15 May 2015

ਪੁਲੀਸ ਲਈ ‘ਦੁਕਾਨਾਂ’ ਬਣੀਆਂ ਲੰਬੀ ਦੀਆਂ ਸੜਕਾਂ

                                               ਇਕਬਾਲ ਸਿੰਘ ਸ਼ਾਂਤ
ਲੰਬੀ - ਅੱਜ-ਕੱਲ੍ਹ ਪੰਜਾਬ ਪੁਲੀਸ ਵੀ ਬਿਜਨਸ ਮੈਨ ਬਣਨ ਦੇ ਰਾਹ ਪਈ ਹੋਈ ਹੈ ਜਿਸਦੇ ਲਈ ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਦੀਆਂ ਸੜਕਾਂ ਦੁਕਾਨਾਂ ਬਣੀਆਂ ਹੋਈਆਂ ਹਨ ਇਨ੍ਹਾਂ ਦੁਕਾਨਾਂ ਦੇ ਲੈਣ-ਦੇਣ ਦਾ ਹਿਸਾਬ-ਕਿਤਾਬ ਵੀ ਸੜਕਾਂ ਤੇ ਨਗਦ ਅਤੇ ਖੁੱਲ੍ਹੇਆਮ ਪੂਰੀ ਪਾਰਦਰਸ਼ਿਤਾ ਨਾਲ ਕੀਤਾ ਹੈ ਇਨ੍ਹਾਂ ਦੁਕਾਨਾਂ ਦੇ ਕਾਰੋਬਾਰ ਦਾ ਮੁੱਖ ਜਰੀਆ ਵੀ ਗੁਆਂਢੀ ਸੂਬੇ ਰਾਜਸਥਾਨ ਦੇ ਠੇਕਿਆਂ ਤੋਂ ਪੋਸਤ ਲਿਆਉਣ ਵਾਲੇ ਜ਼ਿਆਦਾ ਪੋਸਤੀ ਜਾਂ ਅਮਲ ਦੀ ਓਟ ਪੋਸਤ ਤਸਕਰੀ ਕਰਨ ਵਾਲੇ ਲੋਕ ਹੁੰਦੇ ਹਨ ਇਨ੍ਹਾਂ ਦੁਕਾਨਾਂ ਨੂੰ ਪੁਲੀਸ ਦੇ ਕਾਗਜ਼ਾਂ ਵਿੱਚ ਟਰੈਫ਼ਿਕ ਵਿਵਸਥਾ ਜਾਂ ਚੈਕਿੰਗ ਲਈ ਲਈ ਨਾਕਾ ਕਿਹਾ ਜਾਂਦਾ ਹੈ ਪਰ ਪੁਲੀਸ ਕਰਮਾਚਾਰੀਆਂ ਦੀ ਮਹਿਜ਼ ਘੰਟੇ 2 ਘੰਟੇ ਮੋਟੀ ਕਮਾਈ ਦਾ ਜਰੀਆ
          ਅਜਿਹੀ ਹੀ ਇੱਕ ਦੁਕਾਨ ਅੱਜ ਦਿਨ-ਦਿਹਾੜੇ ਲੰਬੀ ਵਿਖੇ ਗਿੱਦੜਬਾਹਾ ਤਿੰਨ ਕੋਨੀ ਤੇ ਖੁੱਲ੍ਹੀ ਵਿਖਾਈ ਦਿੱਤੀ ਜਿੱਥੇ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਦੀ ਮਲੋਟ ਤੋਂ ਰਵਾਨਗੀ ਦੇ ਮੱਦੇਨਜ਼ਰ ਲੰਬੀ ਵਿਖੇ ਟਰੈਫ਼ਿਕ ਨੂੰ ਸੂਚਾਰੂ ਰੱਖਣ ਲਈ ਪੁਲੀਸ ਨੇ ਨਾਕਾ ਲਗਾਇਆ ਹੋਇਆ ਸੀ ਉਥੇ ਤਾਇਨਾਤ ਪੁਲੀਸ ਕਰਮਚਾਰੀਆਂ ਨੇ ਦੁਪਿਹਰ ਕਰੀਬ 1:20 ਵਜੇ  ਲੰਬੀ ਤੋਂ ਗਿੱਦੜਬਾਹਾ ਰੂਟ ਦੀ ਬੱਸ ਨੂੰ ਰੋਕਿਆ ਜਿਸਦੇ ਵਿਚੋਂ ਕੁਝ ਅਮਲੀ ਅਤੇ ਹੋਰ ਲੋਕ ਬੱਸ ਦੇ ਕੰਡਕਟਰ ਨਾਲ ਮਗਰਲੀ ਖਿੜਕੀ  ਚੋਂ ਹੇਠਾਂ ਉੱਤਰੇ ਪੁਲੀਸ ਕਰਮਚਾਰੀਆਂ ਨੇ ਕੰਡਕਟਰ ਦੀ ਮੱਦਦ ਨਾਲ ਅਮਲੀਆਂ ਦੀ ਗਿਣਤੀ-ਮਿਣਤੀ ਕਰਦਿਆਂ ਕਿ ਚਾਰ ਸੌ ਲਿਆਓ ਗਿਣਤੀ ਮੱਦਦ ਕਰਨ ਵਾਲੇ ਕੰਡਕਟਰ ਨੇ ਇੱਕ ਵੱਲ ਹੱਥ ਕਰਕੇ ਆਖਿਆ ‘‘ਬਾਕੀਆਂ ਦੇ ਤਾਂ ਗਏ ਬੱਸ ਇਹਦੇ ਰਹਿ ਗਏ’’ ਅਜੇ ਪੰਜਾਬ ਪੁਲੀਸ ਦਾ ਸੜਕ ਤੇ ਬਹੀ-ਖਾਤਾ ਹੀ ਖਿੱਲਰਿਆ ਹੀ ਪਿਆ ਸੀ ਇਤਨੇ ਪੱਤਕਰਾਰ ਦੇ ਕੈਮਰੇ ਦੀ ਚਮਕ ਪੈਣ ਤੇ ਪੁਲੀਸ ਕਰਮਚਾਰੀ ਦੀ ਦੁਕਾਨ ਨੂੰ ਸਮੇਟਦਿਆਂ ਕਹਿਣ ਲੱਗਿਆ, ‘‘ਜਾਓ, ਜਾਓ ਤੁਹਾਡੇ ਕੋਲ ਕੁਝ ਨਹੀਂ’’ ਮਾਮਲਾ ਵਿਗੜਦਾ ਵੇਖ ਕਾਹਲੀ ਅਮਲੀ ਨਾਲ ਬੱਸ ਪੁੱਠੇ ਸਵਾਰ ਹੋ ਗਏ ਅਤੇ ਕੰਡਕਟਰ ਮੂੰਹੇ ਦੇ ਉੱਡੇ ਜਿਹੇ ਰੰਗ ਬੱਸ ਚੱਲਣ ਲਈ ਵ੍ਹੀਸਲ ਮਾਰ ਕੇ ਆਖਣ ਲੱਗਾ, ‘‘ਬਾਈ ਜੀ, ਅਸੀਂ ਕੁਝ ਨਹੀਂ ਦਿੱਤਾ,’’
          ਜਦੋਂ ਕਿ ਸੜਕ ਤੇ ਬੱਸ ਵਿਚੋਂ ਅਮਲੀਆਂ ਤੋਂ ਖੁੱਲ੍ਹੇਆਮ 50-60 ਸਵਾਰੀਆਂ ਦੇ ਸਾਹਮਣੇ ਵਸੂਲੀ ਕਰਕੇ ਖਾਕੀ ਦੇ ਮਾਣ-ਮਰਿਆਦਾ ਅਤੇ ਕਾਨੂੰਨੀ ਸਤਿਕਾਰ ਨੂੰ ਬੇੜੀ ਬੇਸ਼ਰਮੀ ਨਾਲ ਤਾਰ-ਤਾਰ ਕਰ ਰਿਹਾ ਸੀ ਉਸ ਦੌਰਾਨ
ਨਾਕਾ ਇੰਚਾਰਜ਼ ਗੁਰਦੀਪ ਸਿੰਘ ਸੜਕ ਦੇ ਦੂਜੇ ਕੰਢੇ ਇੱਕ ਨੌਜਵਾਨ ਕਾਂਗਰਸ ਆਗੂ ਨਾਲ ਗੱਪਾਂ ਮਾਰ ਰਿਹਾ ਸੀ ਇੱਕ ਚਸ਼ਮਦੀਦ ਨੇ ਅੱਜ ਇਹ ਤੀਜੀ ਬੱਸ ਸੀ ਜਿਸ ਵਿੱਚ ਸਵਾਰ ਅਮਲੀਆਂ ਤੋਂ ਖੁੱਲ੍ਹੇਆਮ ਉਗਰਾਹੀ ਕੀਤੀ ਗਈ ਇਸੇ ਦੌਰਾਨ ਪਿੰਡ ਲੰਬੀ ਦੇ ਇੱਕ ਬਾਸ਼ਿੰਦੇ ਨੇ ਕਿਹਾ ‘‘ਫੋਟੋਆਂ ਖਿੱਚਣ ਕਰਕੇ ਪੁਲੀਸ ਵਾਲੇ ਨੂੰ ਅਮਲੀਆਂ ਕੋਲ ਖੁੱਸੀ ਰਕਮ ਅਗਲੇ ਬੱਸ ਦੇ ਸਟਾਫ਼ ਜਰੀਏ ਪੁਲੀਸ ਕਰਮਚਾਰੀਆਂ ਤੱਕ ਪੁੱਜ ਜਾਵੇਗੀ
          ਸੂਤਰ ਆਖਦੇ ਹਨ ਕਿ ਹਰੀਪੁਰਾ ਤੋਂ ਪੋਸਤ ਲਿਆਉਣ ਵਾਲੇ ਅਮਲੀਆਂ ਤੋਂ 50 ਰੁਪਏ ਪ੍ਰਤੀ ਕਿਲੋ ਵਸੂਲੀ  ਕੀਤੀ ਜਾਂਦੀ ਹੈ ਅਮਲੀਆਂ ਦੀ ਗਿਣਤੀ ਉਪਰੰਤ 50 ਰੁਪਏ ਪ੍ਰਤੀ ਕਿਲੋ ਦੀ ਰਕਮ ਮੌਕੇ ਤੇ ਜਾਂ ਅਗਲੇ ਗੇੜੇ ਦੁਕਾਨਦਾਰ ਪੁਲੀਸ ਕਰਮਚਾਰੀ ਤੱਕ ਪਹੁੰਚਾ ਦਿੱਤੀ ਜਾਂਦੀ ਹੈ ਕੰਦੂਖੇੜਾ ਪੰਜਾਬ ਪੁਲੀਸ ਦੇ ਨਾਕੇ ਤੇ ਵੀ ਹਰ ਗੇੜੇ ਪੰਜਾਬ ਦਾਖਲ ਹੁੰਦੀਆਂ ਬੱਸਾਂ ਆਉਂਦੇ ਅਮਲੀਆਂ ਤੋਂ ਇਕੱਠੇ ਕਰਕੇ ਨਾਕੇ ਵਾਲਿਆਂ ਤੱਕ ਪਹੁੰਚਾ ਦਿੱਤੇ ਜਾਂਦੇ ਹਨ ਹਰੀਪੁਰਾ ਤੋਂ ਅਮਲੀਆਂ ਨੂੰ ਢੋਹਣ ਵਿੱਚ ਅਕਾਲੀ ਆਗੂਆਂ ਦੀਆਂ ਬੱਸਾਂ ਅਹਿਮ ਰੋਲ ਨਿਭਾਉਂਦੀਆਂ ਹਨ ਇਸ ਬਾਰੇ ਲੰਬੀ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਉਕਤ ਨਾਕਾ ਤਾਂ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਦੇ ਮੱਦੇਨਜ਼ਰ ਹੈਵੀ ਟਰੈਫ਼ਿਕ ਨੂੰ ਗਿੱਦੜਬਾਹਾ ਵੱਲ ਦੀ ਭੇਜਣ ਹਿੱਤ ਲਗਾਇਆ ਸੀ ਨਾ ਕਿ ਚੈਕਿੰਗ ਲਈ ਉਨ੍ਹਾਂ ਕਿਹਾ ਕਿ ਪੜਤਾਲ ਕਰਕੇ ਕਰਮਚਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਉਕਤ ਮਾਮਲੇ ਸਬੰਧੀ ਸੰਪਰਕ ਕਰਨ ਤੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਦਾ ਮੋਬਾਇਲ ਸਵਿੱਚ ਆਫ਼ ਰਿਹਾ ਸੀ 

                         ਬੈਲ ਤੋਂ ਨਬਰ ਅਤੇ ਨਾਮ ਪਲੇਟ ਸੀ ਗਾਇਬ
          ਹੈਰਾਨੀ ਦੀ ਗੱਲ ਹੈ ਕਿ ਬੱਸ ਅਮਲੀਆਂ ਤੋਂ ਉਗਰਾਹੀ ਕਰਨ ਵਾਲੇ ਪੁਲੀਸ ਕਰਮਚਾਰੀ ਦੀ ਨਾਮ ਵਾਲੀ ਪਲੇਟ ਗਾਇਬ ਸੀ ਅਤੇ ਉਸਦੀ ਬੈਲਟ ਤੇ ਕਰਮਚਾਰੀ ਨੰਬਰ ਅਤੇ ਜ਼ਿਲ੍ਹੇ ਦੀ ਬਜਾਏ ਸਿਰਫ਼ ‘‘ਪੀ.ਪੀ ਅਤੇ ਪੰਜਾਬ ਪੁਲੀਸ ਹੀ ਲਿਖਿਆ ਹੋਇਆ ਸੀ ਜਦੋਂ ਨਿਯਮਾਂ ਅਨੁਸਾਰ ਕਰਮਚਾਰੀ ਦੀ ਬੈਲਟ ਤੇ ਉਸਦਾ ਨੰਬਰ ਅਤੇ ਨਾਮ ਵਾਲੀ ਪਲੇਟ ਲਾਜਮੀ ਹੈ 

15 March 2015

ਮੋਦੀ ਮੁੱਢੋਂ ਹੀ ਵਿਸਾਰੇ, ਮਨਮੋਹਨ ਅੱਜ ਵੀ ਪਿਆਰੇ

 -ਪੰਜਾਬ ਸਰਕਾਰ ਦੀ ਆਨਲਾਈਨ ਟੈਲੀਫੋਨ ਡਾਇਰੈਕਟਰੀ ਮੁਤਾਬਕ ਡਾ. ਮਨਮੋਹਨ ਸਿੰਘ ਅੱਜ ਵੀ ਪ੍ਰਧਾਨ ਮੰਤਰੀ-
-ਨੀਤੀ ਆਯੋਗ ਹੁਣ ਵੀ ਯੋਜਨਾ ਕਮਿਸ਼ਨ, ਡਾ. ਮੋਨਟੇਕ ਸਿੰਘ ਆਹਲੂਵਾਲੀਆ ਹਨ ਡਿਪਟੀ ਚੇਅਰਮੇਨ

