04 September 2011

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ 'ਚ ਡੱਬਵਾਲੀ ਅਤੇ ਲੰਬੀ ਹਲਕੇ ਦਾ ਹੋਇਆ ਦਬਦਬਾ ਕਾਇਮ


                                                           -ਇਕਬਾਲ ਸਿੰਘ ਸ਼ਾਂਤ-
ਪੰਜਾਬ ਅਤੇ ਹਰਿਆਣੇ ਦੀ ਰਵਾਇਤੀ ਸਿਆਸਤ 'ਤੇ ਗਹਿਰਾ ਪ੍ਰਭਾਵ ਰੱਖਦੇ ਲੰਬੀ ਹਲਕੇ ਅਤੇ ਡੱਬਵਾਲੀ ਖੇਤਰ ਦਾ ਦਬਦਬਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਬੀਤੇ ਦਿਨ੍ਹੀਂ ਹੋਈਆਂ ਵਿਦਿਆਰਥੀ ਕੌਂਸਲ ਚੋਣਾਂ 'ਚ ਕਾਇਮ ਰਿਹਾ।
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 'ਚ ਲੰਬੀ ਹਲਕੇ ਦੇ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦੀ ਅਗਵਾਈ ਵਾਲੀ ਜਥੇਬੰਦੀ 'ਸੋਪੂ' ਨੇ ਹੂੰਝਾਫੇਰ ਜਿੱਤ ਹਾਸਲ ਕਰਕੇ ਸੂਬੇ ਦੀ ਵਿਦਿਆਰਥੀ ਰਾਜਨੀਤੀ ਵਿਚ ਨਵਾਂ ਇਤਿਹਾਸ ਸਿਰਜਿਆ ਹੈ।
         ਸੋਪੂ ਅਤੇ ਸੋਈ ਗੱਠਜੋੜ ਦੀ ਟਿਕਟ 'ਤੇ ਰਿਕਾਰਡ 1001 ਵੋਟਾਂ ਨਾਲ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੁਣੇ ਪੁਸ਼ਪਿੰਦਰ ਸ਼ਰਮਾ ਵੀ ਡੱਬਵਾਲੀ ਸ਼ਹਿਰ ਦੇ ਵਸਨੀਕ ਹਨ।  ਜਿਨ੍ਹਾਂ ਦੇ ਪਿਤਾ ਉੱਘੇ ਸਮਾਜ ਸੇਵੀ ਸਵਰਗੀ ਸੁਭਾਸ਼ ਸ਼ਰਮਾ ਨੇ ਸੰਨ 82 ਦੇ ਦੌਰ ਵਿਚ ਖੁਸ਼ਦਿਲ ਕਲਚਰਲ ਸੁਸਾਇਟੀ ਦਾ ਸਥਾਪਨਾ ਕਰਕੇ ਇਲਾਕੇ ਵਿਚ ਸੱਭਿਆਚਾਰਕ ਸਫ਼ਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ।
            ਖੇਤਰ ਦੇ ਪਿੰਡ ਮਿੱਡੂਖੇੜਾ ਦੇ ਸਾਬਕਾ ਸਰਪੰਚ ਅਤੇ ਧੱਕੜ ਆਗੂ ਵਜੋਂ ਜਾਣੇ ਜਾਂਦੇ ਸ: ਗੁਰਦਿਆਲ ਸਿੰਘ ਮਿੱਡੂਖੇੜਾ ਦੇ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ ਉਰਫ਼ 'ਵਿੱਕੀ ਮਿੱਡੂਖੇੜਾ' ਜੋ ਕਿ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ 'ਸੋਪੂ' ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦਾ ਅਜੋਕੇ ਦੌਰ ਵਿਚ ਪੰਜਾਬ ਦੀ ਵਿਦਿਆਰਥੀ ਰਾਜਨੀਤੀ 'ਤੇ ਗਹਿਰਾ ਪ੍ਰਭਾਵ ਹੈ।
