23 November 2011

ਅਡਵਾਨੀ ਨੂੰ ਸਿਰੋਪਾ ਨਾ ਦੇਣਾ ਚੰਗੀ ਸੁਰੂਆਤ

                                                                 -ਬੀ ਐਸ ਭੁੱਲਰ-
ਭਾਜਪਾ ਦੇ ਸੀਨੀਅਰ ਨੇਤਾ ਸ੍ਰੀ ਲਾਲ ਕ੍ਰਿਸਨ ਅਡਵਾਨੀ ਦੇ ਪੰਜਾਬ ਦੌਰੇ ਨਾਲ ਸਿਰੋਪੇ ਦੇ ਨਾਂ ਹੇਠ ਕੀਤੀ ਜਾ ਰਹੀ ਸਿਆਸਤ ਨੂੰ ਠੱਲ੍ਹ ਪਾਉਣ ਦੀ ਸੁਰੂਆਤ ਹੋ ਗਈ ਹੈ। ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਤ੍ਹਾਧਾਰੀ ਸ੍ਰੋਮਣੀ ਅਕਾਲੀ ਦਲ ਦਾ ਹੀ ਕਬਜਾ ਰਿਹਾ ਹੈ। ਇਸ ਲਈ ਇਸ ਦਲ ਦੇ ਵਿਰੋਧੀ ਨੇਤਾਵਾਂ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ 'ਚ ਸਿਰੋਪਾ ਨਾ ਦੇਣ ਲਈ ਕਦੇ ਦਾੜੀ ਕੱਟੀ ਹੋਈ, ਕਦੇ ਦਾੜੀ ਰੰਗੀ ਹੋਈ ਅਤੇ ਕਦੇ ਕਿਸੇ ਮਾਮਲੇ ਦਾ ਦੋਸੀ ਹੋਣ ਦਾ ਬਹਾਨਾ ਬਣਾ ਕੇ ਪਾਸਾ ਵੱਟਿਆ ਜਾਂਦਾ ਰਿਹਾ ਹੈ।

       ਦੂਜੇ ਪਾਸੇ ਸੱਤ੍ਹਧਾਰੀ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਅਕਤੀ ਭਾਵੇ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੋਵੇ ਤੇ ਭਾਵੇਂ ਬਲਾਤਕਾਰੀ ਹੋਵੇ ਉਸਨੂੰ ਸ੍ਰੋਮਣੀ ਕਮੇਟੀ ਵਿੱਚ ਅਹੁਦੇ ਮੈਂਬਰੀਆਂ ਵੀ ਮਿਲਦੀਆਂ ਰਹੀਆਂ ਹਨ ਅਤੇ ਅਜਿਹੇ ਅਨਸਰਾਂ ਨੂੰ ਸਿਰੋਪੇ ਬਖਸਿਸ ਕਰਕੇ ਮਾਣ ਸਨਮਾਣ ਵੀ ਦਿੱਤਾ ਜਾਂਦਾ ਰਿਹਾ ਹੈ।

       ਸ੍ਰੀ ਅਡਵਾਨੀ ਦਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਪ੍ਰੋਗਰਾਮ ਉਲੀਕਿਆ ਗਿਆ ਤਾਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਕਿ ਅਡਵਾਨੀ ਦੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵਿੱਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ ਕਿਉਕਿ ਗੁਰੂ ਸਾਹਿਬਾਨਾਂ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਬਣਾ ਕੇ ਹਰ ਇੱਕ ਇਨਸਾਨ ਨੂੰ ਨਤਮਸਤਕ ਹੋਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਪਰੰਤੂ ਦਰਬਾਰ ਸਾਹਿਬ ਵਿਖੇ ਸਿਰੋਪਾ ਬਖਸਿਸ ਕਰਕੇ ਉਸਦਾ ਮਾਣ ਸਨਮਾਨ ਨਹੀਂ ਕਰਨ ਦਿੱਤਾ ਜਾਵੇਗਾ।

