾਨਾ ਹੋਣ ਸਮੇਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਾਫ਼ਲੇ ਦੀ ਸਰਕਾਰੀ ਗੱਡੀ ’ਚ ਨਹੀਂ ਬੈਠਣ ਦਿੱਤਾ ਗਿਆ, ਨਾ ਗੱਡੀ ਕੋਨਵਾਈ ’ਚ ਲੱਗਣ ਦਿੱਤੀ ਗਈ। ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਮੂਹਰੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਨੇ ਕਾਫ਼ੀ ਮਸ਼ੱਕਤ ਕਰਕੇ ਕਾਫ਼ਲੇ ਦੀ ਗੱਡੀ ਨੰਬਰ-1 ’ਚ
ਬੈਠਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਇੱਕ ਨਾ ਚੱਲੀ। ਸੂਬੇ ਦੀਆਂ ਅਤਿ ਤਾਕਤਵਰ ਸਖਸ਼ੀਅਤਾਂ ਸ਼ੁਮਾਰ ਅਤੇ ਮਹਾਰਾਜੇ ਦੇ ‘ਹਮ-ਪਿਆਲਾ' ਅਤੇ ‘ਹਮ-ਨਿਵਾਲਾ’' ਤੱਕ ਮੰਨੇ ਜਾਂਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਪਲਾਂ ’ਚ ਜਨਤਕ ਤੌਰ ’ਤੇ ਸੜਕ ’ਤੇ ਬੇਵੱਸੀ ਅਤੇ ਲਾਚਾਰੀ ਦੇ ਹਾਲਾਤਾਂ ’ਚ ਵਿਖਾਈ ਦਿੱਤੇ। ਇਹ ਸਮੁੱਚਾ ਮਾਮਲਾ ਕਾਫ਼ਲੇ ਦੀ ਗੱਡੀ ਨੰਬਰ-2 ’ਚ ਬੈਠੇ ਮੁੱਖ ਮੰਤਰੀ ਦੇ ਸਾਹਮਣੇ ਵਾਪਰਿਆ, ਪਰ ਮਹਾਰਾਜੇ ਵੱਲੋਂ ਕੋਈ ਪ੍ਰਤਿਕਿਰਿਆ ਨਹੀਂ ਗੱਡੀ ’ਚੋਂ ਬਾਹਰ ਨਹੀਂ ਆਈ। ਚਸ਼ਮਦੀਦਾਂ ਅਨੁਸਾਰ ਮਹਾਰਾਜਾ ਸਾਹਿਬ, ਗੱਡੀ ਅੰਦਰੋਂ ਹੀ ਆਪਣੇ ਅਤਿ ਨੇੜਲੇ ਨਾਲ ‘ਸਿਆਸੀ ਕੁੱਤੇਖਾਣੀ’ ਨੂੰ ਖੁੱਲ੍ਹੀਆਂ ਅੱਖਾਂ ਨਾਲ ਵੇਖਦੇ ਰਹੇ।  ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਘਟਨਾਕ੍ਰਮ ਨਾਲ ਕੈਪਟਨ ਸਰਕਾਰ ਦਾ ਅੰਦਰੂਨੀ ਕਾਟੋ-ਕਲੇਸ਼ ਜੱਗਜਾਹਰ ਹੋਇਆ ਹੈ। ਜਿਸਦੇ ਆਗਾਮੀ ਸਮੇਂ ’ਚ ਭਖਵੇਂ ਨਤੀਜੇ ਉੱਬਲ ਕੇ ਬਾਹਰ ਆ ਸਕਦੇ ਹਨ। ਸਿਆਸੀ ਕਣਸੋਆਂ ਅਨੁਸਾਰ ਜਲਾਲਾਬਾਦ ਹਲਕੇ ਬਾਰੇ ਕੁਝ ਅੰਦਰੂਨੀ ਰਿਪੋਰਟਾਂ ਮਿਲਣ ਕਰਕੇ ਹਕੂਮਤੀ ਕੰਨ ਆਲੇ-ਦੁਆਲੇ ਦਾ ਮਾਹੌਲ ਦਰੁੱਸਤ ਕਰਨ ਲਈ ਸਖ਼ਤੀ ਦੇ ਰੌਂਅ ਵਿੱਚ ਹਨ।
ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਹਲਕੇ ’ਚ ਜ਼ਿਮਨੀ ਚੋਣ ਲਈ ਪ੍ਰਚਾਰ ’ਤੇ ਜਾਣ ਸਮੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਕਰੀਬ ਸਾਢੇ 11 ਵਜੇ ਹੈਲੀਕਾਪਟਰ ’ਤੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਪੁੱਜੇ। ਜਿੱਥੋਂ ਉੁਨ੍ਹਾਂ ਸੜਕ ਰਸਤੇ ਜਲਾਲਾਬਾਦ ਪੁੱਜਣਾ ਸੀ। ਸਰਕਾਰੀ ਸਕੂਲ ’ਚ ਕੁਝ ਸਮਾਂ ਰੁਕਣ ਉਪਰੰਤ ਮੁੱਖ ਮੰਤਰੀ ਹੁਰਾਂ ਦਾ ਕਾਫ਼ਲਾ ਆਪਣੀ ਮੰਜਿਲ ਤੁਰ ਪਿਆ। 1.15 ਮਿੰਟ ਦੀ ਵਾਇਰਲ ਵੀਡਓ ’ਚ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਸਰਕਾਰੀ ਹਾਈ ਸਕੂਲ ਦੇ ਮੂਹਰੇ ਮੁੱਖ ਮੰਤਰੀ ਦੀ ਗੱਡੀਆਂ ਦਾ ਕਾਫ਼ਲਾ ਰੁਕਦਾ ਹੈ। ਵੀਡੀਓ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਾਫ਼ਲੇ ਦੀ  ਗੱਡੀ-1 ਦੀ ਪਿਛਲੀ ਖਿੜਕੀ ਖੋਲ ਕੇ ਲਗਪਗ ਬੈਠਣ ਦੇ ਰੌਂਅ ’ਚ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ, ਮੁੱਖ ਸੁਰੱਖਿਆ ਸਲਾਹਾਕਾਰ ਖੂਬੀ ਨੂੰ ਰੋਸ ਭਰੇ ਲਹਿਜ਼ੇ ’ਚ ਆਖਦੇ ਸੁਣਾਈ ਦਿੰਦੇ ਹਨ ਕਿ ‘ਗੱਡੀ ਲਗਵਾਓ ਫੇਰ ਮੇਰੀ ਕੋਨਵਾਈ ਵਿੱਚ, ਨਹੀਂ ਤਾਂ, ਮੈਂ ਨਹੀਂ ਜਾਵਾਂਗਾ।’ ਜਿਸ ’ਤੇ ਖੂਬੀ ਰਾਮ ਆਖਦੇ ਹਨ ਕਿ ‘ਨਹੀਂ ਲਗੇਗੀ, ਸਰ, ਮੇਰੀ ਬਾਤ ਸੁਣੋ। ਜਿਸ ’ਤੇ ਰਾਣਾ ਸੋਢੀ ਇਤਰਾਜ਼ ਜਤਾਉਂਦੇ ਹਨ ਤਾਂ ਮੁੜ ਖੂਬੀ ਰਾਮ ਆਖਦੇ ਹਨ, ਆਪ ਬੱਸ ਤੱਕ ਆਓ, ਇਹ ਸਰਕਾਰੀ ਗਾਡੀ ਹੈ, ਬੱਸ ਮੇਂ ਬੈਠ ਜਾਣਾ। ਆਪਣੀ ਗਾੜੀ ਮੇਂ। ਇਸੇ ਵਿਚਕਾਰ ਵਿਧਾਇਕ ਰਾਜਾ ਵੜਿੰਗ ਵੀ ਰਾਣੀ ਸੋਢੀ ਲਈ ਹਾਅ ਦਾ ਨਾਅਰਾ ਮਾਰਨ ਲਈ ਪੁੱਜ ਜਾਂਦੇ ਹਨ ਅਤੇ ਖੂਬੀ ਰਾਮ ਵੱਲੋਂ ਨਾ ਸੁਣਨ ’ਤੇ ‘ਠੀਕ ਹੈ ਆਪਕੀ, ‘ਵੱਟ ਦਿਸ ਇਜ਼ ਨਾਟ ਰਾਇਟ’ ਆਖਦੇ ਹੋਏ ਚਲੇ ਜਾਂਦੇ ਹਨ। ਫਿਰ ਖੂਬੀ ਰਾਮ, ਸੋਢੀ ਹੁਰਾਂ ਨੂੰ ਆਖਦੇ ਹਨ ਕਿ ਜਿੱਦ ਨਾ ਕਰੋ, ਮੈਂ ਬਤਾ ਰਹਾਂ ਹੁੰ ਉਨਕੋ।’ ਇਸ ਮਗਰੋਂ ਜਨਤਕ ਤੌਰ ’ਤੇ ਹਾਸੋਹੀਣੇ ਹਾਲਾਤਾਂ ਦੇ ਸ਼ਿਕਾਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਆਪਣੀ ਗੱਡੀ ਦੀ ਉਡੀਕ ਕਰਨ ਲੱਗਦੇ ਹਨ ਅਤੇ ਮੁੱਖ ਮੰਤਰੀ ਦੀ ਗੱਡੀ ਸੋਢੀ ਦੇ ਸਾਹਮਣਿਓਂ ਲੰਘਦੀ ਹੈ ਪਰ ਉਸ ਅੰਦਰੋਂ ਫਿਰ ਵੀ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ। ਘਟਨਾਕ੍ਰਮ ਬਾਰੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਮੋਬਾਇਲ ਕਾਲ ਰਸੀਵ ਨਹੀਂ ਕੀਤੀ।

ਆਜ-ਕੱਲ੍ਹ ਕੋਡ ਆਫ਼ ਕੰਡੈਕਟ ਲਗਾ ਹੂਆ ਹੈ: ਖੂਬੀ ਰਾਮ
ਮੁੱਖ ਮੰਤਰੀ ਪੰਜਾਬ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਦਾ ਕਹਿਣਾ ਸੀ ਕਿ ਰਾਣਾ ਗੁਰਮੀਤ ਸਿੰਘ ਸੋਢੀ ਕਾਫ਼ਲੇ ਦੀ ਸਰਕਾਰੀ ਗਾਡੀ ਮੇਂ ਬੈਠਣਾ ਚਾਹਤੇ ਥੇ, ਮੈਨੇ ਉਨਕੋ ਸਮਝਾਇਆ ਸੀ, ਕਿ ਆਜ-ਕੱਲ੍ਹ ਕੋਡ ਆਫ਼ ਕੰਡੈਕਟ ਲਗਾ ਹੂਆ ਹੈ। ਇਸ ਲਈ ਆਪਣੇ ਇਸ ਮੇਂ ਨਹੀਂ ਬੈਠਣਾ, ਆਪਣੀ ਗਾਡੀਓ ਮੇਂ ਬੈਠੋ। ਖੂਬੀ ਰਾਮ ਨੇ ਕਿਹਾ ਕਿ ਚੁਣਾਵ ਕੇ ਕਾਰਨ ਸਿਰਫ਼ ਏਕ ਗਾਡੀ ਹੈ, ਜੋ ਸੀ.ਐਮ. ਸਾਹਿਬ ਲਈ ਪਾਰਟੀ ਵੱਲੋਂ ਹਾਇਰ ਕੀ ਹੂਈ ਹੈ। ਉਸ ਮੇਂ ਪਹਿਲੇ ਸੇ ਚਾਰ-ਪਾਂਚ ਬੈਠੇ ਹੂਏ ਥੇ। ਇਸ ਮਾਮਲੇ ਮੇਂ ਕੋਈ ਲੜਾਈ ਵਾਲੀ ਬਾਤ ਨਹੀਂ ਹੈ। ਉਨ੍ਹਾਂ ਕਿਹਾ ਕਿ ਯੇ ਕੋਈ ਮਾਮਲਾ ਨਹੀਂ ਹੈ, ਆਪ ਮੀਡੀਆ ਵਾਲੇ ਯੂੰ ਹੀ ਬਣਾ ਦੇਤੇ ਹੋ।’

No comments:

Post a Comment