22 February 2012

ਅਕਾਲੀ ਵਰਕਰ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ

                  ਨਿਰਾਸ਼ਾ ਦਾ ਕਾਰਨ ਬਾਦਲ ਪਰਿਵਾਰ ਦਾ ਵਿਦੇਸੀ ਦੌਰਾ ਤੇ ਆਗੂਆਂ ਦੀ ਬੀਮਾਰੀ
                                                     ਬੀ ਐਸ ਭੁੱਲਰ 
 ਬਠਿੰਡਾ : ਰਾਜ ਸਭਾ ਦੇ ਮੈਂਬਰ ਸ੍ਰ: ਬਲਵਿੰਦਰ ਸਿੰਘ ਭੂੰਦੜ ਨੂੰ ਅੱਜ ਪਏ ਦਿਲ ਦੇ ਦੌਰੇ ਨਾਲ ਚੋਣਾਂ ਤੋਂ ਬਾਅਦ ਹੁਣ ਤੱਕ ਗੰਭੀਰ ਰੂਪ ਵਿੱਚ ਬੀਮਾਰ ਹੋਣ ਵਾਲੇ ਸੀਨੀਅਰ ਅਕਾਲੀ ਲੀਡਰਾਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ, ਜਦ ਕਿ ਇੱਕ ਦੀ ਮੌਤ।
       ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਭੂੰਦੜ ਅੱਜ ਸੁਭਾ ਪਿੰਡ ਕਾਹਨੇ ਕੇ ਸਥਿਤ ਆਪਣੀ ਰਿਹਾਇਸ ਤੋਂ ਸਾਢੇ ਕੁ 5 ਵਜੇ ਜਿਉਂ ਹੀ ਸੈਰ ਨੂੰ ਨਿਕਲੇ ਤਾਂ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਡਾਕਟਰੀ ਸਹਾਇਤਾ ਲਈ ਜਦ ਸਰਦੂਲਗੜ੍ਹ ਦੇ ਇੱਕ ਡਾਕਟਰ ਤੋਂ ਮੱਦਦ ਲਈ ਤਾਂ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਉਸਨੇ ਉਹਨਾਂ ਨੂੰ ਬਠਿੰਡਾ ਸਥਿਤ ਪਰੈਗਮਾਂ ਹਸਪਤਾਲ ਲਈ ਰੈਫਰ ਕਰ ਦਿੱਤਾ। 
      ਸ੍ਰ: ਭੂੰਦੜ ਦੀ ਤਿੰਨ ਪ੍ਰਮੁੱਖ ਨਾੜਾਂ ਚੋਂ ਇੱਕ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ, ਜਿਸਦੀ ਵਜ੍ਹਾ ਕਾਰਨ ਡਾਕਟਰਾਂ ਨੇ ਸਟੰਟ ਪਾ ਦਿੱਤਾ। ਹਸਪਤਾਲ ਦੇ ਸੂਤਰਾਂ ਤੋਂ ਮਿਲੀ ਇਤਲਾਹ ਅਨੁਸਾਰ ਸ੍ਰ: ਭੂੰਦੜ ਦੀ ਹਾਲਤ ਸਥਿਰ ਹੀ ਨਹੀਂ, ਬਲਕਿ ਤੇਜੀ ਨਾਲ ਸੁਧਰ ਰਹੀ ਹੈ। ਅਕਾਲੀ ਸੂਤਰਾਂ ਤੋਂ ਮਿਲੀ ਇਤਲਾਹ ਅਨੁਸਾਰ ਚੋਣਾਂ ਦੇ ਰੁਝੇਵਿਆਂ ਦੀ ਵਜ੍ਹਾ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਬੇਚੈਨੀ ਜਿਹੀ ਮਹਿਸੂਸ ਕਰਦੇ ਰਹੇ ਸਨ।
       ਇੱਥੇ ਇਹ ਵੀ ਜਿਕਰਯੋਗ ਹੈ ਕਿ ਵੋਟਾਂ ਪੈਣ ਦਾ ਕੰਮ ਸਮਾਪਤ ਹੋਣ ਤੋਂ ਬਾਅਦ ਲੋਕ ਭਲਾਈ ਪਾਰਟੀ ਚੋਂ ਅਕਾਲੀ ਦਲ ਵਿੱਚ ਸਾਮਲ ਹੋਣ ਵਾਲੇ ਸ੍ਰੀ ਅਵਤਾਰ ਸਿੰਘ ਮੁੱਲਾਂਪੁਰੀ ਜੋ ਸ੍ਰ: ਬਲਵੰਤ ਸਿੰਘ ਰਾਮੂਵਾਲੀਆ ਦੀ ਸੱਜੀ ਬਾਂਹ ਸਮਝੇ ਜਾਂਦੇ ਸਨ, ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ। ਇੱਕ ਹੋਰ ਸਿਖ਼ਰਲੇ ਅਕਾਲੀ ਆਗੂ ਸ੍ਰ: ਗੁਰਦੇਵ ਸਿੰਘ ਬਾਦਲ ਜੋ ਜੈਤੋ ਦੇ ਰਾਖਵੇਂ ਹਲਕੇ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਹਨ, ਵੀ ਦਿਲ ਦੀ ਬੀਮਾਰੀ ਤੋਂ ਗੰਭੀਰ ਰੂਪ ਵਿੱਚ ਪੀੜ੍ਹਤ ਚਲੇ ਰਹੇ ਹਨ। ਇਲਾਜ ਲਈ ਉਹਨਾਂ ਨੂੰ ਮੁਹਾਲੀ ਸਥਿਤ ਇੱਕ ਵੱਡੇ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਸੀ।
       ਹਾਲਾਂਕਿ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਦੇ ਮੈਂਬਰ  ਸ੍ਰ: ਸੁਖਦੇਵ ਸਿੰਘ ਢੀਂਡਸਾ ਚੋਣਾਂ ਦੌਰਾਨ ਹੀ ਹੋਈ ਗਲੇ ਦੀ ਇਨਫੈਕਸ਼ਨ  ਤੋਂ ਕੁਝ ਹੀ ਦਿਨਾਂ ' ਠੀਕ ਹੋ ਗਏ ਸਨ, ਲੇਕਿਨ ਗੋਡਿਆਂ ਦੀ ਬੀਮਾਰੀ ਤੋਂ ਪੀੜ੍ਹਤ ਹੋਣ ਕਾਰਨ ਉਹਨਾਂ ਨੂੰ ਵੀ ਦਿੱਲੀ ਦੇ ਇੱਕ ਹਸਪਤਾਲ ਵਿਖੇ ਭਰਤੀ ਹੋਣਾ ਪੈ ਗਿਆ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਸ੍ਰੀ ਢੀਂਡਸਾ ਦੇ ਗੋਡਿਆਂ ਦਾ ਅਪਰੇਸਨ ਵੀ ਅੱਜ ਹੀ ਹੋਇਆ ਹੈ।
       ਇੱਥੇ ਇਹ ਜਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਸਾਂਝੇ ਮੋਰਚੇ ਕਈ ਆਗੂ ਵੀ ਚੋਣਾਂ ਦੀ ਥਕਾਵਟ ਹੀ ਨਹੀਂ ਮਹਿਸੂਸ ਕਰ ਰਹੇ, ਲੇਕਿਨ ਨਤੀਜਿਆਂ ਨੂੰ ਲੈ ਕੇ ਉਹ ਇਸ ਕਦਰ ਉਤਸਾਹ ਵਿੱਚ ਹਨ, ਕਿ ਸੱਤ੍ਹਾ ਦੀਆਂ ਚਾਬੀਆਂ ਆਪਣੇ ਹੱਥ ਹੋਣ ਦੇ ਦਾਅਵੇਦਾਰ ਬਣੇ ਫਿਰਦੇ ਹਨ। ਮੋਰਚੇ ਦੇ ਚੇਅਰਮੈਨ ਤੇ ਪੀਪਲਜ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ੍ਰ: ਮਨਪ੍ਰੀਤ ਸਿੰਘ ਬਾਦਲ ਕੁਝ ਦਿਨ ਦਿੱਲੀ ਦੇ ਇੱਕ ਹਸਪਤਾਲ ' ਦਾਖਲ ਰਹਿਣ ਉਪਰੰਤ ਆਪਣੇ ਗਲੇ ਦੀ ਬੀਮਾਰੀ ਤੋਂ ਇਸ ਕਦਰ ਰਾਹਤ ਮਹਿਸੂਸ ਕਰ ਰਹੇ ਹਨ, ਕਿ ਉਹਨਾਂ ਪੂਰੇ ਪੰਜਾਬ ਦਾ ਦੌਰਾ ਸੁਰੂ ਕਰ ਦਿੱਤਾ ਹੈ।
       ਸਮੁੱਚੇ ਬਾਦਲ ਪਰਿਵਾਰ ਦੇ ਵਿਦੇਸੀ ਦੌਰੇ ਤੇ ਹੋਣ ਅਤੇ ਸੀਨੀਅਰ ਆਗੂਆਂ ਦੇ ਬੀਮਾਰ ਪੈਣ ਨਾਲ ਅਕਾਲੀ ਵਰਕਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ, ਕਿਉਂਕਿ ਚੋਣ ਨਤੀਜਿਆਂ ਦਾ ਸਮਾਂ ਲੰਬਾ ਹੋਣ ਦੀ ਵਜ੍ਹਾ ਕਾਰਨ ਉਹ ਭਵਿੱਖ ਦੀ ਫ਼ਿਜਾ ਨੂੰ ਲੈ ਕੇ ਭੰਬਲਭੂਸੇ ਵਿੱਚ ਪਏ ਹੋਏ ਹਨ

No comments:

Post a Comment