22 February 2012

ਜਿੱਤ ਦੇ 'ਡੱਗੇ' ਪੈਣਗੇ ਮਹਿੰਗੇ

                                                                   ਚਰਨਜੀਤ ਭੁੱਲਰ
ਬਠਿੰਡਾ : ਚੋਣ ਕਮਿਸ਼ਨ ਵੱਲੋਂ ਜਿੱਤ ਦੇ ਜਸ਼ਨਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ। ਕਮਿਸ਼ਨ ਦੀ ਸਖ਼ਤੀ ਜਿੱਤ ਦੇ ਢੋਲ ਢਮੱਕੇ ਨੂੰ ਵੀ ਠੰਢਾ ਕਰ ਸਕਦੀ ਹੈ।  ਕਮਿਸ਼ਨ ਅਨੁਸਾਰ ਚੋਣ ਨਤੀਜਿਆਂ ' ਜੇਤੂ ਰਹਿਣ ਵਾਲੇ ਉਮੀਦਵਾਰਾਂ ਵੱਲੋਂ ਜੋ ਜਿੱਤ ਦੀ ਖੁਸ਼ੀ ਮਨਾਈ ਜਾਵੇਗੀ, ਉਸ ਦਾ ਖਰਚਾ ਵੀ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਬਠਿੰਡਾ ਸ਼ਹਿਰ ' ਤਕਰੀਬਨ 50 ਢੋਲੀ ਮਾਸਟਰ ਹਨ, ਜਿਨ੍ਹਾਂ ਵੱਲੋਂ ਵੋਟਾਂ ਦੀ ਗਿਣਤੀ ਵਾਲੇ ਦਿਨ ਦੀ ਉਡੀਕ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਚੋਣ ਪ੍ਰਚਾਰ ਦੌਰਾਨ ਢੋਲੀਆਂ ਦਾ ਕਾਰੋਬਾਰ ਠੰਢਾ ਰਿਹਾ ਹੈ। ਇੱਥੋਂ ਤੱਕ ਕਿ ਉਮੀਦਵਾਰਾਂ ਨੇ ਆਪਣੇ ਦਫਤਰਾਂ ਅੱਗੇ ਢੋਲੀਆਂ ਨੂੰ ਖੜ੍ਹਨ ਵੀ ਨਹੀਂ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਦਫਤਰ ਅੱਗੇ ਖੜ੍ਹੇ ਢੋਲੀ ਦਾ ਖਰਚਾ ਹੀ ਉਨ੍ਹਾਂ ਦੇ ਚੋਣ ਖਰਚ ਵਿੱਚ ਸ਼ਾਮਲ ਨਾ ਹੋ ਜਾਵੇ।  ਢੋਲੀਆਂ ਨੂੰ ਇੱਕੋ ਉਮੀਦ ਬਚੀ ਹੈ ਕਿ ਚੋਣ ਨਤੀਜਿਆਂ ਵਾਲੇ ਦਿਨ ਉਹ ਮੇਲਾ ਲੁੱਟਣਗੇ। ਹੁਣ ਇਹ ਗੱਲ ਪਤਾ ਲੱਗੀ ਹੈ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਦਾ ਖਰਚਾ ਵੀ ਚੋਣ ਖਰਚੇ ਦਾ ਹਿੱਸਾ ਹੀ ਮੰਨਿਆ ਜਾਵੇਗਾ, ਜਦੋਂਕਿ  ਉਮੀਦਵਾਰ ਵੋਟਾਂ ਦੀ ਗਿਣਤੀ ਦਾ ਦਿਨ ਉਡੀਕ ਰਹੇ ਹਨ। ਚੋਣ ਮੁਕਾਬਲੇ ਫੱਸਵੇਂ ਹੋਣ ਕਰਕੇ ਕੋਈ ਵੀ ਅਗਾਊਂ ਜਸ਼ਨਾਂ ਦੇ ਪ੍ਰਬੰਧ ਨਹੀਂ ਕਰ ਰਿਹਾ ਹੈ। ਅੰਦਰੋ ਅੰਦਰੀ ਸਾਰੇ ਉਮੀਦਵਾਰ ਹੀ ਡਰੇ ਹੋਏ ਹਨ, ਕਿਉਂਕਿ ਵੋਟਰਾਂ ਨੇ ਐਤਕੀਂ ਭੇਤ ਨਹੀਂ ਦਿੱਤਾ ਹੈ। ਪਿਛਲੀਆਂ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਵਾਲੇ ਦਿਨ ਤੋਂ ਪਹਿਲਾਂ ਹੀ ਢੋਲੀ ਬੁੱਕ ਹੋ ਜਾਂਦੇ ਸਨ।
            ਜਾਣਕਾਰੀ ਅਨੁਸਾਰ ਵੋਟਾਂ ਦੀ ਗਿਣਤੀ ਵਾਲੇ ਦਿਨ ਉਮੀਦਵਾਰਾਂ ਵੱਲੋਂ ਜੋ ਵਾਹਨ ਵਰਤੇ ਜਾਣਗੇ, ਉਨ੍ਹਾਂ ਦਾ ਖਰਚਾ ਵੀ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਜੋ ਉਮੀਦਵਾਰ ਚੋਣ ਜਿੱਤ ਜਾਣਗੇ, ਉਨ੍ਹਾਂ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਜਾਣ ਵਾਲੇ ਲੱਡੂ ਵੀ ਚੋਣ ਖਰਚੇ ਵਿੱਚ ਸ਼ਾਮਲ ਹੋਣਗੇ। ਜਿੱਤ ਦੇ ਜਸ਼ਨਾਂ ਵਿੱਚ ਚਲਾਏ ਜਾਣ ਵਾਲੇ ਪਟਾਖਿਆਂ ਦੇ ਖਰਚੇ ਦਾ ਹਿਸਾਬ ਕਿਤਾਬ ਵੀ ਰੱਖਿਆ ਜਾਵੇਗਾ ਅਤੇ ਜੋ ਗੁਲਾਲ ਪਾਇਆ ਜਾਵੇਗਾ, ਉਸ ਦਾ ਖਰਚਾ ਵੀ ਉਮੀਦਵਾਰਾਂ ਦੇ ਚੋਣ ਖਰਚ ਵਿੱਚ ਸ਼ਾਮਲ ਹੋਵੇਗਾ।  