03 January 2015

ਬਾਦਲਾਂ ਦੀ ਤੀਜੀ ਪੀੜ੍ਹੀ ਨੂੰ ਲੱਗਣ ਲੱਗਿਆ ‘ਸਿਆਸੀ ਜਾਗ’

 ਸੁਖਬੀਰ ਸਿੰਘ ਬਾਦਲ ਦੇ 13 ਸਾਲਾ ਪੁੱਤਰ ਅਨੰਤਬੀਰ ਸਿੰਘ ਬਾਦਲ ਵੱਲੋਂ ਆਪਣੇ ਦਾਦੇ ਨਾਲ ਸੰਗਤ ਦਰਸ਼ਨਾਂ ’ਚ ਸ਼ਮੂਲੀਅਤ

                                                    ਇਕਬਾਲ ਸਿੰਘ ਸ਼ਾਂਤ
ਲੰਬੀ : ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ ਚੌਥੀ ਪੀੜ੍ਹੀ ਵਾਂਗ ਹੁਣ ਉਨ੍ਹਾਂ ਦੇ ਗੂੜ੍ਹੇ ਮਿੱਤਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਪੀੜ੍ਹੀ ਨੂੰ ਵੀ ‘ਸਿਆਸੀ ਜਾਗ’ ਲੱਗਣਾ ਸ਼ੁਰੂ ਹੋ ਗਿਆ ਹੈ। ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 13 ਸਾਲਾ ਪੋਤਰੇ ਅਨੰਤਬੀਰ ਬਾਦਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੇ ਨਾਲ ਲੰਬੀ ਹਲਕੇ ਦੇ ਪਿੰਡਾਂ ’ਚ ਸੰਗਤ ਦਰਸ਼ਨ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ। ਅਨੰਤਬੀਰ ਸਿੰਘ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਸਪੁੱਤਰ ਹੈ। ਉਸਦੀਆਂ ਦੋ ਭੈਣਾਂ ਹਰਕੀਰਤ ਕੌਰ ਅਤੇ ਗੁਰਲੀਨ ਕੌਰ ਹਨ। 
ਸੰਗਤ ਦਰਸ਼ਨ ਸਮਾਗਮਾਂ ਵਿਚ ਆਮ ਲੋਕਾਂ ਲਈ ਬੜੀ ਖਿੱਚ ਦਾ ਕੇਂਦਰ ਬਣਿਆ ਚਿਹਰੇ-ਮੋਹਰੇ ਤੋਂ ਬੜੇ ਨਿੱਘੇ ਸੁਭਾਅ ਵਾਲਾ ਅਨੰਤਬੀਰ ਬੜੀ ਮਾਸੂਮੀਅਤ ਨਾਲ ਆਪਣੇ ਮੁੱਖ ਮੰਤਰੀ ਦਾਦੇ ਨਾਲ ਸੋਫੇ ’ਤੇ ਬੈਠਾ ਉਨ੍ਹਾਂ ਦੇ ਫੈਸਲਿਆਂ ਅਤੇ ਲੋਕਾਂ ਵੱਲੋਂ ਸਮੱਸਿਆਵਾਂ ਨੂੰ ਵੇਖਦਾ-ਸੁਣਦਾ ਰਿਹਾ। ਦਿੱਲੀ ਦੇ ਇੱਕ ਸਕੂਲ ਦਾ ਵਿਦਿਆਰਥੀ ਨੀਲੀ ਦਸਤਾਰਧਾਰੀ ਅਨੰਤਬੀਰ ਸਿੰਘ ਪਿੰਡ ਚਨੂੰ ’ਚ ਸੰਗਤ ਦਰਸ਼ਨ ਦੌਰਾਨ ਆਪਣੇ ਦਾਦੇ ਨਾਲ ਰਲਿਆ। ਜਿੱਥੇ ਮੁੱਖ ਮੰਤਰੀ ਹੁਰਾਂ ਨੇ ਬਕਾਇਦਾ ਅਨੰਤਬੀਰ ਨੂੰ ਆਮ ਜਨਤਾ ਨਾਲ ਜਾਣੂ ਵੀ ਕਰਵਾਇਆ। ਅੰਨਤਬੀਰ ਦੀ ਸੰਗਤ ਦਰਸ਼ਨ ’ਚ ਹਾਜ਼ਰੀ ਬਾਦਲ ਪਰਿਵਾਰ ਵੱਲੋਂ ਹੁਣੇ ਤੋਂ ਆਪਣੀ ਪਨੀਰੀ ਨੂੰ ਸਿਆਸੀ ਜੜ੍ਹਾਂ ਨਾਲ ਜੋੜਨ ਦਾ ਉਪਰਾਲਾ ਮੰਨੀ ਜਾ ਰਹੀ ਹੈ। 
ਬਾਦਲ ਪਰਿਵਾਰ ਦੇ ਪੱਗਵੱਟ ਚੌਟਾਲਾ ਖਾਨਦਾਨ ਦੀ ਚੌਥੀ ਪੀੜ੍ਹੀ ਸਿਆਸਤ ਆਪਣੇ ਦਾਦਾ-ਪੜਦਾਦਾ ਵਾਂਗ  ਸਿਆਸੀ ਪਰਤੋਲਣ ਲੱਗੀ ਹੈ। ਜਿਨ੍ਹਾਂ ਵਿਚ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤਰੇ ਦੁਸ਼ਯੰਤ ਚੌਟਾਲਾ (ਸੰਸਦ ਮੈਂਬਰ ਹਿਸਾਰ), ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੈ ਚੌਟਾਲਾ, ਕਰਨ ਅਤੇ ਅਰਜੁਨ ਚੌਟਾਲਾ ਸ਼ਾਮਲ ਹਨ। ਇਸਦੇ ਇਲਾਵਾ ਮੁੱਖ ਮੰਤਰੀ ਭਰਾ ਗੁਰਦਾਸ ਸਿੰਘ ਬਾਦਲ ਦਾ ਪੋਤਰਾ ਅਰਜਨ ਬਾਦਲ ਵੀ ਛੋਟੀ ਉਮਰੇ ਸਿਆਸੀ ਸਟੇਜਾਂ ’ਤੇ ਖਾਸੀਆਂ ਚੰਗੀਆਂ ਤਕਰੀਰਾਂ ਕਰਦਾ ਹੈ। ਅਜਿਹੇ ਵਿਚ ਆਪਣੇ ਸਿਰਫ਼ 13 ਸਾਲਾ ਪੋਤਰੇ ਅਨੰਤਬੀਰ ਨੂੰ ਲੰਬੀ ਹਲਕੇ ਦੇ ਸੰਗਤ ਦਰਸ਼ਨ ਸਮਾਗਮਾਂ ਜਰੀਏ ਆਮ ਜਨਤਾ ਸਾਹਮਣੇ ਲਿਆ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬਾਦਲ ਪਰਿਵਾਰ ਦੇ ਭਵਿੱਖ ਚਿਹਰੇ ਨੂੰ ਜਨਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।
ਹਾਲਾਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਵੱਲੋਂ ਅਨੰਤਬੀਰ ਸਿੰਘ ਨੂੰ ‘ਸਿਆਸੀ ਸਿਖਲਾਈ’ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ‘‘ਨਹੀਂ ਜੀ, ਅਜਿਹਾ ਕੁਝ ਨਹੀਂ, ਉਹ ਤਾਂ ਨਵੇਂ ਸਾਲ ’ਤੇ ਦਿੱਲਿਓਂ ਅੰਮ੍ਰਿਤਸਰ ਮੱਥਾ ਟੇਕਣ ਗਿਆ ਸੀ, ਹੁਣ ਬਾਦਲ ਆਇਆ ਹੈ।’’ ਅੱਜ ਮੇਰਾ ਨਾਲ ਆ ਗਿਆ।’’ ਬਹੁਤ ਲੰਮੀ ਜ਼ਿੰਦਗੀ ਐ, ਕਿੱਧਰ ਨੂੰ ਨੂੰ ਰਾਹਾਂ ਜਾਣੀਆਂ ਨੇ।’’ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦਾ ਇਸ ਬਾਬਤ ਬਿਆਨ ਕੁਝ ਵੀ ਹੋਵੇ ਪਰ ਇੰਨਾ ਤੈਅ ਹੈ ਕਿ ‘‘ਬਾਪ ਦਾ ਬੇਟਾ ਅਤੇ ਸੈਨਿਕ ਦਾ ਘੋੜਾ, ਜ਼ਿਆਦਾ ਨਹੀਂ ਤਾਂ ਥੋੜ੍ਹਾ-ਥੋੜ੍ਹਾ।’’ ਵਾਲੀ ਕਹਾਵਤ ਵਾਂਗ ਅਨੰਤਬੀਰ ਵੀ ਸਿਆਸਤਦਾਨ ਦਾਦੇ, ਪਿਤਾ ਅਤੇ ਮਾਂ ਦੀਆਂ ਸਿਆਸੀ ਰਾਹਾਂ ’ਤੇ ਪਾਂਧੀ ਜ਼ਰੂਰ ਬਣੇਗਾ। -098148-26100/093178-26100

No comments:

Post a Comment