30 November 2011

...'ਤੇ ਹੁਣ ਬਣ ਜਾਵੇਗਾ 'ਪਾਸ਼' ਦਾ 'ਮੰਟਾ'

ਇਕਬਾਲ ਸਿੰਘ ਸ਼ਾਂਤ
ਲੰਬੀ : ਤਾ-ਉਮਰ ਰਲ-ਮਿਲ ਕੇ ਸੂਬੇ ਦੇ ਸਿਆਸੀ ਥੰਮਾਂ 'ਤੇ ਪਰਚੰਮ ਲਹਿਰਾਉਂਦੇ ਰਹੇ ਬਾਦਲ ਭਰਾਵਾਂ 'ਪਾਸ਼' ਅਤੇ 'ਦਾਸ' ਵਿਚਕਾਰ ਵਖਰੇਵੇਂ ਉਪਰੰਤ ਹੁਣ ਦੋਵੇਂ ਧਿਰਾਂ ਵੱਲੋਂ ਇੱਕ-ਦੂਸਰੇ ਨੂੰ ਸਿਆਸੀ ਪਿੜ ਵਿਚ ਪਛਾੜਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਚੋਣਾਂ ਦੀ ਅਸਲ ਮਹਾਂਭਾਰਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਚੱਕਰਵਿਊ ਤਹਿਤ ਵਿਚ ਇੱਕ-ਦੂਸਰੇ ਦੇ ਸਿਆਸੀ ਕਿਲ੍ਹਿਆਂ ਅਤੇ ਸਿਪਹਸਲਾਰਾਂ 'ਚ ਸੰਨ੍ਹ ਲਾ ਕੇ ਆਪਣੇ ਲਈ ਮਜ਼ਬੂਤ ਸਿਆਸੀ ਕਿਲ੍ਹੇਬੰਦੀ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।
ਹਾਸਲ ਕਣਸੋਆਂ ਅਨੁਸਾਰ ਸੰਨ 2002 ਦੀ ਅਕਾਲੀ ਸਰਕਾਰ ਤੋਂ ਲੈ ਕੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀ.ਪੀ.ਪੀ. ਦੇ ਗਠਨ ਤੱਕ ਮੁੱਖ ਮੰਤਰੀ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦੀ ਸੱਜੀ ਬਾਂਹ ਵਜੋਂ ਵਿਚਰਦੇ ਰਹੇ ਹਾਈ-ਪ੍ਰੋਫਾਈਲ ਨੌਜਵਾਨ ਆਗੂ ਸਤਿੰਦਰਜੀਤ ਸਿੰਘ 'ਮੰਟਾ ਰੋੜਾਂਵਾਲੀ' ਦੇ 3 ਦਸੰਬਰ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਦੇ ਦੌਰੇ ਦੌਰਾਨ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਆਸਾਰ ਹਨ।
ਦੱਸਣਯੋਗ ਹੈ ਕਿ ਪੀ.ਪੀ.ਪੀ. ਦੇ ਗਠਨ ਉਪਰੰਤ ਲੰਬੀ ਹਲਕੇ ਵਿਚ ਬੜੀ ਸਰਗਰਮੀ ਵਿਚ ਪੀ.ਪੀ.ਪੀ. ਦੀਆਂ ਸਰਗਰਮੀਆਂ ਵਿਚ ਹਿੱਸਾ ਲੈ ਰਹੇ ਸ੍ਰੀ ਸਤਿੰਦਰਜੀਤ ਸਿੰਘ ਮੰਟਾ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 20-21 ਮਈ ਦੀ ਦਰਮਿਆਨੀ ਰਾਤ ਨੂੰ ਉਸਦੇ ਘਰੋਂ ਪਿੰਡ ਰੋੜਾਂਵਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਿਸਦੇ ਉਪਰੰਤ ਉਕਤ ਮਾਮਲੇ 'ਚ ਅਦਾਲਤ ਵਿਚੋਂ ਜਮਾਨਤ ਮਿਲਣ ਬਾਅਦ ਸ੍ਰੀ ਮੰਟਾ ਸਿਆਸੀ ਤੌਰ 'ਤੇ ਰੂਪੋਸ਼ ਜਿਹੇ ਵਿਚਰ ਰਹੇ ਸਨ। ਹਾਲਾਂਕਿ ਸ੍ਰੀ ਮੰਟਾ ਨੂੰ ਗੁਰਦਾਸ ਸਿੰਘ ਬਾਦਲ ਦਾ ਵਫ਼ਾਦਾਰ ਅਤੇ ਨਿਸ਼ਠਾਵਾਨ ਸ਼ਾਗਿਰਦ ਮੰਨਿਆ ਜਾਂਦਾ ਰਿਹਾ ਹੈ। ਦੱਸਣਯੋਗ ਹੈ ਕਿ ਸ੍ਰੀ ਮੰਟਾ ਦੀ ਗ੍ਰਿਫ਼ਤਾਰੀ ਉਪਰੰਤ ਸ: ਗੁਰਦਾਸ ਸਿੰਘ ਬਾਦਲ ਨੇ ਉਸਦੀ ਵਫ਼ਾਦਾਰੀ ਦੇ ਬਦਲੇ ਉਸਨੂੰ ਪੀ.