ਇੱਥੋਂ ਤੱਕ ਕਿ ਜੇਤੂ ਉਮੀਦਵਾਰਾਂ ਦੇ ਜੋ ਫੁੱਲਾਂ ਦੇ ਹਾਰ ਪਾਏ ਜਾਣਗੇ, ਉਨ੍ਹਾਂ ਦਾ ਖਰਚਾ ਵੀ ਚੋਣ ਉਮੀਦਵਾਰਾਂ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਅਜਿਹੇ ਹਾਲਾਤ ਵਿੱਚ ਉਮੀਦਵਾਰ ਆਪਣੇ ਜਿੱਤ ਦੇ ਜਸ਼ਨ ਵੀ ਖੁੱਲ੍ਹ ਕੇ ਨਹੀਂ ਮਨਾ ਸਕਣਗੇ। ਕਮਿਸ਼ਨ ਦੇ ਡਰੋਂ ਉਮੀਦਵਾਰਾਂ ਨੇ ਐਤਕੀਂ ਬਹੁਤ ਹੀ ਸੰਜਮ ਨਾਲ ਚੋਣ ਖਰਚ ਕੀਤਾ ਹੈ।  ਚੋਣ ਕਮਿਸ਼ਨ ਅਨੁਸਾਰ ਹਰ ਉਮੀਦਵਾਰ ਨੂੰ ਆਪਣੇ ਚੋਣ ਪ੍ਰਚਾਰ 'ਤੇ 16 ਲੱਖ ਰੁਪਏ ਖਰਚ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਕਮਿਸ਼ਨ ਦੀ ਹਦਾਇਤ 'ਤੇ ਚੋਣ ਪ੍ਰਸ਼ਾਸਨ ਵੱਲੋਂ ਹਰ ਉਮੀਦਵਾਰ ਦੇ ਸ਼ੈਡੋ ਰਜਿਸਟਰ ਲਗਾਏ ਹੋਏ ਹਨ, ਜਿਨ੍ਹਾਂ ਵਿੱਚ ਸਰਕਾਰੀ ਪੱਧਰ 'ਤੇ ਉਮੀਦਵਾਰਾਂ ਦੇ ਚੋਣ ਖਰਚ ਦੀ ਪਾਈ ਪਾਈ ਦਾ ਹਿਸਾਬ ਕਿਤਾਬ ਰੱਖਿਆ ਗਿਆ ਹੈ। ਇਹ ਸ਼ੈਡੋ ਰਜਿਸਟਰ ਵੋਟਾਂ ਦੀ ਗਿਣਤੀ ਮਗਰੋਂ ਬੰਦ ਕੀਤੇ ਜਾਣਗੇ।
           ਵੋਟਾਂ ਦੀ ਗਿਣਤੀ ਮਗਰੋਂ ਜੇਤੂ ਉਮੀਦਵਾਰਾਂ ਦੇ ਜਸ਼ਨਾਂ ਦਾ ਖਰਚਾ ਵੀ ਸ਼ੈਡੋ ਰਜਿਸਟਰ ਵਿੱਚ ਵੀ ਦਰਜ ਕੀਤਾ ਜਾਵੇਗਾ। ਜਿੱਤ ਦੇ ਜਸ਼ਨਾਂ ਦੀ ਵੀਡੀਓਗਰਾਫੀ ਵੀ ਕੀਤੀ ਜਾਵੇਗੀ। ਇਸ ਵੀਡੀਓਗਰਾਫੀ ਦੇ ਅਧਾਰ 'ਤੇ ਖਰਚਾ ਪਾਇਆ ਜਾਵੇਗਾ। ਖਰਚਾ ਟੀਮਾਂ ਵੀ ਵੋਟਾਂ ਦੀ ਗਿਣਤੀ ਵਾਲੇ ਦਿਨ ਹਾਜ਼ਰ ਰਹਿਣਗੀਆਂ।  ਹਲਕਾ ਮੌੜ ਦੇ ਰਿਟਰਨਿੰਗ ਅਫਸਰ ਪਵਨ ਗਰਗ ਦਾ ਕਹਿਣਾ ਸੀ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਦਾ ਖਰਚਾ ਵੀ ਉਮੀਦਵਾਰਾਂ ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਉਮੀਦਵਾਰਾਂ ਵੱਲੋਂ ਜੋ ਢੋਲ ਢਮੱਕਾ ਕੀਤਾ ਜਾਵੇਗਾ, ਉਸ ਨੂੰ ਵੀ ਉਮੀਦਵਾਰ ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਬਕਾਇਦਾ ਵੀਡੀਓਗਰਾਫੀ ਕਰਨ ਵਾਲੀਆਂ ਟੀਮਾਂ ਹਾਜ਼ਰ ਰਹਿਣਗੀਆਂ। ਸੂਤਰਾਂ ਨੇ ਦੱਸਿਆ ਕਿ ਜੋ ਉਮੀਦਵਾਰ ਹਾਰੇ ਹੋਣਗੇ, ਉਨ੍ਹਾਂ ਦੇ ਵਾਹਨਾਂ ਦਾ ਖਰਚਾ ਵੀ ਉਨ੍ਹਾਂ ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ

No comments:

Post a Comment