                                                 ਇਕਬਾਲ ਸਿੰਘ ਸ਼ਾਂਤ
ਲੰਬੀ : ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆਂ ਪੌਣੇ ਸਾਲ ਤੋਂ ਵੱਧ ਹੋ ਗਿਆ ਪਰ ਅੱਜ ਵੀ ਵੇਲਾ ਵਿਹਾਅ ਚੁੱਕੇ ਡਾ. ਮਨਮੋਹਨ ਸਿੰਘ ਹੀ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਪੰਜਾਬ ਸਰਕਾਰ ਦੀ ਵੈਬਸਾਈਟ www.punjabgovt.gov.in ’ਤੇ ਮੁੱਖ ਪੰਨੇ ਉੱਪਰ ਅਪਲੋਡ ਆਨਲਾਈਨ ਟੈਲੀਫੋਨ ਡਾਇਰੈਕਟਰੀ ਅਨੁਸਾਰ ਅੱਜ ਯੂ.ਪੀ.ਏ ਦੀ ਸਰਕਾਰ ਹੈ ਅਤੇ ਲੋਕਸਭਾ ਦੇ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਹਨ। ਸੂਬਾ ਸਰਕਾਰ ਦੇ ਹੁਕਮਰਾਨਾਂ ਦੇ ਅੰਦਰੂਨੀ ਮਨਸ਼ਿਆਂ ਨੂੰ ਜਾਹਰ ਕਰਦੇ ਉਕਤ ਵੇਰਵੇ ਆਨ ਲਾਈਨ ਡਾਇਰੈਕਟਰੀ ਦੇ ਸਫ਼ਾ ਨੰਬਰ 97 ਅਤੇ 98 ਉੱਪਰ ਦਰਜ ਹਨ। 
177 ਸਫ਼ਿਆਂ ਦੀ ਆਨਲਾਈਨ ਟੈਲੀਫੋਨ ਡਾਇਰੈਕਟਰੀ ਮੁਤਾਬਕ ਸਿਆਸੀ ਵਖਰੇਵੇਂ ਦੇ ਬਾਵਜੂਦ ਡਾ. ਮਨਮੋਹਨ ਸਿੰਘ ਸਰਕਾਰ ਤੋਂ ਸੂਬੇ ਲਈ ਰੱਜਵੇਂ ਕੇਂਦਰੀ ਫੰਡ ਹਾਸਲ ਕਰਨ ਵਾਲੀ ਪੰਜਾਬ ਸਰਕਾਰ ਲਈ ਦੇਸ਼ ਦੇ ਸਿਆਸੀ ਮੁਹਾਂਦਰਾ ਤਬਦੀਲ ਹੋਣ ਉਪਰੰਤ ਅੱਜ ਵੀ ਪਲਾਨਿੰਗ ਕਮਿਸ਼ਨ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਹਨ ਅਤੇ ਉਪ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ। ਜਦੋਂਕਿ ਹਕੀਕੀ ਤੌਰ ’ਤੇ ਮੌਜੂਦਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵੱਲੋਂ ਪਲਾਨਿੰਗ ਕਮਿਸ਼ਨ ਨੂੰ ਭੰਗ ਕਰਕੇ ਨਵੇਂ ਸਵਰੂਪ ਵਿੱਚ ‘ਨੀਤੀ ਆਯੋਗ’ ਵਜੋਂ ਕਾਇਮ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਆਨ ਲਾਈਨ ਦੇ ਨਾਲ-ਨਾਲ 2015 ਦੀ ਪ੍ਰਿੰਟਡ ਡਾਇਰੀ ਵੀ ਅਕਾਲੀ ਸਰਕਾਰ ਦੀ ਭਾਜਪਾ ਨਾਲ ਮਨੋ-ਮਨੀ ਖਟਾਸ ਨੂੰ ਉਜਾਗਰ ਕਰਦੀ ਹੈ। ਇਸਦੇ ਇਲਾਵਾ ਪੰਜਾਬ ਸਰਕਾਰ ਦੀ 2015 ਸਾਲ ਦੀ ਪ੍ਰਿੰਟਡ ਡਾਇਰੀ ਅੰਦਰਲੀ ਟੈਲੀਫੋਨ ਡਾਇਰੈਕਟਰੀ ਵੀ ਖਾਮੀਆਂ ਤੋਂ ਸੱਖਣੀ ਨਹੀਂ ਹੈ। ਇਸਦੇ ਸਫ਼ਾ 71 ’ਤੇ ਦਰਜ ਜਾਣਕਾਰੀ ਵਿਚ ਕੌਮੀ ‘ਨੀਤੀ ਆਯੋਗ’ ਦੀ ਜਗ੍ਹਾ ਪੁਰਾਣਾ ਨਾਂਅ ‘ਯੋਜਨਾ ਕਮਿਸ਼ਨ’ ਤਾਂ ਦਰਜ ਹੈ ਹੀ। ਇਸਦੇ ਇਲਾਵਾ ਯੋਜਨਾ ਕਮਿਸ਼ਨ ਦੇ ਵੇਰਵਿਆਂ ’ਚ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਤਾਂ ਸਭ ਤੋਂ ਉੱਪਰ ਲਿਖਿਆ ਗਿਆ ਹੈ ਪਰ ਉਨ੍ਹਾਂ ਦਾ ਨਾਂਅ ਹੇਠਾਂ ਆਯੋਗ ਦੇ ਚੇਅਰਮੈਨ ਵਜੋਂ ਅਹੁਦੇ ਦਾ ਕੋਈ ਜ਼ਿਕਰ ਨਹੀਂ ਹੈ। ਜਦੋਂਕਿ ਆਨ ਲਾਈਨ ਡਾਇਰੈਕਟਰੀ ’ਚ ਸਫ਼ਾ 97 ’ਤੇ ਯੋਜਨਾ ਕਮਿਸ਼ਨ ਦੇ ਵੇਰਵਿਆਂ ਅੰਦਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਂਅ ਨਾਲ ਬਕਾਇਦਾ ਤੌਰ ’ਤੇ ਅੰਗਰੇਜ਼ੀ ’ਚ ਪ੍ਰਧਾਨ ਮੰਤਰੀ/ਚੇਅਰਮੈਨ’ ਦਰਜ ਹੈ।
ਕਰੀਬ 10 ਮਹੀਨੇ ਪਹਿਲਾਂ ਵਜੂਦ ਹੇਠ ਆਈ ਨਰਿੰਦਰ ਮੋਦੀ ਸਰਕਾਰ ਦੀ ਜਾਣਕਾਰੀ ਤੋਂ ਵਾਂਝੀ ਅੰਗਰੇਜ਼ੀ ਭਾਸ਼ਾ ਵਾਲੀ ਆਨਲਾਈਨ ਟੈਲੀਫੋਨ ਡਾਇਰੈਕਟਰੀ ’ਚ ਸੂਬੇ ਦੀ ਮਾਂ ਬੋਲੀ ਪੰਜਾਬੀ ਨੂੰ ਸਪੱਸ਼ਟ ਰੂਪ ਵਿਸਾਰਿਆ ਗਿਆ ਹੈ। ਜਿੱਥੇ ਸੂਬਾ ਸਰਕਾਰ ਦੀ ਸਲਾਨਾ ਡਾਇਰੀ ਦੇ ਅੰਤਲੇ ਪੰਨਿਆਂ ’ਚ ਪ੍ਰਕਾਸ਼ਿਤ ਡਾਇਰੈਕਟਰੀ ਵਿਚ ਪਹਿਲਾਂ ਪੰਜਾਬੀ ਅਤੇ ਹੇਠਾਂ ਅੰਗਰੇਜ਼ੀ ਭਾਸ਼ਾ ’ਚ ਜਾਣਕਾਰੀ ਦਰਜ ਕੀਤੀ ਜਾਂਦੀ ਹੈ। ਉਸਦੇ ਉਲਟ ਆਨਲਾਈਨ ਡਾਇਰੈਕਟਰੀ ’ਚ ਸਿਰਫ਼ ਅੰਗਰੇਜ਼ੀ ਭਾਸ਼ਾ ਦਾ ਬੋਲਬਾਲਾ ਹੈ। ਅਜੋਕੇ ਸੂਚਨਾ ਤਕਨੀਕ ਦੇ ਇੰਟਰਨੈੱਟ-ਮੋਬਾਇਲ ਯੁੱਗ ਵਿੱਚ ਜ਼ਿਆਦਾਤਰ ਲੋਕ ਚੰਡੀਗੜ੍ਹ ’ਚ ਸਥਿਤ ਸਰਕਾਰੀ ਦਫ਼ਤਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੰਬਰਾਂ ਦੀ ਜਾਣਕਾਰੀ ਲਈ ਆਨਲਾਈਨ ਡਾਇਰੈਕਟਰੀ ਦਾ ਸਹਾਰਾ ਲੈਂਦੇ ਹਨ। ਸੂਚਨਾ ਤਕਨੀਕ ਦੇ ਯੁੱਗ ਪਲ-ਪਲ ਬਦਲਦੇ ਸਿਆਸੀ ਅਤੇ ਪ੍ਰਸ਼ਾਸਨਿਕ ਮਾਹੌਲ ਵਿੱਚ ਪੰਜਾਬ ਦਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਆਨਲਾਈਨ ਤੌਰ ’ਤੇ ਕਰੀਬ ਪੌਨੇ ਦੋ ਸਾਲ ਪਿਛਾਂਹ ਚੱਲ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਡਿਜਾਇਨ ਉਕਤ ਆਨ ਲਾਈਨ ਡਾਇਰੈਕਟਰੀ ਸਰਕਾਰੀ ਵੈੱਬਸਾਈਟ ’ਤੇ 20 ਜੂਨ 2013 ਨੂੰ ਅਪਲੋਡ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋਕ ਸੰਪਰਕ ਵਿਭਾਗ ਨੂੰ ਚੁਸਤ-ਦਰੱੁਸਤ ਬਣਾਉਣ ਦੇ ਦਮਗੱਜੇ ਭਰੇ ਜਾਂਦੇ ਹਨ ਪਰ ਸੂਚਨਾ ਤਕਨੀਕ ਦੇ ਯੁੱਗ ’ਚ ਦੁਨੀਆਂ ਪੱਧਰ ’ਤੇ ਚਿਹਰੇ-ਮੋਹਰੇ ਦਾ ਕਾਰਜ ਕਰਦੀ ਵੈੱਬਸਾਈਟ ਉੱਪਰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਨਾਲ ਜੁੜੀ ਜਾਣਕਾਰੀ ਨੂੰ ਦਰਜ ਨਾ ਕਰਨਾ ਤਕਨੀਕੀ ਗਲਤੀ ਦੇ ਨਾਲ-ਨਾਲ ਕਈ ਸਿਆਸੀ ਕਿਆਫ਼ਿਆਂ ਵੱਲ ਵੀ ਇਸ਼ਾਰਾ ਕਰਦੀ ਹੈ। 

13 March 2015

ਚੰਡੀਗੜ੍ਹ ’ਚ ਅਕਾਲੀ ਦਲ ਦੀ ਵਿਦਿਆਰਥੀ ਰਾਜਨੀਤੀ ਦੇ ਸਿਖ਼ਰ ਨੂੰ ਪੁੱਜਿਆ ਮਿੱਡੂਖੇੜੀਆਂ ਦਾ ਠੋਕਵਾਂ ਅੰਦਾਜ਼

 - ਲੰਬੀ ਹਲਕੇ ਦੇ ਜੰਮਪਲ ਸੋਈ ਚੰਡੀਗੜ੍ਹ ਦੇ ਨਵੇਂ ਪ੍ਰਧਾਨ ਵਿਕਰਮਜੀਤ ਮਿੱਡੂਖੇੜਾ ਲਈ ਚੁਣੌਤੀਆਂ ਭਰੀ ਰਾਹ- 
                                                       
                                                               

                                                      - ਇਕਬਾਲ ਸਿੰਘ ਸ਼ਾਂਤ  -   