          ਵਿੱਕੀ ਮਿੱਡੂਖੇੜਾ ਨੇ ਅੱਜ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਸੋਪੂ ਅਤੇ ਸੋਈ ਨੇ ਇੱਕ ਸਾਂਝੇ ਗੱਠਜੋੜ ਦੇ ਤਹਿਤ ਇਨਸੋ, ਏ.ਬੀ.ਵੀ.ਪੀ ਅਤੇ ਪੁਸੂ ਦੇ ਤੀਹਰੇ ਗੱਠਜੋੜ ਨੂੰ ਧੂਲ ਚਟਾਉਂਦਿਆਂ ਚੰਡੀਗੜ੍ਹ ਦੇ 7 ਦੇ ਕਰੀਬ ਕਾਲਜਾਂ ਵਿਚੋਂ  ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਸ੍ਰੀ ਮਿੱਡੂਖੇੜਾ ਨੇ ਦੱਸਿਆ ਕਿ ਉਨ੍ਹਾਂ 'ਤੇ ਅਦਾਲਤ  ਵਿਚ ਵੱਖ-ਵੱਖ ਮਾਮਲੇ ਵਿਚਾਰਧੀਨ ਹੋਣ ਕਰਕੇ ਤਕਨੀਕੀ ਪੱਖੋਂ ਉਹ ਚੋਣ ਲੜ੍ਹਣ ਦੇ ਅਯੋਗ ਸਨ। ਜਿਸ ਕਰਕੇ ਉਨ੍ਹਾਂ ਨੇ ਜਥੇਬੰਦੀ ਦੇ ਨੌਜਵਾਨ ਆਗੂ ਪੁਸ਼ਪਿੰਦਰ ਸ਼ਰਮਾ ਉਰਫ਼ ਮਨੂੰ (ਡੱਬਵਾਲੀ) ਨੂੰ ਆਪਣਾ ਉਮੀਦਵਾਰ ਥਾਪਿਆ। ਉਨ੍ਹਾਂ ਕਿਹਾ ਕਿ ਸੋਪੂ+ਸੋਈ ਗੱਠਜੋੜ ਦੇ ਉਮੀਦਵਾਰ ਪੁਸ਼ਪਿੰਦਰ ਸ਼ਰਮਾ ਨੇ 3730 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਉਮੀਦਵਾਰ ਸੁਮਿਤ ਮਿਗਲਾਨੀ ਨੂੰ 1001 ਵੋਟਾਂ ਦੇ ਫ਼ਰਕ ਨਾਲ ਹਰਾਇਆ।      
            ਦਿਲਚਸਪ ਗੱਲ ਇਹ ਵੀ ਹੈ ਕਿ ਸੁਮਿਤ ਮਿਗਲਾਨੀ ਵੀ ਨੇੜਲੇ ਸ਼ਹਿਰ ਮਲੋਟ ਦੇ ਵਸਨੀਕ ਹਨ ਜਿਨ੍ਹਾਂ ਨੂੰ 2729 ਵੋਟਾਂ ਮਿਲੀਆਂ।ਡੱਬਵਾਲੀ ਸ਼ਹਿਰ ਤੇ ਲੰਬੀ ਹਲਕੇ ਦੇ ਸੋਪੂ ਅਤੇ ਸੋਈ ਦੇ ਕਾਰਕੁੰਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਪੂ ਦੇ ਪ੍ਰਧਾਨ ਵਿੱਕੀ ਮਿੱਡੂਖੇੜਾ ਅਤੇ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਪੁਸ਼ਪਿੰਦਰ ਸ਼ਰਮਾ ਦਾ ਖੇਤਰ ਵਿਚ ਆਉਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।
M. No. 98148-26100/93178-26100
Fax : 011-4582-3232
Email : iqbal.shant@gmail.com


No comments:

Post a Comment