16 September 2011

ਰਾਜਸਥਾਨ ਦੀ 'ਲਾਈਫ ਲਾਈਨ' ਬਣ ਚੱਲੀ ਸੀ ਪੰਜਾਬੀਆਂ ਅਤੇ ਹਰਿਆਣਵੀਆਂ ਲਈ ਡੈੱਡ ਲਾਈਨ

    -ਭਾਰੀ ਮੀਂਹ ਕਰਕੇ ਰਾਜਸਥਾਨ ਕੈਨਾਲ ਨਹਿਰ ਦੀ ਪਟੜੀ 'ਚ 15 ਫੁੱਟ ਚੌੜਾ ਤੇ 22 ਫੁੱਟ ਡੂੰਘਾ ਪਿਆ ਘਾਰਾ-

                                                               ਇਕਬਾਲ ਸਿੰਘ ਸ਼ਾਂਤ
ਲੰਬੀ ਖੇਤਰ ਵਿਚ ਮੋਹਲੇਧਾਰ ਬਰਸਾਤ ਕਰਕੇ 16 ਸਤੰਬਰ ਦੇਰ ਸ਼ਾਮ ਨੂੰ ਉਸ ਵੇਲੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਇਸ ਸਰਹੱਦੀ ਇਲਾਕੇ ਦੀ ਸਮੁੱਚੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਜਦੋਂ ਲੰਬੀ ਹਲਕੇ ਦੇ ਪਿੰਡ ਮਿੱਡੂਖੇੜਾ ਦੇ ਨਜ਼ਦੀਕ ਰਾਜਸਥਾਨ ਕੈਨਾਲ ਨਹਿਰ ਦੀ ਪਟੜੀ ਤੋਂ ਮਿੱਟੀ ਖਿਸਕਣ ਕਰਕੇ ਤਕਰੀਬਨ 15 ਫੁੱਟ ਚੌੜਾ ਅਤੇ 20-20 ਫੁੱਟ ਡੂੰਘਾ ਘਾਰਾ ਪੈ ਗਿਆ।
ਇਸ ਬਾਰੇ ਸੂਚਨਾ ਮਿਲਣ 'ਤੇ ਨਹਿਰ ਦੀ ਜੜ੍ਹ ਵਿਚ ਮੌਜੂਦ ਪਿੰਡ ਮਿੱਡੂਖੇੜਾ ਵਿਚ ਭਾਜੜ ਪੈ ਗਈ ਅਤੇ ਵੱਡੀ ਤਾਦਾਦ ਪਿੰਡ ਵਾਸੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਨਾਲ-ਨਾਲ ਪਿੰਡ ਵਾਸੀਆਂ ਨੇ ਹੌਂਸਲਾ ਅਫਜਾਈ ਭਰਿਆ ਕਦਮ ਚੁੱਕਦਿਆਂ ਆਪਣੇ ਪੱਧਰ 'ਤੇ ਰਾਹਤ ਕਾਰਜ ਆਰੰਭ ਕਰ ਦਿੱਤੇ।
             ਮਾਰਕਫੈੱਡ ਦੇ ਨਿਦੇਸ਼ਕ ਅਤੇ ਸਹਿਕਾਰੀ ਬੈਂਕ ਮੁਸਕਤਰ ਦੇ ਚੇਅਰਮੈਨ ਸ: ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਪਿੰਡ ਦੇ ਸਰਪੰਚ ਗੁਰਬਖਸ਼ੀਸ਼ ਸਿੰਘ ਵਿੱਕੀ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਤਕਰੀਬਨ ਸਾਢੇ 6 ਵਜੇ ਪਿੰਡ ਦੇ ਨਜ਼ਦੀਕ ਮਿੱਡੂਖੇੜਾ ਤੋਂ ਫੱਤਾਕੇਰਾ ਅਤੇ ਹਾਕੂਵਾਲਾ ਵਾਲੇ ਪੁੱਲ ਤੋਂ ਲਗਭਗ 2 ਸੌ ਮੀਟਰ ਅਗਾਂਹ ਰਾਜਸਥਾਨ ਕੈਨਾਲ ਨਹਿਰ ਦੀ ਪਟੜੀ 'ਤੇ ਮਿੱਡੂਖੇੜਾ ਵਾਲੇ ਵਾਲੇ ਪਾਸੇ ਨੂੰ ਮਿੱਟੀ ਖਿਸਕਣ ਬਾਰੇ ਪਤਾ ਲੱਗਣ 'ਤੇ ਪੰਚਾਇਤ ਅਤੇ ਪਿੰਡ ਦੇ ਲੋਕਾਂ ਵੱਲੋਂ ਅੱਧੀ ਦਰਜਨ ਤੋਂ ਵੱਧ ਟਰੈਕਟਰ ਲਾ ਕੇ ਬੜੇ ਹੈਰਾਨੀਜਨਕ ਢੰਗ ਨਾਲ ਪਏ ਘਾਰੇ ਨੂੰ ਪੂਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਥਾਂ 'ਤੇ ਪਿੰਡ ਵਾਸੀਆਂ ਦੀ ਆਵਾਜਾਈ ਨਾ ਬਰਾਬਰ ਹੁਦੀ ਹੈ ਪਰ ਖੁਸ਼ਕਿਸਮਤੀ ਨਾਲ ਸਮਾਂ ਰਹਿੰਦੇ ਮਿੱਟੀ ਖਿਸਕਣ ਦਾ ਪਤਾ ਲੱਗ ਗਿਆ।
