18 April 2011

ਕਾਂਗਰਸ ਦੀ ਵਿਸਾਖੀ ਕਾਨਫਰੰਸ ਨੇ ਹਾਕਮ ਧਿਰ ਨੂੰ ਚਿੰਤਾ 'ਚ ਡੋਬਿਆ

                     ਰਾਜ ਦੀ ਖੁਫ਼ੀਆ ਏਜੰਸੀ ਨੇ ਮੇਲੇ ਬਾਅਦ ਕੀਤੀ ਜਗਾਹ ਦੇ ਪੈਮਾਇਸ
           ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਝਾੜ ਝੰਭ ਕੀਤੀ
    ਵਿਸਾਖੀ ਦੇ ਮੇਲੇ ਤੇ ਤਲਵੰਡੀ ਸਾਬੋ ਵਿਖੇ ਹੋਈ ਕਾਂਗਰਸ ਪਾਰਟੀ ਦੀ ਸਿਆਸੀ ਕਾਨਫਰੰਸ ਨੂੰ ਮਿਲੇ ਉਤਸ਼ਾਹਜਨਕ ਹੁੰਗਾਰੇ ਨੇ ਹਾਕਮ ਧਿਰ ਨੂੰ ਇਸ ਕਦਰ ਚਿੰਤਾ ਵਿੱਚ ਡੋਬ ਦਿੱਤਾ ਹੈ, ਕਿ ਅਸਲੀਅਤ ਦਾ ਵਿਸਲੇਸਣ ਕਰਵਾਉਣ ਲਈ ਰਾਜ ਦੀ ਖੁਫ਼ੀਆ ਏਜੰਸੀ ਤੋਂ ਵਿਰੋਧੀ ਧਿਰ ਦੇ ਸਮਾਗਮ ਵਾਲੀ ਥਾਂ ਦੀ ਪੈਮਾਇਸ਼ ਕਰਵਾਉਣ ਤੋਂ ਇਲਾਵਾ ਅਕਾਲੀ ਕਾਨਫਰੰਸ ਨੂੰ ਮਿਲੇ ਮੱਠੇ ਹੁੰਗਾਰੇ ਦੀ ਵਜ•ਾ ਕਾਰਨ ਮਾਲਵੇ ਨਾਲ ਸਬੰਧਤ ਆਪਣੇ ਆਗੂਆਂ ਦੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਫ਼ੀ ਝਾੜ ਝੰਭ ਕਰਨ ਦੀ ਵੀ ਇਤਲਾਹ ਮਿਲੀ ਹੈ।
ਇਹ ਯਕੀਨੀ ਬਣਾਉਣ ਲਈ ਕਿ ਦਲ ਤੋਂ ਵੱਖ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ 27 ਮਾਰਚ ਨੂੰ ਖਟਕੜ ਕਲਾਂ ਵਿਖੇ ਹੋਈ ਵਿਸ਼ਾਲ ਰੈਲੀ ਤੋਂ ਵੀ ਵੱਡਾ ਇਕੱਠ ਜੋੜ ਕੇ ਵਰਕਰਾਂ ਵਿੱਚ ਆਈ ਨਿਰਾਸਤਾ ਨੂੰ ਦੂਰ ਕਰਨ ਤੋਂ ਇਲਾਵਾ ਕਾਂਗਰਸ ਦੀ ਹਾਲਤ ਵੀ ਪਾਣੀ ਤੋਂ ਪਤਲੀ ਹੋ ਜਾਵੇ, ਸ੍ਰੋਮਣੀ ਅਕਾਲੀ ਦਲ ਨੇ ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਭਾਈ ਡੱਲ ਸਿੰਘ ਦੀਵਾਨ ਹਾਲ ਦੀ ਬਜਾਏ ਆਪਣੀ ਕਾਨਫਰੰਸ ਮੇਲੇ ਤੋਂ ਬਾਹਰ ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿਖੇ ਆਯੋਜਤ ਕਰਨ ਦਾ ਫੈਸਲਾ ਲਿਆ ਸੀ। ਇੱਥੇ ਹੀ ਬੱਸ ਨਹੀਂ ਬਲਕਿ ਆਪਣੇ ਅਸਰ ਰਸੂਖ ਰਾਹੀਂ ਇਹ ਵੀ ਪੁਖਤਾ ਪ੍ਰਬੰਧ ਕਰ ਲਏ ਸਨ, ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਪਾਰਟੀ ਨੂੰ ਰਾਜਸੀ ਕਾਨਫਰੰਸ ਲਈ ਜਗਾਹ ਅਲਾਟ ਨਾ ਕਰੇ।
ਹਾਕਮ ਧਿਰ ਦੀ ਇਸ ਸਤਰੰਜੀ ਚਾਲ ਨੂੰ ਇੱਕ ਚਣੌਤੀ ਵਜੋਂ ਲੈਂਦਿਆਂ ਕਾਂਗਰਸ ਪਾਰਟੀ ਨੇ ਜਿੱਥੇ ਖੜੀ ਕਣਕ ਵਾਲੀ ਦਸ ਏਕੜ ਜਮੀਨ ਠੇਕੇ ਤੇ ਲੈ ਲਈ, ਉੱਥੇ ਆਪਣੀ ਕਾਨਫਰੰਸ ਦੀ ਸਫ਼ਲਤਾ ਯਕੀਨੀ ਬਣਾਉਣ ਵਾਸਤੇ ਪ੍ਰਦੇਸ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਣਇੰਦਰ ਸਿੰਘ ਅਤੇ ਤਲਵੰਡੀ ਸਾਬੋ ਦੇ ਵਿਧਾਇਕ ਸ੍ਰੀ ਜੀਤਮੁਹਿੰਦਰ ਸਿੰਘ ਸਿੱਧੂ ਨੇ ਦਿਨ ਰਾਤ ਇੱਕ ਕਰ ਦਿੱਤਾ। ਹਾਲਾਂਕਿ ਕਾਂਗਰਸ ਦੀ ਰੈਲੀ ਨੂੰ ਅਸਫ਼ਲ ਬਣਾਉਣ ਦੀ ਮਨਸਾ ਨਾਲ ਪੁਲਿਸ ਨੇ ਉੱਥੇ ਜਾਣ ਵਾਲੀਆਂ ਬੱਸਾਂ ਕਾਰਾਂ ਆਦਿ ਦਾ ਨਿਰਧਾਰਤ ਰੂਟ ਤਬਦੀਲ ਕਰਕੇ ਹੋਰ ਦਿਸਾਵਾਂ ਵੱਲ ਮੋੜਣ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ, ਬਾਵਜੂਦ ਇਸਦੇ ਭੀੜ ਏਨੀ ਜਿਆਦਾ ਜੁੜ ਗਈ ਕਿ ਉਸਨੇ ਨਾ ਸਿਰਫ ਅਕਾਲੀ ਦਲ ਦੇ ਇਕੱਠ ਤੋਂ ਵੱਡਾ ਰੂਪ ਧਾਰਨ ਕਰ ਲਿਆ, ਬਲਕਿ ਆਪਣਿਆਂ ਤੇ ਵਿਰੋਧੀਆਂ ਨੂੰ ਵੀ ਦੰਗ ਕਰਕੇ ਰੱਖ ਦਿੱਤਾ। ਜਿਸਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਬੀਬੀ ਰਜਿੰਦਰ ਕੌਰ ਭੱਠਲ ਤੋਂ ਲੈ ਕੇ ਜਗਮੀਤ ਬਰਾੜ ਤੱਕ ਦੇ ਸੀਨੀਅਰ ਆਗੂਆਂ ਨੇ ਰਣਇੰਦਰ ਤੇ ਜੀਤ ਮੁਹਿੰਦਰ ਜੋੜੀ ਦੀ ਜਥੇਬੰਦਕ ਕੁਸਲਤਾ ਦੀ ਰੱਜ ਕੇ ਤਾਰੀਫ਼ ਕੀਤੀ। ਇੱਥੇ ਇਹ ਜਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਕਾਂਗਰਸ ਪਾਰਟੀ ਦਾ ਇਕੱਠ ਲੋਕ ਸਭਾ ਹਲਕਾ ਬਠਿੰਡਾ ਤੱਕ ਹੀ ਸੀਮਤ ਸੀ।
