10 April 2011

ਚੌਟਾਲਿਆਂ ਦੀ ਪ੍ਰੇਰਣਾ ਨਾਲ ਅਕਾਲੀ ਬਣੇ ਵਿਅਕਤੀ ਅਕਾਲੀ ਸਰਪੰਚ ਦੇ ਪਤੀ ਦੀ ਧੱਕੇਸ਼ਾਹੀ ਦਾ ਸ਼ਿਕਾਰ

-ਇਕ਼ਬਾਲ ਸਿੰਘ ਸ਼ਾਂਤ-

ਮੁੱਖ ਮੰਤਰੀ ਪੰਜਾਬ ਦੇ ਹਲਕੇ ਲੰਬੀ ਦੇ ਪਿੰਡ ਵੜਿੰਗਖੇੜਾ ਵਿਚ ਸਾਲ 2007 ਦੀਆਂ ਵਿਧਾਨਸਭਾ ਚੋਣਾਂ ਸਮੇਂ ਹਰਿਆਣੇ ਦੇ ਚੌਟਾਲਾ ਪਰਿਵਾਰ ਦੀ ਪ੍ਰੇਰਣਾ ਸਦਕਾ ਕਾਂਗਰਸ ਨੂੰ ਤਿਆਗ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਵਿਅਕਤੀਆਂ ਨੂੰ ਪਿੰਡ ਦੀ ਮਹਿਲਾ ਅਕਾਲੀ ਸਰਪੰਚ ਦੇ ਅਕਾਲੀ ਆਗੂ ਪਤੀ ਵੱਲੋਂ ਕਥਿਤ ਧੱਕੇਸ਼ਾਹੀ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਅਤੇ ਹਰਿਆਣਾ ਨਾਲ ਖਹਿੰਦੇ ਪੰਜਾਬ ਦੇ ਸਰਹੱਦੀ ਪਿੰਡ ਵੜਿੰਗਖੇੜਾ ਦੀ 25 ਏਕੜ ਪੰਚਾਇਤੀ ਜ਼ਮੀਨ ਨੂੰ ਕਈ ਵਰਿ•ਆਂ ਤੋਂ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ 5 ਕਿਸਾਨਾਂ ਧਰਮਪਾਲ, ਰਾਮ ਕਰਨ, ਜੱਗਾ ਸਿੰਘ, ਜਸਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 9 ਅਪ੍ਰੈਲ 2010 ਨੂੰ ਸਰਕਾਰੀ ਅਨੂਸਾਰ ਖੁੱਲੀ ਬੋਲੀ ਵਿਚ 5-5 ਏਕੜ ਪੰਚਾਇਤੀ ਜ਼ਮੀਨ 87 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 36 ਹਜ਼ਾਰ ਰੁਪਏ ਤੱਕ ਠੇਕੇ 'ਤੇ ਲਈ ਸੀ। ਸੱਤਾ ਪੱਖ ਅਕਾਲੀ ਦਲ ਨਾਲ ਸਬੰਧਤ ਉਕਤ ਕਿਸਾਨਾਂ ਨੇ ਆਖਿਆ ਕਿ ਪੰਚਾਇਤੀ ਜ਼ਮੀਨ ਨੂੰ ਠੇਕੇ 'ਤੇ ਦੇਣ ਸਮੇਂ ਪੰਚਾਇਤ ਵੱਲੋਂ ਉਕਤ ਰਕਬੇ ਵਿਚ ਨਹਿਰੀ ਪਾਣੀ ਘੱਟ ਲੱਗਦਾ ਹੋਣ ਕਰਕੇ ਨਰਮੇ ਦੀ ਫਸਲ ਤੋਂ ਪੰਚਾਇਤੀ ਜ਼ਮੀਨ ਨੂੰ ਸਰਹਿੰਦ ਫੀਡਰ ਤੋਂ ਲਿਫ਼ਟ ਪੰਪ ਦਾ ਪਾਣੀ ਪਹੁੰਚਦਾ ਕਰਕੇ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ ਪਰ ਨਰਮੇ ਦੀ ਫਸਲ ਪੱਕਣ ਤੱਕ ਸਰਪੰਚ ਦੇ ਅਕਾਲੀ ਆਗੂ ਪਤੀ ਗੁੱਡੂ ਸਿੰਘ, ਜੋ ਕਿ ਖੁਦ ਹੀ ਪੰਚਾਇਤੀ ਕੰਮ ਵਿਚ ਪੂਰੀ ਤਰਾਂ ਦਖਲਅੰਦਾਜ਼ੀ ਰੱਖਦਾ ਹੈ, ਨੇ ਉਕਤ ਮਾਮਲੇ ਬਾਰੇ ਕੋਈ ਠੋਸ ਕਦਮ ਨਹੀਂ ਪੁੱਟਿਆ। ਚੌਧਰੀ ਧਰਮਪਾਲ ਨੇ ਕਿਹਾ ਕਿ ਗੁੱਡੂ ਸਿੰਘ ਵੱਲੋਂ ਇੱਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਨਰਮੇ ਦੀ ਫ਼ਸਲ ਮੌਕੇ ਕੱਚੇ ਖਾਲ ਨੂੰ ਕਥਿਤ ਤੌਰ 'ਤੇ ਢੁਆ ਦਿੱਤੇ ਜਾਣ ਕਰਕੇ ਨਰਮੇ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ। ਕਿਸਾਨ ਰਾਮਕਰਨ ਨੇ ਕਿਹਾ ਕਿ ਲਿਫ਼ਟ ਪੰਪਾਂ ਦਾ ਪਾਣੀ ਨਾ ਮਿਲਣ ਅਤੇ ਜ਼ਮੀਨੀ ਪਾਣੀ ਮਾੜਾ ਹੋਣ ਕਰਕੇ ਉਨਾਂ ਦੀ ਨਰਮੇ ਦੀ ਫ਼ਸਲ ਦਾ ਝਾੜ ਸਿਰਫ਼ 11-12 ਮਨ ਪ੍ਰਤੀ ਏਕੜ ਤੱਕ ਰਹਿ ਗਿਆ। ਚੌਧਰੀ ਧਰਮਪਾਲ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਵਾਰ-ਵਾਰ ਮਿੰਨਤਾਂ ਕਰਨ ਦੇ ਉਪੰਰਤ ਪੰਚਾਇਤ ਨੇ ਠੇਕੇ ਦੇ 6 ਮਹੀਨੇ ਲੰਘ ਜਾਣ ਬਾਅਦ 23 ਅਕਤੂਬਰ 2010 ਨੂੰ ਲਿਫ਼ਟ ਪੰਪ ਦੀ ਪਾਈਪਾਂ ਪੁਆ ਦਿੱਤੀਆਂ ਪਰ ਸਾਨੂੰ ਠੇਕੇ ਤੋਂ ਭਜਾਉਣ ਦੀਆਂ ਕੋਝੀਆਂ ਕਾਰਵਾਈਆਂ ਲਗਾਤਾਰ ਜਾਰੀ ਰਹੀਆਂ। ਜਿਸਦੇ ਤਹਿਤ ਅਕਾਲੀ ਆਗੂ ਗੁੱਡੂ ਸਿੰਘ ਨੇ ਇੱਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਤਕਰੀਬਨ ਡੇਢ ਮਹੀਨੇ ਪਹਿਲਾਂ ਲਿਫ਼ਟ ਪੰਪ ਦੀਆਂ ਦੋਵੇਂ ਘੜੋਈਆਂ ਢਾਹ ਦਿੱਤੀਆਂ। ਜਿਸ ਦੇ ਨਤੀਜੇ ਵਜੋਂ ਪਾਣੀ ਨਾ ਪਹੁੰਚਣ ਕਰਕੇ ਕਣਕ ਦੀ ਫ਼ਸਲ ਸੁੱਕਣ ਕਿਨਾਰੇ ਪੁੱਜ ਗਈ ਤੇ ਉਨ•ਾਂ ਨੂੰ ਮਹਿੰਗੇ ਭਾਅ ਦਾ ਡੀਜਲ ਖਰਚ ਕੇ ਟਿਊਬਵੱੈਲ ਦੇ ਪਾਣੀ ਰਾਹੀਂ ਆਪਣੀ ਫ਼ਸਲਾਂ ਪਾਲਣੀਆਂ ਪਈਆਂ ਤੇ ਜ਼ਮੀਨੀ ਪਾਣੀ ਮਾੜਾ ਹੋਣ ਕਰਕੇ ਕਣਕ ਦੇ ਝਾੜ 'ਤੇ ਪਿਆ ਹੈ। ਜਦੋਂਕਿ ਪਿੰਡ ਦੇ ਇੱਕ ਹੋਰ ਕਿਸਾਨ ਸਵਰਨ ਸਿੰਘ ਨੇ ਕਿਹਾ ਕਿ ਇਹ ਘੜੋਈਆਂ (ਹਾਉਦੀਆਂ) ਪੰਚਾਇਤ ਨੇ ਬਣਵਾਈਆਂ ਸਨ ਅਤੇ ਪੰਚਾਇਤ ਨੇ ਢੁਆ ਦਿੱਤੀਆਂ। ਚੌਧਰੀ ਧਰਮਪਾਲ ਹੁਰਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਹੁਰਾਂ ਵੱਲੋਂ ਸਿਰੋਪਾਓ ਦਿੱਤੇ ਜਾਣ ਦੀ ਫੋਟੋਆਂ ਵਿਖਾਉਂਦਿਆਂ ਕਿਹਾ ਕਿ ਅਸੀਂ ਵੀ ਅਕਾਲੀ ਦਲ ਦੇ ਨਿਸ਼ਠਾਵਾਨ ਵਰਕਰਾਂ ਹਾਂ ਤੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਪਰਿਵਾਰ ਦੀ ਪ੍ਰੇਰਣਾ ਸਦਕਾ ਕਾਂਗਰਸ ਨਾਲੋਂ ਨਾਤਾ ਤੋੜ ਕੇ ਸੱਤਾ ਪੱਖ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀ ਪਰ ਗੁੱਡੂ ਸਿੰਘ ਦੀਆਂ ਕਥਿਤ ਧੱਕੇਸ਼ਾਹੀਆਂ ਕਰਕੇ ਸਾਡਾ ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸੀਂ ਇਹ ਮਾਮਲਾ ਆਪਣੇ ਨਾਨਕੇ ਪਿੰਡ ਵਿਖੇ ਚੌਟਾਲਾ ਪਰਿਵਾਰ ਕੋਲ ਵੀ ਲੈ ਕੇ ਜਾਵਾਂਗੇ। ਇਨ•ਾਂ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਪੰਚਾਇਤ ਜ਼ਮੀਨ ਵਿਚ ਸਾਨੂੰ ਹੋਏ ਆਰਥਿਕ ਨੁਕਸਾਨ ਦੇ ਮੱਦੇਨਜ਼ਰ ਪਿਛਲਾ ਵਰੇ ਦੇ ਠੇਕੇ ਦੀ ਰਕਮ ਵਿਚ ਹੀ ਇਸ ਸਾਲ ਵੀ ਜ਼ਮੀਨ ਵਾਹੁਣ ਲਈ ਦਿਤੀ ਜਾਵੇ। ਚੌਧਰੀ ਧਰਮਪਾਲ ਨੇ ਕਿਹਾ ਕਿ ਸਰਪੰਚ ਦੇ ਪਤੀ ਦੀਆਂ ਕਥਿਤ ਧੱਕੇਸ਼ਾਹੀਆਂ ਕਰਕੇ ਪਾਣੀ ਸਹੀ ਢੰਗ ਨਾਲ ਨਾ ਲੱਗਣ ਕਰਕੇ ਉਨਾਂ ਨੂੰ ਮੁਨਾਫ਼ੇ ਦੀ ਥਾਂ ਪੱਲਿਓਂ ਨੁਕਸਾਨ ਵੀ ਝੱਲਣਾ ਪਿਆ। ਧਰਮਪਾਲ ਨੇ ਦੱਸਿਆ ਕਿ ਬੀਤੀ 6 ਅਪ੍ਰੈਲ ਨੂੰ ਦੁਬਾਰਾ ਬੋਲੀ ਮੌਕੇ ਵੱਲੋਂ ਘੜੋਈਆਂ (ਹਾਉਦੀਆਂ) ਢਾਹੁਣ ਉਪਰੰਤ ਸਾਡੇ ਵੱਲੋਂ ਪੁੱਛਣ 'ਤੇ ਗੁੱਡੂ ਸਿੰਘ ਨੇ ਕੋਈ ਸੰਤੁਸ਼ਟੀਜਨਕ ਜਵਾਬ ਨਾ ਦਿੰਦਿਆਂ ਕਿਹਾ 'ਪੰਚਾਇਤੀ ਜ਼ਮੀਨ ਤਾਂ 100 ਫ਼ੀਸਦੀ ਵੀਰਾਨੀ ਹੈ ਤੁਸੀਂ ਜ਼ਮੀਨ ਰੱਖਣੀ ਹੈ ਤਾਂ ਰੱਖੋ ਨਹੀਂ ਨਾ ਮੈਂ ਖੁਦ ਜ਼ਮੀਨ ਵਾਹ ਲਵਾਂਗੇ ਮੇਰੇ ਕੋਲ ਆਪਣਾ ਟਰੈਕਟਰ ਵੀ ਹੈਗਾ।' ਦੂਜੇ ਪਾਸੇ ਸਰਪੰਚ ਦੇ ਪਤੀ ਗੁੱਡੂ ਸਿੰਘ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਚਾਇਤ ਨੇ ਘੜੋਲੀਆਂ ਬਣਵਾਈਆਂ ਸਨ, ਪਰ ਧਰਮਪਾਲ ਵਗੈਰਾ ਖੁਦ ਘੜੋਈਆਂ (ਹਾਉਦੀਆਂ) ਢਾਹ ਕੇ ਦੋਸ਼ ਮੇਰੇ 'ਤੇ ਮੜ ਰਹੇ ਹਨ। ਉਨਾਂ ਕਿਹਾ ਕਿ ਮੇਰੀ ਪੰਚਾਇਤੀ ਜ਼ਮੀਨ ਲੈਣ ਵਿਚ ਕੋਈ ਦਿਲਚਸਪੀ ਨਹੀਂ ਹੈ ਮੈਨੂੰ ਸਿਰਫ਼ ਖੱਜਲ-ਖੁਆਰ ਕਰਨ ਲਈ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ।

No comments:

Post a Comment