             ਸ੍ਰੀ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦੱਸਿਆ ਕਿ ਜੇਕਰ ਖੁਦਾ ਨਾ ਖਾਸਤਾ ਜ਼ਮੀਨ ਉੱਪਰ ਬਨਾਹੀ 'ਤੇ ਬਣੀ ਨਹਿਰ ਵਿਚ ਕੋਈ ਪਾੜ ਵਗੈਰਾ ਪੈ ਜਾਂਦਾ ਤਾਂ ਤਿੰਨਾਂ ਸੂਬਿਆਂ ਦੇ ਸਰਹੱਦੀ ਇਲਾਕਿਆਂ ਕਈ-ਕਈ ਕਿਲੋਮੀਟਰ ਤੱਕ ਜਾਨ-ਮਾਨ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਸੀ। ਇਸੇ ਦੌਰਾਨ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ  ਇਸ 'ਬੰਦੇ ਖਾਣੀ' ਨਹਿਰ 'ਤੇ ਤਾਇਨਾਤ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਰਕੇ ਅਜਿਹਾ ਹਾਦਸਾ ਵਾਪਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦੇ ਕਰਮਚਾਰੀਆਂ ਦਾ ਨਹਿਰ ਦੀ ਰਾਖੀ ਵੱਲ ਘੱਟ ਧਿਆਨ ਅਤੇ ਨਹਿਰ ਕੰਢੇ ਲੱਗੇ ਰੁੱਖਾਂ ਦੀ ਲੱਕੜ ਨੂੰ ਚੁੱਕਣ ਵੱਲ ਧਿਆਨ ਹੁੰਦਾ ਹੈ।
           ਜ਼ਿਕਰਯੋਗ ਹੈ ਕਿ ਰਾਜਸਥਾਨ ਕੈਨਾਲ ਨਹਿਰ ਦਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ ਅਤੇ ਇਹ ਨਹਿਰ ਰਾਜਸਥਾਨ ਦੇ ਲੋਕਾਂ ਲਈ ਲਾਈਨ ਲਾਈਫ' ਵਜੋਂ ਜਾਂਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਪਿੰਡ ਮਿੱਡੂਖੇੜਾ ਵਾਲੇ ਪਾਸੇ ਵੱਲ ਇਸ ਨਹਿਰ ਪੜਟੀ ਨੂੰ ਚੌੜਾ ਅਤੇ ਮਜ਼ਬੂਤ ਕਰਕੇ ਇਸ ਉੱਪਰ ਪੱਕੀ ਸੜਕ ਬਣਾਈ ਤਾਂ ਭਵਿੱਖ ਅਜਿਹੀ ਘਟਨਾ ਨਾ ਵਾਪਰ ਸਕੇ।
          ਇਸੇ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਨਹਿਰ ਦੀ ਪਟੜੀ ਤੋਂ ਮਿੱਟੀ ਖਿਸਕਣ ਬਾਰੇ ਸੂਚਨਾ ਮਿਲਣ 'ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦਾ ਅਮਲਾ ਅਤੇ ਰਾਹਤ ਕਾਰਜਾਂ ਲਈ ਜੇ.ਸੀ.ਬੀ. ਮਸ਼ੀਨਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ।

No comments:

Post a Comment