ਲੰਬੀ/ਚੰਡੀਗੜ੍ਹ : ‘ਜੁੱਸੇ’ ਭਰੀ ਸਰਦਾਰੀ ਮੜ੍ਹਕ ਅਤੇ ਠੋਕਵੇਂ ਅੰਦਾਜ਼ ਲਈ ਮਜ਼ਹੂਰ ਲੰਬੀ ਹਲਕੇ ਦੇ ਮਿੱਡੂਖੇੜੀਆਂ ਦਾ ਠਰ੍ਹੰਮਾ ਹੁਣ ਕੇਂਦਰ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ’ਚ ਅਕਾਲੀ ਦਲ ਦੀ ਵਿਦਿਆਰਥੀ ਰਾਜਨੀਤੀ ਦੇ ਸਿਖ਼ਰ ਨੂੰ ਪੁੱਜ ਗਿਆ ਹੈ। ਬੀਤੇ ਦਿਨ੍ਹੀਂ ਅਕਾਲੀ ਦਲ ਵੱਲੋਂ ਵਿਦਿਆਰਥੀ ਸੰਗਠਨ ‘ਸੋਈ’ ਦੇ ਚੰਡੀਗੜ੍ਹ (ਯੂ.ਟੀ) ਦਾ ਪ੍ਰਧਾਨ ਥਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥੀ ਸੰਗਠਨ ਸੋਪੂ ਵੱਲੋਂ 2 ਵਾਰ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੀ ਅਹਿਮ ਜੁੰਮੇਵਾਰੀ ਸਾਂਭ ਚੱੁਕੇ ਪਿੰਡ ਮਿੱਡੂਖੇੜਾ ਦੇ ਨੌਜਵਾਨ ਅਤੇ ਸੋਪੂ ਦੇ ਪ੍ਰਧਾਨ ਰਹੇ ਵਿਕਰਮਜੀਤ ਸਿੰਘ ਮਿੱਡੂਖੇੜਾ ਨੇ ਅਜੇ ਪਿਛਲੇ ਵਰ੍ਹੇ 26 ਫਰਵਰੀ ਨੂੰ ਸੋਈ ’ਚ ਸ਼ਮੂਲੀਅਤ ਕੀਤੀ ਸੀ। 
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵਰਗ ਵਿੱਚ ਕਾਫ਼ੀ ਵੱਡਾ ਵਕਾਰ ਰੱਖਦਾ ਵਿਕਰਮਜੀਤ ਭਾਵੇਂ ਸਰੀਰਕ ਪੱਖੋਂ ਛੋਟੇ ਕੱਦ ਵਾਲਾ ਹੈ, ਪਰ ਪੰਜਾਬ ਅਤੇ ਹਰਿਆਣਾ ਦੀ ਸਿਆਸੀ ਰੂਹ ਚੰਡੀਗੜ੍ਹ ’ਚ ਨੌਜਵਾਨ ਖਾਸਕਾਰ ਵਿਦਿਆਰਥੀ ਸੰਗਠਨ ਦੀ ਜੁੰਮੇਵਾਰੀ ਸੌਂਪ ਕੇ ਐਮ.ਬੀ.ਏ ਸਿਆਸਤ ਦੇ ਧਾਰਨੀ ਸ਼ੋ੍ਰਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਕਰਮਜੀਤ ’ਤੇ ਵੱਡਾ ਦਾਅ ਖੇਡਿਆ ਹੈ। ਉਹ ਵੀ ਅਜਿਹੇ ਹਾਲਾਤਾਂ ਵਿਚ ਜਦੋਂ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ’ਤੇ ਕਾਂਗਰਸ ਦੇ ਵਿੰਗ ਐਨ.ਐਸ.ਯੂ.ਆਈ ਦਾ ਕਬਜ਼ਾ ਹੈ ਅਤੇ ਏ.ਬੀ.ਵੀ.ਪੀ (ਭਾਜਪਾ) ਨਾਲ ਮੁਕਾਬਲਾ ਹੈ। ਸੂਤਰਾਂ ਅਨੁਸਾਰ ਦਿੱਲੀ ’ਚ ਸਭ ਦਾ ਸੂਪੜਾ ਸਾਫ਼ ਕਰ ਚੁੱਕੀ ਆਮ ਆਦਮੀ ਪਾਰਟੀ ਵੀ ਛੇਤੀ ਪੰਜਾਬ ਯੂਨੀਵਰਸਿਟੀ ਵਿੱਚ ਆਗਾਜ਼ ਕਰਨ ਦੇ ਰੌਂਅ ਵਿਚ ਹੈ।  