ਜਿੱਥੋਂ ਤੱਕ ਹਾਕਮ ਅਕਾਲੀ ਦਲ ਦਾ ਸੁਆਲ ਹੈ ਇਸਦੀ ਕਾਨਫਰੰਸ ਦੀ ਸਫ਼ਲਤਾ ਲਈ ਮੁੱਖ ਜੁਮੇਵਾਰੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥ ਲੈ ਰੱਖੀ ਸੀ। ਵਿਸਾਖੀ ਤੋਂ ਪਹਿਲਾਂ ਮਾਲਵਾ ਖਿੱਤੇ ਦੇ ਫੇਰੇ ਲਾਉਣ ਤੋਂ ਇਲਾਵਾ ਉਹਨਾਂ ਗੱਡੀਆਂ ਆਦਿ ਦੇ ਵੀ ਪੁਖਤਾ ਪ੍ਰਬੰਧ ਕਰ ਦਿੱਤੇ ਸਨ। ਦਲ ਦੇ ਅੰਦਰਲੇ ਸੂਤਰਾਂ ਅਨੁਸਾਰ ਵੱਧ ਤੋਂ ਵੱਧ ਭੀੜ ਇਕੱਠੀ ਕਰਨ ਲਈ ਮਾਲਵੇ ਤੋਂ ਇਲਾਵਾ ਦੂਜੇ ਖਿੱਤਿਆਂ ਦੇ ਆਗੂਆਂ ਦੀਆਂ ਵੀ ਸੇਵਾਵਾਂ ਲਈਆਂ ਗਈਆਂ ਸਨ। ਹਾਲਾਂਕਿ ਦਲ ਦਾ ਟੀਚਾ ਇੱਕ ਲੱਖ ਦੀ ਰੈਲੀ ਕਰਨ ਦਾ ਸੀ, ਲੇਕਿਨ ਉਤਸ਼ਾਹ ਇਸ ਕਦਰ ਮੱਠਾ ਰਿਹਾ ਕਿ ਕਾਂਗਰਸ ਦੀ ਰੈਲੀ ਦੇ ਮੁਕਾਬਲੇ ਅਕਾਲੀ ਦਲ ਦੀ ਕਾਨਫਰੰਸ ਕਾਫ਼ੀ ਬੌਣੀ ਜਾਪਦੀ ਸੀ। ਇੱਥੇ ਹੀ ਬੱਸ ਨਹੀਂ ਬਲਕਿ ਜਦ ਦਲ ਦੇ ਸ੍ਰਪਰਸਤ ਤੇ ਮੁੱਖ ਮੰਤਰੀ ਸ੍ਰ: ਬਾਦਲ ਸੰਬੋਧਨ ਕਰਨ ਲਈ ਉੱਠੇ ਤਾਂ ਉਹਨਾਂ ਦੇ ਪੰਡਾਲ ਵਿੱਚ ਗਿਣਤੀ ਅੱਧ ਤੱਕ ਹੀ ਰਹਿ ਗਈ ਸੀ।
ਭਾਵੇਂ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਵਿਚਾਰਾਂ ਵਿੱਚ ਕਾਫ਼ੀ ਫਰਕ ਹੈ, ਲੇਕਿਨ ਇੱਕ ਗੱਲ ਪੂਰੀ ਤਰ•ਾਂ ਸਪਸ਼ਟ ਹੋ ਗਈ ਕਿ ਇਸ ਵਾਰ ਵਿਸਾਖੀ ਦਾ ਮੇਲਾ ਦੋਵੇਂ ਸਾਢੂ ਲੁੱਟ ਕੇ ਲੈ ਗਏ, ਕਿਉਂਕਿ ਜਿੱਥੇ ਕੈਪਟਨ ਸਭ ਤੋਂ ਵੱਡੀ ਕਾਂਨਫਰੰਸ ਦੇ ਪ੍ਰਮੁੱਖ ਬੁਲਾਰੇ ਸਨ ਉਥੇ ਸ੍ਰ: ਮਾਨ ਆਪਣੇ ਅਹਿਦ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਬੂਤਰੇ ਤੇ ਵਿਸਾਖੀ ਦਾ ਸੰਦੇਸ ਦੇ ਕੇ ਸਿੱਖ ਭਾਈਚਾਰੇ ਗਰਮ ਸੁਭਾ ਵਾਲੇ  ਹਿੱਸੇ ਦੀ ਵਾਹ ਵਾਹ ਖੱਟਣ ਵਿੱਚ ਸਫ਼ਲ ਹੋ ਗਏ।
