07 April 2011

ਮੁੱਖ ਮੰਤਰੀ ਬਾਦਲ ਦਾ ਨਿੱਜੀ ਸਕੱਤਰ ਵੀ ਝੱਲ ਰਿਹੈ ਸੇਮ ਦੀ ਮਾਰ


- ਇਕ਼ਬਾਲ ਸਿੰਘ ਸ਼ਾਂਤ -

ਪੰਜਾਬ ਦੇ ਬਹੁਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦੇਣ 'ਚ ਰੁੱਝੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਨਿੱਜੀ ਹਲਕੇ ਲੰਬੀ ਵਿਚ ਸੇਮ ਦਾ ਸੰਤਾਪ ਜਿੱਥੇ ਆਮ ਲੋਕਾਂ ਦੇ ਜੀਵਨ ਦਾ ਇੱਕ ਕੌੜਾ ਅੰਗ ਬਣ ਗਿਆ ਹੈ। ਉਥੇ ਸੂਬੇ ਦੀਆਂ ਵਿਕਾਸ ਪੱਖੀ ਦਿਸ਼ਾਵਾਂ ਤੈਅ ਹੋਣ ਦੇ ਆਦਾਨ-ਪ੍ਰਦਾਨ ਵਿਚ ਮੁੱਖ ਮੰਤਰੀ ਨਾਲ ਅਹਿਮ ਭੂਮਿਕਾ ਨਿਭਾਉਣ ਵਾਲਾ ਉਨ੍ਹਾਂ ਦਾ ਇੱਕ ਨਿੱਜੀ ਸਕੱਤਰ ਵੀ ਸੇਮ ਦੀ ਮਾਰ ਨੂੰ ਝੱਲ ਰਿਹਾ ਹੈ। ਜਿਸਦਾ ਲਗਭਗ 8-9 ਏਕੜ ਰਕਬਾ ਸੇਮ ਕਰਕੇ ਬਰਬਾਦ ਹੋ ਚੁੱਕਿਆ ਹੈ।