ਭਾਵੇਂ 22 ਸਾਲ ਤੱਕ ਪਿੰਡ ਮਿੱਡੂਖੇੜਾ ਦੇ ਲਗਾਤਾਰ ਸਰਪੰਚ ਰਹੇ ਸ. ਗੁਰਦਿਆਲ ਸਿੰਘ ਮਿੱਡੂਖੇੜਾ ਦੇ ਫਰਜੰਦ ਵਿਕਰਮਜੀਤ ਸਿੰਘ ਨੂੰ ਸਿਆਸਤ ਦੀ ਗੁੜ੍ਹਤੀ ਜਮਾਂਦਰੂ ਮਿਲੀ ਹੈ, ਪਰ ਤੀਹਰੇ-ਚੋਹਰੇ ਸਿਆਸੀ ਦਬਾਅ ਵਾਲੇ ਚੰਡੀਗੜ੍ਹ ਦੇ ਰਾਜਨੀਤਿਕ ਮੈਦਾਨ ’ਚ ਸੋਈ ਨੂੰ ਚੜ੍ਹਦੀ ਕਲਾ ’ਚ ਲਿਜਾਣ ਪ੍ਰਤੀ ਜੁੰਮੇਵਾਰੀਆਂ ਭਰੀ ਪਾਰੀ ਵਿਕਰਮਜੀਤ ਮਿੱਡੂਖੇੜਾ ਲਈ ਕਾਫ਼ੀ ਚੁਣੌਤੀਆਂ ਭਰੀ ਹੋਵੇਗੀ। 
ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਜਰੀਏ ਚੰਡੀਗੜ੍ਹ ਦੀ ਵਿਦਿਆਰਥੀ ਰਾਜਨੀਤੀ ਬਾਰੇ ਸੁਚੱਜੀ ਸਮਝ ਅਤੇ ਪਕੜ ਰੱਖਦੇ ਨਵ ਨਿਯੁਕਤ ਪ੍ਰਧਾਨ ਵਿਕਰਮਜੀਤ ਸਿੰਘ ਮਿੱਡੂਖੇੜਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਮੁਖੀ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਸੋਈ ਨੂੰ 5 ਜੋਨਾਂ ਵੰਡਿਆ ਹੈ, ਉਥੇ ਪਾਰਟੀ ਵੱਲੋਂ ਚੰਡੀਗੜ੍ਹ (ਯੂ.ਟੀ.) ਇਕਾਈ ਦੀ ਸਮੁੱਚੀ ਜੁੰਮੇਵਾਰੀ ਉਨ੍ਹਾਂ ਨੂੰ ਸੌਂਪਣ ਕਰਕੇ ਹਾਈਕਮਾਂਡ ਦੇ ਤਹਿਦਿਲੋਂ ਧੰਨਵਾਦੀ ਹਨ। ਸ੍ਰੀ ਮਿੱਡੂਖੇੜਾ ਨੇ ਦਾਅਵਾ ਕਰਦਿਆਂ ਕਿਹਾ ਕਿ  ਬੀਤੇ ਪੀ.ਯੂ. ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ’ਚ ਸੋਈ ਮਹਿਜ਼ 58 ਵੋਟਾਂ ਨਾਲ ਪ੍ਰਧਾਨਗੀ ਅਹੁਦੇ ਤੋਂ ਖੁੰਝ ਗਈ ਸੀ ਪਰ ਹੁਣ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਛਤਰਛਾਇਆ ਹੇਠ ‘ਸੋਈ’ ਚੰਡੀਗੜ੍ਹ ਦੀ ਵਿਦਿਆਰਥੀ ਰਾਜਨੀਤੀ ਵਿੱਚ ਆਪਣਾ ਝੰਡਾ ਲਾਜਮੀ ਤੌਰ ’ਤੇ ਬੁਲੰਦ ਕਰੇਗੀ। ਵਿਕਰਮਜੀਤ ਸਿੰਘ ਮਿੱਡੂਖੇੜਾ ਨੇ ਨਵੀਂ ਪਾਰੀ ਸ਼ੁਰੂ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਸੋਈ ਦੇ ਆਗੂ ਅਮਰਿੰਦਰ ਸਿੰਘ ਬਰਾੜ ਅਤੇ ਰਛਪਾਲ ਸਿੰਘ ਹਾਕੂਵਾਲਾ ਵੀ ਮੌਜੂਦ ਸਨ। -98148-26100