30 November 2011

ਕੁਲਦੀਪ ਮਾਣਕ ਦਾ ਸੋਹਣਾ ਪਿੰਡ ਜਲਾਲ ਅੱਜ ਉਦਾਸ ਹੈ...

                                                               ਚਰਨਜੀਤ ਭੁੱਲਰ
ਬਠਿੰਡਾ :  ਕੁਲਦੀਪ ਮਾਣਕ ਦਾ 'ਜਲਾਲ' ਅੱਜ ਉਦਾਸ ਹੈ। ਉਸ ਦੇ ਹਾਣੀ ਅੱਜ ਗਮ 'ਚ ਡੁੱਬ ਗਏ ਹਨ। ਪਿੰਡ ਦਾ ਹਰ ਨਿਆਣਾ ਸਿਆਣਾ ਸੋਗ ਵਿੱਚ ਹੈ। ਉਸ ਦੀ ਪੈੜ ਦੀ ਗੱਲ ਅੱਜ ਹਰ ਘਰ ਤੁਰੀ ਹੋਈ ਸੀ। 'ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ', ਜਦੋਂ ਇਹ ਖ਼ਬਰ ਪਿੰਡ 'ਚ ਪੁੱਜੀ ਤਾਂ ਇੱਕ ਤਰ੍ਹਾਂ ਨਾਲ ਜ਼ਿੰਦਗੀ ਹੀ ਰੁਕ ਗਈ। ਪਿੰਡ ਜਲਾਲ ਦੀ ਜੂਹ ਨੂੰ ਅੱਜ ਸੂਰਜ ਸਮੇਂ ਤੋਂ ਪਹਿਲਾਂ ਅਸਤ ਹੁੰਦਾ ਜਾਪਿਆ। ਜਿਨ੍ਹਾਂ ਗਲੀਆਂ 'ਚ ਕੁਲਦੀਪ ਮਾਣਕ ਖੇਡਿਆ, ਉਨ੍ਹਾਂ ਗਲੀਆਂ ਦਾ ਗੱਚ ਵੀ ਭਰਿਆ ਹੋਇਆ ਸੀ। ਪਿੰਡ ਜਲਾਲ 'ਚ ਮਾਣਕ ਦਾ ਛੋਟਾ ਜਿਹਾ ਘਰ ਹੈ ਜਿਥੇ ਅੱਜ ਉਸ ਦੇ ਪੁਰਾਣੇ ਬੇਲੀ ਮੌਤ ਦੀ ਖ਼ਬਰ ਮਗਰੋਂ ਜੁੜਨ ਲੱਗ ਪਏ। ਇਕੱਲੇ ਇੱਕ ਜਲਾਲ 'ਚ ਨਹੀਂ ਬਲਕਿ 'ਅੱਠ ਜਲਾਲਾਂ' 'ਚ ਸੋਗ ਦੀ ਲਹਿਰ ਦੌੜ ਗਈ। ਉਹ ਸਰਕਾਰੀ ਸਕੂਲ ਵੀ ਗਮ ਦੇ ਦਰਿਆ 'ਚ ਡੁੱਬ ਗਿਆ ਜਿਸ ਦੀ ਮਿੱਟੀ 'ਤੇ ਬੈਠ ਕੇ ਬਚਪਨ ਉਮਰੇ ਕੁਲਦੀਪ ਮਾਣਕ ਗਾਉਂਦਾ ਹੁੰਦਾ ਸੀ। ਸਕੂਲ ਦੀ ਬਾਲ ਸਭਾ 'ਚ ਗਾਏ ਗੀਤ ਅੱਜ ਉਸ ਦੇ ਹਾਣੀ ਚੇਤੇ ਕਰਦੇ ਰਹੇ। ਕਰੀਬ ਇੱਕ ਵਰ੍ਹਾ ਪਹਿਲਾਂ ਕੁਲਦੀਪ ਮਾਣਕ ਆਪਣੇ ਭਰਾ ਦੀ ਮੌਤ 'ਤੇ ਆਇਆ। ਅੱਜ ਇੱਕ ਵਰ੍ਹੇ ਮਗਰੋਂ ਖੁਦ ਉਸ ਦੀ ਮੌਤ ਦੀ ਖ਼ਬਰ ਪਿੰਡ ਪੁੱਜ ਗਈ ਹੈ।