ਮੁੱਖ ਮੰਤਰੀ ਦੇ ਨਿੱਜੀ ਸਕੱਤਰ ਗੁਰਚਰਨ ਸਿੰਘ ਵਾਸੀ ਡੱਬਵਾਲੀ ਢਾਬ ਜਿਨਾਂ ਦੀ ਪਰਿਵਾਰਕ ਜ਼ਮੀਨ ਪਿੰਡ ਸ਼ਾਮ ਖੇੜਾ ਦੇ ਰਕਬੇ ਵਿਚ ਪੈਂਦੀ ਹੈ। ਪਿਛਲੇ ਕਈ ਸਾਲਾਂ ਤੋਂ ਸੇਮ ਦੀ ਮਾਰ ਹੇਠ ਹੈ। ਇਸ ਗੱਲ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋਂ ਪਿੰਡ ਸ਼ਾਮ ਖੇੜਾ ਵਿਖੇ ਪੁੱਜੇ ਪੱਤਰਕਾਰਾਂ ਨੂੰ ਪਿੰਡ ਦੇ ਲੋਕਾਂ ਨੇ ਸੇਮ ਦੀ ਮਾਰ ਆਪਣਾ ਦੁਖੜਾ ਰੋਂਦਿਆਂ ਕਿਹਾ ਪਿੰਡ ਦੀ ਲਗਭਗ 200 ਏਕੜ ਜ਼ਮੀਨ ਸੇਮ ਦੀ ਮਾਰ ਹੇਠ ਆ ਚੁੱਕੀ ਹੈ ਤੇ ਉਨ੍ਹਾਂ ਕੋਲ ਹੋਰ ਆਮਦਨ ਦਾ ਕੋਈ ਸਾਧਨ ਨਹੀਂ। ਭਾਵੇਂ ਮੁੱਖ ਮੰਤਰੀ ਵੱਲੋਂ ਸੱਤਾ ਵਿਚ ਆਉਣ ਦੇ ਬਾਅਦ ਸੇਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਸਰਕਾਰ ਵੱਲੋਂ ਕੁਝ ਪਿੰਡਾਂ ਵਿਚ ਜ਼ਮੀਂਦੋਜ਼ ਪਾਈਪਾਂ ਜਿਹੇ ਪ੍ਰਾਜੈਕਟ ਆਰੰਭ ਕਰਨ ਦੇ ਬਾਵਜੂਦ ਸੇਮ 'ਤੇ 10 ਫ਼ੀਸਦੀ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਅਜਿਹੇ ਵਿਚ ਮੁੱਖ ਮੰਤਰੀ ਦੇ ਜੱਦੀ ਹਲਕੇ ਵਿਚੋਂ ਸੇਮ ਖ਼ਤਮ ਕਰਨ ਦੀਆਂ ਸਮੁੱਚੀਆਂ ਕੋਸ਼ਿਸ਼ਾਂ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਜਦੋਂਕਿ ਅਗਾਮੀ ਵਿਧਾਨਸਭਾ ਚੋਣਾਂ ਵਿਚ ਸਿਰਫ਼ 10-11 ਮਹੀਨਿਆਂ ਦਾ ਸਮਾਂ ਬਾਕੀ ਬਚਿਆ ਹੈ। ਪਿੰਡ ਸ਼ਾਮਖੇੜਾ ਦੇ ਕਿਸਾਨ ਸੁਰਜਨ ਸਿੰਘ, ਰੇਸ਼ਮ ਸਿੰਘ, ਗੱਜਣ ਸਿੰਘ, ਨਿਹਾਲ ਸਿੰਘ, ਸਰਦਾਰਾ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਸੁਰਜੀਤ ਸਿੰਘ, ਜੀਤ ਸਿੰਘ ਅਤੇ ਅਮਰ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ- ਦਹਾਕਿਆਂ ਤੋਂ ਸੇਮ ਕਰਕੇ ਆਰਥਿਕ ਮੰਦਹਾਲੀ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਉੱਪਰੋਂ ਮਹਿੰਗਾਈ ਨੇ ਲੱਕ ਤੋੜ ਰੱਖਿਆ ਹੈ। ਪਰ ਸਰਕਾਰ ਵੱਲੋਂ ਸੇਮ ਪ੍ਰਭਾਵਿਤ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਨੂੰ ਸਿਰਫ਼ ਲਾਰਿਆਂ ਤੋਂ ਸਿਵਾਏ ਕੁਟ ਹਾਸਲ ਨਹੀਂ ਹੋ ਸਕਿਆ।


ਇਸੇ ਦੌਰਾਨ ਪਿੰਡ ਦੇ ਇੱਕ ਕਿਸਾਨ ਨੇ ਸਰਕਾਰ ਨਾਲ ਇਸ ਸਮੱਸਿਆ ਬਾਬਤ ਗੁਹਾਰ ਲਾਉਣ ਸਬੰਧੀ ਪੁੱਛੇ ਜਾਣ 'ਤੇ ਕਿਹਾ ਕਿ ਸਾਡੀ ਤਾਂ ਹਾਕਮਾਂ ਨੂੰ ਵੋਟਾਂ ਵੇਲੇ ਯਾਦ ਆਉਂਦੀ ਹੈ। ਫਿਰ ਅਸੀਂ ਸ਼ਾਇਦ ਐਤਕੀਂ ਕੁਝ ਸੁਣਵਾਈ ਹੋ ਜਾਵੇ ਦੀ ਆਸ 'ਤੇ ਵੋਟਾਂ ਪਾ ਦਿੰਦੇ ਹਾਂ। ਉਨਾਂ ਕਿਹਾ ਕਿ ਅਫਸਰਸ਼ਾਹੀ ਇੰਨੀ ਕੁ ਭਾਰੂ ਹੋ ਨਿੱਬੜੀ ਹੈ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਹੁਕਮਾਂ ਦੀ ਕੋਈ ਬਹੁਤੀ ਪਰਵਾਹ ਵੀ ਨਹੀਂ ਕੀਤੀ ਜਾਂਦੀ। ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕੇ ਦੇ ਪਿੰਡਾਂ ਵਿਚ ਸੇਮ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਪ੍ਰਸ਼ਾਸਨ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਲਈ ਗਈ ਸੀ ਪਰ ਇੱਕ ਸਾਲ ਤੋਂ ਵੱਧ ਸਮਾਂ ਲੰਘ ਜਾਣ ਉਪਰੰਤ ਕਿਸਾਨਾਂ ਨੂੰ ਮੁਆਵਜਾ ਨਹੀਂ ਨਸੀਬ ਹੋਇਆ।