ਦੋਵਾਂ ਪਾਸਿਆਂ ਤੋਂ ਪਈ ਇਸ ਮਾਰ ਨੇ ਅਕਾਲੀ ਦਲ ਬਾਦਲ ਨੂੰ ਡਾਢੀ ਚਿੰਤਾ ਤੇ ਨਿਰਾਸਤਾ ਵਿੱਚ ਡੋਬ ਕੇ ਰੱਖ ਦਿੱਤੈ, ਵੋਟ ਰਾਜਨੀਤੀ ਦੇ ਲਿਹਾਜ ਨਾਲ ਮਾਨ ਦਲ ਦੇ ਮੁਕਾਬਲੇ ਕਿਉਂਕਿ ਕਾਂਗਰਸ ਪਾਰਟੀ ਨੂੰ ਮਿਲਿਆ ਉਤਸ਼ਾਹ ਜਨਕ ਹੁੰਗਾਰਾ ਕਿਤੇ ਵੱਧ ਮਹੱਤਵ ਰਖਦਾ ਹੈ, ਇਸ ਲਈ ਅਸਲੀਅਤ ਕੀ ਹੈ ਇਹ ਜਾਣਨ ਲਈ ਸਰਕਾਰ ਨੇ ਤੱਥਾਂ ਸਮੇਤ ਆਪਣੇ ਖੁਫ਼ੀਆ ਤੰਤਰ ਤੋਂ ਵਿਸਥਾਰ ਪੂਰਵਕ ਰਿਪੋਰਟ ਤਲਬ ਕਰ ਲਈ। ਇਸ ਮਕਸਦ ਵਾਸਤੇ ਖੁਫ਼ੀਆ ਕਰਮਚਾਰੀਆਂ ਨੇ ਸੁਭਾ ਤੋਂ ਲੈ ਕੇ ਕੱਲ ਦੇਰ ਸ਼ਾਮ ਤੱਕ ਕਾਂਗਰਸ ਦੀ ਕਾਨਫਰੰਸ ਵਾਲੀ ਥਾਂ ਦੀ ਕਈ ਵਾਰ ਪੈਮਾਇਸ਼ ਕੀਤੀ ਤਾਂ ਕਿ ਭੀੜ ਦੀ ਗਿਣਤੀ ਦਾ ਹਿਸਾਬ ਕਿਤਾਬ ਲਾਇਆ ਜਾ ਸਕੇ। ਦਲ ਦੇ ਅੰਦਰਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਣੀ ਕਾਨਫਰੰਸ ਨੂੰ ਮਿਲੇ ਮੱਠੇ ਹੁੰਗਾਰੇ ਤੋਂ ਖ਼ਫਾ ਹੋਏ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਮਾਲਵੇ ਨਾਲ ਸਬੰਧਤ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਵੀ ਕਾਫ਼ੀ ਝਾੜ ਝੰਭ ਕੀਤੀ।
ਵਿਸਾਖੀ ਮੇਲੇ ਮੌਕੇ ਕਾਂਗਰਸ ਪਾਰਟੀ ਦੀ ਕਾਨਫਰੰਸ ਨੂੰ ਮਿਲੇ ਵਿਆਪਕ ਹੁੰਗਾਰੇ ਨੂੰ ਜੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਦੇਖਿਆ ਪਰਖਿਆ ਜਾਵੇ ਤਾਂ ਇਹ ਅਕਾਲੀ ਦਲ ਲਈ ਸੁਭ ਸੰਕੇਤ ਨਹੀਂ, ਕਿਉਂਕਿ ਮੁੱਖ ਮੰਤਰੀ ਵੱਲੋਂ ਆਪਣੇ ਭਤੀਜੇ ਵਿਰੁੱਧ ਚੱਲ ਰਹੀ ਮੁਹਿੰਮ ਦੀ ਕਮਾਂਡ ਖ਼ੁਦ ਆਪਣੇ ਹੱਥ ਲੈਣ ਦੇ ਬਾਵਜੂਦ ਵੀ ਅਜੇ ਤੱਕ ਮਨਪ੍ਰੀਤ ਬਾਦਲ ਦੀ ਵਧ ਰਹੀ ਕਾਗ ਨੂੰ ਠੱਲ• ਨਹੀਂ ਪੈ ਰਹੀ।
-ਬੀ. ਐਸ. ਭੁੱਲਰ-
ਲੇਖਕ ਉਘੇ ਪੱਤਰਕਾਰ ਹਨ

No comments:

Post a Comment