       ਸ੍ਰ: ਮਾਨ ਦਾ ਤਰਕ ਸੀ ਕਿ ਸ੍ਰੀ ਅਡਵਾਨੀ ਨੇ ਆਪਣੀ ਪੁਸਤਕ ਮਾਈ ਕੰਟਰੀ ਮਾਈ ਲਾਈਫ਼ ਵਿੱਚ ਸਪਸ਼ਟ ਕੀਤਾ ਹੈ ਕਿ ਦਰਬਾਰ ਸਾਹਿਬ ਵਿਖੇ ਕੀਤੇ ਨੀਲਾ ਤਾਰਾ ਸਾਕਾ ਲਈ ਉਸਨੇ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਲਾਹ ਦੇ ਕੇ ਦਬਾਅ ਪਾਇਆ ਸੀ। ਇੱਥੇ ਹੀ ਬੱਸ ਨਹੀਂ ਬਾਬਰੀ ਮਸਜਿਦ ਢਾਹ ਦੇਣ, ਗੁਜਰਾਤ ਵਿੱਚ ਮੁਸਲਮਾਨਾਂ ਦੇ ਕੀਤੇ ਕਤਲੇਆਮ ਅਤੇ ਦੇਸ ਦੇ ਵੱਖ ਵੱਖ ਭਾਗਾਂ ਵਿੱਚ ਈਸਾਈਆਂ ਤੇ ਨਨਜ ਉਪਰ ਹਮਲੇ ਕਰਵਾਉਣ ਦੀਆਂ ਘਟਨਾਵਾਂ 'ਚ ਅਡਵਾਨੀ ਦਾ ਨਾਂ ਬੋਲਦਾ ਰਿਹਾ ਹੈ। ਉਹਨਾਂ ਕਿਹਾ ਘੱਟ ਗਿਣਤੀਆਂ ਤੇ ਹਮਲੇ ਕਰਨ ਦੇ ਅਜਿਹੇ ਦੋਸ਼ੀ ਨੂੰ ਸਿਰੋਪਾ ਬਖਸਿਸ ਨਹੀਂ ਕਰਨ ਦੇਵਾਂਗੇ।

       ਭਾਜਪਾ ਆਗੂ ਦਰਬਾਰ ਸਾਹਿਬ ਵਿਖੇ ਪਹੁੰਚੇ ਤੇ ਉਹਨਾਂ ਮੱਥਾ ਟੇਕਿਆ, ਜਿਸਤੇ ਕੋਈ ਇਤਰਾਜ ਨਹੀਂ ਕੀਤਾ ਗਿਆ। ਜਦ ਉਸਨੂੰ ਸਿਰੋਪਾ ਬਖਸਿਸ ਕਰਨ ਲਈ ਮੈਨੇਜਰ ਤੇ ਗੰ੍ਰਥੀ ਅੱਗੇ ਵਧੇ ਤਾਂ ਅਕਾਲੀ ਦਲ ਅਮ੍ਰਿਤਸਰ ਵੱਲੋਂ ਉੱਥੇ ਤਾਇਨਾਤ ਇੱਕ ਨੌਜਵਾਨ ਸ੍ਰੋਮਣੀ ਕਮੇਟੀ ਮੈਂਬਰ ਨੇ ਪੂਰੇ ਜੋਸ ਨਾਲ ਇਹ ਕਹਿੰਦਿਆਂ ਇਤਰਾਜ ਕੀਤਾ ਕਿ ਅਡਵਾਨੀ ਘੱਟ ਗਿਣਤੀਆਂ ਦਾ ਕਾਤਲ ਹੈ ਇਸਨੂੰ ਸਿਰੋਪਾ ਨਹੀਂ ਦੇਣ ਦੇਵਾਂਗੇ। ਇਹ ਸੁਣਦਿਆਂ ਦਰਬਾਰ ਸਾਹਿਬ ਦੇ ਅੰਦਰ ਕਿਸੇ ਰੌਲੇ ਰੱਪੇ ਦੇ ਖਤਰੇ ਨੂੰ ਭਾਂਪਦਿਆਂ ਸਿਰੋਪਾ ਦੇਣ ਵਾਲੀਆਂ ਸਖ਼ਸੀਅਤਾਂ ਪਿੱਛੇ ਹਟ ਗਈਆਂ ਅਤੇ ਅਡਵਾਨੀ ਦੇ ਹੋਸ ਉੱਡ ਗਏ ਤੇ ਉਹ ਸੁੰਨ ਜਿਹੇ ਹੋ ਗਏੇ।

       ਅਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਮੌਕਾ ਸੰਭਾਲਣ ਦੀ ਕੋਸਿਸ਼ ਕੀਤੀ ਤਾਂ ਗੁੱਸੇ 'ਚ ਲਾਲ ਪੀਲੇ ਹੋਏ ਉਸ ਕਮੇਟੀ ਮੈਂਬਰ ਨੇ ਉਸਨੂੰ ਜੌਕਰ ਕਰਾਰ ਦਿੰਦਿਆਂ ਕਿਹਾ ਪਿੱਛ ਹਟ ਜਾ ਓਏ ਤਾਂ ਸ੍ਰੀ ਸਿੱਧੂ ਵੀ ਬੇਵੱਸ ਹੋ ਗਏ। ਅਖੀਰ ਸ੍ਰੀ ਅਡਵਾਨੀ ਨੂੰ ਪਾਣੀ ਧਾਣੀ ਪਿਲਾ ਕੇ ਹੌਸਲਾ ਦਿੰਦੇ ਹੋਏ ਉਸਦੇ ਸਾਥੀ ਤੇ ਸੁਰੱਖਿਆ ਕਰਮਚਾਰੀ ਉਸਨੂੰ ਬਾਹਰ ਲੈ ਗਏ।