ਉਕਤ ਬੇਬਾਕ ਜਿਹੇ ਕਿਸਾਨ ਨੇ ਆਖਿਆ ਜਦੋਂ ਮੁੱਖ ਮੰਤਰੀ ਦੀ ਨਿੱਜੀ ਸਕੱਤਰ ਗੁਰਚਰਨ ਸਿੰਘ ਸੇਮ ਦਾ ਹੱਲ ਨਹੀਂ ਕਢਵਾ ਸਕਿਆ ਜਿਹੜਾ 24 ਘੰਟੇ ਮੁੱਖ ਮੰਤਰੀ ਦੇ ਨੇੜੇ ਰਹਿੰਦਾ ਹੈ ਤਾਂ ਸਾਡੀ ਤਾਂ ਬਿਸਾਤ ਹੀ ਕਿਆ ਹੈ। ਉਸਨੇ ਕਿਹਾ ਅਸੀਂ ਜਿਉਂਦੇ ਜੀਅ ਮਰਿਆਂ ਨਾਲ ਭੈੜੇ ਹੋ ਚੁੱਕੇ ਹਾਂ ਤੇ ਤੰਗੀਆਂ ਤੁਰਸੀਆਂ ਨਾਲ ਭਰਪੂਰ ਜ਼ਿੰਦਗੀ ਕਰਕੇ ਖੁਸ਼ਹਾਲੀ ਇੱਕ ਸੁਫ਼ਨਾ ਬਣ ਕੇ ਰਹਿ ਗਈ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਸੇਮ ਨਾਲੇ ਕਢਵਾਏ ਪਰ ਸਹੀ ਲੇਵਲ ਨਾ ਹੋਣ ਕਰਕੇ ਕਰੋੜਾਂ ਖਰਚਣ ਦੇ ਬਾਵਜੂਦ ਸੇਮਨਾਲੇ ਬੇਅਰਥ ਹਨ।

ਮੁੱਖ ਮੰਤਰੀ ਦੇ ਹਲਕੇ ਦੇ ਦਰਜਨਾਂ ਪਿੰਡ ਪੰਜਾਵਾ, ਕੱਖਾਂਵਾਲੀ, ਵਣਵਾਲਾ, ਸ਼ਾਮਖੇੜਾ, ਚਨੂੰ, ਮਾਹੂਆਣਾ, ਤੱਪਾਖੇੜਾ, ਦਿਉਣਖੇੜਾ, ਮਿੱਡੂਖੇੜਾ ਅਤੇ ਫੱਤਾਕੇਰਾ ਸਮੇਤ ਵੱਖ-ਵੱਖ ਪਿੰਡ ਸੇਮ ਤੋਂ ਪ੍ਰਭਾਵਿਤ ਹਨ। ਜਦੋਂਕਿ ਮਾਨਾ, ਬੀਦੋਵਾਲੀ ਨੂੰ ਸੇਮ ਨੇ ਆਪਣੇ ਕਲਾਵੇ ਵਿਚ ਲੈ ਲਿਆ ਹੈ ਜਿੱਥੋਂ ਪਿੰਡ ਬਾਦਲ ਵੀ ਹੁਣ ਕੋਈ ਬਹੁਤਾ ਦੂਰ ਨਹੀਂ।