          ਕੁਲਦੀਪ ਮਾਣਕ ਦਾ ਪੁਰਾਣਾ ਬੇਲੀ ਮਾਸਟਰ ਨਛੱਤਰ ਸਿੰਘ ਆਖਦਾ ਹੈ ਕਿ 'ਪਿੰਡ ਜਲਾਲ ਲਈ ਅੱਜ ਦਾ ਦਿਨ ਸਭ ਤੋਂ ਮਾੜਾ ਚੜ੍ਹਿਆ ਹੈ।' ਉਹ ਆਖਦਾ ਹੈ ਕਿ ਕੁਲਦੀਪ ਮਾਣਕ ਨੇ ਪਿੰਡ ਜਲਾਲ ਨੂੰ ਵਿਸ਼ਵ 'ਚ ਚਮਕਾ ਦਿੱਤਾ ਸੀ ਅਤੇ ਖੁਦ ਅੱਜ ਉਹ 'ਮਾਣਕ' ਨਹੀਂ ਰਿਹਾ। ਉਸ ਨੇ ਦੱਸਿਆ ਕਿ ਅੱਠ ਜਲਾਲਾਂ 'ਚ ਅੱਜ ਹਰ ਘਰ ਗਮ ਦਾ ਮਾਹੌਲ ਹੈ। ਪਿੰਡ ਜਲਾਲ ਦੀ ਹਰ ਦੇਹਲੀ ਤੋਂ 18 ਸਤੰਬਰ 1993 ਨੂੰ ਉਹ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਜਦੋਂ ਰਿਕਾਰਡ ਇਕੱਠ 'ਚ ਪਿੰਡ ਜਲਾਲ ਨੇ 'ਕੁਲਦੀਪ ਮਾਣਕ' ਨੂੰ ਕਾਰ ਨਾਲ ਸਨਮਾਨਿਤ ਕੀਤਾ ਸੀ। ਅੱਤਵਾਦ ਮਗਰੋਂ ਪੰਜਾਬ ਦਾ ਇਹ ਇੱਕ ਵੱਡਾ ਇਕੱਠ ਸੀ ਜਿਸ 'ਚ ਡੀ.ਜੀ.ਪੀ ਕੇ.ਪੀ.ਐਸ.ਗਿੱਲ ਪੁੱਜੇ ਸਨ। ਉਦੋਂ ਪਿੰਡ ਜਲਾਲ ਦੇ ਘਰ ਘਰ 'ਚ ਲੰਗਰ ਚੱਲਿਆ ਸੀ। ਪਿੰਡ ਜਲਾਲ ਅੱਜ ਤੱਕ ਉਹ ਖੁਸ਼ੀ ਦੇ ਪਲ ਨਹੀਂ ਭੁੱਲਾ ਹੈ। ਪਿੰਡ ਜਲਾਲ ਦੇ ਪ੍ਰਿਥੀਪਾਲ ਸਿੰਘ ਜਲਾਲ ਆਖਦੇ ਹਨ ਕਿ ਕੁਲਦੀਪ ਮਾਣਕ ਦੀ ਮੌਤ ਵੀ ਕਦੇ ਭੁੱਲ ਨਹੀਂ ਸਕੇਗੀ। ਉਨ੍ਹਾਂ ਆਖਿਆ ਕਿ ਮਾਣਕ ਨੇ ਪਿੰਡ ਜਲਾਲ ਦੇ ਕੱਦ ਬੁੱਤ ਨੂੰ ਆਪਣੇ ਨਾਲੋਂ ਉੱਚਾ ਚੁੱਕਿਆ। ਨੰਬਰਦਾਰ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਪਿੰਡ ਨੂੰ ਮਾਣਕ ਦਾ ਵਿਛੋੜਾ ਕਦੇ ਨਹੀਂ ਭੁੱਲੇਗਾ। ਉਸ ਨੇ ਪਿੰਡ ਦੇ ਹਰ ਵਸਨੀਕ ਦੀ ਹਰ ਵੇਲੇ ਬਾਂਹ ਫੜੀ।
          ਕੁਲਦੀਪ ਮਾਣਕ ਆਖਰੀ ਦਫ਼ਾ ਖੁਸ਼ੀ ਦੇ ਮੌਕੇ 'ਤੇ ਪਿੰਡ ਜਲਾਲ 'ਚ 14 ਫਰਵਰੀ 2010 ਨੂੰ ਆਏ ਸਨ। ਉਹ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਦੇ ਖੁਸ਼ੀ ਤੇ ਗਮ 'ਚ ਸਰੀਕ ਹੋਣਾ ਨਹੀਂ ਭੁੱਲਦੇ ਸਨ। ਉਹ ਆਪਣੇ ਪਿੰਡ ਜਲਾਲ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਕਲਾਸ ਤੱਕ ਪੜ੍ਹਿਆ। ਉਸ ਤੋਂ ਕਾਫੀ ਸਮੇਂ ਮਗਰੋਂ ਉਹ ਲੁਧਿਆਣਾ ਚਲੇ ਗਏ ਸਨ। ਜਦੋਂ ਉਹ ਸਕੂਲ ਦੀ ਬਾਲ ਸਭਾ ਵਿੱਚ ਗਾਉਂਦਾ ਸੀ ਤਾਂ ਉਦੋਂ ਹੈੱਡਮਾਸਟਰ ਕਸ਼ਮੀਰ ਸਿੰਘ ਅਕਸਰ ਥਾਪੀ ਦਿੰਦੇ ਸਨ। ਇਸੇ ਥਾਪੀ ਨੇ ਉਸ ਨੂੰ ਅਸਮਾਨ 'ਚ ਪਹੁੰਚਾ ਦਿੱਤਾ। ਪਿੰਡ ਦੇ ਲੋਕ ਦੱਸਦੇ ਹਨ ਕਿ ਉਸ ਨੇ 40 ਕੁ ਸਾਲ ਪਹਿਲਾਂ ਪਿੰਡ ਛੱਡ ਦਿੱਤਾ ਸੀ। ਭਾਵੇਂ ਉਹ ਪਿੰਡੋਂ ਚਲੇ ਗਏ ਸਨ ਪਰ ਭਾਵੁਕ ਤੌਰ 'ਤੇ ਉਹ ਪਿੰਡ ਨਾਲ ਜੁੜੇ ਹੋਏ ਸਨ। ਪਿੰਡ ਦੇ ਲੋਕ ਦੱਸਦੇ ਹਨ ਕਿ ਮਾਣਕ ਦੇ ਮਨ ਵਿਚ ਪਿੰਡ ਦੇ ਹਰ ਜੀਅ ਦਾ ਸਤਿਕਾਰ ਸੀ। ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਪੱਪੂ ਦਾ ਕਹਿਣਾ ਸੀ ਕਿ ਪੂਰਾ ਜਲਾਲ ਗਮ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਮਾਣਕ ਦੇ ਤੁਰ ਜਾਣ ਦਾ ਦੁੱਖ ਹਮੇਸ਼ਾ ਰਹੇਗਾ। ਉਨ੍ਹਾਂ ਦੱਸਿਆ ਕਿ ਪਿੰਡ ਜਲਾਲ 'ਚ ਅੱਜ ਉਨ੍ਹਾਂ ਦੇ ਚਲੇ ਜਾਣ ਦੀ ਖ਼ਬਰ ਕਰੀਬ ਤਿੰਨ ਕੁ ਵਜੇ ਪੁੱਜੀ। ਅੱਜ ਪਿੰਡ ਦੀ ਸੱਥ ਵਿੱਚ ਵੀ ਮਾਣਕ ਦੀਆਂ ਕਲੀਆਂ ਦੀ ਗੱਲ ਚੱਲਦੀ ਰਹੀ। ਜਿਸ ਪਿੰਡ ਨੇ ਕਲੀਆਂ ਦੇ ਬੇਤਾਜ ਬਾਦਸ਼ਾਹ ਨੂੰ ਜਨਮ ਦਿੱਤਾ ,ਅੱਜ ਉਹ ਪਿੰਡ ਖੁਦ ਖ਼ਾਮੋਸ਼ੀ ਦੀ ਬੁੱਕਲ ਵਿੱਚ ਬੈਠਾ ਸੀ। ਜਾਣਕਾਰੀ ਅਨੁਸਾਰ 2 ਦਸੰਬਰ ਨੂੰ ਪਿੰਡ ਜਲਾਲ 'ਚ ਕੁਲਦੀਪ ਮਾਣਕ ਨੂੰ ਦਫ਼ਨਾਇਆ ਜਾਵੇਗਾ।
ਕੁਲਦੀਪ ਮਾਣਕ ਨੇ ਦਰਜਨਾਂ ਗੀਤਾਂ 'ਚ ਆਪਣੇ ਪਿੰਡ ਨੂੰ ਮਾਣ ਦਿੱਤਾ ਜਿਨ੍ਹਾਂ ਚੋਂ ਇੱਕ ਦੋ ਇਸ ਤਰ੍ਹਾਂ ਹਨ।
                                          'ਸੋਹਣਾ ਪਿੰਡ ਜਲਾਲ ਮੇਰਾ , ਸਾਂਭ ਕੇ ਨਿਸ਼ਾਨੀ ਰੱਖ ਲਈ
                                                           ਲੈ ਜੀ ਨਾਲ ਰੁਮਾਲ ਮੇਰਾ।'
                                            ' ਝੰਗ ਸਿਆਲਾਂ ਨਾਲੋਂ ਸੋਹਣਾ, ਮੇਰਾ ਪਿੰਡ ਜਲਾਲ ਕੁੜੇ।'
 ਇਸੇ ਤਰ੍ਹਾਂ ਇੱਕ ਹੋਰ ਗੀਤ 'ਚ ਮਾਣਕ ਨੇ ਗਾਇਆ ...
                                          'ਸਕਿਆ ਭਾਈਆ ਦੇ ਮੁੱਲ, ਅੱਠ ਜਲਾਲਾਂ ਵਾਲਿਆ
                                              ਸਕਿਆ ਭਾਈਆ ਬਾਝੋਂ,ਕੋਈ ਨਹੀਂ ਉਤਾਰਦਾ'

                                              ਲਤੀਫ ਮੁਹੰਮਦ ਉਰਫ 'ਕੁਲਦੀਪ ਮਾਣਕ'
 ਜਾਣਕਾਰੀ ਅਨੁਸਾਰ ਕੁਲਦੀਪ ਮਾਣਕ ਦਾ ਅਸਲੀ ਨਾਮ ਲਤੀਫ਼ ਮੁਹੰਮਦ ਉਰਫ ਲੱਧਾ ਸੀ। ਸਕੂਲ 'ਚ ਉਸ ਨੂੰ ਕੁਲਦੀਪ ਮਣਕਾ ਵੀ ਆਖਦੇ ਸਨ। ਲੋਕ ਦੱਸਦੇ ਹਨ ਕਿ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਉਸ ਨੂੰ ਗਾਉਂਦੇ ਨੂੰ ਸੁਣਿਆ ਤਾਂ ਉਨ੍ਹਾਂ ਨੇ ਆਖਿਆ ਸੀ ਕਿ ' ਤੂੰ ਕੁਲਦੀਪ ਮਣਕਾ ਨਹੀਂ,ਤੂੰ ਤਾਂ ਕੁਲਦੀਪ ਮਾਣਕ ਹੈ।' ਉਦੋਂ ਤੋਂ ਹੀ ਉਸ ਦਾ ਨਾਮ ਕੁਲਦੀਪ ਮਾਣਕ ਪਿਆ। ਇਹ ਵੀ ਦੱਸਦੇ ਹਨ ਕਿ ਕੈਰੋਂ ਨੇ ਇਹ ਆਖਿਆ ਸੀ ਕਿ ' ਤੂੰ ਆਪਣੀ ਕੁੱਲ ਦਾ ਦੀਪ ਹੈ ਤੇ ਤੂੰ ਹੀਰਾ ਨਹੀਂ ਬਲਕਿ ਤੂੰ ਤਾਂ ਮਾਣਕ ਹੈ।' ਇਸ ਤਰ੍ਹਾਂ ਦੀ ਗੱਲ ਮਾਣਕ ਖੁਦ ਵੀ ਆਪਣੀ ਇੰਟਰਵਿਊ ਵਿੱਚ ਦੱਸਦੇ ਰਹੇ ਹਨ।

No comments:

Post a Comment