ਪੀ.ਪੀ. ਵੱਲੋਂ ਲੰਬੀ ਹਲਕੇ ਤੋਂ ਲੜਾਉਣ ਲਈ ਪਾਰਟੀ ਨੂੰ ਸਿਫਾਰਸ਼ ਕਰਨ ਦਾ ਐਲਾਨ ਵੀ ਕੀਤਾ ਸੀ।
ਪਰੰਤੂ ਹੁਣ ਸਤਿੰਦਰਜੀਤ ਮੰਟਾ ਦੇ ਦੁਬਾਰਾ ਤੋਂ ਅਕਾਲੀ ਦਲ ਵਿਚ ਆਉਣ ਦੀਆਂ ਕਣਸੋਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਨੂੰ ਬਲ ਮਿਲਿਆ ਹੈ।
             ਜੱਗਜਾਹਰ ਹੈ ਕਿ ਮੁੱਖ ਮੰਤਰੀ ਦੇ ਛੋਟੇ ਭਰਾ ਸ: ਗੁਰਦਾਸ ਸਿੰਘ ਬਾਦਲ ਨੂੰ ਪੀ.ਪੀ.ਪੀ. ਵੱਲੋਂ ਲੰਬੀ ਹਲਕੇ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ, ਉਥੇ ਪਿਛਲੇ ਵਿਧਾਨਸਭਾ ਚੋਣਾਂ ਵਿਚ ਮੁੱਖ ਮੰਤਰੀ ਸ੍ਰੀ ਬਾਦਲ ਨੂੰ ਤਕੜੀ ਟੱਕਰ ਦੇ ਚੁੱਕੇ ਸ: ਮਹੇਸ਼ਇੰਦਰ ਸਿੰਘ ਬਾਦਲ ਨੂੰ ਕਾਂਗਰਸ ਵੱਲੋਂ ਮੁੜ ਤੋਂ ਉਮੀਦਵਾਰ ਐਲਾਨੇ ਜਾਣ ਦੀ ਮਜ਼ਬੂਤ ਸੰਭਾਵਨਾ ਹੈ। ਅਜਿਹੇ ਅਕਾਲੀ  ਦਲ (ਬ) ਵੱਲੋਂ ਲੰਬੀ ਅਤੇ ਗਿੱਦੜਬਾਹਾ ਹਲਕੇ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਸਿਆਸੀ ਸਰੀਕਾਂ ਦੇ ਪ੍ਰਮੁੱਖ ਝੰਡਾਬਰਦਾਰਾਂ ਦੀਆਂ ਵਫ਼ਾਦਾਰੀਆਂ ਤਬਦੀਲ ਕਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸਤੋਂ ਪਹਿਲਾਂ ਵੀ ਸਾਬਕਾ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੇ ਓ. ਐਸ. ਡੀ. ਸ: ਚਰਨਜੀਤ ਸਿੰਘ ਬਰਾੜ ਵੀ ਪੀ. ਪੀ. ਪੀ. ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ।
            ਇਸ ਸਬੰਧ ਵਿਚ ਫੋਨ ਉਤੇ ਸੰਪਰਕ ਕਰਨ 'ਤੇ ਸ: ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਕਿ ਜਦੋਂ ਵੀ ਅਜਿਹਾ ਕੁਝ ਹੋਵੇਗਾ ਤਾਂ ਤੁਹਾਨੂੰ ਮੈਂ ਖੁਦ ਫੋਨ ਕਰਕੇ ਦੱਸਾਂਗਾ। ਬਾਕੀ ਤੁਸੀਂ ਖੁਦ ਸੀ. ਐਮ. ਸਾਬ੍ਹ ਨੂੰ ਪੁੱਛ ਲਵੋ।

No comments:

Post a Comment