       ਬਾਦਲ ਦਲ ਦੇ ਕੁਝ ਨੇਤਾਵਾਂ ਨੇ ਤਾਂ ਭਾਵੇਂ ਸ੍ਰੀ ਅਡਵਾਨੀ ਦੀ ਆਓ ਭਗਤ ਲਈ ਸਾਰਾ ਜੋਰ ਤਾਣ ਲਾਇਆ, ਪਰੰਤੂ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਸਾਇਦ ਇਹ ਸਮਝਦੇ ਹੋਏ ਕਿ ਪੰਜਾਬੀਆਂ ਖਾਸਕਰ ਸਿੱਖਾਂ ਦੇ ਦਿਲਾਂ ਵਿੱਚ ਅਡਵਾਨੀ ਪ੍ਰਤੀ ਨਫ਼ਰਤ ਹੈ, ਕੁਝ ਦੂਰੀ ਹੀ ਬਣਾ ਕੇ ਰੱਖੀ। ਉਹਨਾਂ ਨਾ ਅਡਵਾਨੀ ਨਾਲ ਬਹੁਤੀਆਂ ਸਟੇਜਾਂ ਸਾਂਝੀਆਂ ਕੀਤੀਆਂ ਅਤੇ ਨਾ ਹੀ ਉਹਨਾਂ ਨਾਲ ਯਾਤਰਾ ਕੀਤੀ, ਬੱਸ ਇੱਕ ਦੋ ਥਾਵਾਂ ਤੇ ਮਿਲ ਕੇ ਬੁੱਤਾ ਸਾਰ ਦਿੱਤਾ। ਬਾਅਦ ਵਿੱਚ ਅਕਾਲੀ ਦਲ ਭਾਜਪਾ ਵਿੱਚ ਤਰੇੜ ਪੈ ਜਾਣ ਦੇ ਡਰ ਕਾਰਨ ਏਨਾ ਜਰੂਰ ਕਹਿ ਦਿੱਤਾ ਕਿ ਸ੍ਰੀ ਅਡਵਾਨੀ ਨੂੰ ਸਿਰੋਪਾ ਤਾਂ ਦੇ ਹੀ ਦੇਣਾ ਚਾਹੀਦਾ ਸੀ।

       ਗੱਲ ਅਡਵਾਨੀ ਨੂੰ ਸਿਰੋਪਾ ਦੇਣ ਜਾਂ ਨਾ ਦੇਣ ਦੀ ਨਹੀਂ, ਅਸਲ ਵਿੱਚ ਇਹ ਇੱਕ ਚੰਗੀ ਸੁਰੂਆਤ ਹੋਈ ਹੈ ਅਤੇ ਇਸਨੂੰ ਜਾਰੀ ਰਖਦਿਆਂ ਅੱਗੇ ਲਈ ਸਿਰੋਪਾ ਬਖਸਿਸ ਕਰਨ ਤੋਂ ਪਹਿਲਾਂ ਸਨਮਾਨ ਹਾਸਲ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ ਤਾਂ ਇਸਦੇ ਚੰਗੇ ਨਤੀਜੇ ਨਿਕਲ ਸਕਦੇ ਹਨ। ਜੋ ਵਿਅਕਤੀ ਇਸ ਪਵਿੱਤਰ ਸਥਾਨ ਤੇ ਸਨਮਾਨ ਲੈਣ ਦੇ ਹੱਕਦਾਰ ਨਹੀਂ ਉਹ ਕਿਸੇ ਵੀ ਪਾਰਟੀ ਜਾਂ ਸੰਸਥਾ ਨਾਲ ਜੁੜਿਆ ਹੋਵੇ ਤਾਂ ਉਸਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ।

       ਕੇਂਦਰ ਵਿੱਚ ਆਪਣੀ ਸੋਟੀ ਧਰਾ ਪਾਰਟੀ ਸਮਝਦਿਆਂ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਸ੍ਰੀ ਅਡਵਾਨੀ ਦੀ ਆਓ ਭਗਤ ਲਈ ਭੇਜ ਦਿੱਤਾ ਅਤੇ ਉਹਨਾਂ ਉਸਦੇ ਸੁਆਗਤ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰੰਤੂ ਸ੍ਰ: ਬਾਦਲ ਨੇ ਪੰਜਾਬ ਵਿੱਚ ਸ੍ਰੀ ਅਡਵਾਨੀ ਨਾਲ ਨਾ ਯਾਤਰਾ ਕੀਤੀ ਅਤੇ ਨਾ ਹੀ ਬਹੁਤੀਆਂ ਸਟੇਜਾਂ ਸਾਂਝੀਆਂ ਕੀਤੀਆਂ, ਸਾਇਦ ਉਹਨਾਂ ਪੰਜਾਬ ਦੇ ਲੋਕਾਂ ਦੀ ਸ੍ਰੀ ਅਡਵਾਨੀ ਪ੍ਰਤੀ ਨਰਾਜਗੀ ਕਾਰਨ ਹੀ ਪਾਸਾ ਜਿਹਾ ਵੱਟੀ ਰੱਖਿਆ।

No comments:

Post a Comment