ਮੁੱਖ ਮੰਤਰੀ ਦੇ ਨਿੱਜੀ ਸਕੱਤਰ ਗੁਰਚਰਨ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਲੰਬੀ ਹਲਕੇ ਸੇਮ ਦੇ ਖਾਤਮੇ ਲਈ ਸਰਕਾਰ ਵੱਲੋਂ ਉਪਰਾਲੇ ਜਾਰੀ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਵੀ ਕਾਫ਼ੀ ਰਕਬਾ ਸੇਮ ਦੀ ਮਾਰ ਹੇਠ ਹੈ ਉਨ੍ਹਾਂ ਹੱਸਦਿਆਂ ਕਿਹਾ ਕਿ ਆਹੋ ਜੀ, ਮੇਰੀ ਵੀ ਜ਼ਮੀਨ ਸੇਮ ਹੇਠਾਂ। ਇਹ ਸਭ ਕੁਝ ਮਾਹਣੀਖੇੜਾ ਦੇ ਨਜ਼ਦੀਕ ਡਰੇਨ ਦਾ ਪੱਧਰ Àੱਚਾ ਹੋਣ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਇਸ ਬਾਬਤ ਕੋਈ ਉਪਰਾਲਾ ਕੀਤੇ ਜਾਣ ਸਬੰਧੀ ਪੁੱਛੇ ਜਾਣ 'ਤੇ ਗੁਰਚਰਨ ਸਿੰਘ ਨੇ ਕਿਹਾ ਕਿ ਚੀਫ਼ ਨੂੰ ਆਖਿਆ ਹੈ ਉਹ ਪ੍ਰਾਜੈਕਟ ਬਣਾ ਕੇ ਠੀਕ ਕਰਵਾ ਦੇਣਗੇ।

ਇਸ ਪੂਰੇ ਮਾਮਲੇ ਵਿਚ ਸੋਚਣ ਦਾ ਵਿਸ਼ਾ ਹੈ ਕਿ ਜਦੋਂ ਮੁੱਖ ਮੰਤਰੀ ਦੇ ਇੱਕ ਨਿੱਜੀ ਸਕੱਤਰ ਤੱਕ ਦਾ ਰਕਬਾ ਸੇਮ ਦੀ ਮਾਰ ਹੇਠ ਹੋਣਾ ਸਰਕਾਰ ਲਈ ਬੇਹੱਦ ਮੰਦਭਾਗੀ ਗੱਲ ਹੈ। ਜਿਸਦਾ ਸੁਧਾਰ ਹੋਣ ਨਾਲ ਪੂਰੇ ਪਿੰਡ ਦੀ ਲਗਭਗ 200 ਏਕੜ ਜ਼ਮੀਨ ਦੀ ਹਾਲਤ ਸੁਧਰ ਸਕਦੀ ਹੈ। ਇਹ ਵੀ ਕਹਿਣਾ ਕੁਥਾਹ ਨਹੀਂ ਕਿ ਮੁੱਖ ਮੰਤਰੀ ਦੇ ਬੇਹੱਦ ਨੇੜਲੇ ਵਿਅਕਤੀਆਂ ਵਿਚੋਂ ਇੱਕ ਗਿਣੇ ਜਾਂਦੇ ਗੁਰਚਰਨ ਸਿੰਘ ਦੇ ਕਹਿਣ 'ਤੇ ਪਿਛਲੇ ਸਾਲਾਂ ਵਿਚ ਸੇਮ ਨਾਲੇ ਦਾ ਮਹਿਜ ਪੱਧਰ ਨੀਵਾਂ ਕਰਨ ਦਾ ਪ੍ਰਾਜੈਕਟ ਨਹੀਂ ਬਣ ਸਕਿਆ। ਵੇਖਣਾ ਹੁਣ ਇਹ ਹੈ ਕਿ ਇੱਥੇ ਇੱਛਾਸ਼ਕਤੀ ਦੀ ਘਾਟ ਹੈ ਜਾਂ ਕੁਝ ਸੰਵਾਰਨ ਦਾ ਜ਼ਜਬਾ ਨਹੀਂ। 98148-26100/093178-26100

No comments:

Post a Comment